Skip to content

Skip to table of contents

ਪਾਠ 51

ਇਕ ਯੋਧਾ ਤੇ ਛੋਟੀ ਕੁੜੀ

ਇਕ ਯੋਧਾ ਤੇ ਛੋਟੀ ਕੁੜੀ

ਸੀਰੀਆ ਵਿਚ ਇਕ ਇਜ਼ਰਾਈਲੀ ਕੁੜੀ ਸੀ ਜੋ ਆਪਣੇ ਘਰ ਤੋਂ ਬਹੁਤ ਦੂਰ ਸੀ। ਸੀਰੀਆ ਦੇ ਫ਼ੌਜੀ ਉਸ ਨੂੰ ਉਸ ਦੇ ਪਰਿਵਾਰ ਤੋਂ ਦੂਰ ਲੈ ਆਏ। ਹੁਣ ਉਹ ਨਾਮਾਨ ਨਾਂ ਦੇ ਸੈਨਾਪਤੀ ਦੀ ਨੌਕਰਾਣੀ ਸੀ। ਇਹ ਕੁੜੀ ਯਹੋਵਾਹ ਦੀ ਭਗਤੀ ਕਰਦੀ ਸੀ ਭਾਵੇਂ ਕਿ ਉਸ ਦੇ ਆਲੇ-ਦੁਆਲੇ ਦੇ ਲੋਕ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ।

ਨਾਮਾਨ ਨੂੰ ਚਮੜੀ ਦੀ ਭਿਆਨਕ ਬੀਮਾਰੀ ਲੱਗੀ ਹੋਈ ਸੀ। ਉਹ ਬਹੁਤ ਤਕਲੀਫ਼ ਵਿਚ ਸੀ। ਇਹ ਛੋਟੀ ਕੁੜੀ ਉਸ ਦੀ ਮਦਦ ਕਰਨੀ ਚਾਹੁੰਦੀ ਸੀ। ਉਸ ਨੇ ਨਾਮਾਨ ਦੀ ਪਤਨੀ ਨੂੰ ਕਿਹਾ: ‘ਮੈਂ ਇਕ ਆਦਮੀ ਨੂੰ ਜਾਣਦੀ ਹਾਂ ਜੋ ਤੁਹਾਡੇ ਪਤੀ ਨੂੰ ਠੀਕ ਕਰ ਸਕਦਾ ਹੈ। ਇਜ਼ਰਾਈਲ ਵਿਚ ਯਹੋਵਾਹ ਦਾ ਇਕ ਨਬੀ ਹੈ ਜਿਸ ਦਾ ਨਾਂ ਅਲੀਸ਼ਾ ਹੈ। ਉਹ ਤੁਹਾਡੇ ਪਤੀ ਨੂੰ ਠੀਕ ਕਰ ਸਕਦਾ ਹੈ।’

ਨਾਮਾਨ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਕੁੜੀ ਨੇ ਕੀ ਕਿਹਾ। ਉਹ ਠੀਕ ਹੋਣ ਲਈ ਕੁਝ ਵੀ ਕਰਨ ਲਈ ਤਿਆਰ ਸੀ। ਇਸ ਲਈ ਉਹ ਇਜ਼ਰਾਈਲ ਵਿਚ ਅਲੀਸ਼ਾ ਦੇ ਘਰ ਗਿਆ। ਨਾਮਾਨ ਨੂੰ ਲੱਗਦਾ ਸੀ ਕਿ ਅਲੀਸ਼ਾ ਉਸ ਦਾ ਵਧੀਆ ਤਰੀਕੇ ਨਾਲ ਸੁਆਗਤ ਕਰੇਗਾ। ਪਰ ਅਲੀਸ਼ਾ ਨੇ ਉਸ ਨਾਲ ਖ਼ੁਦ ਗੱਲ ਕਰਨ ਦੀ ਬਜਾਇ ਆਪਣੇ ਨੌਕਰ ਰਾਹੀਂ ਉਸ ਨੂੰ ਸੰਦੇਸ਼ ਭੇਜਿਆ। ਨੌਕਰ ਨੇ ਨਾਮਾਨ ਨੂੰ ਕਿਹਾ: ‘ਜਾਹ ਅਤੇ ਯਰਦਨ ਦਰਿਆ ਵਿਚ ਸੱਤ ਚੁੱਭੀਆਂ ਮਾਰ। ਫਿਰ ਤੂੰ ਠੀਕ ਹੋ ਜਾਵੇਂਗਾ।’

ਨਾਮਾਨ ਬਹੁਤ ਨਿਰਾਸ਼ ਹੋਇਆ। ਉਸ ਨੇ ਕਿਹਾ: ‘ਮੈਨੂੰ ਲੱਗਾ ਕਿ ਨਬੀ ਆਪਣੇ ਰੱਬ ਦਾ ਨਾਂ ਲਵੇਗਾ ਅਤੇ ਮੇਰੇ ʼਤੇ ਹੱਥ ਰੱਖ ਕੇ ਮੈਨੂੰ ਠੀਕ ਕਰ ਦੇਵੇਗਾ। ਪਰ ਉਸ ਨੇ ਤਾਂ ਮੈਨੂੰ ਇਜ਼ਰਾਈਲ ਦੇ ਯਰਦਨ ਦਰਿਆ ਵਿਚ ਜਾ ਕੇ ਨਹਾਉਣ ਲਈ ਕਿਹਾ। ਇਸ ਤੋਂ ਵਧੀਆ ਦਰਿਆ ਤਾਂ ਸੀਰੀਆ ਵਿਚ ਹਨ। ਮੈਂ ਉੱਥੇ ਜਾ ਕੇ ਕਿਉਂ ਨਹੀਂ ਠੀਕ ਹੋ ਸਕਦਾ?’ ਨਾਮਾਨ ਨੂੰ ਗੁੱਸਾ ਚੜ੍ਹਿਆ ਤੇ ਉਹ ਅਲੀਸ਼ਾ ਦੇ ਘਰੋਂ ਚਲਾ ਗਿਆ।

ਨਾਮਾਨ ਦੇ ਨੌਕਰਾਂ ਨੇ ਉਸ ਨੂੰ ਸਮਝਾਇਆ ਅਤੇ ਕਿਹਾ: ‘ਕੀ ਤੁਸੀਂ ਠੀਕ ਹੋਣ ਲਈ ਕੁਝ ਵੀ ਕਰਨ ਲਈ ਤਿਆਰ ਨਹੀਂ ਸੀ? ਨਬੀ ਨੇ ਤੁਹਾਨੂੰ ਛੋਟਾ ਜਿਹਾ ਕੰਮ ਕਰਨ ਲਈ ਕਿਹਾ। ਕਿਉਂ ਨਾ ਤੁਸੀਂ ਉਸ ਦੀ ਗੱਲ ਮੰਨ ਲਓ।’ ਨਾਮਾਨ ਨੇ ਉਨ੍ਹਾਂ ਦੀ ਗੱਲ ਸੁਣੀ। ਉਸ ਨੇ ਯਰਦਨ ਦਰਿਆ ʼਤੇ ਜਾ ਕੇ ਸੱਤ ਵਾਰ ਚੁੱਭੀ ਮਾਰੀ। ਜਦੋਂ ਸੱਤਵੀਂ ਚੁੱਭੀ ਮਾਰ ਕੇ ਨਾਮਾਨ ਪਾਣੀ ਵਿੱਚੋਂ ਬਾਹਰ ਆਇਆ, ਤਾਂ ਉਹ ਬਿਲਕੁਲ ਠੀਕ ਹੋ ਗਿਆ ਸੀ। ਉਹ ਬਹੁਤ ਸ਼ੁਕਰਗੁਜ਼ਾਰ ਸੀ ਤੇ ਉਸ ਨੇ ਵਾਪਸ ਜਾ ਕੇ ਅਲੀਸ਼ਾ ਦਾ ਧੰਨਵਾਦ ਕੀਤਾ। ਨਾਮਾਨ ਨੇ ਕਿਹਾ: ‘ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।’ ਤੁਹਾਨੂੰ ਕੀ ਲੱਗਦਾ ਕਿ ਇਜ਼ਰਾਈਲੀ ਕੁੜੀ ਨੂੰ ਕਿੱਦਾਂ ਲੱਗਾ ਹੋਣਾ ਜਦੋਂ ਨਾਮਾਨ ਠੀਕ ਹੋ ਕੇ ਆਇਆ?

“ਤੂੰ ਬੱਚਿਆਂ ਅਤੇ ਦੁੱਧ ਚੁੰਘਦੇ ਨਿਆਣਿਆਂ ਦੇ ਮੂੰਹੋਂ ਆਪਣੀ ਵਡਿਆਈ ਕਰਾਈ।”​—ਮੱਤੀ 21:16