Skip to content

Skip to table of contents

ਪਾਠ 78

ਯਿਸੂ ਨੇ ਰਾਜ ਬਾਰੇ ਪ੍ਰਚਾਰ ਕੀਤਾ

ਯਿਸੂ ਨੇ ਰਾਜ ਬਾਰੇ ਪ੍ਰਚਾਰ ਕੀਤਾ

ਯਿਸੂ ਨੇ ਆਪਣੇ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ‘ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।’ ਗਲੀਲ ਅਤੇ ਯਹੂਦੀਆ ਨੂੰ ਜਾਂਦਿਆਂ ਚੇਲੇ ਵੀ ਉਸ ਦੇ ਪਿੱਛੇ-ਪਿੱਛੇ ਗਏ। ਜਦੋਂ ਯਿਸੂ ਨਾਸਰਤ ਵਿਚ ਆਪਣੇ ਘਰ ਵਾਪਸ ਆਇਆ, ਤਾਂ ਉਹ ਸਭਾ ਘਰ ਗਿਆ। ਉਸ ਨੇ ਯਸਾਯਾਹ ਦੀ ਕਿਤਾਬ ਵਿੱਚੋਂ ਇਹ ਆਇਤ ਪੜ੍ਹੀ: ‘ਯਹੋਵਾਹ ਨੇ ਮੈਨੂੰ ਪਵਿੱਤਰ ਸ਼ਕਤੀ ਦਿੱਤੀ ਹੈ ਤਾਂਕਿ ਮੈਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ।’ ਇਸ ਦਾ ਕੀ ਮਤਲਬ ਸੀ? ਇਸ ਦਾ ਮਤਲਬ ਸੀ ਕਿ ਭਾਵੇਂ ਲੋਕ ਯਿਸੂ ਨੂੰ ਚਮਤਕਾਰ ਕਰਦਿਆਂ ਦੇਖਣਾ ਚਾਹੁੰਦੇ ਸਨ, ਪਰ ਪਰਮੇਸ਼ੁਰ ਨੇ ਮੁੱਖ ਤੌਰ ʼਤੇ ਉਸ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਪਵਿੱਤਰ ਸ਼ਕਤੀ ਦਿੱਤੀ ਸੀ। ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ: ‘ਅੱਜ ਇਹ ਭਵਿੱਖਬਾਣੀ ਪੂਰੀ ਹੋਈ ਹੈ।’

ਫਿਰ ਯਿਸੂ ਗਲੀਲ ਦੀ ਝੀਲ ʼਤੇ ਚਲਾ ਗਿਆ ਜਿੱਥੇ ਉਸ ਨੂੰ ਚਾਰ ਮਛਿਆਰੇ ਮਿਲੇ ਜੋ ਬਾਅਦ ਵਿਚ ਉਸ ਦੇ ਚੇਲੇ ਬਣੇ। ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਮੇਰੇ ਨਾਲ ਆਓ ਮੈਂ ਤੁਹਾਨੂੰ ਇਨਸਾਨ ਫੜਨੇ ਸਿਖਾਵਾਂਗਾ।’ ਉਹ ਚਾਰ ਆਦਮੀ ਪਤਰਸ, ਅੰਦ੍ਰਿਆਸ, ਯਾਕੂਬ ਅਤੇ ਯੂਹੰਨਾ ਸਨ। ਉਹ ਇਕਦਮ ਆਪਣਾ ਕੰਮ ਛੱਡ ਕੇ ਯਿਸੂ ਦੇ ਪਿੱਛੇ-ਪਿੱਛੇ ਤੁਰ ਪਏ। ਉਨ੍ਹਾਂ ਨੇ ਸਾਰੇ ਗਲੀਲ ਵਿਚ ਯਹੋਵਾਹ ਦੇ ਰਾਜ ਬਾਰੇ ਪ੍ਰਚਾਰ ਕੀਤਾ। ਉਨ੍ਹਾਂ ਨੇ ਸਭਾ ਘਰਾਂ, ਬਾਜ਼ਾਰਾਂ ਅਤੇ ਗਲੀਆਂ ਵਿਚ ਪ੍ਰਚਾਰ ਕੀਤਾ। ਉਹ ਜਿੱਥੇ ਵੀ ਜਾਂਦੇ ਸਨ, ਵੱਡੀ ਭੀੜ ਉਨ੍ਹਾਂ ਦੇ ਨਾਲ-ਨਾਲ ਜਾਂਦੀ ਸੀ। ਦੂਰ-ਦੂਰ ਤਕ ਯਿਸੂ ਬਾਰੇ ਖ਼ਬਰ ਪਹੁੰਚ ਗਈ, ਇੱਥੋਂ ਤਕ ਕਿ ਸੀਰੀਆ ਵਿਚ ਵੀ।

ਬਾਅਦ ਵਿਚ ਯਿਸੂ ਨੇ ਆਪਣੇ ਕੁਝ ਚੇਲਿਆਂ ਨੂੰ ਲੋਕਾਂ ਨੂੰ ਠੀਕ ਕਰਨ ਅਤੇ ਦੁਸ਼ਟ ਦੂਤਾਂ ਨੂੰ ਕੱਢਣ ਦੀ ਤਾਕਤ ਦਿੱਤੀ। ਜਦੋਂ ਯਿਸੂ ਸ਼ਹਿਰੋ-ਸ਼ਹਿਰ ਅਤੇ ਪਿੰਡੋ-ਪਿੰਡ ਪ੍ਰਚਾਰ ਕਰਦਾ ਹੁੰਦਾ ਸੀ, ਤਾਂ ਬਾਕੀ ਚੇਲੇ ਉਸ ਦੇ ਨਾਲ-ਨਾਲ ਜਾਂਦੇ ਸਨ। ਕਈ ਵਫ਼ਾਦਾਰ ਔਰਤਾਂ, ਜਿਵੇਂ ਮਰੀਅਮ ਮਗਦਲੀਨੀ, ਯੋਆਨਾ, ਸੁਸੰਨਾ ਅਤੇ ਹੋਰ ਜਣੀਆਂ, ਯਿਸੂ ਅਤੇ ਉਸ ਦੇ ਚੇਲਿਆਂ ਦੀ ਦੇਖ-ਭਾਲ ਕਰਨ ਲਈ ਉਨ੍ਹਾਂ ਦੇ ਨਾਲ ਜਾਂਦੀਆਂ ਸਨ।

ਚੇਲਿਆਂ ਨੂੰ ਸਿਖਲਾਈ ਦੇਣ ਤੋਂ ਬਾਅਦ ਯਿਸੂ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ। ਗਲੀਲ ਵਿਚ ਪ੍ਰਚਾਰ ਕਰਦਿਆਂ ਹੋਰ ਕਈ ਲੋਕ ਯਿਸੂ ਦੇ ਚੇਲੇ ਬਣ ਗਏ ਅਤੇ ਉਨ੍ਹਾਂ ਨੇ ਬਪਤਿਸਮਾ ਲੈ ਲਿਆ। ਬਹੁਤ ਸਾਰੇ ਲੋਕ ਚੇਲੇ ਬਣਨਾ ਚਾਹੁੰਦੇ ਸਨ, ਇਸ ਲਈ ਯਿਸੂ ਨੇ ਉਨ੍ਹਾਂ ਦੀ ਤੁਲਨਾ ਫ਼ਸਲ ਨਾਲ ਕੀਤੀ ਜੋ ਪੱਕ ਚੁੱਕੀ ਸੀ। ਉਸ ਨੇ ਕਿਹਾ: ‘ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਭੇਜੇ।’ ਬਾਅਦ ਵਿਚ ਉਸ ਨੇ 70 ਚੇਲੇ ਚੁਣੇ ਅਤੇ ਉਨ੍ਹਾਂ ਨੂੰ ਦੋ-ਦੋ ਕਰ ਕੇ ਯਹੂਦੀਆ ਵਿਚ ਪ੍ਰਚਾਰ ਕਰਨ ਲਈ ਭੇਜਿਆ। ਉਨ੍ਹਾਂ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਰਾਜ ਬਾਰੇ ਪ੍ਰਚਾਰ ਕੀਤਾ। ਜਦੋਂ ਚੇਲੇ ਵਾਪਸ ਆਏ, ਤਾਂ ਉਹ ਯਿਸੂ ਨੂੰ ਦੱਸਣ ਲਈ ਉਤਾਵਲੇ ਸਨ ਕਿ ਉਨ੍ਹਾਂ ਨੇ ਕੀ ਕੁਝ ਕੀਤਾ ਸੀ। ਪ੍ਰਚਾਰ ਨੂੰ ਰੋਕਣ ਲਈ ਸ਼ੈਤਾਨ ਕੁਝ ਵੀ ਨਾ ਕਰ ਸਕਿਆ।

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸ ਦੇ ਸਵਰਗ ਵਾਪਸ ਜਾਣ ਤੋਂ ਬਾਅਦ ਵੀ ਇਹ ਜ਼ਰੂਰੀ ਕੰਮ ਕਰਦੇ ਰਹਿਣ। ਉਸ ਨੇ ਉਨ੍ਹਾਂ ਨੂੰ ਕਿਹਾ: ‘ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ। ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਬਾਰੇ ਸਿਖਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ।’

“ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ, ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।”​—ਲੂਕਾ 4:43