Skip to content

Skip to table of contents

ਪਾਠ 69

ਜਬਰਾਏਲ ਮਰੀਅਮ ਨੂੰ ਮਿਲਣ ਆਇਆ

ਜਬਰਾਏਲ ਮਰੀਅਮ ਨੂੰ ਮਿਲਣ ਆਇਆ

ਮਰੀਅਮ ਇਲੀਸਬਤ ਦੀ ਰਿਸ਼ਤੇਦਾਰ ਸੀ। ਉਹ ਗਲੀਲ ਦੇ ਨਾਸਰਤ ਸ਼ਹਿਰ ਵਿਚ ਰਹਿੰਦੀ ਸੀ। ਉਸ ਦੀ ਕੁੜਮਾਈ ਯੂਸੁਫ਼ ਨਾਲ ਹੋਈ ਸੀ ਜੋ ਇਕ ਤਰਖਾਣ ਸੀ। ਜਦੋਂ ਇਲੀਸਬਤ ਨੂੰ ਗਰਭਵਤੀ ਹੋਈ ਨੂੰ ਛੇ ਮਹੀਨੇ ਹੋ ਚੁੱਕੇ ਸਨ, ਤਾਂ ਜਬਰਾਏਲ ਦੂਤ ਮਰੀਅਮ ਕੋਲ ਆਇਆ। ਉਸ ਨੇ ਕਿਹਾ: ‘ਵਧਾਈ ਹੋਵੇ, ਮਰੀਅਮ। ਯਹੋਵਾਹ ਦੀ ਤੇਰੇ ਉੱਤੇ ਮਿਹਰ ਹੋਈ ਹੈ।’ ਮਰੀਅਮ ਨੂੰ ਸਮਝ ਨਹੀਂ ਲੱਗੀ ਕਿ ਦੂਤ ਕੀ ਕਹਿ ਰਿਹਾ ਸੀ। ਦੂਤ ਨੇ ਫਿਰ ਮਰੀਅਮ ਨੂੰ ਕਿਹਾ: ‘ਤੂੰ ਗਰਭਵਤੀ ਹੋਵੇਂਗੀ ਅਤੇ ਇਕ ਮੁੰਡੇ ਨੂੰ ਜਨਮ ਦੇਵੇਂਗੀ ਅਤੇ ਤੂੰ ਉਸ ਦਾ ਨਾਂ ਯਿਸੂ ਰੱਖੀਂ। ਉਹ ਰਾਜਾ ਬਣੇਗਾ ਅਤੇ ਸਦਾ ਲਈ ਰਾਜ ਕਰੇਗਾ।’

ਮਰੀਅਮ ਨੇ ਕਿਹਾ: ‘ਪਰ ਮੈਂ ਤਾਂ ਕੁਆਰੀ ਹਾਂ। ਮੈਂ ਕਿੱਦਾਂ ਇਕ ਬੱਚੇ ਨੂੰ ਜਨਮ ਦੇ ਸਕਦੀ ਹਾਂ?’ ਜਬਰਾਏਲ ਨੇ ਉਸ ਨੂੰ ਕਿਹਾ: ‘ਯਹੋਵਾਹ ਲਈ ਕੁਝ ਵੀ ਨਾਮੁਮਕਿਨ ਨਹੀਂ। ਤੇਰੇ ʼਤੇ ਪਵਿੱਤਰ ਸ਼ਕਤੀ ਆਵੇਗੀ ਅਤੇ ਤੂੰ ਇਕ ਮੁੰਡੇ ਨੂੰ ਜਨਮ ਦੇਵੇਂਗੀ। ਤੇਰੀ ਰਿਸ਼ਤੇਦਾਰ ਇਲੀਸਬਤ ਵੀ ਮਾਂ ਬਣਨ ਵਾਲੀ ਹੈ।’ ਫਿਰ ਮਰੀਅਮ ਨੇ ਕਿਹਾ: ‘ਮੈਂ ਯਹੋਵਾਹ ਦੀ ਦਾਸੀ ਹਾਂ। ਜਿੱਦਾਂ ਤੂੰ ਕਿਹਾ, ਮੇਰੇ ਨਾਲ ਉੱਦਾਂ ਹੀ ਹੋਵੇ।’

ਮਰੀਅਮ ਪਹਾੜੀ ਇਲਾਕੇ ਵਿਚ ਰਹਿੰਦੀ ਇਲੀਸਬਤ ਨੂੰ ਮਿਲਣ ਗਈ। ਜਦੋਂ ਮਰੀਅਮ ਇਲੀਸਬਤ ਕੋਲ ਗਈ, ਤਾਂ ਉਸ ਦੇ ਪੇਟ ਵਿਚ ਬੱਚਾ ਉੱਛਲ਼ ਪਿਆ। ਇਲੀਸਬਤ ʼਤੇ ਪਵਿੱਤਰ ਸ਼ਕਤੀ ਆਈ ਅਤੇ ਉਸ ਨੇ ਕਿਹਾ: ‘ਮਰੀਅਮ, ਯਹੋਵਾਹ ਨੇ ਤੈਨੂੰ ਬਰਕਤ ਦਿੱਤੀ ਹੈ। ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਮਸੀਹ ਦੀ ਮਾਤਾ ਮੇਰੇ ਘਰ ਆਈ ਹੈ।’ ਮਰੀਅਮ ਨੇ ਕਿਹਾ: ‘ਮੈਂ ਯਹੋਵਾਹ ਦਾ ਗੁਣਗਾਨ ਕਰਦੀ ਹਾਂ।’ ਮਰੀਅਮ ਇਲੀਸਬਤ ਕੋਲ ਤਿੰਨ ਮਹੀਨੇ ਰਹੀ ਅਤੇ ਫਿਰ ਉਹ ਆਪਣੇ ਘਰ ਨਾਸਰਤ ਨੂੰ ਚਲੀ ਗਈ।

ਜਦੋਂ ਯੂਸੁਫ਼ ਨੂੰ ਪਤਾ ਲੱਗਾ ਕਿ ਮਰੀਅਮ ਮਾਂ ਬਣਨ ਵਾਲੀ ਹੈ, ਤਾਂ ਉਹ ਉਸ ਨਾਲ ਕੁੜਮਾਈ ਤੋੜਨੀ ਚਾਹੁੰਦਾ ਸੀ। ਪਰ ਇਕ ਦੂਤ ਯੂਸੁਫ਼ ਦੇ ਸੁਪਨੇ ਵਿਚ ਆਇਆ ਅਤੇ ਉਸ ਨੂੰ ਕਿਹਾ: ‘ਮਰੀਅਮ ਨਾਲ ਵਿਆਹ ਕਰਨ ਤੋਂ ਨਾ ਡਰ। ਉਸ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਹੈ।’ ਇਸ ਲਈ ਯੂਸੁਫ਼ ਨੇ ਮਰੀਅਮ ਨਾਲ ਵਿਆਹ ਕੀਤਾ ਅਤੇ ਉਸ ਨੂੰ ਆਪਣੇ ਘਰ ਲੈ ਆਇਆ।

‘ਜੋ ਕੁਝ ਯਹੋਵਾਹ ਨੇ ਚਾਹਿਆ, ਉਹ ਨੇ ਅਕਾਸ਼ ਵਿੱਚ, ਧਰਤੀ ਵਿੱਚ, ਸਮੁੰਦਰਾਂ ਵਿੱਚ ਕੀਤਾ।’​—ਜ਼ਬੂਰਾਂ ਦੀ ਪੋਥੀ 135:6