Skip to content

Skip to table of contents

ਪਾਠ 95

ਕੋਈ ਵੀ ਚੀਜ਼ ਉਨ੍ਹਾਂ ਨੂੰ ਰੋਕ ਨਾ ਸਕੀ

ਕੋਈ ਵੀ ਚੀਜ਼ ਉਨ੍ਹਾਂ ਨੂੰ ਰੋਕ ਨਾ ਸਕੀ

ਇਕ ਆਦਮੀ ਤੁਰ-ਫਿਰ ਨਹੀਂ ਸਕਦਾ ਸੀ, ਉਹ ਹਰ ਰੋਜ਼ ਮੰਦਰ ਦੇ ਗੇਟ ʼਤੇ ਭੀਖ ਮੰਗਦਾ ਹੁੰਦਾ ਸੀ। ਇਕ ਦਿਨ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਮੰਦਰ ਦੇ ਅੰਦਰ ਜਾਂਦੇ ਦੇਖਿਆ। ਉਹ ਉਨ੍ਹਾਂ ਨੂੰ ਕਹਿਣ ਲੱਗਾ: ‘ਮੈਨੂੰ ਕੁਝ ਦੇ ਦਿਓ।’ ਪਤਰਸ ਨੇ ਕਿਹਾ: ‘ਮੇਰੇ ਕੋਲ ਤੈਨੂੰ ਦੇਣ ਲਈ ਪੈਸੇ ਨਾਲੋਂ ਵੀ ਜ਼ਿਆਦਾ ਵਧੀਆ ਚੀਜ਼ ਹੈ। ਯਿਸੂ ਦੇ ਨਾਂ ʼਤੇ ਉੱਠ ਖੜ੍ਹ ਅਤੇ ਤੁਰ ਫਿਰ!’ ਪਤਰਸ ਨੇ ਉਸ ਦੀ ਮਦਦ ਕੀਤੀ ਅਤੇ ਉਹ ਆਦਮੀ ਤੁਰਨ ਲੱਗ ਪਿਆ! ਭੀੜ ਇਹ ਚਮਤਕਾਰ ਦੇਖ ਕੇ ਹੈਰਾਨ ਰਹਿ ਗਈ ਅਤੇ ਹੋਰ ਬਹੁਤ ਸਾਰੇ ਲੋਕ ਚੇਲੇ ਬਣ ਗਏ।

ਪਰ ਪੁਜਾਰੀ ਅਤੇ ਸਦੂਕੀ ਬਹੁਤ ਗੁੱਸੇ ਹੋ ਗਏ। ਉਨ੍ਹਾਂ ਨੇ ਚੇਲਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮਹਾਸਭਾ ਲੈ ਗਏ ਅਤੇ ਉਨ੍ਹਾਂ ਨੂੰ ਕਹਿਣ ਲੱਗੇ: ‘ਤੁਹਾਨੂੰ ਇਸ ਆਦਮੀ ਨੂੰ ਠੀਕ ਕਰਨ ਦੀ ਸ਼ਕਤੀ ਕਿਸ ਨੇ ਦਿੱਤੀ?’ ਪਤਰਸ ਨੇ ਕਿਹਾ: ‘ਸਾਨੂੰ ਯਿਸੂ ਮਸੀਹ ਤੋਂ ਸ਼ਕਤੀ ਮਿਲੀ ਹੈ ਜਿਸ ਨੂੰ ਤੁਸੀਂ ਮਰਵਾ ਦਿੱਤਾ ਸੀ।’ ਧਾਰਮਿਕ ਗੁਰੂ ਉੱਚੀ-ਉੱਚੀ ਬੋਲਣ ਲੱਗੇ: ‘ਯਿਸੂ ਬਾਰੇ ਗੱਲ ਕਰਨੀ ਬੰਦ ਕਰੋ!’ ਪਰ ਰਸੂਲਾਂ ਨੇ ਕਿਹਾ: ‘ਅਸੀਂ ਉਸ ਬਾਰੇ ਜ਼ਰੂਰ ਗੱਲ ਕਰਾਂਗੇ। ਸਾਨੂੰ ਕੋਈ ਨਹੀਂ ਰੋਕ ਸਕਦਾ।’

ਪਤਰਸ ਅਤੇ ਯੂਹੰਨਾ ਜੇਲ੍ਹ ਵਿੱਚੋਂ ਰਿਹਾ ਹੁੰਦਿਆਂ ਹੀ ਦੂਸਰੇ ਚੇਲਿਆਂ ਕੋਲ ਗਏ ਅਤੇ ਉਨ੍ਹਾਂ ਨੂੰ ਸਾਰਾ ਕੁਝ ਦੱਸਿਆ ਕਿ ਉਨ੍ਹਾਂ ਨਾਲ ਕੀ-ਕੀ ਹੋਇਆ ਸੀ। ਉਨ੍ਹਾਂ ਸਾਰਿਆਂ ਨੇ ਮਿਲ ਕੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੂੰ ਕਿਹਾ: ‘ਸਾਡੀ ਦਲੇਰ ਬਣਨ ਵਿਚ ਮਦਦ ਕਰ ਤਾਂਕਿ ਅਸੀਂ ਤੇਰਾ ਕੰਮ ਕਰਦੇ ਰਹਿ ਸਕੀਏ।’ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਦਿੱਤੀ ਅਤੇ ਉਹ ਲਗਾਤਾਰ ਪ੍ਰਚਾਰ ਅਤੇ ਲੋਕਾਂ ਨੂੰ ਠੀਕ ਕਰਦੇ ਰਹੇ। ਬਹੁਤ ਸਾਰੇ ਲੋਕ ਪਰਮੇਸ਼ੁਰ ʼਤੇ ਵਿਸ਼ਵਾਸ ਕਰਨ ਲੱਗੇ ਪਏ। ਸਦੂਕੀ ਚੇਲਿਆਂ ਨਾਲ ਬਹੁਤ ਈਰਖਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਚੇਲਿਆਂ ਨੂੰ ਗਿਰਫ਼ਤਾਰ ਕਰ ਕੇ ਜੇਲ੍ਹ ਵਿਚ ਸੁੱਟ ਦਿੱਤਾ। ਪਰ ਉਸੇ ਰਾਤ ਯਹੋਵਾਹ ਨੇ ਆਪਣਾ ਦੂਤ ਭੇਜਿਆ ਜਿਸ ਨੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਰਸੂਲਾਂ ਨੂੰ ਕਿਹਾ: ‘ਮੰਦਰ ਵਾਪਸ ਜਾਓ ਅਤੇ ਸਿੱਖਿਆ ਦਿਓ।’

ਅਗਲੀ ਸਵੇਰ, ਮਹਾਸਭਾ ਵਿਚ ਧਾਰਮਿਕ ਗੁਰੂਆਂ ਨੂੰ ਦੱਸਿਆ ਗਿਆ: ‘ਜੇਲ੍ਹ ਦੇ ਗੇਟ ਬੰਦ ਹਨ, ਪਰ ਜਿਨ੍ਹਾਂ ਆਦਮੀਆਂ ਨੂੰ ਤੁਸੀਂ ਗਿਰਫ਼ਤਾਰ ਕੀਤਾ ਸੀ, ਉਹ ਉੱਥੇ ਨਹੀਂ ਹਨ! ਉਹ ਮੰਦਰ ਵਿਚ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ!’ ਰਸੂਲਾਂ ਨੂੰ ਫਿਰ ਗਿਰਫ਼ਤਾਰ ਕਰ ਲਿਆ ਗਿਆ ਅਤੇ ਮਹਾਸਭਾ ਵਿਚ ਲਿਆਂਦਾ ਗਿਆ। ਮਹਾਂ ਪੁਜਾਰੀ ਨੇ ਉਨ੍ਹਾਂ ਨੂੰ ਕਿਹਾ: ‘ਅਸੀਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਯਿਸੂ ਬਾਰੇ ਗੱਲ ਨਾ ਕਰਿਓ!’ ਪਰ ਪਤਰਸ ਨੇ ਜਵਾਬ ਦਿੱਤਾ: “ਸਾਨੂੰ ਇਨਸਾਨਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਚਾਹੀਦਾ ਹੈ।”

ਧਾਰਮਿਕ ਗੁਰੂ ਇੰਨੇ ਗੁੱਸੇ ਵਿਚ ਆ ਗਏ ਕਿ ਉਹ ਰਸੂਲਾਂ ਨੂੰ ਮਾਰ ਦੇਣਾ ਚਾਹੁੰਦੇ ਸਨ। ਪਰ ਗਮਲੀਏਲ ਨਾਂ ਦਾ ਫ਼ਰੀਸੀ ਉਨ੍ਹਾਂ ਨੂੰ ਕਹਿਣ ਲੱਗਾ: ‘ਖ਼ਬਰਦਾਰ ਰਹੋ! ਸ਼ਾਇਦ ਪਰਮੇਸ਼ੁਰ ਇਨ੍ਹਾਂ ਆਦਮੀਆਂ ਦੇ ਨਾਲ ਹੋਵੇ। ਕੀ ਤੁਸੀਂ ਸੱਚ-ਮੁੱਚ ਪਰਮੇਸ਼ੁਰ ਦੇ ਖ਼ਿਲਾਫ਼ ਲੜਨਾ ਚਾਹੁੰਦੇ ਹੋ?’ ਉਨ੍ਹਾਂ ਨੇ ਗਮਲੀਏਲ ਦੀ ਸਲਾਹ ਮੰਨ ਲਈ। ਉਨ੍ਹਾਂ ਨੇ ਰਸੂਲਾਂ ਦੇ ਕੋਰੜੇ ਮਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਛੱਡ ਦਿੱਤਾ। ਪਰ ਉਹ ਰਸੂਲਾਂ ਨੂੰ ਰੋਕ ਨਾ ਸਕੇ। ਉਹ ਦਲੇਰੀ ਨਾਲ ਮੰਦਰ ਅਤੇ ਘਰ-ਘਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।

“ਅਸੀਂ ਇਨਸਾਨਾਂ ਦੀ ਬਜਾਇ [ਪਰਮੇਸ਼ੁਰ] ਦਾ ਹੀ ਹੁਕਮ ਮੰਨਾਂਗੇ।”​—ਰਸੂਲਾਂ ਦੇ ਕੰਮ 5:29