Skip to content

Skip to table of contents

ਪਾਠ 93

ਯਿਸੂ ਸਵਰਗ ਵਾਪਸ ਗਿਆ

ਯਿਸੂ ਸਵਰਗ ਵਾਪਸ ਗਿਆ

ਗਲੀਲ ਵਿਚ ਯਿਸੂ ਆਪਣੇ ਚੇਲਿਆਂ ਨੂੰ ਮਿਲਿਆ। ਉਸ ਨੇ ਉਨ੍ਹਾਂ ਨੂੰ ਇਕ ਬਹੁਤ ਅਹਿਮ ਹੁਕਮ ਦਿੱਤਾ: ‘ਜਾਓ ਅਤੇ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਚੇਲੇ ਬਣਾਓ। ਉਨ੍ਹਾਂ ਨੂੰ ਉਹ ਗੱਲਾਂ ਸਿਖਾਓ ਜੋ ਮੈਂ ਤੁਹਾਨੂੰ ਸਿਖਾਈਆਂ ਹਨ।’ ਫਿਰ ਉਸ ਨੇ ਵਾਅਦਾ ਕੀਤਾ: ‘ਯਾਦ ਰੱਖੋ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ।’

ਯਿਸੂ ਜੀਉਂਦਾ ਹੋਣ ਤੋਂ ਬਾਅਦ 40 ਦਿਨ ਆਪਣੇ ਸੈਂਕੜੇ ਚੇਲਿਆਂ ਨੂੰ ਗਲੀਲ ਅਤੇ ਯਰੂਸ਼ਲਮ ਵਿਚ ਦਿਖਾਈ ਦਿੰਦਾ ਰਿਹਾ। ਉਸ ਨੇ ਉਨ੍ਹਾਂ ਨੂੰ ਅਹਿਮ ਸਬਕ ਸਿਖਾਏ ਅਤੇ ਬਹੁਤ ਸਾਰੇ ਚਮਤਕਾਰ ਕੀਤੇ। ਫਿਰ ਯਿਸੂ ਆਖ਼ਰੀ ਵਾਰ ਜ਼ੈਤੂਨ ਪਹਾੜ ʼਤੇ ਆਪਣੇ ਰਸੂਲਾਂ ਨੂੰ ਮਿਲਿਆ। ਉਸ ਨੇ ਕਿਹਾ: ‘ਯਰੂਸ਼ਲਮ ਛੱਡ ਕੇ ਨਾ ਜਾਇਓ। ਉਸ ਚੀਜ਼ ਦੀ ਉਡੀਕ ਕਰਦੇ ਰਹਿਓ ਜਿਸ ਨੂੰ ਦੇਣ ਦਾ ਵਾਅਦਾ ਪਿਤਾ ਨੇ ਕੀਤਾ ਹੈ।’

ਉਸ ਦੇ ਰਸੂਲ ਉਸ ਦੀ ਗੱਲ ਦਾ ਮਤਲਬ ਨਹੀਂ ਸਮਝੇ। ਉਨ੍ਹਾਂ ਨੇ ਉਸ ਨੂੰ ਪੁੱਛਿਆ: ‘ਕੀ ਤੂੰ ਹੁਣ ਇਜ਼ਰਾਈਲ ਦਾ ਰਾਜਾ ਬਣਨ ਵਾਲਾ ਹੈਂ?’ ਯਿਸੂ ਨੇ ਕਿਹਾ: ‘ਮੈਨੂੰ ਰਾਜਾ ਬਣਾਉਣ ਦਾ ਯਹੋਵਾਹ ਦਾ ਅਜੇ ਸਮਾਂ ਨਹੀਂ ਆਇਆ। ਤੁਹਾਨੂੰ ਜਲਦੀ ਹੀ ਪਵਿੱਤਰ ਸ਼ਕਤੀ ਮਿਲੇਗੀ ਅਤੇ ਤੁਸੀਂ ਮੇਰੇ ਬਾਰੇ ਗਵਾਹੀ ਦਿਓਗੇ। ਜਾਓ ਤੇ ਯਰੂਸ਼ਲਮ, ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓ।’

ਫਿਰ ਯਿਸੂ ਨੂੰ ਉੱਪਰ ਸਵਰਗ ਨੂੰ ਉਠਾ ਲਿਆ ਗਿਆ ਅਤੇ ਬੱਦਲ ਨੇ ਉਸ ਨੂੰ ਢਕ ਲਿਆ। ਉਸ ਦੇ ਚੇਲੇ ਉਸ ਨੂੰ ਦੇਖਦੇ ਰਹੇ, ਪਰ ਉਹ ਚਲਾ ਗਿਆ ਸੀ।

ਉਹ ਜ਼ੈਤੂਨ ਦੇ ਪਹਾੜ ਤੋਂ ਯਰੂਸ਼ਲਮ ਨੂੰ ਚਲੇ ਗਏ। ਉਹ ਬਾਕਾਇਦਾ ਚੁਬਾਰੇ ਵਿਚ ਇਕੱਠੇ ਹੁੰਦੇ ਸਨ ਅਤੇ ਪ੍ਰਾਰਥਨਾ ਕਰਦੇ ਸਨ। ਉਹ ਯਿਸੂ ਵੱਲੋਂ ਹੋਰ ਹਿਦਾਇਤਾਂ ਮਿਲਣ ਦੀ ਉਡੀਕ ਕਰ ਰਹੇ ਸਨ।

“ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।”​—ਮੱਤੀ 24:14