Skip to content

Skip to table of contents

ਪਾਠ 88

ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ

ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ

ਯਿਸੂ ਅਤੇ ਉਸ ਦੇ ਚੇਲੇ ਕਿਦਰੋਨ ਘਾਟੀ ਵਿੱਚੋਂ ਦੀ ਹੁੰਦਿਆਂ ਜ਼ੈਤੂਨ ਪਹਾੜ ʼਤੇ ਚਲੇ ਗਏ। ਅੱਧੀ ਰਾਤ ਤੋਂ ਬਾਅਦ ਪੂਰਾ ਚੰਨ ਨਿਕਲਿਆ ਹੋਇਆ ਸੀ। ਜਦੋਂ ਉਹ ਗਥਸਮਨੀ ਦੇ ਬਾਗ਼ ਵਿਚ ਪਹੁੰਚੇ, ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇੱਥੇ ਠਹਿਰੋ ਅਤੇ ਜਾਗਦੇ ਰਹੋ।” ਫਿਰ ਯਿਸੂ ਥੋੜ੍ਹਾ ਅੱਗੇ ਜਾ ਕੇ ਗੋਡਿਆਂ ਭਾਰ ਬੈਠ ਗਿਆ। ਉਹ ਬਹੁਤ ਦੁਖੀ ਸੀ ਅਤੇ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਤੇਰੀ ਇੱਛਾ ਪੂਰੀ ਹੋਵੇ।” ਯਹੋਵਾਹ ਨੇ ਇਕ ਦੂਤ ਭੇਜ ਕੇ ਯਿਸੂ ਨੂੰ ਸਹਾਰਾ ਦਿੱਤਾ। ਜਦੋਂ ਯਿਸੂ ਰਸੂਲਾਂ ਕੋਲ ਵਾਪਸ ਗਿਆ, ਤਾਂ ਉਹ ਸੌਂ ਰਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: ‘ਉੱਠੋ! ਇਹ ਸੌਣ ਦਾ ਸਮਾਂ ਨਹੀਂ ਹੈ! ਉਹ ਸਮਾਂ ਆ ਗਿਆ ਹੈ ਜਦੋਂ ਮੈਨੂੰ ਦੁਸ਼ਮਣਾਂ ਦੇ ਹੱਥ ਫੜਾਇਆ ਜਾਵੇਗਾ।’

ਥੋੜ੍ਹੀ ਦੇਰ ਬਾਅਦ ਯਹੂਦਾ ਆ ਗਿਆ ਅਤੇ ਉਸ ਨਾਲ ਤਲਵਾਰਾਂ ਅਤੇ ਡਾਂਗਾਂ ਫੜੀ ਭੀੜ ਵੀ ਆ ਗਈ। ਯਹੂਦਾ ਜਾਣਦਾ ਸੀ ਕਿ ਯਿਸੂ ਕਿੱਥੇ ਮਿਲੇਗਾ ਕਿਉਂਕਿ ਉਹ ਅਕਸਰ ਇਸ ਬਾਗ਼ ਵਿਚ ਆਇਆ ਕਰਦੇ ਸਨ। ਯਹੂਦਾ ਨੇ ਫ਼ੌਜੀਆਂ ਨੂੰ ਕਿਹਾ ਕਿ ਉਹ ਯਿਸੂ ਨੂੰ ਪਛਾਣਨ ਵਿਚ ਉਨ੍ਹਾਂ ਦੀ ਮਦਦ ਕਰੇਗਾ। ਉਹ ਸਿੱਧਾ ਯਿਸੂ ਕੋਲ ਗਿਆ ਅਤੇ ਕਹਿਣ ਲੱਗਾ: ‘ਨਮਸਕਾਰ ਗੁਰੂ ਜੀ।’ ਫਿਰ ਉਸ ਨੇ ਯਿਸੂ ਨੂੰ ਚੁੰਮਿਆ। ਯਿਸੂ ਨੇ ਉਸ ਨੂੰ ਕਿਹਾ: ‘ਯਹੂਦਾ, ਕੀ ਤੂੰ ਮੈਨੂੰ ਇਸ ਲਈ ਚੁੰਮਿਆ ਤਾਂਕਿ ਤੂੰ ਮੈਨੂੰ ਧੋਖੇ ਨਾਲ ਫੜਾ ਦੇਵੇਂ?’

ਯਿਸੂ ਨੇ ਅੱਗੇ ਵੱਧ ਕੇ ਭੀੜ ਨੂੰ ਕਿਹਾ: “ਤੁਸੀਂ ਕਿਹਨੂੰ ਲੱਭ ਰਹੇ ਹੋ?” ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।” ਯਿਸੂ ਨੇ ਜਵਾਬ ਦਿੱਤਾ: “ਮੈਂ ਹੀ ਹਾਂ।” ਇਹ ਸੁਣ ਕੇ ਉਹ ਪਿੱਛੇ ਹਟ ਗਏ ਅਤੇ ਜ਼ਮੀਨ ʼਤੇ ਡਿੱਗ ਪਏ। ਯਿਸੂ ਨੇ ਫਿਰ ਭੀੜ ਨੂੰ ਪੁੱਛਿਆ: “ਤੁਸੀਂ ਕਿਸ ਨੂੰ ਲੱਭ ਰਹੇ ਹੋ?” ਉਨ੍ਹਾਂ ਨੇ ਫਿਰ ਕਿਹਾ: “ਯਿਸੂ ਨਾਸਰੀ ਨੂੰ।” ਯਿਸੂ ਨੇ ਜਵਾਬ ਦਿੱਤਾ: ‘ਮੈਂ ਤੁਹਾਨੂੰ ਕਹਿ ਤਾਂ ਦਿੱਤਾ ਕਿ ਮੈਂ ਹੀ ਹਾਂ। ਇਨ੍ਹਾਂ ਨੂੰ ਜਾਣ ਦਿਓ।’

ਜਦੋਂ ਪਤਰਸ ਨੇ ਇਹ ਸਭ ਕੁਝ ਦੇਖਿਆ, ਤਾਂ ਉਸ ਨੇ ਤਲਵਾਰ ਕੱਢ ਕੇ ਮਹਾਂ ਪੁਜਾਰੀ ਦੇ ਨੌਕਰ ਮਲਖੁਸ ਦਾ ਕੰਨ ਵੱਢ ਸੁੱਟਿਆ। ਪਰ ਯਿਸੂ ਨੇ ਨੌਕਰ ਦੇ ਕੰਨ ਨੂੰ ਹੱਥ ਲਾ ਕੇ ਠੀਕ ਕਰ ਦਿੱਤਾ। ਫਿਰ ਉਸ ਨੇ ਪਤਰਸ ਨੂੰ ਕਿਹਾ: ‘ਆਪਣੀ ਤਲਵਾਰ ਮਿਆਨ ਵਿਚ ਪਾ। ਜੇ ਤੂੰ ਤਲਵਾਰ ਨਾਲ ਲੜੇਂਗਾ, ਤਾਂ ਤੂੰ ਵੀ ਤਲਵਾਰ ਨਾਲ ਹੀ ਮਾਰਿਆ ਜਾਵੇਂਗਾ।’ ਫ਼ੌਜੀਆਂ ਨੇ ਯਿਸੂ ਨੂੰ ਫੜ ਲਿਆ ਅਤੇ ਉਸ ਦੇ ਹੱਥ ਬੰਨ੍ਹ ਦਿੱਤੇ। ਯਿਸੂ ਦੇ ਰਸੂਲ ਭੱਜ ਗਏ। ਫਿਰ ਫ਼ੌਜੀ ਉਸ ਨੂੰ ਮੁੱਖ ਪੁਜਾਰੀ ਅੰਨਾਸ ਕੋਲ ਲੈ ਆਏ। ਅੰਨਾਸ ਨੇ ਯਿਸੂ ਕੋਲ ਪੁੱਛ-ਗਿੱਛ ਕੀਤੀ ਅਤੇ ਉਸ ਨੂੰ ਮਹਾਂ ਪੁਜਾਰੀ ਕਾਇਫ਼ਾ ਦੇ ਘਰ ਭੇਜ ਦਿੱਤਾ। ਪਰ ਰਸੂਲਾਂ ਨਾਲ ਕੀ ਹੋਇਆ?

“ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪੈਂਦਾ ਹੈ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।”​—ਯੂਹੰਨਾ 16:33