Skip to content

Skip to table of contents

ਪਾਠ 53

ਯਹੋਯਾਦਾ ਦੀ ਦਲੇਰੀ

ਯਹੋਯਾਦਾ ਦੀ ਦਲੇਰੀ

ਈਜ਼ਬਲ ਦੀ ਇਕ ਕੁੜੀ ਦਾ ਨਾਂ ਅਥਲਯਾਹ ਸੀ ਜੋ ਉਸ ਤੋਂ ਵੀ ਜ਼ਿਆਦਾ ਦੁਸ਼ਟ ਸੀ। ਅਥਲਯਾਹ ਦਾ ਵਿਆਹ ਯਹੂਦਾਹ ਦੇ ਇਕ ਰਾਜੇ ਨਾਲ ਹੋਇਆ ਸੀ। ਪਤੀ ਦੀ ਮੌਤ ਤੋਂ ਬਾਅਦ ਉਸ ਦਾ ਮੁੰਡਾ ਰਾਜ ਕਰਨ ਲੱਗਾ। ਪਰ ਮੁੰਡੇ ਦੀ ਮੌਤ ਤੋਂ ਬਾਅਦ ਅਥਲਯਾਹ ਖ਼ੁਦ ਯਹੂਦਾਹ ʼਤੇ ਰਾਜ ਕਰਨ ਲੱਗ ਪਈ। ਫਿਰ ਅਥਲਯਾਹ ਨੇ ਸ਼ਾਹੀ ਘਰਾਣੇ ਦੇ ਲੋਕਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਜੋ ਉਸ ਦੀ ਜਗ੍ਹਾ ਰਾਜ ਕਰ ਸਕਦੇ ਸਨ। ਇੱਥੋਂ ਤਕ ਕਿ ਉਸ ਨੇ ਆਪਣੇ ਪੋਤਿਆਂ ਨੂੰ ਵੀ ਮਰਵਾ ਦਿੱਤਾ। ਸਾਰੇ ਉਸ ਤੋਂ ਡਰਦੇ ਸਨ।

ਮਹਾਂ ਪੁਜਾਰੀ ਯਹੋਯਾਦਾ ਅਤੇ ਉਸ ਦੀ ਪਤਨੀ ਯਹੋਸ਼ਬਾ ਜਾਣਦੇ ਸਨ ਕਿ ਅਥਲਯਾਹ ਬਹੁਤ ਬੁਰਾ ਕਰ ਰਹੀ ਸੀ। ਉਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਅਥਲਯਾਹ ਦੇ ਇਕ ਪੋਤੇ, ਯੋਆਸ਼, ਨੂੰ ਲੁਕੋ ਲਿਆ। ਉਨ੍ਹਾਂ ਨੇ ਮੰਦਰ ਵਿਚ ਉਸ ਦਾ ਪਾਲਣ-ਪੋਸ਼ਣ ਕੀਤਾ।

ਜਦੋਂ ਯੋਆਸ਼ ਸੱਤਾਂ ਸਾਲਾਂ ਦਾ ਸੀ, ਤਾਂ ਯਹੋਯਾਦਾ ਨੇ ਸਾਰੇ ਸਰਦਾਰਾਂ ਅਤੇ ਲੇਵੀਆਂ ਨੂੰ ਇਕੱਠਾ ਕਰ ਕੇ ਕਿਹਾ: ‘ਮੰਦਰ ਦੇ ਦਰਵਾਜ਼ਿਆਂ ʼਤੇ ਖੜ੍ਹੇ ਰਹੋ ਅਤੇ ਕਿਸੇ ਨੂੰ ਅੰਦਰ ਨਾ ਆਉਣ ਦਿਓ।’ ਫਿਰ ਯਹੋਯਾਦਾ ਨੇ ਯੋਆਸ਼ ਨੂੰ ਯਹੂਦਾਹ ਦਾ ਰਾਜਾ ਬਣਾਇਆ ਅਤੇ ਉਸ ਦੇ ਸਿਰ ʼਤੇ ਤਾਜ ਰੱਖਿਆ। ਯਹੂਦਾਹ ਦੇ ਲੋਕ ਉੱਚੀ-ਉੱਚੀ ਕਹਿਣ ਲੱਗੇ: ‘ਰਾਜਾ ਜੀਉਂਦਾ ਰਹੇ!’

ਰਾਣੀ ਅਥਲਯਾਹ ਨੇ ਭੀੜ ਦਾ ਰੌਲ਼ਾ ਸੁਣਿਆ ਅਤੇ ਉਹ ਮੰਦਰ ਵੱਲ ਭੱਜੀ। ਜਦੋਂ ਉਸ ਨੇ ਨਵਾਂ ਰਾਜਾ ਦੇਖਿਆ, ਤਾਂ ਉਸ ਨੇ ਉੱਚੀ ਦੇਣੀ ਕਿਹਾ: “ਧੋਖਾ! ਧੋਖਾ!” ਸਰਦਾਰਾਂ ਨੇ ਦੁਸ਼ਟ ਰਾਣੀ ਨੂੰ ਫੜ ਲਿਆ, ਉਸ ਨੂੰ ਉੱਥੋਂ ਲਿਜਾ ਕੇ ਮਾਰ ਦਿੱਤਾ। ਪਰ ਉਸ ਨੇ ਦੇਸ਼ ʼਤੇ ਜੋ ਬੁਰਾ ਪ੍ਰਭਾਵ ਪਾਇਆ ਸੀ, ਉਸ ਬਾਰੇ ਕੀ?

ਯਹੋਯਾਦਾ ਨੇ ਲੋਕਾਂ ਦੀ ਯਹੋਵਾਹ ਨਾਲ ਇਹ ਵਾਅਦਾ ਕਰਨ ਵਿਚ ਮਦਦ ਕੀਤੀ ਕਿ ਉਹ ਸਿਰਫ਼ ਉਸ ਦੀ ਹੀ ਭਗਤੀ ਕਰਨਗੇ। ਯਹੋਯਾਦਾ ਨੇ ਉਨ੍ਹਾਂ ਨੂੰ ਬਆਲ ਦੇ ਮੰਦਰ ਢਾਹੁਣ ਅਤੇ ਮੂਰਤੀਆਂ ਨੂੰ ਚਕਨਾਚੂਰ ਕਰਨ ਲਈ ਕਿਹਾ। ਉਸ ਨੇ ਮੰਦਰ ਵਿਚ ਕੰਮ ਕਰਨ ਲਈ ਪੁਜਾਰੀਆਂ ਅਤੇ ਲੇਵੀਆਂ ਨੂੰ ਚੁਣਿਆ ਤਾਂਕਿ ਲੋਕ ਉੱਥੇ ਦੁਬਾਰਾ ਤੋਂ ਭਗਤੀ ਕਰ ਸਕਣ। ਉਸ ਨੇ ਦਰਵਾਜ਼ਿਆਂ ʼਤੇ ਪਹਿਰੇਦਾਰ ਖੜ੍ਹੇ ਕੀਤੇ ਤਾਂਕਿ ਉਹ ਕਿਸੇ ਵੀ ਅਸ਼ੁੱਧ ਇਨਸਾਨ ਨੂੰ ਅੰਦਰ ਨਾ ਜਾਣ ਦੇਣ। ਫਿਰ ਯਹੋਯਾਦਾ ਅਤੇ ਸਰਦਾਰ ਯੋਆਸ਼ ਨੂੰ ਮਹਿਲ ਵਿਚ ਲੈ ਗਏ ਅਤੇ ਉਸ ਨੂੰ ਸਿੰਘਾਸਣ ʼਤੇ ਬਿਠਾਇਆ। ਯਹੂਦਾਹ ਦੇ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ। ਉਹ ਹੁਣ ਦੁਸ਼ਟ ਅਥਲਯਾਹ ਅਤੇ ਬਆਲ ਦੀ ਭਗਤੀ ਤੋਂ ਆਜ਼ਾਦ ਸਨ। ਅਖ਼ੀਰ ਉਹ ਯਹੋਵਾਹ ਦੀ ਭਗਤੀ ਕਰ ਸਕਦੇ ਸਨ। ਕੀ ਤੁਸੀਂ ਦੇਖਿਆ ਕਿ ਯਹੋਯਾਦਾ ਦੀ ਦਲੇਰੀ ਕਰਕੇ ਕਿਵੇਂ ਬਹੁਤ ਸਾਰੇ ਲੋਕਾਂ ਦੀ ਮਦਦ ਹੋਈ?

“ਤੁਸੀਂ ਉਨ੍ਹਾਂ ਤੋਂ ਨਾ ਡਰੋ ਜੋ ਤੁਹਾਨੂੰ ਜਾਨੋਂ ਤਾਂ ਮਾਰ ਸਕਦੇ ਹਨ, ਪਰ ਤੁਹਾਡੇ ਤੋਂ ਭਵਿੱਖ ਵਿਚ ਮਿਲਣ ਵਾਲੀ ਜ਼ਿੰਦਗੀ ਨਹੀਂ ਖੋਹ ਸਕਦੇ; ਸਗੋਂ ਪਰਮੇਸ਼ੁਰ ਤੋਂ ਡਰੋ ਜੋ ਤੁਹਾਨੂੰ ‘ਗ਼ਹੈਨਾ’ ਵਿਚ ਨਾਸ਼ ਕਰ ਸਕਦਾ ਹੈ।”​—ਮੱਤੀ 10:28