Skip to content

Skip to table of contents

ਪਾਠ 76

ਯਿਸੂ ਨੇ ਮੰਦਰ ਸਾਫ਼ ਕੀਤਾ

ਯਿਸੂ ਨੇ ਮੰਦਰ ਸਾਫ਼ ਕੀਤਾ

30 ਈਸਵੀ ਦੀ ਬਸੰਤ ਰੁੱਤ ਵਿਚ ਯਿਸੂ ਯਰੂਸ਼ਲਮ ਗਿਆ। ਬਹੁਤ ਸਾਰੇ ਲੋਕ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਆਏ ਹੋਏ ਸਨ। ਉਹ ਮੰਦਰ ਵਿਚ ਬਲ਼ੀਆਂ ਚੜ੍ਹਾਉਣ ਲਈ ਜਾਨਵਰ ਲੈ ਕੇ ਆਏ ਸਨ। ਕਈ ਲੋਕ ਆਪਣੇ ਨਾਲ ਜਾਨਵਰ ਲੈ ਕੇ ਆਏ ਸਨ ਅਤੇ ਕਈਆਂ ਨੇ ਯਰੂਸ਼ਲਮ ਆ ਕੇ ਜਾਨਵਰ ਖ਼ਰੀਦੇ।

ਮੰਦਰ ਵਿਚ ਆ ਕੇ ਯਿਸੂ ਨੇ ਦੇਖਿਆ ਕਿ ਲੋਕ ਉੱਥੇ ਜਾਨਵਰ ਵੇਚ ਰਹੇ ਸਨ। ਉਹ ਯਹੋਵਾਹ ਦੀ ਭਗਤੀ ਕਰਨ ਦੀ ਥਾਂ ਨੂੰ ਪੈਸਾ ਕਮਾਉਣ ਲਈ ਵਰਤ ਰਹੇ ਸਨ। ਯਿਸੂ ਉਨ੍ਹਾਂ ਨਾਲ ਕਿਵੇਂ ਪੇਸ਼ ਆਇਆ? ਉਸ ਨੇ ਰੱਸੀ ਦਾ ਕੋਰੜਾ ਬਣਾ ਕੇ ਸਾਰੀਆਂ ਭੇਡਾਂ ਅਤੇ ਜਾਨਵਰਾਂ ਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਉਸ ਨੇ ਪੈਸੇ ਬਦਲਣ ਵਾਲੇ ਆਦਮੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਉਨ੍ਹਾਂ ਦੇ ਸਿੱਕੇ ਜ਼ਮੀਨ ʼਤੇ ਖਿਲਾਰ ਦਿੱਤੇ। ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ: ‘ਇਨ੍ਹਾਂ ਚੀਜ਼ਾਂ ਨੂੰ ਇੱਥੋਂ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ!’

ਯਿਸੂ ਨੂੰ ਇਹ ਸਭ ਕਰਦਿਆਂ ਦੇਖ ਕੇ ਮੰਦਰ ਵਿਚ ਆਏ ਲੋਕ ਹੱਕੇ-ਬੱਕੇ ਰਹਿ ਗਏ। ਉਸ ਦੇ ਚੇਲਿਆਂ ਨੂੰ ਮਸੀਹ ਬਾਰੇ ਕੀਤੀ ਇਕ ਭਵਿੱਖਬਾਣੀ ਯਾਦ ਆਈ: ‘ਯਹੋਵਾਹ ਦੇ ਘਰ ਲਈ ਮੇਰੇ ਅੰਦਰ ਬਹੁਤ ਜੋਸ਼ ਹੋਵੇਗਾ।’

ਬਾਅਦ ਵਿਚ 33 ਈਸਵੀ ਵਿਚ ਯਿਸੂ ਨੇ ਦੂਸਰੀ ਵਾਰ ਮੰਦਰ ਨੂੰ ਸਾਫ਼ ਕੀਤਾ। ਉਹ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਉਸ ਦੇ ਪਿਤਾ ਦੇ ਘਰ ਦਾ ਨਿਰਾਦਰ ਕਰੇ।

“ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।”​—ਲੂਕਾ 16:13