Skip to content

Skip to table of contents

ਪਾਠ 73

ਯੂਹੰਨਾ ਨੇ ਰਾਹ ਤਿਆਰ ਕੀਤਾ

ਯੂਹੰਨਾ ਨੇ ਰਾਹ ਤਿਆਰ ਕੀਤਾ

ਜ਼ਕਰਯਾਹ ਅਤੇ ਇਲੀਸਬਤ ਦਾ ਮੁੰਡਾ, ਯੂਹੰਨਾ, ਵੱਡਾ ਹੋ ਕੇ ਨਬੀ ਬਣਿਆ। ਯਹੋਵਾਹ ਨੇ ਯੂਹੰਨਾ ਰਾਹੀਂ ਲੋਕਾਂ ਨੂੰ ਮਸੀਹ ਦੇ ਆਉਣ ਬਾਰੇ ਦੱਸਿਆ। ਪਰ ਸਭਾ ਘਰਾਂ ਜਾਂ ਸ਼ਹਿਰਾਂ ਵਿਚ ਪ੍ਰਚਾਰ ਕਰਨ ਦੀ ਬਜਾਇ ਯੂਹੰਨਾ ਨੇ ਉਜਾੜ ਵਿਚ ਪ੍ਰਚਾਰ ਕੀਤਾ। ਉਸ ਤੋਂ ਸਿੱਖਿਆ ਲੈਣ ਲਈ ਲੋਕ ਯਰੂਸ਼ਲਮ ਅਤੇ ਯਹੂਦੀਆ ਤੋਂ ਆਏ। ਉਸ ਨੇ ਉਨ੍ਹਾਂ ਨੂੰ ਸਿਖਾਇਆ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਬੁਰੇ ਕੰਮ ਕਰਨੇ ਛੱਡਣੇ ਚਾਹੀਦੇ ਹਨ। ਯੂਹੰਨਾ ਦੀਆਂ ਗੱਲਾਂ ਸੁਣਨ ਤੋਂ ਬਾਅਦ ਕਈਆਂ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਦਰਿਆ ਵਿਚ ਬਪਤਿਸਮਾ ਦਿੱਤਾ।

ਯੂਹੰਨਾ ਦੀ ਜ਼ਿੰਦਗੀ ਬਹੁਤ ਸਾਦੀ ਸੀ। ਉਹ ਊਠ ਦੇ ਵਾਲ਼ਾਂ ਦਾ ਬਣਿਆ ਚੋਗਾ ਪਾਉਂਦਾ ਹੁੰਦਾ ਸੀ ਅਤੇ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ। ਲੋਕ ਯੂਹੰਨਾ ਬਾਰੇ ਜਾਣਨਾ ਚਾਹੁੰਦੇ ਸਨ। ਘਮੰਡੀ ਫ਼ਰੀਸੀ ਤੇ ਸਦੂਕੀ ਵੀ ਉਸ ਨੂੰ ਦੇਖਣ ਆਉਂਦੇ ਸਨ। ਯੂਹੰਨਾ ਨੇ ਉਨ੍ਹਾਂ ਨੂੰ ਕਿਹਾ: ‘ਤੁਹਾਨੂੰ ਆਪਣੇ ਰਾਹ ਬਦਲਣ ਅਤੇ ਤੋਬਾ ਕਰਨ ਦੀ ਲੋੜ ਹੈ। ਇਹ ਨਾ ਸੋਚੋ ਕਿ ਅਬਰਾਹਾਮ ਦੀ ਸੰਤਾਨ ਹੋਣ ਕਰਕੇ ਤੁਸੀਂ ਖ਼ਾਸ ਲੋਕ ਹੋ। ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਪਰਮੇਸ਼ੁਰ ਦੇ ਬੱਚੇ ਹੋ।’

ਬਹੁਤ ਸਾਰੇ ਲੋਕਾਂ ਨੇ ਯੂਹੰਨਾ ਤੋਂ ਪੁੱਛਿਆ: ‘ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?’ ਯੂਹੰਨਾ ਨੇ ਉਨ੍ਹਾਂ ਨੂੰ ਕਿਹਾ: ‘ਜੇ ਤੁਹਾਡੇ ਕੋਲ ਦੋ ਕੁੜਤੇ ਹਨ, ਤਾਂ ਇਕ ਉਸ ਨੂੰ ਦੇ ਦਿਓ ਜਿਸ ਨੂੰ ਲੋੜ ਹੈ।’ ਕੀ ਤੁਹਾਨੂੰ ਪਤਾ ਕਿ ਉਸ ਨੇ ਇਹ ਗੱਲ ਕਿਉਂ ਕਹੀ ਸੀ? ਉਹ ਲੋਕਾਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ।

ਯੂਹੰਨਾ ਨੇ ਟੈਕਸ ਵਸੂਲ ਕਰਨ ਵਾਲਿਆਂ ਨੂੰ ਕਿਹਾ: ‘ਈਮਾਨਦਾਰ ਬਣੋ ਅਤੇ ਕਿਸੇ ਨਾਲ ਧੋਖਾ ਨਾ ਕਰੋ।’ ਉਸ ਨੇ ਫ਼ੌਜੀਆਂ ਨੂੰ ਕਿਹਾ: ‘ਨਾ ਰਿਸ਼ਵਤ ਲਓ ਤੇ ਨਾ ਹੀ ਝੂਠ ਬੋਲੋ।’

ਪੁਜਾਰੀਆਂ ਅਤੇ ਲੇਵੀਆਂ ਨੇ ਵੀ ਯੂਹੰਨਾ ਕੋਲ ਆ ਕੇ ਪੁੱਛਿਆ: ‘ਤੂੰ ਕੌਣ ਹੈਂ? ਸਾਰੇ ਤੇਰੇ ਬਾਰੇ ਜਾਣਨਾ ਚਾਹੁੰਦੇ ਹਨ।’ ਯੂਹੰਨਾ ਨੇ ਕਿਹਾ: ‘ਮੈਂ ਉਜਾੜ ਵਿਚ ਹੋਕਾ ਦਿੰਦਾ ਹਾਂ ਅਤੇ ਲੋਕਾਂ ਨੂੰ ਯਹੋਵਾਹ ਵੱਲ ਲੈ ਕੇ ਜਾਂਦਾ ਹਾਂ, ਜਿੱਦਾਂ ਯਸਾਯਾਹ ਨੇ ਕਿਹਾ ਸੀ।’

ਲੋਕ ਯੂਹੰਨਾ ਦੁਆਰਾ ਸਿਖਾਈਆਂ ਗੱਲਾਂ ਸੁਣਨੀਆਂ ਪਸੰਦ ਕਰਦੇ ਸਨ। ਕਈ ਲੋਕ ਸੋਚਦੇ ਸਨ ਕਿ ਯੂਹੰਨਾ ਹੀ ਤਾਂ ਮਸੀਹ ਨਹੀਂ। ਪਰ ਉਸ ਨੇ ਉਨ੍ਹਾਂ ਨੂੰ ਦੱਸਿਆ: ‘ਜੋ ਆਵੇਗਾ, ਉਹ ਮੇਰੇ ਨਾਲੋਂ ਕਿਤੇ ਜ਼ਿਆਦਾ ਮਹਾਨ ਹੋਵੇਗਾ। ਮੈਂ ਤਾਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਲਾਇਕ ਨਹੀਂ ਹਾਂ। ਮੈਂ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਉਹ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦੇਵੇਗਾ।’

“ਉਹ ਚਾਨਣ ਬਾਰੇ ਗਵਾਹੀ ਦੇਣ ਆਇਆ ਸੀ ਤਾਂਕਿ ਉਸ ਰਾਹੀਂ ਹਰ ਤਰ੍ਹਾਂ ਦੇ ਲੋਕ ਵਿਸ਼ਵਾਸ ਕਰ ਸਕਣ।”​—ਯੂਹੰਨਾ 1:7