Skip to content

Skip to table of contents

ਪਾਠ 97

ਕੁਰਨੇਲੀਅਸ ʼਤੇ ਪਵਿੱਤਰ ਸ਼ਕਤੀ ਆਈ

ਕੁਰਨੇਲੀਅਸ ʼਤੇ ਪਵਿੱਤਰ ਸ਼ਕਤੀ ਆਈ

ਕੈਸਰੀਆ ਵਿਚ ਕੁਰਨੇਲੀਅਸ ਨਾਂ ਦਾ ਇਕ ਰੋਮੀ ਅਫ਼ਸਰ ਰਹਿੰਦਾ ਸੀ। ਭਾਵੇਂ ਉਹ ਯਹੂਦੀ ਨਹੀਂ ਸੀ, ਪਰ ਫਿਰ ਵੀ ਯਹੂਦੀ ਉਸ ਦਾ ਆਦਰ ਕਰਦੇ ਸਨ। ਉਹ ਖੁੱਲ੍ਹੇ ਦਿਲ ਨਾਲ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਦਾ ਸੀ। ਕੁਰਨੇਲੀਅਸ ਯਹੋਵਾਹ ʼਤੇ ਵਿਸ਼ਵਾਸ ਕਰਦਾ ਸੀ ਅਤੇ ਉਸ ਨੂੰ ਪ੍ਰਾਰਥਨਾ ਕਰਨ ਵਿਚ ਲੱਗਾ ਰਹਿੰਦਾ ਸੀ। ਇਕ ਦਿਨ ਇਕ ਦੂਤ ਕੁਰਨੇਲੀਅਸ ਕੋਲ ਆਇਆ ਤੇ ਉਸ ਨੂੰ ਕਿਹਾ: ‘ਪਰਮੇਸ਼ੁਰ ਨੇ ਤੇਰੀਆਂ ਪ੍ਰਾਰਥਨਾਵਾਂ ਸੁਣੀਆਂ ਹਨ। ਹੁਣ ਯਾਪਾ ਵਿਚ ਆਦਮੀ ਭੇਜ ਅਤੇ ਪਤਰਸ ਨੂੰ ਬੁਲਾ ਜੋ ਉੱਥੇ ਰਹਿ ਰਿਹਾ ਸੀ।’ ਕੁਰਨੇਲੀਅਸ ਨੇ ਉਸੇ ਵੇਲੇ ਤਿੰਨ ਆਦਮੀ ਯਾਪਾ ਭੇਜੇ ਜੋ ਦੱਖਣ ਵੱਲ ਲਗਭਗ 50 ਕਿਲੋਮੀਟਰ ਦੀ ਦੂਰੀ ʼਤੇ ਸੀ।

ਉਸ ਸਮੇਂ ਦੌਰਾਨ ਯਾਪਾ ਵਿਚ ਪਤਰਸ ਨੇ ਇਕ ਦਰਸ਼ਣ ਦੇਖਿਆ। ਦਰਸ਼ਣ ਵਿਚ ਉਸ ਨੇ ਜਾਨਵਰ ਦੇਖੇ ਜਿਨ੍ਹਾਂ ਨੂੰ ਯਹੂਦੀਆਂ ਨੂੰ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ। ਉਸ ਨੂੰ ਇਕ ਆਵਾਜ਼ ਸੁਣੀ ਜੋ ਕਹਿ ਰਹੀ ਸੀ ਕਿ ਇਹ ਜਾਨਵਰ ਖਾਹ। ਪਤਰਸ ਨੇ ਇਹ ਕਹਿੰਦੇ ਹੋਏ ਮਨ੍ਹਾ ਕੀਤਾ: ‘ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਅਸ਼ੁੱਧ ਜਾਨਵਰ ਨਹੀਂ ਖਾਧੇ।’ ਫਿਰ ਉਸ ਆਵਾਜ਼ ਨੇ ਪਤਰਸ ਨੂੰ ਕਿਹਾ: ‘ਇਨ੍ਹਾਂ ਜਾਨਵਰਾਂ ਨੂੰ ਅਸ਼ੁੱਧ ਨਾ ਕਹਿ। ਪਰਮੇਸ਼ੁਰ ਨੇ ਇਨ੍ਹਾਂ ਨੂੰ ਸ਼ੁੱਧ ਕੀਤਾ ਹੈ।’ ਪਤਰਸ ਨੂੰ ਕਿਹਾ ਗਿਆ: ‘ਤੈਨੂੰ ਤਿੰਨ ਆਦਮੀ ਮਿਲਣ ਆਏ ਹਨ। ਉਨ੍ਹਾਂ ਨਾਲ ਜਾ।’ ਪਤਰਸ ਦਰਵਾਜ਼ੇ ʼਤੇ ਗਿਆ ਅਤੇ ਉਨ੍ਹਾਂ ਆਦਮੀਆਂ ਨੂੰ ਪੁੱਛਿਆ ਕਿ ਉਹ ਇੱਥੇ ਕਿਉਂ ਆਏ ਹਨ। ਉਨ੍ਹਾਂ ਨੇ ਜਵਾਬ ਦਿੱਤਾ: ‘ਸਾਨੂੰ ਰੋਮੀ ਅਫ਼ਸਰ ਕੁਰਨੇਲੀਅਸ ਨੇ ਭੇਜਿਆ ਹੈ। ਅਸੀਂ ਤੈਨੂੰ ਕੈਸਰੀਆ ਵਿਚ ਉਸ ਦੇ ਘਰ ਲੈ ਜਾਣ ਨੂੰ ਆਏ ਹਾਂ।’ ਪਤਰਸ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ ਕਿ ਉਹ ਉਸ ਕੋਲ ਰਾਤ ਰੁਕਣ। ਅਗਲੇ ਦਿਨ ਪਤਰਸ ਅਤੇ ਯਾਪਾ ਦੇ ਕੁਝ ਭਰਾ ਉਨ੍ਹਾਂ ਆਦਮੀਆਂ ਨਾਲ ਕੈਸਰੀਆ ਨੂੰ ਚਲੇ ਗਏ।

ਜਦੋਂ ਕੁਰਨੇਲੀਅਸ ਨੇ ਪਤਰਸ ਨੂੰ ਦੇਖਿਆ, ਤਾਂ ਉਹ ਗੋਡਿਆਂ ਭਾਰ ਬੈਠ ਗਿਆ। ਪਰ ਪਤਰਸ ਨੇ ਉਸ ਨੂੰ ਕਿਹਾ: ‘ਉੱਠ! ਮੈਂ ਵੀ ਤੇਰੇ ਵਰਗਾ ਆਮ ਇਨਸਾਨ ਹਾਂ। ਭਾਵੇਂ ਯਹੂਦੀ ਕਿਸੇ ਹੋਰ ਕੌਮ ਦੇ ਲੋਕਾਂ ਦੇ ਘਰ ਨਹੀਂ ਜਾਂਦੇ, ਪਰ ਪਰਮੇਸ਼ੁਰ ਨੇ ਮੈਨੂੰ ਤੇਰੇ ਘਰ ਆਉਣ ਲਈ ਕਿਹਾ ਹੈ। ਹੁਣ ਮੈਨੂੰ ਦੱਸ ਕਿ ਤੂੰ ਮੈਨੂੰ ਇੱਥੇ ਕਿਉਂ ਬੁਲਾਇਆ ਹੈਂ।’

ਕੁਰਨੇਲੀਅਸ ਨੇ ਪਤਰਸ ਨੂੰ ਕਿਹਾ: ‘ਚਾਰ ਦਿਨ ਪਹਿਲਾਂ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਰਿਹਾ ਸੀ ਅਤੇ ਇਕ ਦੂਤ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਬੁਲਾਵਾਂ। ਸਾਨੂੰ ਪਰਮੇਸ਼ੁਰ ਦੀਆਂ ਗੱਲਾਂ ਸਿਖਾ।’ ਪਤਰਸ ਨੇ ਕਿਹਾ: ‘ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਜਿਹੜਾ ਵੀ ਇਨਸਾਨ ਉਸ ਦੀ ਭਗਤੀ ਕਰਨੀ ਚਾਹੁੰਦਾ ਹੈ, ਉਹ ਉਸ ਨੂੰ ਕਬੂਲ ਕਰਦਾ ਹੈ।’ ਪਤਰਸ ਨੇ ਉਨ੍ਹਾਂ ਨੂੰ ਯਿਸੂ ਬਾਰੇ ਕਈ ਗੱਲਾਂ ਸਿਖਾਈਆਂ। ਫਿਰ ਕੁਰਨੇਲੀਅਸ ਅਤੇ ਜਿਹੜੇ ਉਸ ਨਾਲ ਸਨ, ਉਨ੍ਹਾਂ ਸਾਰਿਆਂ ʼਤੇ ਪਵਿੱਤਰ ਸ਼ਕਤੀ ਆਈ ਅਤੇ ਸਾਰਿਆਂ ਨੇ ਬਪਤਿਸਮਾ ਲਿਆ।

“ਹਰ ਕੌਮ ਵਿਚ ਜਿਹੜਾ ਵੀ ਇਨਸਾਨ [ਪਰਮੇਸ਼ੁਰ] ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”​—ਰਸੂਲਾਂ ਦੇ ਕੰਮ 10:35