Skip to content

Skip to table of contents

ਪਾਠ 87

ਯਿਸੂ ਦਾ ਆਖ਼ਰੀ ਪਸਾਹ

ਯਿਸੂ ਦਾ ਆਖ਼ਰੀ ਪਸਾਹ

ਯਹੂਦੀ ਹਰ ਸਾਲ ਨੀਸਾਨ ਮਹੀਨੇ ਦੀ 14 ਤਾਰੀਖ਼ ਨੂੰ ਪਸਾਹ ਦਾ ਤਿਉਹਾਰ ਮਨਾਉਂਦੇ ਸਨ। ਇਹ ਦਿਨ ਉਨ੍ਹਾਂ ਨੂੰ ਯਾਦ ਕਰਾਉਂਦਾ ਸੀ ਕਿ ਯਹੋਵਾਹ ਨੇ ਕਿਵੇਂ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਸੀ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਆਇਆ ਸੀ। ਯਿਸੂ ਅਤੇ ਉਸ ਦੇ ਚੇਲਿਆਂ ਨੇ ਸਾਲ 33 ਈਸਵੀ ਨੂੰ ਯਰੂਸ਼ਲਮ ਵਿਚ ਇਕ ਘਰ ਦੇ ਚੁਬਾਰੇ ਵਿਚ ਪਸਾਹ ਮਨਾਇਆ ਸੀ। ਖਾਣਾ ਖਾਣ ਤੋਂ ਬਾਅਦ ਯਿਸੂ ਨੇ ਕਿਹਾ: ‘ਇਕ ਜਣਾ ਮੈਨੂੰ ਧੋਖੇ ਨਾਲ ਫੜਵਾਏਗਾ।’ ਰਸੂਲ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: ‘ਉਹ ਕੌਣ ਹੈ?’ ਯਿਸੂ ਨੇ ਕਿਹਾ: ‘ਉਹੀ ਜਿਸ ਨੂੰ ਮੈਂ ਇਹ ਬੁਰਕੀ ਦਿਆਂਗਾ।’ ਫਿਰ ਉਸ ਨੇ ਇਹ ਬੁਰਕੀ ਯਹੂਦਾ ਇਸਕਰਿਓਤੀ ਨੂੰ ਦਿੱਤੀ। ਉਸ ਵੇਲੇ ਯਹੂਦਾ ਉੱਥੋਂ ਉੱਠ ਕੇ ਚਲਾ ਗਿਆ।

ਫਿਰ ਯਿਸੂ ਨੇ ਪ੍ਰਾਰਥਨਾ ਕਰ ਕੇ ਰੋਟੀ ਦੇ ਕੁਝ ਟੁਕੜੇ ਕੀਤੇ ਅਤੇ ਰਸੂਲਾਂ ਨੂੰ ਦਿੱਤੇ। ਉਸ ਨੇ ਕਿਹਾ: ‘ਇਹ ਰੋਟੀ ਖਾਓ। ਇਹ ਮੇਰੇ ਸਰੀਰ ਨੂੰ ਦਰਸਾਉਂਦੀ ਹੈ ਜੋ ਮੈਂ ਤੁਹਾਡੇ ਲਈ ਦੇਵਾਂਗਾ।’ ਫਿਰ ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਪ੍ਰਾਰਥਨਾ ਕੀਤੀ ਅਤੇ ਆਪਣੇ ਰਸੂਲਾਂ ਨੂੰ ਦਿੱਤਾ। ਉਸ ਨੇ ਕਿਹਾ: ‘ਇਹ ਦਾਖਰਸ ਪੀਓ। ਇਹ ਮੇਰੇ ਲਹੂ ਨੂੰ ਦਰਸਾਉਂਦਾ ਹੈ ਜੋ ਮੈਂ ਤੁਹਾਡੇ ਲਈ ਵਹਾਵਾਂਗਾ ਤਾਂਕਿ ਤੁਹਾਡੇ ਪਾਪ ਮਾਫ਼ ਕੀਤੇ ਜਾ ਸਕਣ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਸਵਰਗ ਵਿਚ ਰਾਜਿਆਂ ਵਜੋਂ ਰਾਜ ਕਰੋਗੇ। ਹਰ ਸਾਲ ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।’ ਯਿਸੂ ਦੇ ਚੇਲੇ ਅਜੇ ਵੀ ਹਰ ਸਾਲ ਉਸ ਸ਼ਾਮ ਨੂੰ ਇਕੱਠੇ ਹੁੰਦੇ ਹਨ। ਹੁਣ ਇਸ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਕਿਹਾ ਜਾਂਦਾ ਹੈ।

ਖਾਣੇ ਤੋਂ ਕੁਝ ਦੇਰ ਬਾਅਦ, ਰਸੂਲ ਆਪਸ ਵਿਚ ਬਹਿਸ ਕਰਨ ਲੱਗੇ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਤੁਹਾਡੇ ਵਿਚ ਸਭ ਤੋਂ ਵੱਡਾ ਉਹ ਹੈ, ਜਿਹੜਾ ਆਪਣੇ ਆਪ ਨੂੰ ਸਾਰਿਆਂ ਤੋਂ ਛੋਟਾ ਸਮਝਦਾ ਹੈ।

‘ਤੁਸੀਂ ਮੇਰੇ ਦੋਸਤ ਹੋ। ਮੈਂ ਤੁਹਾਨੂੰ ਉਹ ਸਾਰਾ ਕੁਝ ਦੱਸਦਾ ਹਾਂ ਜੋ ਮੇਰਾ ਪਿਤਾ ਮੈਨੂੰ ਦੱਸਦਾ ਹੈ। ਮੈਂ ਛੇਤੀ ਹੀ ਸਵਰਗ ਵਿਚ ਆਪਣੇ ਪਿਤਾ ਕੋਲ ਜਾਵਾਂਗਾ। ਤੁਸੀਂ ਪਿੱਛੇ ਰਹਿ ਜਾਓਗੇ ਅਤੇ ਤੁਹਾਡੇ ਵਿਚ ਪਿਆਰ ਹੋਣ ਕਰਕੇ ਲੋਕ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ। ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ, ਤਿਵੇਂ ਤੁਹਾਨੂੰ ਵੀ ਇਕ-ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ।’

ਅਖ਼ੀਰ ਯਿਸੂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਾਰੇ ਚੇਲਿਆਂ ਦੀ ਰਾਖੀ ਕਰੇ। ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਚੇਲਿਆਂ ਦੀ ਇਕ-ਦੂਜੇ ਨਾਲ ਸ਼ਾਂਤੀ ਨਾਲ ਕੰਮ ਕਰਨ ਵਿਚ ਮਦਦ ਕਰੇ। ਨਾਲੇ ਉਸ ਨੇ ਪ੍ਰਾਰਥਨਾ ਕੀਤੀ ਕਿ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਵੇ। ਫਿਰ ਯਿਸੂ ਤੇ ਉਸ ਦੇ ਰਸੂਲਾਂ ਨੇ ਯਹੋਵਾਹ ਦੀ ਮਹਿਮਾ ਵਿਚ ਗੀਤ ਗਾਏ ਅਤੇ ਬਾਹਰ ਚਲੇ ਗਏ। ਯਿਸੂ ਦੀ ਗਿਰਫ਼ਤਾਰੀ ਦਾ ਸਮਾਂ ਨੇੜੇ ਆ ਗਿਆ ਸੀ।

“ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੇ ਤੁਹਾਨੂੰ ਰਾਜ ਦੇਣ ਦਾ ਫ਼ੈਸਲਾ ਕੀਤਾ ਹੈ।”​—ਲੂਕਾ 12:32