Skip to content

Skip to table of contents

ਪਾਠ 82

ਯਿਸੂ ਨੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ

ਯਿਸੂ ਨੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ

ਫ਼ਰੀਸੀ ਜੋ ਕੰਮ ਕਰਦੇ ਸਨ, ਉਹ ਲੋਕਾਂ ʼਤੇ ਪ੍ਰਭਾਵ ਪਾਉਣ ਲਈ ਕਰਦੇ ਸਨ। ਜੇ ਉਹ ਕਿਸੇ ʼਤੇ ਦਇਆ ਕਰਦੇ ਸਨ, ਤਾਂ ਉਹ ਇੱਦਾਂ ਕਰਦੇ ਸਨ ਕਿ ਸਾਰੇ ਉਨ੍ਹਾਂ ਨੂੰ ਦੇਖ ਸਕਣ। ਉਹ ਖੁੱਲ੍ਹੇ-ਆਮ ਪ੍ਰਾਰਥਨਾ ਕਰਦੇ ਸਨ ਤਾਂਕਿ ਸਾਰੇ ਉਨ੍ਹਾਂ ਨੂੰ ਦੇਖ ਸਕਣ। ਫ਼ਰੀਸੀਆਂ ਨੇ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਯਾਦ ਕੀਤੀਆਂ ਹੋਈਆਂ ਸਨ ਅਤੇ ਉਹ ਸਭਾ-ਘਰਾਂ ਅਤੇ ਗਲੀ ਦੇ ਨੁੱਕਰਾਂ ʼਤੇ ਇਨ੍ਹਾਂ ਨੂੰ ਦੁਹਰਾਉਂਦੇ ਸਨ ਜਿੱਥੇ ਲੋਕ ਉਨ੍ਹਾਂ ਨੂੰ ਸੁਣ ਸਕਦੇ ਸਨ। ਇਸ ਕਰਕੇ ਲੋਕ ਹੈਰਾਨ ਹੋਏ ਜਦੋਂ ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਫ਼ਰੀਸੀਆਂ ਵਾਂਗ ਪ੍ਰਾਰਥਨਾ ਨਾ ਕਰੋ। ਉਹ ਸੋਚਦੇ ਹਨ ਕਿ ਜ਼ਿਆਦਾ ਬੋਲਣ ਕਰਕੇ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਹੋਵੇਗਾ। ਪਰ ਉਹ ਉਨ੍ਹਾਂ ਤੋਂ ਖ਼ੁਸ਼ ਨਹੀਂ ਹੈ। ਪ੍ਰਾਰਥਨਾ ਤੁਹਾਡੇ ਅਤੇ ਯਹੋਵਾਹ ਵਿਚਕਾਰ ਹੈ। ਵਾਰ-ਵਾਰ ਉਹੀ ਗੱਲਾਂ ਨਾ ਕਹੋ। ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੋ।

‘ਤੁਹਾਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।”’ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਹਰ ਰੋਜ਼ ਦੇ ਖਾਣੇ ਲਈ, ਆਪਣੇ ਪਾਪਾਂ ਦੀ ਮਾਫ਼ੀ ਲਈ ਅਤੇ ਆਪਣੇ ਨਿੱਜੀ ਮਾਮਲਿਆਂ ਬਾਰੇ ਵੀ ਪ੍ਰਾਰਥਨਾ ਕਰ ਸਕਦੇ ਹਨ।

ਯਿਸੂ ਨੇ ਕਿਹਾ: ‘ਪ੍ਰਾਰਥਨਾ ਕਰਨੀ ਨਾ ਛੱਡੋ। ਆਪਣੇ ਪਿਤਾ ਯਹੋਵਾਹ ਤੋਂ ਚੰਗੀਆਂ ਚੀਜ਼ਾਂ ਮੰਗਦੇ ਰਹੋ। ਹਰ ਮਾਪਾ ਆਪਣੇ ਬੱਚੇ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਚਾਹੁੰਦਾ ਹੈ। ਜੇ ਤੁਹਾਡਾ ਬੱਚਾ ਰੋਟੀ ਮੰਗੇ, ਤਾਂ ਕੀ ਤੁਸੀਂ ਉਸ ਨੂੰ ਪੱਥਰ ਦਿਓਗੇ? ਜੇ ਉਹ ਮੱਛੀ ਮੰਗੇ, ਤਾਂ ਕੀ ਤੁਸੀਂ ਉਸ ਨੂੰ ਸੱਪ ਦਿਓਗੇ?’

ਫਿਰ ਯਿਸੂ ਨੇ ਸਮਝਾਇਆ: ‘ਜੇ ਤੁਸੀਂ ਆਪਣੇ ਬੱਚਿਆਂ ਨੂੰ ਤੋਹਫ਼ੇ ਦੇਣੇ ਜਾਣਦੇ ਹੋ, ਤਾਂ ਤੁਹਾਡਾ ਸਵਰਗੀ ਪਿਤਾ ਕਿੰਨੀ ਚੰਗੀ ਤਰ੍ਹਾਂ ਜਾਣਦਾ ਹੋਵੇਗਾ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਦੇਵੇਗਾ। ਤੁਹਾਨੂੰ ਸਿਰਫ਼ ਮੰਗਣ ਦੀ ਲੋੜ ਹੈ।’ ਕੀ ਤੁਸੀਂ ਯਿਸੂ ਦੀ ਗੱਲ ਮੰਨੋਗੇ? ਤੁਸੀਂ ਕਿਹੜੀਆਂ ਗੱਲਾਂ ਬਾਰੇ ਪ੍ਰਾਰਥਨਾ ਕਰਦੇ ਹੋ?

“ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।”​—ਮੱਤੀ 7:7