Skip to content

Skip to table of contents

ਪਾਠ 74

ਯਿਸੂ ਨੂੰ ਮਸੀਹ ਵਜੋਂ ਚੁਣਿਆ ਗਿਆ

ਯਿਸੂ ਨੂੰ ਮਸੀਹ ਵਜੋਂ ਚੁਣਿਆ ਗਿਆ

ਯੂਹੰਨਾ ਪ੍ਰਚਾਰ ਕਰਦਾ ਸੀ ਕਿ ‘ਕੋਈ ਆ ਰਿਹਾ ਹੈ ਜੋ ਮੇਰੇ ਤੋਂ ਮਹਾਨ ਹੋਵੇਗਾ।’ ਜਦੋਂ ਯਿਸੂ 30 ਸਾਲਾਂ ਦਾ ਸੀ, ਤਾਂ ਉਹ ਗਲੀਲ ਤੋਂ ਯਰਦਨ ਦਰਿਆ ʼਤੇ ਆਇਆ ਜਿੱਥੇ ਯੂਹੰਨਾ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਯਿਸੂ ਚਾਹੁੰਦਾ ਸੀ ਕਿ ਯੂਹੰਨਾ ਉਸ ਨੂੰ ਵੀ ਬਪਤਿਸਮਾ ਦੇਵੇ। ਪਰ ਯੂਹੰਨਾ ਨੇ ਕਿਹਾ: ‘ਮੈਂ ਤੈਨੂੰ ਬਪਤਿਸਮਾ ਕਿੱਦਾਂ ਦੇ ਸਕਦਾ। ਮੈਨੂੰ ਤਾਂ ਤੇਰੇ ਤੋਂ ਬਪਤਿਸਮਾ ਲੈਣਾ ਚਾਹੀਦਾ ਹੈ।’ ਯਿਸੂ ਨੇ ਯੂਹੰਨਾ ਨੂੰ ਕਿਹਾ: ‘ਯਹੋਵਾਹ ਚਾਹੁੰਦਾ ਹੈ ਕਿ ਤੂੰ ਮੈਨੂੰ ਬਪਤਿਸਮਾ ਦੇਵੇਂ।’ ਯੂਹੰਨਾ ਨੇ ਯਰਦਨ ਦਰਿਆ ਵਿਚ ਯਿਸੂ ਨੂੰ ਬਪਤਿਸਮਾ ਦਿੱਤਾ।

ਪਾਣੀ ਤੋਂ ਬਾਹਰ ਆ ਕੇ ਯਿਸੂ ਨੇ ਪ੍ਰਾਰਥਨਾ ਕੀਤੀ। ਉਸੇ ਵੇਲੇ ਆਕਾਸ਼ ਖੁੱਲ੍ਹ ਗਿਆ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਯਿਸੂ ʼਤੇ ਆਈ। ਫਿਰ ਆਕਾਸ਼ ਵਿੱਚੋਂ ਯਹੋਵਾਹ ਦੀ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।”

ਜਦੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਯਿਸੂ ʼਤੇ ਆਈ, ਤਾਂ ਉਸ ਨੂੰ ਮਸੀਹ ਵਜੋਂ ਚੁਣਿਆ ਗਿਆ। ਹੁਣ ਯਿਸੂ ਨੇ ਉਹ ਕੰਮ ਸ਼ੁਰੂ ਕਰਨਾ ਸੀ ਜਿਸ ਲਈ ਯਹੋਵਾਹ ਨੇ ਉਸ ਨੂੰ ਧਰਤੀ ʼਤੇ ਭੇਜਿਆ ਸੀ।

ਬਪਤਿਸਮਾ ਲੈਣ ਤੋਂ ਬਾਅਦ ਯਿਸੂ 40 ਦਿਨਾਂ ਲਈ ਉਜਾੜ ਵਿਚ ਚਲਾ ਗਿਆ। ਵਾਪਸ ਆਉਣ ਤੋਂ ਬਾਅਦ ਉਹ ਯੂਹੰਨਾ ਕੋਲ ਗਿਆ। ਯਿਸੂ ਨੂੰ ਆਉਂਦਿਆਂ ਦੇਖ ਯੂਹੰਨਾ ਨੇ ਕਿਹਾ: ‘ਇਹ ਪਰਮੇਸ਼ੁਰ ਦਾ ਲੇਲਾ ਹੈ ਜਿਸ ਰਾਹੀਂ ਦੁਨੀਆਂ ਦੇ ਪਾਪ ਮਾਫ਼ ਹੋਣਗੇ।’ ਇਹ ਕਹਿ ਕੇ ਯੂਹੰਨਾ ਲੋਕਾਂ ਨੂੰ ਦੱਸ ਰਿਹਾ ਸੀ ਕਿ ਯਿਸੂ ਹੀ ਮਸੀਹ ਹੈ। ਤੁਹਾਨੂੰ ਪਤਾ ਉਜਾੜ ਵਿਚ ਹੁੰਦਿਆਂ ਯਿਸੂ ਨਾਲ ਕੀ ਹੋਇਆ? ਆਓ ਆਪਾਂ ਦੇਖੀਏ।

“ਸਵਰਗੋਂ ਪਰਮੇਸ਼ੁਰ ਦੀ ਆਵਾਜ਼ ਆਈ: ‘ਤੂੰ ਮੇਰਾ ਪਿਆਰਾ ਪੁੱਤਰ ਹੈਂ; ਮੈਂ ਤੇਰੇ ਤੋਂ ਖ਼ੁਸ਼ ਹਾਂ।’ ”​—ਮਰਕੁਸ 1:11