Skip to content

Skip to table of contents

ਪਾਠ 66

ਅਜ਼ਰਾ ਨੇ ਪਰਮੇਸ਼ੁਰ ਦਾ ਕਾਨੂੰਨ ਸਿਖਾਇਆ

ਅਜ਼ਰਾ ਨੇ ਪਰਮੇਸ਼ੁਰ ਦਾ ਕਾਨੂੰਨ ਸਿਖਾਇਆ

ਇਜ਼ਰਾਈਲੀਆਂ ਨੂੰ ਯਰੂਸ਼ਲਮ ਵਾਪਸ ਗਿਆਂ ਨੂੰ ਲਗਭਗ 70 ਸਾਲ ਹੋ ਚੁੱਕੇ ਸਨ। ਪਰ ਕੁਝ ਜਣੇ ਅਜੇ ਵੀ ਫ਼ਾਰਸੀ ਸਾਮਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਸਨ। ਇਨ੍ਹਾਂ ਵਿੱਚੋਂ ਇਕ ਅਜ਼ਰਾ ਨਾਂ ਦਾ ਪੁਜਾਰੀ ਸੀ ਜੋ ਪਰਮੇਸ਼ੁਰ ਦਾ ਕਾਨੂੰਨ ਸਿਖਾਉਂਦਾ ਸੀ। ਜਦੋਂ ਅਜ਼ਰਾ ਨੂੰ ਪਤਾ ਲੱਗਾ ਕਿ ਯਰੂਸ਼ਲਮ ਵਿਚ ਲੋਕ ਪਰਮੇਸ਼ੁਰ ਦਾ ਕਾਨੂੰਨ ਨਹੀਂ ਮੰਨ ਰਹੇ, ਤਾਂ ਉਹ ਲੋਕਾਂ ਦੀ ਮਦਦ ਕਰਨ ਲਈ ਉੱਥੇ ਜਾਣ ਲਈ ਤਿਆਰ ਸੀ। ਫ਼ਾਰਸੀ ਰਾਜੇ ਅਰਤਹਸ਼ਸ਼ਤਾ ਨੇ ਉਸ ਨੂੰ ਕਿਹਾ: ‘ਪਰਮੇਸ਼ੁਰ ਨੇ ਤੈਨੂੰ ਸਮਝ ਦਿੱਤੀ ਹੈ ਤਾਂਕਿ ਤੂੰ ਉਸ ਦਾ ਕਾਨੂੰਨ ਸਿਖਾ ਸਕੇਂ। ਜਾਹ ਅਤੇ ਜਿਹੜੇ ਤੇਰੇ ਨਾਲ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਨਾਲ ਲੈ ਜਾ।’ ਅਜ਼ਰਾ ਉਨ੍ਹਾਂ ਲੋਕਾਂ ਨੂੰ ਮਿਲਿਆ ਜੋ ਯਰੂਸ਼ਲਮ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਲੰਬੇ ਸਫ਼ਰ ਦੌਰਾਨ ਪਰਮੇਸ਼ੁਰ ਉਨ੍ਹਾਂ ਦੀ ਰੱਖਿਆ ਕਰੇ ਅਤੇ ਫਿਰ ਉਹ ਤੁਰ ਪਏ।

ਚਾਰ ਮਹੀਨਿਆਂ ਬਾਅਦ ਉਹ ਯਰੂਸ਼ਲਮ ਪਹੁੰਚੇ। ਉੱਥੇ ਦੇ ਸਰਦਾਰਾਂ ਨੇ ਅਜ਼ਰਾ ਨੂੰ ਦੱਸਿਆ: ‘ਇਜ਼ਰਾਈਲੀਆਂ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਅਤੇ ਉਨ੍ਹਾਂ ਨੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੀਆਂ ਔਰਤਾਂ ਨਾਲ ਵਿਆਹ ਕਰਵਾਏ ਹਨ।’ ਅਜ਼ਰਾ ਨੇ ਕੀ ਕੀਤਾ? ਲੋਕਾਂ ਸਾਮ੍ਹਣੇ ਅਜ਼ਰਾ ਨੇ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕੀਤੀ: ‘ਯਹੋਵਾਹ, ਤੂੰ ਸਾਡੇ ਲਈ ਬਹੁਤ ਕੁਝ ਕੀਤਾ ਹੈ। ਪਰ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ।’ ਲੋਕਾਂ ਨੇ ਤੋਬਾ ਕੀਤੀ, ਪਰ ਉਹ ਅਜੇ ਵੀ ਸਹੀ ਕੰਮ ਨਹੀਂ ਕਰ ਰਹੇ ਸਨ। ਅਜ਼ਰਾ ਨੇ ਇਨ੍ਹਾਂ ਮਾਮਲਿਆਂ ਨੂੰ ਦੇਖਣ ਲਈ ਬਜ਼ੁਰਗਾਂ ਤੇ ਨਿਆਂਕਾਰਾਂ ਨੂੰ ਚੁਣਿਆ। ਤਿੰਨ ਤੋਂ ਜ਼ਿਆਦਾ ਮਹੀਨਿਆਂ ਦੌਰਾਨ ਜਿਨ੍ਹਾਂ ਨੇ ਯਹੋਵਾਹ ਦੀ ਭਗਤੀ ਨਹੀਂ ਕੀਤੀ, ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।

12 ਸਾਲ ਬੀਤ ਗਏ। ਉਸ ਸਮੇਂ ਦੌਰਾਨ ਯਰੂਸ਼ਲਮ ਦੀਆਂ ਕੰਧਾਂ ਦੁਬਾਰਾ ਬਣਾਈਆਂ ਗਈਆਂ। ਸੋ ਅਜ਼ਰਾ ਨੇ ਲੋਕਾਂ ਨੂੰ ਚੌਂਕ ਵਿਚ ਇਕੱਠਾ ਕੀਤਾ ਤਾਂਕਿ ਉਹ ਉਨ੍ਹਾਂ ਨੂੰ ਪਰਮੇਸ਼ੁਰ ਦਾ ਕਾਨੂੰਨ ਪੜ੍ਹ ਕੇ ਸੁਣਾਵੇ। ਜਦੋਂ ਅਜ਼ਰਾ ਨੇ ਕਿਤਾਬ ਖੋਲ੍ਹੀ, ਤਾਂ ਲੋਕ ਖੜ੍ਹੇ ਹੋ ਗਏ। ਉਸ ਨੇ ਯਹੋਵਾਹ ਦੀ ਮਹਿਮਾ ਕੀਤੀ ਤੇ ਲੋਕਾਂ ਨੇ ਵੀ ਆਪਣੇ ਹੱਥ ਉੱਪਰ ਚੁੱਕ ਕੇ ਯਹੋਵਾਹ ਦੀ ਮਹਿਮਾ ਕੀਤੀ। ਫਿਰ ਅਜ਼ਰਾ ਨੇ ਕਾਨੂੰਨ ਪੜ੍ਹ ਕੇ ਸਮਝਾਇਆ ਅਤੇ ਲੋਕਾਂ ਨੇ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਮੰਨਿਆ ਕਿ ਉਹ ਯਹੋਵਾਹ ਤੋਂ ਫਿਰ ਦੂਰ ਹੋ ਗਏ ਹਨ ਅਤੇ ਉਹ ਰੋਏ। ਅਗਲੇ ਦਿਨ ਅਜ਼ਰਾ ਨੇ ਲੋਕਾਂ ਨੂੰ ਫਿਰ ਕਾਨੂੰਨ ਪੜ੍ਹ ਕੇ ਸੁਣਾਇਆ। ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਜਲਦੀ ਹੀ ਡੇਰਿਆਂ ਦਾ ਤਿਉਹਾਰ ਮਨਾਉਣਾ ਚਾਹੀਦਾ। ਉਸੇ ਵੇਲੇ ਉਨ੍ਹਾਂ ਨੇ ਤਿਉਹਾਰ ਮਨਾਉਣ ਲਈ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਸੱਤ ਦਿਨਾਂ ਦੇ ਤਿਉਹਾਰ ਦੌਰਾਨ ਲੋਕਾਂ ਨੇ ਖ਼ੁਸ਼ੀ ਮਨਾਈ ਅਤੇ ਚੰਗੀ ਫ਼ਸਲ ਲਈ ਯਹੋਵਾਹ ਦਾ ਧੰਨਵਾਦ ਕੀਤਾ। ਯਹੋਸ਼ੁਆ ਦੇ ਦਿਨਾਂ ਤੋਂ ਲੈ ਕੇ ਡੇਰਿਆਂ ਦਾ ਇਹ ਤਿਉਹਾਰ ਸਭ ਤੋਂ ਖ਼ੁਸ਼ੀਆਂ ਭਰਿਆ ਸਾਬਤ ਹੋਇਆ। ਤਿਉਹਾਰ ਤੋਂ ਬਾਅਦ, ਲੋਕਾਂ ਨੇ ਇਕੱਠੇ ਹੋ ਕੇ ਪ੍ਰਾਰਥਨਾ ਕੀਤੀ: ‘ਯਹੋਵਾਹ, ਤੂੰ ਸਾਨੂੰ ਗ਼ੁਲਾਮੀ ਤੋਂ ਛੁਡਾਇਆ, ਉਜਾੜ ਵਿਚ ਸਾਨੂੰ ਖਾਣਾ ਦਿੱਤਾ ਅਤੇ ਸਾਨੂੰ ਇਹ ਸੋਹਣਾ ਦੇਸ਼ ਦਿੱਤਾ। ਪਰ ਅਸੀਂ ਵਾਰ-ਵਾਰ ਤੇਰੀ ਅਣਆਗਿਆਕਾਰੀ ਕੀਤੀ। ਸਾਨੂੰ ਚੇਤਾਵਨੀ ਦੇਣ ਲਈ ਤੂੰ ਨਬੀ ਭੇਜੇ, ਪਰ ਅਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਫਿਰ ਵੀ ਤੂੰ ਧੀਰਜ ਰੱਖਿਆ। ਤੂੰ ਅਬਰਾਹਾਮ ਨਾਲ ਕੀਤਾ ਆਪਣਾ ਵਾਅਦਾ ਨਿਭਾਇਆ। ਹੁਣ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਤੇਰਾ ਕਹਿਣਾ ਮੰਨਾਂਗੇ।’ ਉਨ੍ਹਾਂ ਨੇ ਆਪਣੇ ਵਾਅਦੇ ਨੂੰ ਲਿਖਿਆ ਅਤੇ ਸਰਦਾਰਾਂ, ਲੇਵੀਆਂ ਅਤੇ ਪੁਜਾਰੀਆਂ ਨੇ ਉਸ ʼਤੇ ਮੋਹਰ ਲਾਈ।

“ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!”​—ਲੂਕਾ 11:28