Skip to content

Skip to table of contents

ਪਾਠ 71

ਯਹੋਵਾਹ ਨੇ ਯਿਸੂ ਨੂੰ ਬਚਾਇਆ

ਯਹੋਵਾਹ ਨੇ ਯਿਸੂ ਨੂੰ ਬਚਾਇਆ

ਇਜ਼ਰਾਈਲ ਦੇ ਪੂਰਬੀ ਇਲਾਕੇ ਵਿਚ ਰਹਿੰਦੇ ਲੋਕ ਮੰਨਦੇ ਸਨ ਕਿ ਤਾਰੇ ਰਾਹ ਦਿਖਾ ਸਕਦੇ ਹਨ। ਪੂਰਬ ਦੇ ਕੁਝ ਆਦਮੀਆਂ ਨੇ ਇਕ ਰਾਤ ਇਕ ਚਮਕਦੇ ਤਾਰੇ ਨੂੰ ਅੱਗੇ-ਅੱਗੇ ਜਾਂਦੇ ਦੇਖਿਆ। ਉਹ ਉਸ ਦੇ ਪਿੱਛੇ-ਪਿੱਛੇ ਜਾਣ ਲੱਗ ਪਏ। ਉਹ “ਤਾਰਾ” ਉਨ੍ਹਾਂ ਨੂੰ ਯਰੂਸ਼ਲਮ ਲੈ ਗਿਆ। ਉਹ ਆਦਮੀ ਲੋਕਾਂ ਨੂੰ ਪੁੱਛਣ ਲੱਗੇ: ‘ਉਹ ਬੱਚਾ ਕੌਣ ਹੈ ਜੋ ਯਹੂਦੀਆਂ ਦਾ ਰਾਜਾ ਬਣੇਗਾ? ਅਸੀਂ ਉਸ ਨੂੰ ਮੱਥਾ ਟੇਕਣ ਆਏ ਹਾਂ।’

ਰਾਜੇ ਬਾਰੇ ਇਹ ਖ਼ਬਰ ਸੁਣ ਕੇ ਯਰੂਸ਼ਲਮ ਦਾ ਰਾਜਾ ਹੇਰੋਦੇਸ ਫ਼ਿਕਰਾਂ ਵਿਚ ਪੈ ਗਿਆ। ਉਸ ਨੇ ਮੁੱਖ ਪੁਜਾਰੀਆਂ ਨੂੰ ਪੁੱਛਿਆ: ‘ਰਾਜੇ ਦਾ ਜਨਮ ਕਿੱਥੇ ਹੋਣਾ ਸੀ?’ ਉਨ੍ਹਾਂ ਨੇ ਜਵਾਬ ਦਿੱਤਾ: ‘ਨਬੀਆਂ ਨੇ ਦੱਸਿਆ ਸੀ ਕਿ ਉਸ ਦਾ ਜਨਮ ਬੈਤਲਹਮ ਵਿਚ ਹੋਵੇਗਾ।’ ਸੋ ਹੇਰੋਦੇਸ ਨੇ ਪੂਰਬ ਤੋਂ ਆਏ ਆਦਮੀਆਂ ਨੂੰ ਬੁਲਾਇਆ ਅਤੇ ਕਿਹਾ: ‘ਬੈਤਲਹਮ ਜਾਓ ਤੇ ਉਸ ਬੱਚੇ ਦਾ ਪਤਾ ਲਗਾਓ। ਵਾਪਸ ਆ ਕੇ ਮੈਨੂੰ ਦੱਸਿਓ ਕਿ ਉਹ ਕਿੱਥੇ ਹੈ। ਮੈਂ ਵੀ ਉਸ ਨੂੰ ਮੱਥਾ ਟੇਕਣਾ ਚਾਹੁੰਦਾ।’ ਪਰ ਉਹ ਝੂਠ ਬੋਲ ਰਿਹਾ ਸੀ।

“ਤਾਰਾ” ਫਿਰ ਅੱਗੇ ਵਧਣ ਲੱਗਾ। ਆਦਮੀ ਬੈਤਲਹਮ ਤਕ ਤਾਰੇ ਦੇ ਪਿੱਛੇ-ਪਿੱਛੇ ਗਏ। ਇਹ “ਤਾਰਾ” ਇਕ ਘਰ ʼਤੇ ਆ ਕੇ ਰੁਕ ਗਿਆ ਅਤੇ ਆਦਮੀ ਅੰਦਰ ਚਲੇ ਗਏ। ਉਨ੍ਹਾਂ ਨੇ ਯਿਸੂ ਨੂੰ ਆਪਣੀ ਮਾਤਾ ਮਰੀਅਮ ਨਾਲ ਦੇਖਿਆ। ਉਨ੍ਹਾਂ ਨੇ ਬੱਚੇ ਨੂੰ ਮੱਥਾ ਟੇਕਿਆ ਅਤੇ ਉਸ ਨੂੰ ਸੋਨਾ, ਖ਼ੁਸ਼ਬੂਦਾਰ ਧੂਪ ਤੇ ਗੰਧਰਸ ਤੋਹਫ਼ੇ ਵਜੋਂ ਦਿੱਤੇ। ਕੀ ਯਿਸੂ ਨੂੰ ਲੱਭਣ ਲਈ ਯਹੋਵਾਹ ਨੇ ਇਨ੍ਹਾਂ ਆਦਮੀਆਂ ਨੂੰ ਭੇਜਿਆ ਸੀ? ਨਹੀਂ।

ਉਸੇ ਰਾਤ ਯਹੋਵਾਹ ਨੇ ਯੂਸੁਫ਼ ਨੂੰ ਸੁਪਨੇ ਵਿਚ ਦੱਸਿਆ: ‘ਹੇਰੋਦੇਸ ਯਿਸੂ ਨੂੰ ਮਾਰਨਾ ਚਾਹੁੰਦਾ ਹੈ। ਆਪਣੀ ਪਤਨੀ ਤੇ ਮੁੰਡੇ ਨੂੰ ਲੈ ਕੇ ਮਿਸਰ ਭੱਜ ਜਾਹ। ਉੱਨਾ ਚਿਰ ਉੱਥੇ ਰਹੀਂ, ਜਿੰਨਾ ਚਿਰ ਮੈਂ ਤੈਨੂੰ ਵਾਪਸ ਆਉਣ ਲਈ ਨਾ ਕਹਾਂ।’ ਉਸੇ ਵੇਲੇ ਯੂਸੁਫ਼ ਤੇ ਉਸ ਦਾ ਪਰਿਵਾਰ ਮਿਸਰ ਚਲਾ ਗਿਆ।

ਯਹੋਵਾਹ ਨੇ ਪੂਰਬ ਤੋਂ ਆਏ ਆਦਮੀਆਂ ਨੂੰ ਕਿਹਾ ਸੀ ਕਿ ਉਹ ਹੇਰੋਦੇਸ ਕੋਲ ਵਾਪਸ ਨਾ ਜਾਣ। ਜਦੋਂ ਹੇਰੋਦੇਸ ਨੂੰ ਪਤਾ ਲੱਗਾ ਕਿ ਉਹ ਆਦਮੀ ਵਾਪਸ ਨਹੀਂ ਆਏ, ਤਾਂ ਉਸ ਨੂੰ ਬਹੁਤ ਗੁੱਸਾ ਚੜ੍ਹ ਗਿਆ। ਉਹ ਯਿਸੂ ਨੂੰ ਲੱਭ ਨਾ ਸਕਿਆ ਜਿਸ ਕਰਕੇ ਉਸ ਨੇ ਯਿਸੂ ਦੀ ਉਮਰ ਦੇ ਸਾਰੇ ਮੁੰਡਿਆਂ ਨੂੰ ਮਾਰਨ ਦਾ ਹੁਕਮ ਦਿੱਤਾ। ਪਰ ਯਿਸੂ ਨੂੰ ਦੂਰ ਮਿਸਰ ਵਿਚ ਕੋਈ ਖ਼ਤਰਾ ਨਹੀਂ ਸੀ।

ਸਮੇਂ ਦੇ ਬੀਤਣ ਨਾਲ ਹੇਰੋਦੇਸ ਮਰ ਗਿਆ। ਯਹੋਵਾਹ ਨੇ ਯੂਸੁਫ਼ ਨੂੰ ਕਿਹਾ: ‘ਹੁਣ ਤੈਨੂੰ ਡਰਨ ਦੀ ਲੋੜ ਨਹੀਂ, ਤੂੰ ਵਾਪਸ ਚਲਾ ਜਾਹ।’ ਯੂਸੁਫ਼, ਮਰੀਅਮ ਤੇ ਯਿਸੂ ਵਾਪਸ ਇਜ਼ਰਾਈਲ ਚਲੇ ਗਏ। ਉਹ ਨਾਸਰਤ ਸ਼ਹਿਰ ਵਿਚ ਰਹਿਣ ਲੱਗ ਪਏ।

“ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ . . . ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”​—ਯਸਾਯਾਹ 55:11