Skip to content

Skip to table of contents

ਪਾਠ 103

“ਤੇਰਾ ਰਾਜ ਆਵੇ”

“ਤੇਰਾ ਰਾਜ ਆਵੇ”

ਯਹੋਵਾਹ ਨੇ ਵਾਅਦਾ ਕੀਤਾ ਹੈ: ‘ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਬੀਮਾਰੀ ਅਤੇ ਮੌਤ ਨਹੀਂ ਹੋਵੇਗੀ। ਮੈਂ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵਾਂਗਾ। ਪੁਰਾਣੇ ਸਮੇਂ ਦੀਆਂ ਬੁਰੀਆਂ ਗੱਲਾਂ ਚੇਤੇ ਨਹੀਂ ਆਉਣਗੀਆਂ।’

ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿਚ ਰੱਖਿਆ ਸੀ ਤਾਂਕਿ ਉਹ ਖ਼ੁਸ਼ੀ ਅਤੇ ਸ਼ਾਂਤੀ ਨਾਲ ਰਹਿ ਸਕਣ। ਉਨ੍ਹਾਂ ਨੇ ਆਪਣੇ ਸਵਰਗੀ ਪਿਤਾ ਦੀ ਭਗਤੀ ਕਰਨੀ ਸੀ ਅਤੇ ਸਾਰੀ ਧਰਤੀ ਨੂੰ ਆਪਣੇ ਬੱਚਿਆਂ ਨਾਲ ਭਰਨਾ ਸੀ। ਪਰ ਆਦਮ ਅਤੇ ਹੱਵਾਹ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਪਰ ਯਹੋਵਾਹ ਦਾ ਮਕਸਦ ਕਦੇ ਨਹੀਂ ਬਦਲਿਆ। ਇਸ ਕਿਤਾਬ ਵਿਚ ਅਸੀਂ ਦੇਖਿਆ ਹੈ ਕਿ ਯਹੋਵਾਹ ਦੇ ਵਾਅਦੇ ਹਮੇਸ਼ਾ ਪੂਰੇ ਹੁੰਦੇ ਹਨ। ਅਬਰਾਹਾਮ ਨਾਲ ਕੀਤੇ ਆਪਣੇ ਵਾਅਦੇ ਅਨੁਸਾਰ ਉਸ ਦੇ ਰਾਜ ਰਾਹੀਂ ਧਰਤੀ ਦੇ ਲੋਕਾਂ ਨੂੰ ਬਹੁਤ ਸ਼ਾਨਦਾਰ ਬਰਕਤਾਂ ਮਿਲਣਗੀਆਂ।

ਜਲਦੀ ਹੀ ਸ਼ੈਤਾਨ, ਉਸ ਦੇ ਦੁਸ਼ਟ ਦੂਤਾਂ ਅਤੇ ਬੁਰੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ ਜਾਵੇਗਾ। ਬਚੇ ਹੋਏ ਲੋਕ ਯਹੋਵਾਹ ਦੀ ਭਗਤੀ ਕਰਨਗੇ। ਅਸੀਂ ਨਾ ਤਾਂ ਬੀਮਾਰ ਹੋਵਾਂਗੇ ਤੇ ਨਾ ਹੀ ਮਰਾਂਗੇ। ਇਸ ਦੀ ਬਜਾਇ, ਅਸੀਂ ਸਾਰੇ ਜਣੇ ਹਰ ਸਵੇਰ ਨੂੰ ਤੰਦਰੁਸਤ ਉੱਠਾਂਗੇ ਅਤੇ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਜੀਵਾਂਗੇ। ਸਾਰੀ ਧਰਤੀ ਬਾਗ਼ ਵਰਗੀ ਬਣਾਈ ਜਾਵੇਗੀ। ਸਾਰਿਆਂ ਕੋਲ ਵਧੀਆ ਭੋਜਨ ਹੋਵੇਗਾ ਅਤੇ ਸੋਹਣੇ ਘਰ ਹੋਣਗੇ। ਲੋਕ ਰੁੱਖੇ ਜਾਂ ਹਿੰਸਕ ਤਰੀਕੇ ਨਾਲ ਨਹੀਂ, ਸਗੋਂ ਪਿਆਰ ਨਾਲ ਪੇਸ਼ ਆਉਣਗੇ। ਜੰਗਲੀ ਜਾਨਵਰ ਸਾਨੂੰ ਨਹੀਂ ਡਰਾਉਣਗੇ ਤੇ ਨਾ ਹੀ ਸਾਨੂੰ ਉਨ੍ਹਾਂ ਤੋਂ ਡਰ ਲੱਗੇਗਾ।

ਉਹ ਸਮਾਂ ਕਿੰਨਾ ਜ਼ਿਆਦਾ ਵਧੀਆ ਹੋਵੇਗਾ ਜਦੋਂ ਯਹੋਵਾਹ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰੇਗਾ। ਅਸੀਂ ਪੁਰਾਣੇ ਜ਼ਮਾਨੇ ਦੇ ਲੋਕਾਂ ਦਾ ਸੁਆਗਤ ਕਰਾਂਗੇ, ਜਿਵੇਂ ਹਾਬਲ, ਨੂਹ, ਅਬਰਾਹਾਮ, ਸਾਰਾਹ, ਮੂਸਾ, ਰੂਥ, ਅਸਤਰ ਅਤੇ ਦਾਊਦ। ਉਹ ਧਰਤੀ ਨੂੰ ਬਾਗ਼ ਵਰਗਾ ਬਣਾਉਣ ਵਿਚ ਸਾਡੀ ਮਦਦ ਕਰਨਗੇ। ਨਵੀਂ ਦੁਨੀਆਂ ਵਿਚ ਬਹੁਤ ਸਾਰਾ ਕੰਮ ਕਰਨ ਨੂੰ ਹੋਵੇਗਾ।

ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉੱਥੇ ਹੋਵੋ। ਤੁਹਾਨੂੰ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਪਤਾ ਲੱਗਣਗੀਆਂ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਆਓ ਆਪਾਂ ਹੁਣ ਅਤੇ ਹਮੇਸ਼ਾ ਲਈ ਯਹੋਵਾਹ ਦੇ ਹੋਰ ਨੇੜੇ ਹੁੰਦੇ ਜਾਈਏ!

“ਹੇ ਸਾਡੇ ਸ਼ਕਤੀਸ਼ਾਲੀ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ।”​—ਪ੍ਰਕਾਸ਼ ਦੀ ਕਿਤਾਬ 4:11