Skip to content

Skip to table of contents

ਪਾਠ 72

ਨੌਜਵਾਨ ਯਿਸੂ

ਨੌਜਵਾਨ ਯਿਸੂ

ਯੂਸੁਫ਼ ਅਤੇ ਮਰੀਅਮ ਆਪਣੇ ਪੁੱਤਰ ਯਿਸੂ ਅਤੇ ਹੋਰ ਧੀਆਂ-ਪੁੱਤਰਾਂ ਨਾਲ ਨਾਸਰਤ ਵਿਚ ਰਹਿੰਦੇ ਸਨ। ਯੂਸੁਫ਼ ਤਰਖਾਣ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਸੀ ਅਤੇ ਉਹ ਆਪਣੇ ਪਰਿਵਾਰ ਨੂੰ ਯਹੋਵਾਹ ਅਤੇ ਉਸ ਦੇ ਕਾਨੂੰਨ ਬਾਰੇ ਸਿਖਾਉਂਦਾ ਸੀ। ਇਹ ਪਰਿਵਾਰ ਭਗਤੀ ਕਰਨ ਲਈ ਅਤੇ ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਜਾਂਦਾ ਸੀ।

ਜਦੋਂ ਯਿਸੂ 12 ਸਾਲਾਂ ਦਾ ਸੀ, ਤਾਂ ਹਰ ਸਾਲ ਵਾਂਗ ਇਸ ਵਾਰ ਵੀ ਉਸ ਦਾ ਪਰਿਵਾਰ ਯਰੂਸ਼ਲਮ ਗਿਆ। ਪੂਰਾ ਸ਼ਹਿਰ ਪਸਾਹ ਮਨਾਉਣ ਆਏ ਲੋਕਾਂ ਨਾਲ ਭਰਿਆ ਪਿਆ ਸੀ। ਤਿਉਹਾਰ ਮਨਾਉਣ ਤੋਂ ਬਾਅਦ ਯੂਸੁਫ਼ ਅਤੇ ਮਰੀਅਮ ਘਰ ਵਾਪਸ ਜਾਣ ਲਈ ਤੁਰ ਪਏ, ਉਨ੍ਹਾਂ ਨੂੰ ਲੱਗਾ ਕਿ ਯਿਸੂ ਬਾਕੀ ਲੋਕਾਂ ਨਾਲ ਸੀ। ਪਰ ਜਦੋਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਵਿਚ ਯਿਸੂ ਨੂੰ ਲੱਭਿਆ, ਤਾਂ ਉਹ ਉਨ੍ਹਾਂ ਨੂੰ ਨਾ ਲੱਭਾ।

ਉਹ ਯਰੂਸ਼ਲਮ ਵਾਪਸ ਗਏ ਅਤੇ ਤਿੰਨ ਦਿਨਾਂ ਤਕ ਯਿਸੂ ਨੂੰ ਲੱਭਦੇ ਰਹੇ। ਅਖ਼ੀਰ ਉਹ ਮੰਦਰ ਪਹੁੰਚੇ। ਉੱਥੇ ਯਿਸੂ ਧਰਮ-ਗੁਰੂਆਂ ਵਿਚਕਾਰ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ ਅਤੇ ਉਨ੍ਹਾਂ ਤੋਂ ਸਵਾਲ ਪੁੱਛ ਰਿਹਾ ਸੀ। ਧਰਮ-ਗੁਰੂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਏ। ਫਿਰ ਉਹ ਉਸ ਤੋਂ ਸਵਾਲ ਪੁੱਛਣ ਲੱਗੇ। ਧਰਮ-ਗੁਰੂ ਯਿਸੂ ਦੇ ਜਵਾਬ ਸੁਣ ਕੇ ਹੈਰਾਨੀ ਵਿਚ ਪੈ ਗਏ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਯਿਸੂ ਪਰਮੇਸ਼ੁਰ ਦਾ ਕਾਨੂੰਨ ਸਮਝਦਾ ਸੀ।

ਯੂਸੁਫ਼ ਅਤੇ ਮਰੀਅਮ ਬਹੁਤ ਚਿੰਤਾ ਵਿਚ ਸਨ। ਮਰੀਅਮ ਨੇ ਕਿਹਾ: ‘ਪੁੱਤ, ਅਸੀਂ ਤੈਨੂੰ ਸਾਰੇ ਪਾਸੇ ਲੱਭਿਆ! ਤੂੰ ਕਿੱਥੇ ਸੀ?’ ਯਿਸੂ ਨੇ ਕਿਹਾ: ‘ਤੁਹਾਨੂੰ ਨਹੀਂ ਪਤਾ ਮੈਂ ਇੱਥੇ ਆਪਣੇ ਪਿਤਾ ਦੇ ਘਰ ਵਿਚ ਹੀ ਹੋਵਾਂਗਾ।’

ਯਿਸੂ ਆਪਣੇ ਮਾਤਾ-ਪਿਤਾ ਨਾਲ ਨਾਸਰਤ ਵਾਪਸ ਚਲਾ ਗਿਆ। ਯੂਸੁਫ਼ ਨੇ ਯਿਸੂ ਨੂੰ ਤਰਖਾਣ ਦਾ ਕੰਮ ਸਿਖਾਇਆ। ਤੁਹਾਨੂੰ ਕੀ ਲੱਗਦਾ ਕਿ ਨੌਜਵਾਨ ਹੁੰਦਿਆਂ ਯਿਸੂ ਕਿੱਦਾਂ ਦਾ ਇਨਸਾਨ ਸੀ? ਜਿੱਦਾਂ-ਜਿੱਦਾਂ ਉਹ ਵੱਡਾ ਹੁੰਦਾ ਗਿਆ, ਉਹ ਸਮਝ ਵਿਚ ਵਧਦਾ ਗਿਆ। ਪਰਮੇਸ਼ੁਰ ਅਤੇ ਲੋਕ ਉਸ ਤੋਂ ਖ਼ੁਸ਼ ਸਨ।

“ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।”​—ਜ਼ਬੂਰਾਂ ਦੀ ਪੋਥੀ 40:8