Skip to content

Skip to table of contents

ਪਾਠ 68

ਇਲੀਸਬਤ ਨੇ ਇਕ ਬੱਚੇ ਨੂੰ ਜਨਮ ਦਿੱਤਾ

ਇਲੀਸਬਤ ਨੇ ਇਕ ਬੱਚੇ ਨੂੰ ਜਨਮ ਦਿੱਤਾ

ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਬਣੀਆਂ ਨੂੰ 400 ਤੋਂ ਜ਼ਿਆਦਾ ਸਾਲ ਹੋ ਗਏ ਸਨ। ਇਸ ਸ਼ਹਿਰ ਦੇ ਨੇੜੇ ਜ਼ਕਰਯਾਹ ਨਾਂ ਦਾ ਪੁਜਾਰੀ ਅਤੇ ਉਸ ਦੀ ਪਤਨੀ ਇਲੀਸਬਤ ਰਹਿੰਦੇ ਸਨ। ਉਨ੍ਹਾਂ ਦੇ ਵਿਆਹ ਨੂੰ ਕਾਫ਼ੀ ਸਾਲ ਹੋ ਗਏ ਸਨ, ਪਰ ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। ਜਦੋਂ ਇਕ ਦਿਨ ਜ਼ਕਰਯਾਹ ਮੰਦਰ ਦੇ ਪਵਿੱਤਰ ਸਥਾਨ ਵਿਚ ਧੂਪ ਧੁਖਾਉਣ ਗਿਆ, ਤਾਂ ਉੱਥੇ ਜਬਰਾਏਲ ਦੂਤ ਪ੍ਰਗਟ ਹੋਇਆ। ਜ਼ਕਰਯਾਹ ਡਰ ਗਿਆ, ਪਰ ਜਬਰਾਏਲ ਨੇ ਕਿਹਾ: ‘ਨਾ ਡਰ। ਮੈਂ ਯਹੋਵਾਹ ਵੱਲੋਂ ਤੇਰੇ ਲਈ ਖ਼ੁਸ਼ ਖ਼ਬਰੀ ਲੈ ਕੇ ਆਇਆ ਹਾਂ। ਤੇਰੀ ਪਤਨੀ, ਇਲੀਸਬਤ, ਇਕ ਮੁੰਡੇ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਂ ਯੂਹੰਨਾ ਰੱਖੀਂ। ਯਹੋਵਾਹ ਨੇ ਯੂਹੰਨਾ ਨੂੰ ਇਕ ਖ਼ਾਸ ਕੰਮ ਲਈ ਚੁਣਿਆ ਹੈ।’ ਜ਼ਕਰਯਾਹ ਨੇ ਪੁੱਛਿਆ: ‘ਮੈਂ ਤੇਰੀ ਗੱਲ ʼਤੇ ਕਿਵੇਂ ਵਿਸ਼ਵਾਸ ਕਰ ਸਕਦਾ ਹਾਂ? ਮੈਂ ਤੇ ਮੇਰੀ ਪਤਨੀ ਤਾਂ ਬੁੱਢੇ ਹੋ ਚੁੱਕੇ ਹਾਂ।’ ਜਬਰਾਏਲ ਨੇ ਕਿਹਾ: ‘ਪਰਮੇਸ਼ੁਰ ਨੇ ਮੈਨੂੰ ਇਹ ਖ਼ਬਰ ਦੇਣ ਲਈ ਭੇਜਿਆ ਹੈ। ਪਰ ਤੂੰ ਮੇਰੇ ʼਤੇ ਵਿਸ਼ਵਾਸ ਨਹੀਂ ਕੀਤਾ। ਇਸ ਕਰਕੇ ਤੂੰ ਬੱਚੇ ਦੇ ਜਨਮ ਤਕ ਬੋਲ ਨਹੀਂ ਸਕੇਂਗਾ।’

ਜ਼ਕਰਯਾਹ ਕਾਫ਼ੀ ਸਮੇਂ ਤਕ ਪਵਿੱਤਰ ਸਥਾਨ ਵਿੱਚੋਂ ਬਾਹਰ ਨਹੀਂ ਆਇਆ। ਅਖ਼ੀਰ ਜਦੋਂ ਉਹ ਬਾਹਰ ਆਇਆ, ਤਾਂ ਬਾਹਰ ਇੰਤਜ਼ਾਰ ਕਰ ਰਹੇ ਲੋਕ ਪੁੱਛਣਾ ਚਾਹੁੰਦੇ ਸਨ ਕਿ ਅੰਦਰ ਕੀ ਹੋਇਆ। ਜ਼ਕਰਯਾਹ ਹੁਣ ਬੋਲ ਨਹੀਂ ਸਕਦਾ ਸੀ। ਉਹ ਸਿਰਫ਼ ਹੱਥਾਂ ਨਾਲ ਇਸ਼ਾਰੇ ਹੀ ਕਰ ਸਕਦਾ ਸੀ। ਫਿਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਜ਼ਕਰਯਾਹ ਨੂੰ ਪਰਮੇਸ਼ੁਰ ਵੱਲੋਂ ਸੰਦੇਸ਼ ਆਇਆ ਸੀ।

ਸਮੇਂ ਦੇ ਬੀਤਣ ਨਾਲ, ਇਲੀਸਬਤ ਗਰਭਵਤੀ ਹੋਈ ਅਤੇ ਦੂਤ ਦੇ ਕਹੇ ਅਨੁਸਾਰ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਉਸ ਦੇ ਦੋਸਤ ਅਤੇ ਰਿਸ਼ਤੇਦਾਰ ਬੱਚੇ ਨੂੰ ਦੇਖਣ ਆਏ। ਉਹ ਇਲੀਸਬਤ ਲਈ ਬਹੁਤ ਖ਼ੁਸ਼ ਸਨ। ਇਲੀਸਬਤ ਨੇ ਕਿਹਾ: ‘ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ।’ ਉਨ੍ਹਾਂ ਨੇ ਕਿਹਾ: ‘ਤੇਰੇ ਪਰਿਵਾਰ ਵਿਚ ਕਿਸੇ ਦਾ ਨਾਂ ਯੂਹੰਨਾ ਨਹੀਂ ਹੈ। ਬੱਚੇ ਦੇ ਪਿਤਾ ਦੇ ਨਾਂ ʼਤੇ ਉਸ ਦਾ ਨਾਂ ਜ਼ਕਰਯਾਹ ਰੱਖ।’ ਪਰ ਜ਼ਕਰਯਾਹ ਨੇ ਲਿਖਿਆ: ‘ਇਸ ਦਾ ਨਾਂ ਯੂਹੰਨਾ ਹੈ।’ ਉਸੇ ਪਲ਼ ਜ਼ਕਰਯਾਹ ਦੁਬਾਰਾ ਬੋਲਣ ਲੱਗ ਪਿਆ! ਪੂਰੇ ਯਹੂਦੀਆ ਵਿਚ ਬੱਚੇ ਬਾਰੇ ਖ਼ਬਰ ਫੈਲ ਗਈ ਅਤੇ ਲੋਕ ਸੋਚਣ ਲੱਗ ਪਏ: ‘ਇਹ ਬੱਚਾ ਵੱਡਾ ਹੋ ਕੇ ਕੀ ਕਰੇਗਾ?’

ਫਿਰ ਜ਼ਕਰਯਾਹ ਪਵਿੱਤਰ ਸ਼ਕਤੀ ਨਾਲ ਭਰ ਗਿਆ। ਉਸ ਨੇ ਭਵਿੱਖਬਾਣੀ ਕੀਤੀ: ‘ਯਹੋਵਾਹ ਦੀ ਮਹਿਮਾ ਹੋਵੇ। ਉਸ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਹ ਸਾਨੂੰ ਬਚਾਉਣ ਲਈ ਮੁਕਤੀਦਾਤਾ, ਮਸੀਹ, ਭੇਜੇਗਾ। ਯੂਹੰਨਾ ਨਬੀ ਵਜੋਂ ਕੰਮ ਕਰੇਗਾ ਅਤੇ ਉਹ ਮਸੀਹ ਲਈ ਰਾਹ ਤਿਆਰ ਕਰੇਗਾ।’

ਇਲੀਸਬਤ ਦੀ ਰਿਸ਼ਤੇਦਾਰ ਮਰੀਅਮ ਨਾਲ ਵੀ ਕੁਝ ਖ਼ਾਸ ਗੱਲ ਹੋਈ। ਆਓ ਆਪਾਂ ਇਸ ਬਾਰੇ ਅਗਲੇ ਪਾਠ ਵਿਚ ਦੇਖੀਏ।

“ਇਨਸਾਨ ਲਈ ਤਾਂ ਇਹ ਨਾਮੁਮਕਿਨ ਹੈ, ਪਰ ਪਰਮੇਸ਼ੁਰ ਲਈ ਸਭ ਕੁਝ ਮੁਮਕਿਨ ਹੈ।”​—ਮੱਤੀ 19:26