Skip to content

Skip to table of contents

ਪਾਠ 61

ਉਨ੍ਹਾਂ ਨੇ ਮੱਥਾ ਨਹੀਂ ਟੇਕਿਆ

ਉਨ੍ਹਾਂ ਨੇ ਮੱਥਾ ਨਹੀਂ ਟੇਕਿਆ

ਰਾਜਾ ਨਬੂਕਦਨੱਸਰ ਨੇ ਮੂਰਤ ਬਾਰੇ ਜੋ ਸੁਪਨਾ ਦੇਖਿਆ ਸੀ, ਉਸ ਤੋਂ ਕੁਝ ਸਮੇਂ ਬਾਅਦ ਉਸ ਨੇ ਸੋਨੇ ਦੀ ਵੱਡੀ ਸਾਰੀ ਮੂਰਤ ਬਣਾਈ। ਉਸ ਨੇ ਇਸ ਨੂੰ ਦੂਰਾ ਦੇ ਮੈਦਾਨੀ ਇਲਾਕੇ ਵਿਚ ਖੜ੍ਹਾ ਕੀਤਾ। ਉਸ ਨੇ ਮੂਰਤ ਸਾਮ੍ਹਣੇ ਇਕੱਠੇ ਹੋਣ ਲਈ ਦੇਸ਼ ਦੇ ਸਭ ਤੋਂ ਅਹਿਮ ਲੋਕਾਂ ਨੂੰ ਬੁਲਾਇਆ। ਇਨ੍ਹਾਂ ਵਿਚ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਵੀ ਸ਼ਾਮਲ ਸਨ। ਰਾਜੇ ਨੇ ਹੁਕਮ ਦਿੱਤਾ: ‘ਜਦ ਤੁਸੀਂ ਨਰਸਿੰਗੇ, ਰਬਾਬ ਤੇ ਬੰਸਰੀ ਦੀ ਆਵਾਜ਼ ਸੁਣੋ, ਤਾਂ ਜ਼ਮੀਨ ʼਤੇ ਸਿਰ ਨਿਵਾ ਕੇ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਣਾ। ਜਿਹੜਾ ਵੀ ਮੂਰਤ ਅੱਗੇ ਮੱਥਾ ਨਹੀਂ ਟੇਕੇਗਾ, ਉਸ ਨੂੰ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ।’ ਕੀ ਇਨ੍ਹਾਂ ਤਿੰਨ ਇਬਰਾਨੀ ਮੁੰਡਿਆਂ ਨੇ ਮੂਰਤ ਨੂੰ ਮੱਥਾ ਟੇਕਣਾ ਸੀ ਜਾਂ ਉਨ੍ਹਾਂ ਨੇ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ ਸੀ?

ਫਿਰ ਰਾਜੇ ਨੇ ਸੰਗੀਤ ਵਜਾਉਣ ਦਾ ਹੁਕਮ ਦਿੱਤਾ। ਸਾਰਿਆਂ ਨੇ ਝੁਕ ਕੇ ਮੱਥਾ ਟੇਕਿਆ, ਪਰ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੇ ਮੱਥਾ ਨਹੀਂ ਟੇਕਿਆ। ਕੁਝ ਆਦਮੀਆਂ ਨੇ ਇਹ ਦੇਖਿਆ ਤੇ ਉਨ੍ਹਾਂ ਨੇ ਜਾ ਕੇ ਰਾਜੇ ਨੂੰ ਦੱਸਿਆ: ‘ਉਨ੍ਹਾਂ ਤਿੰਨ ਆਦਮੀਆਂ ਨੇ ਮੂਰਤ ਨੂੰ ਮੱਥਾ ਨਹੀਂ ਟੇਕਿਆ।’ ਫਿਰ ਨਬੂਕਦਨੱਸਰ ਨੇ ਉਨ੍ਹਾਂ ਤਿੰਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ: ‘ਮੈਂ ਤੁਹਾਨੂੰ ਇਕ ਹੋਰ ਮੌਕਾ ਦਿੰਦਾ ਹਾਂ। ਪਰ ਜੇ ਤੁਸੀਂ ਹੁਣ ਮੱਥਾ ਨਾ ਟੇਕਿਆ, ਤਾਂ ਤੁਹਾਨੂੰ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ। ਕੋਈ ਵੀ ਦੇਵਤਾ ਤੁਹਾਨੂੰ ਮੇਰੇ ਹੱਥੋਂ ਬਚਾ ਨਹੀਂ ਸਕੇਗਾ।’ ਉਨ੍ਹਾਂ ਨੇ ਕਿਹਾ: ‘ਸਾਨੂੰ ਹੋਰ ਮੌਕਾ ਨਹੀਂ ਚਾਹੀਦਾ। ਸਾਡਾ ਪਰਮੇਸ਼ੁਰ ਸਾਨੂੰ ਬਚਾ ਸਕਦਾ ਹੈ। ਪਰ ਜੇ ਉਹ ਨਾ ਵੀ ਬਚਾਵੇ, ਤਾਂ ਵੀ, ਹੇ ਰਾਜਾ, ਅਸੀਂ ਮੂਰਤ ਨੂੰ ਮੱਥਾ ਨਹੀਂ ਟੇਕਾਂਗੇ।’

ਨਬੂਕਦਨੱਸਰ ਨੂੰ ਬਹੁਤ ਗੁੱਸਾ ਚੜ੍ਹ ਗਿਆ। ਉਸ ਨੇ ਆਪਣੇ ਆਦਮੀਆਂ ਨੂੰ ਕਿਹਾ: ‘ਭੱਠੀ ਦੀ ਅੱਗ ਹੋਰ ਸੱਤ ਗੁਣਾ ਤੇਜ਼ ਕਰ ਦਿਓ।’ ਫਿਰ ਉਸ ਨੇ ਆਪਣੇ ਫ਼ੌਜੀਆਂ ਨੂੰ ਕਿਹਾ: ‘ਇਨ੍ਹਾਂ ਆਦਮੀਆਂ ਨੂੰ ਬੰਨ੍ਹ ਕੇ ਬਲ਼ਦੀ ਭੱਠੀ ਵਿਚ ਸੁੱਟ ਦਿਓ।’ ਭੱਠੀ ਇੰਨੀ ਗਰਮ ਸੀ ਕਿ ਜਦੋਂ ਹੀ ਫ਼ੌਜੀ ਭੱਠੀ ਦੇ ਨੇੜੇ ਗਏ, ਉਹ ਉਸੇ ਵੇਲੇ ਮਰ ਗਏ। ਤਿੰਨ ਇਬਰਾਨੀ ਮੁੰਡਿਆਂ ਨੂੰ ਅੱਗ ਵਿਚ ਸੁੱਟ ਦਿੱਤਾ ਗਿਆ। ਪਰ ਨਬੂਕਦਨੱਸਰ ਨੇ ਭੱਠੀ ਅੰਦਰ ਦੇਖਿਆ ਕਿ ਉਸ ਵਿਚ ਤਿੰਨ ਆਦਮੀਆਂ ਦੀ ਬਜਾਇ ਚਾਰ ਆਦਮੀ ਘੁੰਮ ਰਹੇ ਸਨ। ਉਹ ਡਰ ਗਿਆ ਤੇ ਉਸ ਨੇ ਆਪਣੇ ਅਧਿਕਾਰੀਆਂ ਨੂੰ ਪੁੱਛਿਆ: ‘ਕੀ ਅਸੀਂ ਭੱਠੀ ਵਿਚ ਤਿੰਨ ਜਣੇ ਨਹੀਂ ਸੁੱਟੇ ਸਨ? ਮੈਨੂੰ ਚਾਰ ਜਣੇ ਦਿਖਾਈ ਦੇ ਰਹੇ ਹਨ ਤੇ ਇਨ੍ਹਾਂ ਵਿੱਚੋਂ ਇਕ ਜਣਾ ਦੂਤ ਵਰਗਾ ਹੈ।’

ਨਬੂਕਦਨੱਸਰ ਭੱਠੀ ਦੇ ਨੇੜੇ ਗਿਆ ਅਤੇ ਕਿਹਾ: ‘ਅੱਤ ਮਹਾਨ ਪਰਮੇਸ਼ੁਰ ਦੇ ਸੇਵਕੋ, ਬਾਹਰ ਆ ਜਾਓ!’ ਸਾਰੇ ਜਣੇ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੂੰ ਦੇਖ ਕੇ ਹੈਰਾਨ ਸਨ ਕਿ ਉਹ ਬਿਲਕੁਲ ਠੀਕ ਸਨ। ਉਨ੍ਹਾਂ ਦੀ ਚਮੜੀ, ਵਾਲ਼ ਤੇ ਕੱਪੜੇ ਜ਼ਰਾ ਵੀ ਸੜੇ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਤੋਂ ਸੜਨ ਦੀ ਬੋ ਆ ਰਹੀ ਸੀ।

ਨਬੂਕਦਨੱਸਰ ਨੇ ਕਿਹਾ: ‘ਸ਼ਦਰਕ, ਮੇਸ਼ਕ ਤੇ ਅਬਦ-ਨਗੋ ਦਾ ਪਰਮੇਸ਼ੁਰ ਮਹਾਨ ਹੈ। ਉਸ ਨੇ ਆਪਣਾ ਦੂਤ ਭੇਜਿਆ ਤੇ ਉਨ੍ਹਾਂ ਨੂੰ ਬਚਾ ਲਿਆ। ਉਨ੍ਹਾਂ ਦੇ ਪਰਮੇਸ਼ੁਰ ਵਰਗਾ ਕੋਈ ਪਰਮੇਸ਼ੁਰ ਨਹੀਂ ਹੈ।’

ਕੀ ਤਿੰਨ ਇਬਰਾਨੀ ਮੁੰਡਿਆਂ ਵਾਂਗ ਤੁਸੀਂ ਵੀ ਹਰ ਹਾਲਾਤ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ?

“ਤੂੰ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।”​—ਮੱਤੀ 4:10