Skip to content

Skip to table of contents

ਪਾਠ 59

ਚਾਰ ਮੁੰਡਿਆਂ ਨੇ ਯਹੋਵਾਹ ਦਾ ਕਹਿਣਾ ਮੰਨਿਆ

ਚਾਰ ਮੁੰਡਿਆਂ ਨੇ ਯਹੋਵਾਹ ਦਾ ਕਹਿਣਾ ਮੰਨਿਆ

ਜਦੋਂ ਨਬੂਕਦਨੱਸਰ ਯਹੂਦਾਹ ਦੇ ਰਾਜਕੁਮਾਰਾਂ ਨੂੰ ਬਾਬਲ ਲੈ ਗਿਆ, ਤਾਂ ਉਸ ਨੇ ਅਸਪਨਜ਼ ਨਾਂ ਦੇ ਅਧਿਕਾਰੀ ਨੂੰ ਉਨ੍ਹਾਂ ਦੀ ਦੇਖ-ਭਾਲ ਕਰਨ ਨੂੰ ਕਿਹਾ। ਨਬੂਕਦਨੱਸਰ ਨੇ ਅਸਪਨਜ਼ ਨੂੰ ਕਿਹਾ ਕਿ ਇਨ੍ਹਾਂ ਮੁੰਡਿਆਂ ਵਿੱਚੋਂ ਸਿਹਤਮੰਦ ਤੇ ਸਮਝਦਾਰ ਮੁੰਡੇ ਚੁਣੇ। ਇਨ੍ਹਾਂ ਮੁੰਡਿਆਂ ਨੂੰ ਤਿੰਨ ਸਾਲਾਂ ਤਕ ਸਿਖਲਾਈ ਦਿੱਤੀ ਜਾਣੀ ਸੀ। ਇਸ ਸਿਖਲਾਈ ਕਰਕੇ ਇਨ੍ਹਾਂ ਨੂੰ ਬਾਬਲ ਵਿਚ ਅਧਿਕਾਰੀ ਬਣਾਇਆ ਜਾਣਾ ਸੀ। ਇਨ੍ਹਾਂ ਮੁੰਡਿਆਂ ਨੂੰ ਬਾਬਲ ਦੀ ਅੱਕਾਦੀ ਭਾਸ਼ਾ ਪੜ੍ਹਨੀ, ਲਿਖਣੀ ਤੇ ਬੋਲਣੀ ਸਿੱਖਣੀ ਪੈਣੀ ਸੀ। ਇਨ੍ਹਾਂ ਨੇ ਉਹ ਭੋਜਨ ਖਾਣਾ ਸੀ ਜੋ ਰਾਜਾ ਤੇ ਉਸ ਦੇ ਅਧਿਕਾਰੀ ਖਾਂਦੇ ਸਨ। ਇਨ੍ਹਾਂ ਮੁੰਡਿਆਂ ਵਿੱਚੋਂ ਚਾਰ ਮੁੰਡੇ ਸਨ, ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ। ਅਸਪਨਜ਼ ਨੇ ਇਨ੍ਹਾਂ ਨੂੰ ਨਵੇਂ ਬਾਬਲੀ ਨਾਂ ਦਿੱਤੇ: ਬੇਲਟਸ਼ੱਸਰ, ਸ਼ਦਰਕ, ਮੇਸ਼ਕ ਤੇ ਅਬਦਨਗੋ। ਕੀ ਇਸ ਸਿਖਲਾਈ ਕਰਕੇ ਇਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣੀ ਸੀ?

ਇਨ੍ਹਾਂ ਚਾਰਾਂ ਨੌਜਵਾਨਾਂ ਨੇ ਯਹੋਵਾਹ ਦਾ ਕਹਿਣਾ ਮੰਨਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਇਹ ਨੌਜਵਾਨ ਜਾਣਦੇ ਸਨ ਕਿ ਇਨ੍ਹਾਂ ਨੂੰ ਰਾਜੇ ਦੇ ਭੋਜਨ ਵਿੱਚੋਂ ਨਹੀਂ ਖਾਣਾ ਚਾਹੀਦਾ ਕਿਉਂਕਿ ਯਹੋਵਾਹ ਦੇ ਕਾਨੂੰਨ ਵਿਚ ਕੁਝ ਜਾਨਵਰ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ। ਇਸ ਲਈ ਇਨ੍ਹਾਂ ਨੇ ਅਸਪਨਜ਼ ਨੂੰ ਕਿਹਾ: ‘ਸਾਨੂੰ ਰਾਜੇ ਦਾ ਭੋਜਨ ਖਾਣ ਨੂੰ ਨਾ ਦੇਈਂ।’ ਅਸਪਨਜ਼ ਨੇ ਇਨ੍ਹਾਂ ਨੂੰ ਕਿਹਾ: ‘ਜੇ ਤੁਸੀਂ ਖਾਣਾ ਨਹੀਂ ਖਾਓਗੇ ਤੇ ਰਾਜਾ ਤੁਹਾਨੂੰ ਦੇਖੇਗਾ ਕਿ ਤੁਸੀਂ ਕਮਜ਼ੋਰ ਹੋ ਗਏ ਹੋ, ਤਾਂ ਉਹ ਮੈਨੂੰ ਮਾਰ ਦੇਵੇਗਾ।’

ਦਾਨੀਏਲ ਕੋਲ ਇਕ ਸਕੀਮ ਸੀ। ਇਨ੍ਹਾਂ ਨੇ ਆਪਣੀ ਦੇਖ-ਭਾਲ ਕਰਨ ਵਾਲੇ ਨੂੰ ਕਿਹਾ: ‘ਸਾਨੂੰ ਦਸਾਂ ਦਿਨਾਂ ਤਕ ਖਾਣ ਨੂੰ ਸਿਰਫ਼ ਸਬਜ਼ੀਆਂ ਤੇ ਪੀਣ ਨੂੰ ਪਾਣੀ ਦੇ। ਫਿਰ ਤੂੰ ਸਾਡੀ ਤੁਲਨਾ ਬਾਕੀ ਮੁੰਡਿਆਂ ਨਾਲ ਕਰੀਂ ਜੋ ਰਾਜੇ ਦੇ ਖਾਣੇ ਵਿੱਚੋਂ ਖਾਂਦੇ ਸਨ।’ ਦੇਖ-ਭਾਲ ਕਰਨ ਵਾਲਾ ਮੰਨ ਗਿਆ।

ਦਸਾਂ ਦਿਨਾਂ ਬਾਅਦ ਦਾਨੀਏਲ ਅਤੇ ਉਸ ਦੇ ਤਿੰਨੇ ਦੋਸਤ ਬਾਕੀ ਮੁੰਡਿਆਂ ਨਾਲੋਂ ਜ਼ਿਆਦਾ ਸਿਹਤਮੰਦ ਲੱਗ ਰਹੇ ਸਨ। ਯਹੋਵਾਹ ਖ਼ੁਸ਼ ਸੀ ਕਿ ਇਨ੍ਹਾਂ ਨੇ ਉਸ ਦਾ ਕਹਿਣਾ ਮੰਨਿਆ। ਉਸ ਨੇ ਤਾਂ ਦਾਨੀਏਲ ਨੂੰ ਦਰਸ਼ਣ ਅਤੇ ਸੁਪਨਿਆਂ ਦੇ ਅਰਥ ਦੱਸਣ ਲਈ ਬੁੱਧ ਵੀ ਦਿੱਤੀ।

ਸਿਖਲਾਈ ਖ਼ਤਮ ਹੋਣ ਤੋਂ ਬਾਅਦ ਅਸਪਨਜ਼ ਮੁੰਡਿਆਂ ਨੂੰ ਨਬੂਕਦਨੱਸਰ ਕੋਲ ਲੈ ਕੇ ਆਇਆ। ਰਾਜੇ ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਦੇਖਿਆ ਕਿ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਬਾਕੀਆਂ ਮੁੰਡਿਆਂ ਨਾਲੋਂ ਜ਼ਿਆਦਾ ਹੁਸ਼ਿਆਰ ਤੇ ਚੁਕੰਨੇ ਸਨ। ਰਾਜੇ ਨੇ ਉਨ੍ਹਾਂ ਨੂੰ ਆਪਣੇ ਦਰਬਾਰ ਵਿਚ ਕੰਮ ਕਰਨ ਲਈ ਚੁਣ ਲਿਆ। ਰਾਜਾ ਅਕਸਰ ਉਨ੍ਹਾਂ ਤੋਂ ਜ਼ਰੂਰੀ ਮਾਮਲਿਆਂ ਬਾਰੇ ਸਲਾਹ ਲੈਂਦਾ ਸੀ। ਯਹੋਵਾਹ ਨੇ ਉਨ੍ਹਾਂ ਨੂੰ ਰਾਜੇ ਦੇ ਬੁੱਧੀਮਾਨ ਆਦਮੀਆਂ ਅਤੇ ਜਾਦੂਗਰਾਂ ਤੋਂ ਕਿਤੇ ਜ਼ਿਆਦਾ ਬੁੱਧ ਦਿੱਤੀ ਸੀ।

ਭਾਵੇਂ ਉਹ ਪ੍ਰਦੇਸ ਵਿਚ ਸਨ, ਪਰ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਇਹ ਗੱਲ ਨਹੀਂ ਭੁੱਲੇ ਕਿ ਉਹ ਯਹੋਵਾਹ ਦੇ ਲੋਕ ਸਨ। ਕੀ ਤੁਸੀਂ ਵੀ ਹਮੇਸ਼ਾ ਯਹੋਵਾਹ ਨੂੰ ਯਾਦ ਰੱਖੋਗੇ, ਉਦੋਂ ਵੀ ਜਦੋਂ ਤੁਹਾਡੇ ਮਾਪੇ ਤੁਹਾਡੇ ਨਾਲ ਨਹੀਂ ਹੁੰਦੇ?

“ਕੋਈ ਵੀ ਤੈਨੂੰ ਨੌਜਵਾਨ ਹੋਣ ਕਰਕੇ ਐਵੇਂ ਨਾ ਸਮਝੇ। ਇਸ ਦੀ ਬਜਾਇ, ਵਫ਼ਾਦਾਰ ਸੇਵਕਾਂ ਲਈ ਆਪਣੀ ਬੋਲੀ ਵਿਚ, ਚਾਲ-ਚਲਣ ਵਿਚ, ਪਿਆਰ ਵਿਚ, ਨਿਹਚਾ ਵਿਚ ਅਤੇ ਸ਼ੁੱਧ ਰਹਿਣ ਵਿਚ ਚੰਗੀ ਮਿਸਾਲ ਕਾਇਮ ਕਰ।”​—1 ਤਿਮੋਥਿਉਸ 4:12