Skip to content

Skip to table of contents

ਪਾਠ 52

ਯਹੋਵਾਹ ਦੇ ਘੋੜੇ ਅਤੇ ਅਗਨੀ ਰਥ

ਯਹੋਵਾਹ ਦੇ ਘੋੜੇ ਅਤੇ ਅਗਨੀ ਰਥ

ਸੀਰੀਆ ਦਾ ਰਾਜਾ ਬਨ-ਹਦਦ ਇਜ਼ਰਾਈਲ ʼਤੇ ਵਾਰ-ਵਾਰ ਹਮਲਾ ਕਰਦਾ ਸੀ। ਪਰ ਅਲੀਸ਼ਾ ਨਬੀ ਹਰ ਵਾਰ ਰਾਜੇ ਨੂੰ ਪਹਿਲਾਂ ਹੀ ਦੱਸ ਦਿੰਦਾ ਸੀ ਜਿਸ ਕਰਕੇ ਰਾਜਾ ਬਚ ਜਾਂਦਾ ਸੀ। ਇਸ ਲਈ ਬਨ-ਹਦਦ ਨੇ ਅਲੀਸ਼ਾ ਨੂੰ ਫੜਨ ਬਾਰੇ ਸੋਚਿਆ। ਉਸ ਨੂੰ ਪਤਾ ਲੱਗਾ ਕਿ ਅਲੀਸ਼ਾ ਦਾਥਾਨ ਵਿਚ ਹੈ। ਇਸ ਲਈ ਉਸ ਨੇ ਅਲੀਸ਼ਾ ਨੂੰ ਫੜਨ ਲਈ ਆਪਣੀ ਫ਼ੌਜ ਭੇਜੀ।

ਫ਼ੌਜੀ ਰਾਤ ਨੂੰ ਦਾਥਾਨ ਵਿਚ ਆ ਗਏ। ਅਗਲੀ ਸਵੇਰ ਅਲੀਸ਼ਾ ਦੇ ਨੌਕਰ ਨੇ ਦੇਖਿਆ ਕਿ ਵੱਡੀ ਫ਼ੌਜ ਨੇ ਸਾਰੇ ਸ਼ਹਿਰ ਦੁਆਲੇ ਘੇਰਾ ਪਾਇਆ ਹੋਇਆ ਸੀ। ਉਹ ਡਰ ਗਿਆ ਅਤੇ ਉੱਚੀ-ਉੱਚੀ ਕਹਿਣ ਲੱਗਾ: ‘ਅਲੀਸ਼ਾ, ਅਸੀਂ ਕੀ ਕਰੀਏ?’ ਉਸ ਨੇ ਕਿਹਾ: ‘ਸਾਡੇ ਨਾਲ ਉਨ੍ਹਾਂ ਨਾਲੋਂ ਜ਼ਿਆਦਾ ਜਣੇ ਹਨ।’ ਉਸ ਵੇਲੇ ਯਹੋਵਾਹ ਨੇ ਅਲੀਸ਼ਾ ਦੇ ਨੌਕਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਨੇ ਦੇਖਿਆ ਕਿ ਆਲੇ-ਦੁਆਲੇ ਦੇ ਪਹਾੜਾਂ ʼਤੇ ਘੋੜੇ ਅਤੇ ਅਗਨੀ ਰਥ ਖੜ੍ਹੇ ਸਨ।

ਜਦੋਂ ਫ਼ੌਜੀ ਅਲੀਸ਼ਾ ਨੂੰ ਫੜਨ ਆਏ, ਤਾਂ ਉਸ ਨੇ ਪ੍ਰਾਰਥਨਾ ਕੀਤੀ: ‘ਯਹੋਵਾਹ ਇਨ੍ਹਾਂ ਨੂੰ ਅੰਨ੍ਹਾ ਕਰ ਦੇ।’ ਭਾਵੇਂ ਫ਼ੌਜੀ ਦੇਖ ਸਕਦੇ ਸਨ, ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕਿੱਥੇ ਸਨ। ਅਲੀਸ਼ਾ ਨੇ ਫ਼ੌਜੀਆਂ ਨੂੰ ਕਿਹਾ: ‘ਤੁਸੀਂ ਗ਼ਲਤ ਸ਼ਹਿਰ ਆ ਗਏ ਹੋ। ਮੇਰੇ ਪਿੱਛੇ-ਪਿੱਛੇ ਆਓ। ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਕੇ ਜਾਂਦਾ ਜਿਸ ਨੂੰ ਤੁਸੀਂ ਲੱਭ ਰਹੇ ਹੋ।’ ਉਹ ਸਾਮਰੀਆ ਤਕ ਅਲੀਸ਼ਾ ਦੇ ਪਿੱਛੇ-ਪਿੱਛੇ ਗਏ ਜਿੱਥੇ ਇਜ਼ਰਾਈਲ ਦਾ ਰਾਜਾ ਰਹਿੰਦਾ ਸੀ।

ਛੇਤੀ ਹੀ ਫ਼ੌਜੀਆਂ ਨੂੰ ਪਤਾ ਲੱਗ ਗਿਆ ਕਿ ਉਹ ਕਿੱਥੇ ਸਨ। ਇਜ਼ਰਾਈਲ ਦੇ ਰਾਜੇ ਨੇ ਅਲੀਸ਼ਾ ਨੂੰ ਪੁੱਛਿਆ: ‘ਕੀ ਮੈਂ ਇਨ੍ਹਾਂ ਨੂੰ ਮਾਰ ਦੇਵਾਂ?’ ਕੀ ਅਲੀਸ਼ਾ ਨੇ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਲੋਕਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜੋ ਉਸ ਨੂੰ ਮਾਰਨਾ ਚਾਹੁੰਦੇ ਸਨ? ਨਹੀਂ। ਅਲੀਸ਼ਾ ਨੇ ਕਿਹਾ: ‘ਉਨ੍ਹਾਂ ਨੂੰ ਮਾਰ ਨਾ, ਸਗੋਂ ਉਨ੍ਹਾਂ ਨੂੰ ਰੋਟੀ ਖੁਆ ਕੇ ਵਾਪਸ ਭੇਜ ਦੇ।’ ਸੋ ਰਾਜੇ ਨੇ ਉਨ੍ਹਾਂ ਲਈ ਵੱਡੀ ਦਾਅਵਤ ਕੀਤੀ ਅਤੇ ਫ਼ੌਜੀਆਂ ਨੂੰ ਵਾਪਸ ਘਰ ਭੇਜ ਦਿੱਤਾ।

“ਸਾਨੂੰ ਭਰੋਸਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”​—1 ਯੂਹੰਨਾ 5:14