Skip to content

Skip to table of contents

ਪਾਠ 62

ਵੱਡੇ ਦਰਖ਼ਤ ਵਰਗਾ ਇਕ ਰਾਜ

ਵੱਡੇ ਦਰਖ਼ਤ ਵਰਗਾ ਇਕ ਰਾਜ

ਰਾਜਾ ਨਬੂਕਦਨੱਸਰ ਨੂੰ ਇਕ ਰਾਤ ਡਰਾਉਣਾ ਸੁਪਨਾ ਆਇਆ। ਉਸ ਨੇ ਸੁਪਨੇ ਦਾ ਮਤਲਬ ਪੁੱਛਣ ਲਈ ਆਪਣੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਬੁਲਾਇਆ। ਪਰ ਕੋਈ ਵੀ ਮਤਲਬ ਨਾ ਦੱਸ ਸਕਿਆ। ਅਖ਼ੀਰ ਰਾਜੇ ਨੇ ਦਾਨੀਏਲ ਨੂੰ ਬੁਲਾਇਆ।

ਨਬੂਕਦਨੱਸਰ ਨੇ ਦਾਨੀਏਲ ਨੂੰ ਸੁਪਨਾ ਦੱਸਿਆ: ‘ਸੁਪਨੇ ਵਿਚ ਮੈਂ ਇਕ ਦਰਖ਼ਤ ਦੇਖਿਆ। ਉਹ ਇੰਨਾ ਵੱਡਾ ਹੋਇਆ ਕਿ ਆਕਾਸ਼ ਤਕ ਪਹੁੰਚ ਗਿਆ। ਉਹ ਧਰਤੀ ਦੇ ਹਰ ਕੋਨੇ ਤੋਂ ਨਜ਼ਰ ਆਉਂਦਾ ਸੀ। ਉਸ ਦੇ ਪੱਤੇ ਬਹੁਤ ਸੋਹਣੇ ਸਨ ਅਤੇ ਉਸ ʼਤੇ ਬਹੁਤ ਸਾਰੇ ਫਲ ਲੱਗੇ ਹੋਏ ਸਨ। ਜਾਨਵਰ ਉਸ ਦੀ ਛਾਂਵੇਂ ਬਹਿੰਦੇ ਸਨ ਅਤੇ ਪੰਛੀਆਂ ਨੇ ਉਸ ਦੀਆਂ ਟਾਹਣੀਆਂ ʼਤੇ ਆਲ੍ਹਣੇ ਬਣਾਏ ਹੋਏ ਸਨ। ਫਿਰ ਸਵਰਗ ਤੋਂ ਇਕ ਦੂਤ ਆਇਆ। ਉਸ ਨੇ ਕਿਹਾ: “ਦਰਖ਼ਤ ਨੂੰ ਵੱਢ ਦਿਓ ਅਤੇ ਇਸ ਦੀਆਂ ਟਾਹਣੀਆਂ ਨੂੰ ਕੱਟ ਦਿਓ। ਪਰ ਇਸ ਦੇ ਮੁੱਢ ਨੂੰ ਜੜ੍ਹ ਸਣੇ ਜ਼ਮੀਨ ਵਿਚ ਹੀ ਰਹਿਣ ਦਿਓ ਅਤੇ ਇਸ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਦਿਓ। ਦਰਖ਼ਤ ਦਾ ਦਿਲ ਇਨਸਾਨਾਂ ਤੋਂ ਬਦਲ ਕੇ ਜਾਨਵਰਾਂ ਦਾ ਹੋ ਜਾਵੇਗਾ ਅਤੇ ਇਸ ʼਤੇ ਸੱਤ ਸਮੇਂ ਬੀਤਣਗੇ। ਸਾਰੇ ਲੋਕ ਜਾਣਨਗੇ ਕਿ ਰੱਬ ਹੀ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦੇ ਸਕਦਾ ਹੈ।” ’

ਯਹੋਵਾਹ ਨੇ ਦਾਨੀਏਲ ਨੂੰ ਸੁਪਨੇ ਦਾ ਮਤਲਬ ਦੱਸਿਆ। ਜਦੋਂ ਦਾਨੀਏਲ ਨੂੰ ਸੁਪਨੇ ਦਾ ਮਤਲਬ ਪਤਾ ਲੱਗਾ, ਤਾਂ ਉਹ ਬਹੁਤ ਡਰ ਗਿਆ। ਉਸ ਨੇ ਕਿਹਾ: ‘ਹੇ ਰਾਜਾ, ਮੈਂ ਚਾਹੁੰਦਾ ਸੀ ਕਿ ਇਹ ਸੁਪਨਾ ਤੇਰੇ ਦੁਸ਼ਮਣਾਂ ਬਾਰੇ ਹੁੰਦਾ, ਪਰ ਇਹ ਤੇਰੇ ਬਾਰੇ ਹੈ। ਜਿਹੜਾ ਵੱਡਾ ਦਰਖ਼ਤ ਵੱਢਿਆ ਗਿਆ, ਉਹ ਤੂੰ ਹੈਂ। ਤੇਰਾ ਰਾਜ ਤੇਰੇ ਤੋਂ ਲੈ ਲਿਆ ਜਾਵੇਗਾ। ਤੂੰ ਜੰਗਲੀ ਜਾਨਵਰਾਂ ਨਾਲ ਰਹੇਂਗਾ ਅਤੇ ਘਾਹ ਖਾਵੇਂਗਾ। ਪਰ ਦੂਤ ਨੇ ਕਿਹਾ ਕਿ ਇਸ ਦੇ ਮੁੱਢ ਨੂੰ ਜੜ੍ਹ ਸਣੇ ਜ਼ਮੀਨ ਵਿਚ ਹੀ ਰਹਿਣ ਦਿਓ। ਇਸ ਦਾ ਮਤਲਬ ਹੈ ਕਿ ਤੂੰ ਦੁਬਾਰਾ ਤੋਂ ਰਾਜਾ ਬਣੇਂਗਾ।’

ਇਕ ਸਾਲ ਬਾਅਦ, ਨਬੂਕਦਨੱਸਰ ਆਪਣੇ ਮਹਿਲ ਦੀ ਛੱਤ ʼਤੇ ਘੁੰਮ ਰਿਹਾ ਸੀ। ਉਹ ਬਾਬਲ ਦੀ ਤਾਰੀਫ਼ ਕਰ ਰਿਹਾ ਸੀ। ਉਸ ਨੇ ਕਿਹਾ: ‘ਇਹ ਸ਼ਹਿਰ ਕਿੰਨਾ ਸ਼ਾਨਦਾਰ ਹੈ ਜਿਸ ਨੂੰ ਮੈਂ ਬਣਾਇਆ ਹੈ। ਦੇਖ ਮੈਂ ਕਿੰਨਾ ਮਹਾਨ ਹਾਂ!’ ਜਦੋਂ ਉਹ ਇਹ ਗੱਲਾਂ ਕਹਿ ਰਿਹਾ ਸੀ, ਉਦੋਂ ਸਵਰਗ ਤੋਂ ਇਕ ਆਵਾਜ਼ ਆਈ: ‘ਨਬੂਕਦਨੱਸਰ! ਹੁਣ ਤੇਰਾ ਰਾਜ ਤੇਰੇ ਤੋਂ ਲੈ ਲਿਆ ਗਿਆ ਹੈ।’

ਉਸੇ ਸਮੇਂ ਨਬੂਕਦਨੱਸਰ ਆਪਣੇ ਹੋਸ਼ ਖੋਹ ਬੈਠਾ ਤੇ ਜੰਗਲੀ ਜਾਨਵਰਾਂ ਵਾਂਗ ਕਰਨ ਲੱਗ ਪਿਆ। ਉਸ ਨੂੰ ਮਹਿਲ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਹ ਜੰਗਲੀ ਜਾਨਵਰਾਂ ਨਾਲ ਰਹਿਣ ਲੱਗ ਪਿਆ। ਨਬੂਕਦਨੱਸਰ ਦੇ ਵਾਲ਼ ਉਕਾਬਾਂ ਦੇ ਖੰਭਾਂ ਵਾਂਗ ਲੰਬੇ ਹੋ ਗਏ ਅਤੇ ਉਸ ਦੇ ਨਹੁੰ ਪੰਛੀਆਂ ਦੀਆਂ ਨਹੁੰਦਰਾਂ ਵਾਂਗ ਹੋ ਗਏ।

ਸੱਤ ਸਾਲ ਬੀਤਣ ਤੋਂ ਬਾਅਦ ਨਬੂਕਦਨੱਸਰ ਹੋਸ਼ ਵਿਚ ਆ ਗਿਆ। ਫਿਰ ਯਹੋਵਾਹ ਨੇ ਉਸ ਨੂੰ ਦੁਬਾਰਾ ਬਾਬਲ ਦਾ ਰਾਜਾ ਬਣਾ ਦਿੱਤਾ। ਫਿਰ ਨਬੂਕਦਨੱਸਰ ਨੇ ਕਿਹਾ: ‘ਮੈਂ, ਸਵਰਗਾਂ ਦੇ ਰਾਜੇ, ਯਹੋਵਾਹ ਦੀ ਮਹਿਮਾ ਕਰਦਾ ਹਾਂ। ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ ਹੀ ਰਾਜਾ ਹੈ। ਉਹ ਘਮੰਡੀ ਲੋਕਾਂ ਦਾ ਸਿਰ ਨੀਵਾਂ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ, ਰਾਜ ਦਿੰਦਾ ਹੈ।’

“ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।”​—ਕਹਾਉਤਾਂ 16:18