Skip to content

Skip to table of contents

ਪਾਠ 70

ਦੂਤਾਂ ਨੇ ਯਿਸੂ ਦੇ ਜਨਮ ਬਾਰੇ ਦੱਸਿਆ

ਦੂਤਾਂ ਨੇ ਯਿਸੂ ਦੇ ਜਨਮ ਬਾਰੇ ਦੱਸਿਆ

ਰੋਮ ਦੇ ਰਾਜੇ, ਕੈਸਰ ਅਗਸਤੁਸ, ਨੇ ਹੁਕਮ ਦਿੱਤਾ ਕਿ ਸਾਰੇ ਯਹੂਦੀ ਆਪੋ-ਆਪਣੇ ਜੱਦੀ ਸ਼ਹਿਰ ਜਾ ਕੇ ਆਪਣੇ ਨਾਂ ਦਰਜ ਕਰਵਾਉਣ। ਇਸ ਲਈ ਯੂਸੁਫ਼ ਮਰੀਅਮ ਨਾਲ ਆਪਣੇ ਜੱਦੀ ਸ਼ਹਿਰ ਬੈਤਲਹਮ ਨੂੰ ਤੁਰ ਪਿਆ। ਇਸ ਸਮੇਂ ਮਰੀਅਮ ਦੇ ਮਾਂ ਬਣਨ ਦੇ ਦਿਨ ਪੂਰੇ ਹੋ ਚੁੱਕੇ ਸਨ।

ਜਦੋਂ ਉਹ ਬੈਤਲਹਮ ਪਹੁੰਚੇ, ਤਾਂ ਉਨ੍ਹਾਂ ਨੂੰ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲੀ। ਇਸ ਕਰਕੇ ਉਨ੍ਹਾਂ ਨੂੰ ਤਬੇਲੇ ਵਿਚ ਰੁਕਣਾ ਪਿਆ। ਇੱਥੇ ਮਰੀਅਮ ਨੇ ਯਿਸੂ ਨੂੰ ਜਨਮ ਦਿੱਤਾ। ਉਸ ਨੇ ਯਿਸੂ ਨੂੰ ਕੱਪੜੇ ਵਿਚ ਲਪੇਟ ਕੇ ਖੁਰਲੀ ਵਿਚ ਲੰਮਾ ਪਾ ਦਿੱਤਾ।

ਬੈਤਲਹਮ ਸ਼ਹਿਰ ਦੇ ਨੇੜੇ ਕੁਝ ਚਰਵਾਹੇ ਰਾਤ ਨੂੰ ਬਾਹਰ ਬੈਠੇ ਆਪਣੇ ਇੱਜੜਾਂ ਦੀ ਰਾਖੀ ਕਰ ਰਹੇ ਸਨ। ਅਚਾਨਕ ਇਕ ਦੂਤ ਉਨ੍ਹਾਂ ਸਾਮ੍ਹਣੇ ਪ੍ਰਗਟ ਹੋਇਆ ਅਤੇ ਹਰ ਪਾਸੇ ਯਹੋਵਾਹ ਦੀ ਮਹਿਮਾ ਦੇ ਤੇਜ਼ ਨਾਲ ਚਾਨਣ ਹੋ ਗਿਆ। ਚਰਵਾਹੇ ਡਰ ਗਏ, ਪਰ ਦੂਤ ਨੇ ਉਨ੍ਹਾਂ ਨੂੰ ਕਿਹਾ: ‘ਡਰੋ ਨਾ। ਮੈਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਆਇਆ ਹਾਂ। ਅੱਜ ਬੈਤਲਹਮ ਵਿਚ ਮਸੀਹ ਦਾ ਜਨਮ ਹੋਇਆ ਹੈ।’ ਇਸ ਤੋਂ ਬਾਅਦ ਬਹੁਤ ਸਾਰੇ ਦੂਤ ਆਕਾਸ਼ ਵਿਚ ਪ੍ਰਗਟ ਹੋਏ ਅਤੇ ਕਹਿਣ ਲੱਗੇ: ‘ਸਵਰਗ ਵਿਚ ਪਰਮੇਸ਼ੁਰ ਦੀ ਜੈ-ਜੈਕਾਰ ਹੋਵੇ ਅਤੇ ਧਰਤੀ ਉੱਤੇ ਲੋਕਾਂ ਨੂੰ ਸ਼ਾਂਤੀ ਮਿਲੇ।’ ਫਿਰ ਦੂਤ ਚਲੇ ਗਏ। ਚਰਵਾਹਿਆਂ ਨੇ ਫਿਰ ਕੀ ਕੀਤਾ?

ਚਰਵਾਹੇ ਇਕ-ਦੂਜੇ ਨੂੰ ਕਹਿਣ ਲੱਗੇ: ‘ਚਲੋ ਬੈਤਲਹਮ ਨੂੰ ਚੱਲੀਏ।’ ਉਹ ਜਲਦੀ-ਜਲਦੀ ਤੁਰ ਪਏ ਅਤੇ ਉੱਥੇ ਪਹੁੰਚ ਕੇ ਉਨ੍ਹਾਂ ਨੇ ਯੂਸੁਫ਼ ਅਤੇ ਮਰੀਅਮ ਨੂੰ ਆਪਣੇ ਨਵੇਂ ਜੰਮੇ ਬੱਚੇ ਨਾਲ ਤਬੇਲੇ ਵਿਚ ਦੇਖਿਆ।

ਜਦੋਂ ਲੋਕਾਂ ਨੇ ਸੁਣਿਆ ਕਿ ਦੂਤ ਨੇ ਚਰਵਾਹਿਆਂ ਨੂੰ ਕੀ ਕਿਹਾ ਸੀ, ਤਾਂ ਉਹ ਹੈਰਾਨ ਰਹਿ ਗਏ। ਮਰੀਅਮ ਨੇ ਦੂਤ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕੀਤਾ ਅਤੇ ਇਨ੍ਹਾਂ ਨੂੰ ਕਦੇ ਨਹੀਂ ਭੁੱਲੀ। ਚਰਵਾਹੇ ਵਾਪਸ ਆਪਣੇ ਇੱਜੜਾਂ ਕੋਲ ਚਲੇ ਗਏ ਅਤੇ ਉਨ੍ਹਾਂ ਨੇ ਜੋ ਦੇਖਿਆ ਅਤੇ ਸੁਣਿਆ, ਉਸ ਲਈ ਯਹੋਵਾਹ ਦਾ ਧੰਨਵਾਦ ਕੀਤਾ।

“ਪਰਮੇਸ਼ੁਰ ਨੇ ਮੈਨੂੰ ਇੱਥੇ ਘੱਲਿਆ ਹੈ। ਮੈਂ ਆਪ ਆਪਣੀ ਮਰਜ਼ੀ ਨਾਲ ਨਹੀਂ ਆਇਆ ਪਰ ਉਸ ਨੇ ਮੈਨੂੰ ਘੱਲਿਆ ਹੈ।”​—ਯੂਹੰਨਾ 8:42