Skip to content

Skip to table of contents

ਪਾਠ 94

ਚੇਲਿਆਂ ʼਤੇ ਪਵਿੱਤਰ ਸ਼ਕਤੀ ਆਈ

ਚੇਲਿਆਂ ʼਤੇ ਪਵਿੱਤਰ ਸ਼ਕਤੀ ਆਈ

ਯਿਸੂ ਦੇ ਸਵਰਗ ਜਾਣ ਤੋਂ 10 ਦਿਨਾਂ ਬਾਅਦ ਉਸ ਦੇ ਚੇਲਿਆਂ ʼਤੇ ਪਵਿੱਤਰ ਸ਼ਕਤੀ ਆਈ। ਇਹ ਪੰਤੇਕੁਸਤ 33 ਈਸਵੀ ਦਾ ਸਾਲ ਸੀ ਅਤੇ ਬਹੁਤ ਸਾਰੀਆਂ ਥਾਵਾਂ ਤੋਂ ਲੋਕ ਯਰੂਸ਼ਲਮ ਵਿਚ ਤਿਉਹਾਰ ਮਨਾਉਣ ਆਏ ਸਨ। ਯਿਸੂ ਦੇ ਲਗਭਗ 120 ਚੇਲੇ ਇਕ ਘਰ ਦੇ ਚੁਬਾਰੇ ਵਿਚ ਇਕੱਠੇ ਹੋਏ ਸਨ। ਅਚਾਨਕ ਹੀ ਇਕ ਅਜੀਬ ਘਟਨਾ ਵਾਪਰੀ। ਹਰ ਚੇਲੇ ਦੇ ਸਿਰ ʼਤੇ ਕੁਝ ਅੱਗ ਵਰਗਾ ਦਿਖਾਈ ਦਿੱਤਾ ਅਤੇ ਸਾਰਿਆਂ ਨੇ ਅਲੱਗ-ਅਲੱਗ ਬੋਲੀਆਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾ ਘਰ ਹਨੇਰੀ ਦੀ ਆਵਾਜ਼ ਨਾਲ ਗੂੰਜ ਉੱਠਿਆ।

ਜਿਹੜੇ ਲੋਕ ਦੂਸਰੇ ਦੇਸ਼ਾਂ ਤੋਂ ਯਰੂਸ਼ਲਮ ਵਿਚ ਆਏ ਸਨ, ਉਹ ਆਵਾਜ਼ ਸੁਣ ਕੇ ਦੇਖਣ ਲਈ ਦੌੜੇ ਕਿ ਘਰ ਵਿਚ ਕੀ ਹੋ ਰਿਹਾ ਸੀ। ਜਦੋਂ ਉਨ੍ਹਾਂ ਨੇ ਚੇਲਿਆਂ ਨੂੰ ਅਲੱਗ-ਅਲੱਗ ਬੋਲੀਆਂ ਬੋਲਦੇ ਸੁਣਿਆ, ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ: ‘ਇਹ ਲੋਕ ਤਾਂ ਗਲੀਲ ਤੋਂ ਹਨ। ਇਹ ਲੋਕ ਸਾਡੀ ਭਾਸ਼ਾ ਕਿਵੇਂ ਬੋਲ ਰਹੇ ਹਨ?’

ਫਿਰ ਪਤਰਸ ਅਤੇ ਹੋਰ ਰਸੂਲ ਭੀੜ ਦੇ ਸਾਮ੍ਹਣੇ ਖੜ੍ਹੇ ਹੋ ਗਏ। ਪਤਰਸ ਨੇ ਲੋਕਾਂ ਨੂੰ ਦੱਸਿਆ ਕਿ ਯਿਸੂ ਨੂੰ ਕਿਵੇਂ ਮਾਰਿਆ ਗਿਆ ਸੀ ਅਤੇ ਕਿਵੇਂ ਯਹੋਵਾਹ ਨੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ। ਪਤਰਸ ਨੇ ਕਿਹਾ: ‘ਹੁਣ ਯਿਸੂ ਪਰਮੇਸ਼ੁਰ ਦੇ ਸੱਜੇ ਹੱਥ ਬੈਠਾ ਹੈ ਅਤੇ ਉਸ ਨੂੰ ਪਵਿੱਤਰ ਸ਼ਕਤੀ ਦਿੱਤੀ ਗਈ ਹੈ। ਇਸ ਲਈ ਤੁਸੀਂ ਸੁਣ ਰਹੇ ਹੋ ਅਤੇ ਇਹ ਚਮਤਕਾਰ ਦੇਖ ਰਹੇ ਹੋ।’

ਪਤਰਸ ਦੀਆਂ ਗੱਲਾਂ ਦਾ ਲੋਕਾਂ ʼਤੇ ਬਹੁਤ ਅਸਰ ਪਿਆ ਅਤੇ ਉਹ ਪੁੱਛਣ ਲੱਗੇ: “ਸਾਨੂੰ ਕੀ ਕਰਨਾ ਚਾਹੀਦਾ ਹੈ?” ਉਸ ਨੇ ਕਿਹਾ: ‘ਆਪਣੇ ਪਾਪਾਂ ਤੋਂ ਤੋਬਾ ਕਰੋ ਅਤੇ ਯਿਸੂ ਦੇ ਨਾਂ ਵਿਚ ਬਪਤਿਸਮਾ ਲਓ। ਤੁਹਾਨੂੰ ਵੀ ਪਵਿੱਤਰ ਸ਼ਕਤੀ ਮਿਲੇਗੀ।’ ਉਸ ਦਿਨ ਲਗਭਗ 3,000 ਲੋਕਾਂ ਨੇ ਬਪਤਿਸਮਾ ਲਿਆ। ਉਸ ਤੋਂ ਬਾਅਦ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਣ ਲੱਗੀ। ਪਵਿੱਤਰ ਸ਼ਕਤੀ ਦੀ ਮਦਦ ਨਾਲ ਚੇਲਿਆਂ ਨੇ ਕਈ ਮੰਡਲੀਆਂ ਬਣਾਈਆਂ ਤਾਂਕਿ ਉਹ ਚੇਲਿਆਂ ਨੂੰ ਉਹ ਸਾਰੀਆਂ ਗੱਲਾਂ ਸਿਖਾ ਸਕਣ ਜਿਸ ਦਾ ਹੁਕਮ ਯਿਸੂ ਨੇ ਦਿੱਤਾ ਸੀ।

“ਜੇ ਤੁਸੀਂ ਇਸ ਸੰਦੇਸ਼ ਦਾ ਸਾਰਿਆਂ ਸਾਮ੍ਹਣੇ ਐਲਾਨ ਕਰੋਗੇ ਅਤੇ ਦਿਲੋਂ ਨਿਹਚਾ ਕਰੋਗੇ ਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ, ਤਾਂ ਤੁਸੀਂ ਬਚਾਏ ਜਾਓਗੇ।”​—ਰੋਮੀਆਂ 10:9