Skip to content

Skip to table of contents

ਪਾਠ 98

ਬਹੁਤ ਸਾਰੀਆਂ ਕੌਮਾਂ ਵਿਚ ਯਿਸੂ ਦੀਆਂ ਸਿੱਖਿਆਵਾਂ ਫੈਲ ਗਈਆਂ

ਬਹੁਤ ਸਾਰੀਆਂ ਕੌਮਾਂ ਵਿਚ ਯਿਸੂ ਦੀਆਂ ਸਿੱਖਿਆਵਾਂ ਫੈਲ ਗਈਆਂ

ਰਸੂਲਾਂ ਨੇ ਯਿਸੂ ਦਾ ਹੁਕਮ ਮੰਨ ਕੇ ਸਾਰੀ ਧਰਤੀ ʼਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਭਰਾਵਾਂ ਨੇ 47 ਈਸਵੀ ਵਿਚ ਪੌਲੁਸ ਤੇ ਬਰਨਾਬਾਸ ਨੂੰ ਅੰਤਾਕੀਆ ਵਿਚ ਇਕ ਪ੍ਰਚਾਰ ਦੌਰੇ ʼਤੇ ਭੇਜਿਆ। ਦੋਵੇਂ ਜੋਸ਼ੀਲੇ ਪ੍ਰਚਾਰਕਾਂ ਨੇ ਏਸ਼ੀਆ ਮਾਈਨਰ ਵਿਚ ਸਫ਼ਰ ਕੀਤਾ, ਜਿਵੇਂ ਦਰਬੇ, ਲੁਸਤ੍ਰਾ ਅਤੇ ਇਕੁਨਿਉਮ।

ਪੌਲੁਸ ਤੇ ਬਰਨਾਬਾਸ ਨੇ ਸਾਰਿਆਂ ਨੂੰ ਪ੍ਰਚਾਰ ਕੀਤਾ, ਚਾਹੇ ਕੋਈ ਅਮੀਰ ਸੀ ਜਾਂ ਗ਼ਰੀਬ, ਜਵਾਨ ਸੀ ਜਾਂ ਬੁੱਢਾ। ਬਹੁਤ ਸਾਰੇ ਲੋਕਾਂ ਨੇ ਮਸੀਹ ਬਾਰੇ ਸੱਚਾਈ ਕਬੂਲ ਕੀਤੀ। ਜਦੋਂ ਪੌਲੁਸ ਤੇ ਬਰਨਾਬਾਸ ਨੇ ਸਾਈਪ੍ਰਸ ਦੇ ਰਾਜਪਾਲ, ਸਰਗੀਉਸ ਪੌਲੂਸ, ਨੂੰ ਪ੍ਰਚਾਰ ਕੀਤਾ, ਤਾਂ ਇਕ ਜਾਦੂਗਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੌਲੁਸ ਨੇ ਜਾਦੂਗਰ ਨੂੰ ਕਿਹਾ: ‘ਯਹੋਵਾਹ ਤੇਰੇ ਵਿਰੁੱਧ ਹੈ।’ ਜਾਦੂਗਰ ਉਸੇ ਵੇਲੇ ਅੰਨ੍ਹਾ ਹੋ ਗਿਆ। ਇਹ ਦੇਖ ਕੇ ਰਾਜਪਾਲ ਪੌਲੂਸ ਯਿਸੂ ʼਤੇ ਨਿਹਚਾ ਕਰਨ ਲੱਗ ਪਿਆ।

ਪੌਲੁਸ ਤੇ ਬਰਨਾਬਾਸ ਨੇ ਹਰ ਥਾਂ ਪ੍ਰਚਾਰ ਕੀਤਾ, ਜਿਵੇਂ ਘਰ-ਘਰ, ਬਾਜ਼ਾਰਾਂ ਵਿਚ, ਸੜਕਾਂ ʼਤੇ ਅਤੇ ਸਭਾ ਘਰਾਂ ਵਿਚ। ਉਨ੍ਹਾਂ ਨੇ ਲੁਸਤ੍ਰਾ ਵਿਚ ਇਕ ਲੰਗੜੇ ਆਦਮੀ ਨੂੰ ਠੀਕ ਕੀਤਾ। ਜਿਨ੍ਹਾਂ ਲੋਕਾਂ ਨੇ ਵੀ ਇਹ ਚਮਤਕਾਰ ਦੇਖਿਆ, ਉਨ੍ਹਾਂ ਨੇ ਸੋਚਿਆ ਕਿ ਉਹ ਦੇਵਤੇ ਹਨ ਅਤੇ ਉਨ੍ਹਾਂ ਦੀ ਭਗਤੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਪੌਲੁਸ ਤੇ ਬਰਨਾਬਾਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ: ‘ਸਿਰਫ਼ ਪਰਮੇਸ਼ੁਰ ਦੀ ਭਗਤੀ ਕਰੋ! ਅਸੀਂ ਤਾਂ ਆਮ ਇਨਸਾਨ ਹਾਂ।’ ਫਿਰ ਕੁਝ ਯਹੂਦੀ ਆਏ ਅਤੇ ਉਨ੍ਹਾਂ ਨੇ ਭੀੜ ਨੂੰ ਪੌਲੁਸ ਦੇ ਖ਼ਿਲਾਫ਼ ਕਰ ਦਿੱਤਾ। ਭੀੜ ਨੇ ਉਸ ਨੂੰ ਪੱਥਰ ਮਾਰੇ ਅਤੇ ਮਰਨ ਲਈ ਉਸ ਨੂੰ ਛੱਡ ਗਏ। ਪਰ ਪੌਲੁਸ ਅਜੇ ਜੀਉਂਦਾ ਸੀ। ਉਸੇ ਵੇਲੇ ਭਰਾਵਾਂ ਨੇ ਆ ਕੇ ਉਸ ਨੂੰ ਬਚਾਇਆ ਅਤੇ ਉਸ ਨੂੰ ਸ਼ਹਿਰ ਵਾਪਸ ਲੈ ਆਏ। ਬਾਅਦ ਵਿਚ ਪੌਲੁਸ ਅੰਤਾਕੀਆ ਵਾਪਸ ਚਲਾ ਗਿਆ।

49 ਈਸਵੀ ਵਿਚ ਪੌਲੁਸ ਇਕ ਹੋਰ ਪ੍ਰਚਾਰ ਦੌਰੇ ʼਤੇ ਗਿਆ। ਏਸ਼ੀਆ ਮਾਈਨਰ ਦੇ ਭੈਣਾਂ-ਭਰਾਵਾਂ ਨੂੰ ਮਿਲ ਕੇ ਵਾਪਸ ਆ ਕੇ ਉਹ ਖ਼ੁਸ਼ ਖ਼ਬਰੀ ਸੁਣਾਉਣ ਲਈ ਹੋਰ ਦੂਰ ਯੂਰਪ ਵਿਚ ਚਲਾ ਗਿਆ। ਉਹ ਐਥਿਨਜ਼, ਅਫ਼ਸੁਸ, ਫ਼ਿਲਿੱਪੈ, ਥੱਸਲੁਨੀਕਾ ਤੇ ਹੋਰ ਥਾਵਾਂ ਨੂੰ ਗਿਆ। ਇਸ ਸਫ਼ਰ ਵਿਚ ਸੀਲਾਸ, ਲੂਕਾ ਅਤੇ ਨੌਜਵਾਨ ਤਿਮੋਥਿਉਸ ਉਸ ਦੇ ਨਾਲ ਗਏ। ਉਨ੍ਹਾਂ ਨੇ ਮੰਡਲੀਆਂ ਬਣਾਉਣ ਲਈ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕੀਤਾ। ਪੌਲੁਸ ਕੁਰਿੰਥ ਵਿਚ ਡੇਢ ਸਾਲ ਰਿਹਾ ਅਤੇ ਉਸ ਨੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕੀਤਾ। ਉਸ ਨੇ ਪ੍ਰਚਾਰ ਕੀਤਾ, ਸਿਖਾਇਆ ਅਤੇ ਬਹੁਤ ਸਾਰੀਆਂ ਮੰਡਲੀਆਂ ਨੂੰ ਚਿੱਠੀਆਂ ਲਿਖੀਆਂ। ਉਸ ਨੇ ਤੰਬੂ ਬਣਾਉਣ ਦਾ ਕੰਮ ਵੀ ਕੀਤਾ। ਸਮੇਂ ਦੇ ਬੀਤਣ ਨਾਲ ਪੌਲੁਸ ਅੰਤਾਕੀਆ ਵਾਪਸ ਚਲਾ ਗਿਆ।

ਬਾਅਦ ਵਿਚ 52 ਈਸਵੀ ਵਿਚ ਪੌਲੁਸ ਤੀਜੇ ਦੌਰੇ ʼਤੇ ਗਿਆ ਜੋ ਉਸ ਨੇ ਏਸ਼ੀਆ ਮਾਈਨਰ ਵਿਚ ਸ਼ੁਰੂ ਕੀਤਾ। ਉਹ ਉੱਤਰ ਦਿਸ਼ਾ ਵਿਚ ਫ਼ਿਲਿੱਪੈ ਅਤੇ ਫਿਰ ਕੁਰਿੰਥੁਸ ਤਕ ਗਿਆ। ਪੌਲੁਸ ਅਫ਼ਸੁਸ ਵਿਚ ਕਈ ਸਾਲ ਰਿਹਾ ਅਤੇ ਉਸ ਨੇ ਉੱਥੇ ਲੋਕਾਂ ਨੂੰ ਸਿੱਖਿਆ ਦਿੱਤੀ, ਉਨ੍ਹਾਂ ਨੂੰ ਠੀਕ ਕੀਤਾ ਅਤੇ ਮੰਡਲੀ ਦੀ ਮਦਦ ਕੀਤੀ। ਉਹ ਲੋਕਾਂ ਨੂੰ ਹਰ ਰੋਜ਼ ਸਕੂਲ ਵਿਚ ਉਪਦੇਸ਼ ਦਿੰਦਾ ਸੀ। ਕਈ ਲੋਕਾਂ ਨੇ ਉਸ ਦੀ ਗੱਲ ਸੁਣ ਕੇ ਆਪਣੇ ਆਪ ਨੂੰ ਬਦਲ ਲਿਆ। ਬਹੁਤ ਸਾਰੇ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਪੌਲੁਸ ਯਰੂਸ਼ਲਮ ਚਲਾ ਗਿਆ।

“ਇਸ ਲਈ, ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।”​—ਮੱਤੀ 28:19