Skip to content

Skip to table of contents

ਪਾਠ 57

ਯਹੋਵਾਹ ਨੇ ਯਿਰਮਿਯਾਹ ਨੂੰ ਪ੍ਰਚਾਰ ਕਰਨ ਲਈ ਭੇਜਿਆ

ਯਹੋਵਾਹ ਨੇ ਯਿਰਮਿਯਾਹ ਨੂੰ ਪ੍ਰਚਾਰ ਕਰਨ ਲਈ ਭੇਜਿਆ

ਯਹੋਵਾਹ ਨੇ ਯਿਰਮਿਯਾਹ ਨੂੰ ਯਹੂਦਾਹ ਦੇ ਲੋਕਾਂ ਲਈ ਨਬੀ ਵਜੋਂ ਚੁਣਿਆ। ਪਰਮੇਸ਼ੁਰ ਨੇ ਉਸ ਨੂੰ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਚੇਤਾਵਨੀ ਦੇਣ ਲਈ ਕਿਹਾ ਕਿ ਉਹ ਬੁਰੇ ਕੰਮ ਕਰਨੇ ਬੰਦ ਕਰ ਦੇਣ। ਯਿਰਮਿਯਾਹ ਨੇ ਕਿਹਾ: ‘ਪਰ ਯਹੋਵਾਹ, ਮੈਂ ਤਾਂ ਅਜੇ ਛੋਟਾ ਹਾਂ। ਮੈਨੂੰ ਲੋਕਾਂ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਨੀ ਆਉਂਦੀ।’ ਯਹੋਵਾਹ ਨੇ ਉਸ ਨੂੰ ਕਿਹਾ: ‘ਡਰ ਨਾ! ਤੂੰ ਜੋ ਬੋਲਣਾ ਹੈ, ਮੈਂ ਤੈਨੂੰ ਦੱਸਾਂਗਾ। ਮੈਂ ਤੇਰੀ ਮਦਦ ਕਰਾਂਗਾ।’

ਯਹੋਵਾਹ ਨੇ ਯਿਰਮਿਯਾਹ ਨੂੰ ਕਿਹਾ ਕਿ ਉਹ ਬਜ਼ੁਰਗਾਂ ਨੂੰ ਇਕੱਠਾ ਕਰੇ, ਉਨ੍ਹਾਂ ਦੇ ਸਾਮ੍ਹਣੇ ਮਿੱਟੀ ਦਾ ਇਕ ਭਾਂਡਾ ਭੰਨੇ ਅਤੇ ਕਹੇ: ‘ਯਰੂਸ਼ਲਮ ਬਿਲਕੁਲ ਇਸੇ ਤਰ੍ਹਾਂ ਭੰਨਿਆ ਜਾਵੇਗਾ।’ ਜਦੋਂ ਯਿਰਮਿਯਾਹ ਨੇ ਯਹੋਵਾਹ ਦੇ ਕਹੇ ਅਨੁਸਾਰ ਕੀਤਾ, ਤਾਂ ਬਜ਼ੁਰਗ ਬਹੁਤ ਗੁੱਸੇ ਹੋ ਗਏ। ਪਸ਼ਹੂਰ ਨਾਂ ਦੇ ਪੁਜਾਰੀ ਨੇ ਯਿਰਮਿਯਾਹ ਨੂੰ ਕੁੱਟਿਆ ਤੇ ਉਸ ਨੂੰ ਲੱਕੜ ਦੀ ਕਾਠ ਵਿਚ ਜਕੜ ਦਿੱਤਾ। ਸਾਰੀ ਰਾਤ ਯਿਰਮਿਯਾਹ ਹਿਲ ਵੀ ਨਾ ਸਕਿਆ। ਪਸ਼ਹੂਰ ਨੇ ਸਵੇਰੇ ਉਸ ਨੂੰ ਛੱਡਿਆ। ਯਿਰਮਿਯਾਹ ਨੇ ਕਿਹਾ: ‘ਮੈਂ ਹੋਰ ਨਹੀਂ ਸਹਿ ਸਕਦਾ। ਮੈਂ ਹੁਣ ਪ੍ਰਚਾਰ ਨਹੀਂ ਕਰਨਾ।’ ਪਰ ਕੀ ਉਸ ਨੇ ਸੱਚੀਂ ਹਾਰ ਮੰਨ ਲਈ ਸੀ? ਨਹੀਂ। ਜਦੋਂ ਯਿਰਮਿਯਾਹ ਨੇ ਇਸ ਬਾਰੇ ਧਿਆਨ ਨਾਲ ਸੋਚਿਆ, ਤਾਂ ਉਸ ਨੇ ਕਿਹਾ: ‘ਯਹੋਵਾਹ ਦਾ ਸੰਦੇਸ਼ ਮੇਰੇ ਅੰਦਰ ਅੱਗ ਵਾਂਗ ਹੈ। ਮੈਂ ਪ੍ਰਚਾਰ ਕਰਨੋਂ ਨਹੀਂ ਰਹਿ ਸਕਦਾ।’ ਯਿਰਮਿਯਾਹ ਲਗਾਤਾਰ ਲੋਕਾਂ ਨੂੰ ਚੇਤਾਵਨੀ ਦਿੰਦਾ ਰਿਹਾ।

ਸਾਲ ਬੀਤਦੇ ਗਏ ਅਤੇ ਯਹੂਦਾਹ ਵਿਚ ਨਵਾਂ ਰਾਜਾ ਆ ਗਿਆ। ਪੁਜਾਰੀ ਅਤੇ ਝੂਠੇ ਨਬੀ ਯਿਰਮਿਯਾਹ ਦੇ ਸੰਦੇਸ਼ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੇ ਸਰਦਾਰਾਂ ਨੂੰ ਕਿਹਾ: ‘ਇਹ ਆਦਮੀ ਮਰਨ ਦੇ ਲਾਇਕ ਹੈ।’ ਯਿਰਮਿਯਾਹ ਨੇ ਕਿਹਾ: ‘ਜੇ ਤੁਸੀਂ ਮੈਨੂੰ ਮਾਰਿਆ, ਤਾਂ ਤੁਸੀਂ ਨਿਰਦੋਸ਼ ਆਦਮੀ ਨੂੰ ਮਾਰੋਗੇ। ਮੈਂ ਆਪਣੀਆਂ ਨਹੀਂ, ਸਗੋਂ ਯਹੋਵਾਹ ਦੀਆਂ ਗੱਲਾਂ ਬੋਲਦਾ ਹਾਂ।’ ਜਦੋਂ ਸਰਦਾਰਾਂ ਨੇ ਇਹ ਸੁਣਿਆ, ਤਾਂ ਉਨ੍ਹਾਂ ਨੇ ਕਿਹਾ: ‘ਇਸ ਆਦਮੀ ਨੂੰ ਨਹੀਂ ਮਾਰਿਆ ਜਾਣਾ ਚਾਹੀਦਾ।’

ਯਿਰਮਿਯਾਹ ਪ੍ਰਚਾਰ ਕਰਦਾ ਰਿਹਾ ਜਿਸ ਕਰਕੇ ਸਰਦਾਰਾਂ ਨੂੰ ਬਹੁਤ ਗੁੱਸਾ ਚੜ੍ਹਿਆ। ਉਨ੍ਹਾਂ ਨੇ ਰਾਜੇ ਨੂੰ ਕਿਹਾ ਕਿ ਯਿਰਮਿਯਾਹ ਨੂੰ ਮਾਰ ਦਿੱਤਾ ਜਾਣਾ ਚਾਹੀਦਾ। ਰਾਜੇ ਨੇ ਕਿਹਾ ਕਿ ਉਹ ਜੋ ਚਾਹੁੰਦੇ ਹਨ, ਉਹ ਯਿਰਮਿਯਾਹ ਨਾਲ ਕਰ ਸਕਦੇ ਹਨ। ਉਨ੍ਹਾਂ ਨੇ ਯਿਰਮਿਯਾਹ ਨੂੰ ਲਿਜਾ ਕੇ ਡੂੰਘੇ ਤੇ ਚਿੱਕੜ ਨਾਲ ਭਰੇ ਖੂਹ ਵਿਚ ਸੁੱਟ ਦਿੱਤਾ। ਉਨ੍ਹਾਂ ਨੂੰ ਉਮੀਦ ਸੀ ਕਿ ਉਹ ਉੱਥੇ ਮਰ ਜਾਵੇਗਾ। ਯਿਰਮਿਯਾਹ ਚਿੱਕੜ ਵਿਚ ਧਸਣ ਲੱਗਾ।

ਫਿਰ ਅਬਦ-ਮਲਕ ਨਾਂ ਦੇ ਰਾਜ ਦਰਬਾਰੀ ਨੇ ਰਾਜੇ ਨੂੰ ਦੱਸਿਆ: ‘ਸਰਦਾਰਾਂ ਨੇ ਯਿਰਮਿਯਾਹ ਨੂੰ ਖੂਹ ਵਿਚ ਸੁੱਟ ਦਿੱਤਾ ਹੈ! ਜੇ ਅਸੀਂ ਉਸ ਨੂੰ ਨਾ ਕੱਢਿਆ, ਤਾਂ ਉਹ ਮਰ ਜਾਵੇਗਾ।’ ਰਾਜੇ ਨੇ ਅਬਦ-ਮਲਕ ਨੂੰ ਕਿਹਾ ਕਿ ਉਹ ਆਪਣੇ ਨਾਲ 30 ਆਦਮੀਆਂ ਨੂੰ ਲਿਜਾ ਕੇ ਯਿਰਮਿਯਾਹ ਨੂੰ ਖੂਹ ਵਿੱਚੋਂ ਕੱਢੇ। ਕੀ ਸਾਨੂੰ ਯਿਰਮਿਯਾਹ ਵਰਗੇ ਨਹੀਂ ਬਣਨਾ ਚਾਹੀਦਾ ਜਿਸ ਨੇ ਕਿਸੇ ਵੀ ਮੁਸ਼ਕਲ ਕਰਕੇ ਪ੍ਰਚਾਰ ਕਰਨਾ ਬੰਦ ਨਹੀਂ ਕੀਤਾ?

“ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ, ਪਰ ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ।”​—ਮੱਤੀ 10:22