Skip to content

Skip to table of contents

ਅਧਿਆਇ 7

ਕੌਮਾਂ ਨੂੰ “ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ”

ਕੌਮਾਂ ਨੂੰ “ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ”

ਹਿਜ਼ਕੀਏਲ 25:17

ਮੁੱਖ ਗੱਲ: ਯਹੋਵਾਹ ਦੇ ਨਾਂ ਦਾ ਨਿਰਾਦਰ ਕਰਨ ਵਾਲੀਆਂ ਕੌਮਾਂ ਨਾਲ ਇਜ਼ਰਾਈਲੀਆਂ ਦੇ ਮੇਲ-ਜੋਲ ਤੋਂ ਅਸੀਂ ਕੀ ਸਿੱਖਦੇ ਹਾਂ

1, 2. (ੳ) ਇਜ਼ਰਾਈਲ ਦੀ ਹਾਲਤ ਬਘਿਆੜਾਂ ਵਿਚ ਘਿਰੀ ਇਕ ਭੇਡ ਵਰਗੀ ਕਿਵੇਂ ਸੀ? (ਪਹਿਲੀ ਤਸਵੀਰ ਦੇਖੋ।) (ਅ) ਇਜ਼ਰਾਈਲੀਆਂ ਅਤੇ ਉਨ੍ਹਾਂ ਦੇ ਰਾਜਿਆਂ ਕਰਕੇ ਕੀ ਹੋਇਆ?

ਸੈਂਕੜੇ ਸਾਲਾਂ ਤੋਂ ਇਜ਼ਰਾਈਲ ਦੀ ਹਾਲਤ ਬਘਿਆੜਾਂ ਦੇ ਝੁੰਡ ਵਿਚ ਘਿਰੀ ਇਕ ਭੇਡ ਵਰਗੀ ਸੀ। ਇਜ਼ਰਾਈਲ ਦੀ ਪੂਰਬੀ ਸਰਹੱਦ ’ਤੇ ਮੋਆਬੀ, ਅੰਮੋਨੀ ਅਤੇ ਅਦੋਮੀ ਉਨ੍ਹਾਂ ਨੂੰ ਡਰਾਉਂਦੇ-ਧਮਕਾਉਂਦੇ ਸਨ। ਪੱਛਮ ਵਿਚ ਫਲਿਸਤੀ ਸਦੀਆਂ ਤੋਂ ਇਜ਼ਰਾਈਲੀਆਂ ਦੇ ਦੁਸ਼ਮਣ ਸਨ। ਇਸ ਦੇ ਉੱਤਰ ਵਿਚ ਅਮੀਰ ਅਤੇ ਤਾਕਤਵਰ ਸ਼ਹਿਰ ਸੋਰ ਸੀ ਜੋ ਦੂਰ-ਦੁਰਾਡੇ ਦੇਸ਼ਾਂ ਦੇ ਵਪਾਰ ਦਾ ਮੁੱਖ ਕੇਂਦਰ ਸੀ। ਦੱਖਣ ਵਿਚ ਮਿਸਰ ਸੀ ਜਿੱਥੇ ਫਿਰਊਨ ਰਾਜ ਕਰਦਾ ਸੀ ਅਤੇ ਲੋਕ ਉਸ ਨੂੰ ਰੱਬ ਮੰਨਦੇ ਸਨ।

2 ਜਦੋਂ ਇਜ਼ਰਾਈਲੀ ਯਹੋਵਾਹ ’ਤੇ ਭਰੋਸਾ ਕਰਦੇ ਸਨ, ਉਦੋਂ ਉਹ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਬਚਾਉਂਦਾ ਸੀ। ਪਰ ਇਜ਼ਰਾਈਲੀਆਂ ਅਤੇ ਉਨ੍ਹਾਂ ਦੇ ਰਾਜਿਆਂ ਨੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪ੍ਰਭਾਵ ਹੇਠ ਆ ਕੇ ਆਪਣੇ ਆਪ ਨੂੰ ਵਾਰ-ਵਾਰ ਭ੍ਰਿਸ਼ਟ ਕੀਤਾ। ਇਨ੍ਹਾਂ ਵਿੱਚੋਂ ਇਕ ਰਾਜਾ ਸੀ ਅਹਾਬ। ਉਹ ਇਜ਼ਰਾਈਲ ਦੇ ਦਸ-ਗੋਤੀ ਰਾਜ ਦਾ ਰਾਜਾ ਸੀ ਅਤੇ ਯਹੂਦਾਹ ਦੇ ਰਾਜੇ ਯਹੋਸ਼ਾਫਾਟ ਦੇ ਜ਼ਮਾਨੇ ਵਿਚ ਰਹਿੰਦਾ ਸੀ। ਅਹਾਬ ਕਮਜ਼ੋਰ ਇਰਾਦੇ ਵਾਲਾ ਇਨਸਾਨ ਸੀ ਜੋ ਦੂਜਿਆਂ ਦੇ ਪ੍ਰਭਾਵ ਹੇਠ ਆ ਜਾਂਦਾ ਸੀ। ਉਸ ਨੇ ਸੀਦੋਨੀ ਰਾਜੇ ਦੀ ਧੀ ਈਜ਼ਬਲ ਨਾਲ ਵਿਆਹ ਕਰਾਇਆ ਅਤੇ ਇਸ ਰਾਜੇ ਦਾ ਅਮੀਰ ਸ਼ਹਿਰ ਸੋਰ ’ਤੇ ਦਬਦਬਾ ਸੀ। ਈਜ਼ਬਲ ਬਆਲ ਦੀ ਕੱਟੜ ਭਗਤ ਸੀ ਅਤੇ ਉਸ ਨੇ ਇਜ਼ਰਾਈਲੀਆਂ ਨੂੰ ਵੀ ਉਸ ਦੀ ਭਗਤੀ ਕਰਨ ਲਾ ਦਿੱਤਾ ਅਤੇ ਉਸ ਦੇ ਪਤੀ ਨੇ ਵੀ ਉਸ ਦੇ ਦਬਾਅ ਹੇਠ ਆ ਕੇ ਸ਼ੁੱਧ ਭਗਤੀ ਕਰਨੀ ਛੱਡ ਦਿੱਤੀ। ਅਹਾਬ ਨੇ ਸ਼ੁੱਧ ਭਗਤੀ ਇੰਨੀ ਭ੍ਰਿਸ਼ਟ ਕਰ ਦਿੱਤੀ ਜਿੰਨੀ ਪਹਿਲਾਂ ਕਦੇ ਨਹੀਂ ਹੋਈ।​—1 ਰਾਜ. 16:30-33; 18:4, 19.

3, 4. (ੳ) ਹਿਜ਼ਕੀਏਲ ਨੇ ਕਿਨ੍ਹਾਂ ਖ਼ਿਲਾਫ਼ ਭਵਿੱਖਬਾਣੀਆਂ ਕੀਤੀਆਂ? (ਅ) ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

3 ਯਹੋਵਾਹ ਨੇ ਆਪਣੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਨਾਲ ਬੇਵਫ਼ਾਈ ਕਰਨ ਦਾ ਕੀ ਅੰਜਾਮ ਹੋਵੇਗਾ। ਹੁਣ ਉਸ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਸੀ। (ਯਿਰ. 21:7, 10; ਹਿਜ਼. 5:7-9) 609 ਈਸਵੀ ਪੂਰਵ ਵਿਚ ਬਾਬਲੀ ਫ਼ੌਜ ਤੀਸਰੀ ਵਾਰ ਵਾਅਦਾ ਕੀਤੇ ਦੇਸ਼ ’ਤੇ ਚੜ੍ਹ ਆਈ। ਉਨ੍ਹਾਂ ਨੇ ਦੂਸਰਾ ਹਮਲਾ ਦਸ ਸਾਲ ਪਹਿਲਾਂ ਕੀਤਾ ਸੀ। ਪਰ ਇਸ ਵਾਰ ਉਨ੍ਹਾਂ ਨੇ ਯਰੂਸ਼ਲਮ ਦੀਆਂ ਕੰਧਾਂ ਨੂੰ ਢਹਿ-ਢੇਰੀ ਕਰ ਦੇਣਾ ਸੀ ਅਤੇ ਨਬੂਕਦਨੱਸਰ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਨੂੰ ਕੁਚਲ ਦੇਣਾ ਸੀ। ਜਦੋਂ ਯਰੂਸ਼ਲਮ ਦੀ ਘੇਰਾਬੰਦੀ ਸ਼ੁਰੂ ਹੋਈ ਤੇ ਹਿਜ਼ਕੀਏਲ ਦੀ ਭਵਿੱਖਬਾਣੀ ਦੀ ਇਕ-ਇਕ ਗੱਲ ਪੂਰੀ ਹੋਣ ਲੱਗੀ, ਤਾਂ ਹਿਜ਼ਕੀਏਲ ਨੇ ਵਾਅਦਾ ਕੀਤੇ ਹੋਏ ਦੇਸ਼ ਦੇ ਆਲੇ-ਦੁਆਲੇ ਦੀਆਂ ਕੌਮਾਂ ਖ਼ਿਲਾਫ਼ ਭਵਿੱਖਬਾਣੀਆਂ ਕੀਤੀਆਂ।

ਜਿਨ੍ਹਾਂ ਕੌਮਾਂ ਨੇ ਯਹੋਵਾਹ ਦਾ ਨਾਂ ਬਦਨਾਮ ਕੀਤਾ, ਉਨ੍ਹਾਂ ਨੂੰ ਇਸ ਦਾ ਅੰਜਾਮ ਭੁਗਤਣਾ ਪਿਆ

4 ਯਹੋਵਾਹ ਨੇ ਹਿਜ਼ਕੀਏਲ ਨੂੰ ਦੱਸਿਆ ਕਿ ਯਰੂਸ਼ਲਮ ਦੇ ਨਾਸ਼ ਸਮੇਂ ਯਹੂਦਾਹ ਦੇ ਦੁਸ਼ਮਣ ਖ਼ੁਸ਼ੀਆਂ ਮਨਾਉਣਗੇ ਅਤੇ ਇਸ ਨਾਸ਼ ਤੋਂ ਬਚਣ ਵਾਲੇ ਲੋਕਾਂ ਨੂੰ ਤੰਗ ਕਰਨਗੇ। ਪਰ ਜਿਨ੍ਹਾਂ ਕੌਮਾਂ ਨੇ ਯਹੋਵਾਹ ਦਾ ਨਾਂ ਬਦਨਾਮ ਕੀਤਾ, ਉਸ ਦੇ ਲੋਕਾਂ ’ਤੇ ਅਤਿਆਚਾਰ ਕੀਤੇ ਅਤੇ ਉਨ੍ਹਾਂ ਨੂੰ ਭ੍ਰਿਸ਼ਟ ਕੀਤਾ, ਉਨ੍ਹਾਂ ਕੌਮਾਂ ਨੂੰ ਆਪਣੇ ਇਨ੍ਹਾਂ ਬੁਰੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ। ਦੂਜੀਆਂ ਕੌਮਾਂ ਨਾਲ ਇਜ਼ਰਾਈਲ ਦੇ ਮੇਲ-ਜੋਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਕੌਮਾਂ ਖ਼ਿਲਾਫ਼ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਤੋਂ ਸਾਨੂੰ ਕੀ ਉਮੀਦ ਮਿਲਦੀ ਹੈ?

ਇਜ਼ਰਾਈਲ ਦੇ ਰਿਸ਼ਤੇਦਾਰਾਂ ਨੇ ਉਸ ਦੀ ‘ਬੇਇੱਜ਼ਤੀ ਕੀਤੀ’

5, 6. ਅੰਮੋਨੀਆਂ ਦਾ ਇਜ਼ਰਾਈਲੀਆਂ ਨਾਲ ਕੀ ਰਿਸ਼ਤਾ ਸੀ?

5 ਇਹ ਕਿਹਾ ਜਾ ਸਕਦਾ ਹੈ ਕਿ ਇਜ਼ਰਾਈਲੀਆਂ ਦਾ ਅੰਮੋਨੀਆਂ, ਮੋਆਬੀਆਂ ਅਤੇ ਅਦੋਮੀਆਂ ਨਾਲ ਖ਼ੂਨ ਦਾ ਰਿਸ਼ਤਾ ਸੀ। ਇਨ੍ਹਾਂ ਕੌਮਾਂ ਦੇ ਦਾਦੇ-ਪੜਦਾਦੇ ਇੱਕੋ ਹੀ ਸਨ ਤੇ ਕਾਫ਼ੀ ਸਮਾਂ ਪਹਿਲਾਂ ਇਕੱਠੇ ਰਹਿੰਦੇ ਸਨ। ਫਿਰ ਵੀ ਇਨ੍ਹਾਂ ਕੌਮਾਂ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਬੁਰਾ ਸਲੂਕ ਕੀਤਾ ਅਤੇ ਹਮੇਸ਼ਾ ਉਨ੍ਹਾਂ ਦੀ “ਬੇਇੱਜ਼ਤੀ” ਕੀਤੀ।​—ਹਿਜ਼. 25:6.

6 ਜ਼ਰਾ ਅੰਮੋਨੀਆਂ ’ਤੇ ਗੌਰ ਕਰੋ। ਇਹ ਕੌਮ ਅਬਰਾਹਾਮ ਦੇ ਭਤੀਜੇ ਲੂਤ ਦੀ ਛੋਟੀ ਕੁੜੀ ਤੋਂ ਬਣੀ ਸੀ। (ਉਤ. 19:38) ਇਨ੍ਹਾਂ ਦੀ ਭਾਸ਼ਾ ਇਬਰਾਨੀ ਭਾਸ਼ਾ ਨਾਲ ਬਹੁਤ ਮਿਲਦੀ-ਜੁਲਦੀ ਸੀ ਜਿਸ ਕਰਕੇ ਇਜ਼ਰਾਈਲੀ ਸ਼ਾਇਦ ਇਨ੍ਹਾਂ ਦੀ ਭਾਸ਼ਾ ਸਮਝ ਸਕਦੇ ਸਨ। ਅੰਮੋਨੀ ਇਜ਼ਰਾਈਲੀਆਂ ਦੇ ਰਿਸ਼ਤੇਦਾਰ ਸਨ ਜਿਸ ਕਰਕੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ ਕਿ ਉਹ ਅੰਮੋਨੀਆਂ ਨਾਲ ਯੁੱਧ ਕਰਨ ਵਿਚ ਪਹਿਲ ਨਾ ਕਰਨ। (ਬਿਵ. 2:19) ਪਰ ਅੰਮੋਨੀਆਂ ਨੇ ਨਿਆਂਕਾਰਾਂ ਦੇ ਦਿਨਾਂ ਵਿਚ ਮੋਆਬ ਦੇ ਰਾਜੇ ਅਗਲੋਨ ਨਾਲ ਮਿਲ ਕੇ ਇਜ਼ਰਾਈਲੀਆਂ ’ਤੇ ਅਤਿਆਚਾਰ ਕੀਤੇ। (ਨਿਆ. 3:12-15, 27-30) ਬਾਅਦ ਵਿਚ ਸ਼ਾਊਲ ਦੇ ਰਾਜ ਦੌਰਾਨ ਅੰਮੋਨੀਆਂ ਨੇ ਇਜ਼ਰਾਈਲ ’ਤੇ ਹਮਲਾ ਕੀਤਾ। (1 ਸਮੂ. 11:1-4) ਰਾਜਾ ਯਹੋਸ਼ਾਫਾਟ ਦੇ ਦਿਨਾਂ ਵਿਚ ਅੰਮੋਨੀਆਂ ਨੇ ਫਿਰ ਤੋਂ ਮੋਆਬ ਨਾਲ ਹੱਥ ਮਿਲਾ ਕੇ ਵਾਅਦਾ ਕੀਤੇ ਹੋਏ ਦੇਸ਼ ’ਤੇ ਹਮਲਾ ਕੀਤਾ।​—2 ਇਤਿ. 20:1, 2.

7. ਮੋਆਬੀਆਂ ਨੇ ਆਪਣੇ ਇਜ਼ਰਾਈਲੀ ਰਿਸ਼ਤੇਦਾਰਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ?

7 ਮੋਆਬੀ ਕੌਮ ਵੀ ਲੂਤ ਤੋਂ ਹੀ ਆਈ ਸੀ, ਪਰ ਇਹ ਉਸ ਦੀ ਵੱਡੀ ਕੁੜੀ ਤੋਂ ਬਣੀ ਸੀ। (ਉਤ. 19:36, 37) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮੋਆਬੀਆਂ ਨਾਲ ਯੁੱਧ ਕਰਨ ਤੋਂ ਮਨ੍ਹਾ ਕੀਤਾ ਸੀ। (ਬਿਵ. 2:9) ਪਰ ਮੋਆਬੀ ਨਾਸ਼ੁਕਰੇ ਨਿਕਲੇ ਅਤੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਕੋਈ ਮਦਦ ਨਹੀਂ ਕੀਤੀ ਜੋ ਮਿਸਰ ਦੀ ਗ਼ੁਲਾਮੀ ਵਿੱਚੋਂ ਨਿਕਲ ਕੇ ਆਏ ਸਨ। ਇਸ ਦੀ ਬਜਾਇ, ਉਨ੍ਹਾਂ ਨੇ ਇਜ਼ਰਾਈਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਮੋਆਬੀ ਰਾਜੇ ਬਾਲਾਕ ਨੇ ਬਿਲਾਮ ਨੂੰ ਪੈਸੇ ਦੇ ਕੇ ਇਜ਼ਰਾਈਲ ਨੂੰ ਸਰਾਪ ਦੇਣ ਲਈ ਕਿਹਾ। ਬਿਲਾਮ ਨੇ ਬਾਲਾਕ ਨੂੰ ਦੱਸਿਆ ਕਿ ਉਹ ਇਜ਼ਰਾਈਲੀ ਆਦਮੀਆਂ ਨੂੰ ਬਦਚਲਣੀ ਅਤੇ ਮੂਰਤੀ-ਪੂਜਾ ਕਰਨ ਲਈ ਕਿਵੇਂ ਭਰਮਾ ਸਕਦਾ ਸੀ। (ਗਿਣ. 22:1-8; 25:1-9; ਪ੍ਰਕਾ. 2:14) ਸਦੀਆਂ ਤਕ ਮੋਆਬੀ ਆਪਣੇ ਇਜ਼ਰਾਈਲੀ ਰਿਸ਼ਤੇਦਾਰਾਂ ’ਤੇ ਜ਼ੁਲਮ ਕਰਦੇ ਰਹੇ। ਇਸ ਤਰ੍ਹਾਂ ਉਹ ਹਿਜ਼ਕੀਏਲ ਦੇ ਦਿਨਾਂ ਤਕ ਕਰਦੇ ਰਹੇ।​—2 ਰਾਜ. 24:1, 2.

8. ਯਹੋਵਾਹ ਨੇ ਅਦੋਮੀਆਂ ਨੂੰ ਇਜ਼ਰਾਈਲੀਆਂ ਦੇ ਭਰਾ ਕਿਉਂ ਕਿਹਾ, ਪਰ ਅਦੋਮੀਆਂ ਨੇ ਕੀ ਕੀਤਾ?

8 ਅਦੋਮੀ ਕੌਮ ਯਾਕੂਬ ਦੇ ਜੌੜੇ ਭਰਾ ਏਸਾਓ ਤੋਂ ਬਣੀ ਸੀ। ਇਜ਼ਰਾਈਲੀਆਂ ਨਾਲ ਇਨ੍ਹਾਂ ਦਾ ਕਰੀਬੀ ਰਿਸ਼ਤਾ ਹੋਣ ਕਰਕੇ ਯਹੋਵਾਹ ਨੇ ਅਦੋਮੀਆਂ ਨੂੰ ਇਜ਼ਰਾਈਲੀਆਂ ਦੇ ਭਰਾ ਕਿਹਾ ਸੀ। (ਬਿਵ. 2:1-5; 23:7, 8) ਫਿਰ ਵੀ ਜਦੋਂ ਇਜ਼ਰਾਈਲੀ ਮਿਸਰ ਦੀ ਗ਼ੁਲਾਮੀ ਵਿੱਚੋਂ ਨਿਕਲੇ, ਉਦੋਂ ਤੋਂ ਲੈ ਕੇ 607 ਈਸਵੀ ਪੂਰਵ ਵਿਚ ਯਰੂਸ਼ਲਮ ਦੇ ਨਾਸ਼ ਤਕ ਅਦੋਮੀ ਇਜ਼ਰਾਈਲੀਆਂ ਦਾ ਵਿਰੋਧ ਕਰਦੇ ਰਹੇ। (ਗਿਣ. 20:14, 18; ਹਿਜ਼. 25:12) ਇਸ ਸਮੇਂ ਦੌਰਾਨ ਅਦੋਮੀਆਂ ਨੇ ਇਜ਼ਰਾਈਲੀਆਂ ਦੇ ਦੁੱਖਾਂ ’ਤੇ ਨਾ ਸਿਰਫ਼ ਖ਼ੁਸ਼ੀਆਂ ਮਨਾਈਆਂ, ਸਗੋਂ ਯਰੂਸ਼ਲਮ ਦਾ ਪੂਰੀ ਤਰ੍ਹਾਂ ਨਾਸ਼ ਕਰਨ ਲਈ ਬਾਬਲੀਆਂ ਨੂੰ ਭੜਕਾਇਆ ਵੀ। ਨਾਲੇ ਉਨ੍ਹਾਂ ਨੇ ਇਸ ਨਾਸ਼ ਤੋਂ ਬਚ ਨਿਕਲਣ ਵਾਲੇ ਇਜ਼ਰਾਈਲੀਆਂ ਦਾ ਰਾਹ ਰੋਕਿਆ ਅਤੇ ਉਨ੍ਹਾਂ ਨੂੰ ਫੜ ਕੇ ਦੁਸ਼ਮਣ ਦੇ ਹੱਥਾਂ ਵਿਚ ਦੇ ਦਿੱਤਾ।​—ਜ਼ਬੂ. 137:7; ਓਬ. 11, 14.

9, 10. (ੳ) ਅੰਮੋਨ, ਮੋਆਬ ਅਤੇ ਅਦੋਮ ਨਾਲ ਕੀ ਹੋਇਆ? (ਅ) ਕਿਵੇਂ ਪਤਾ ਲੱਗਦਾ ਹੈ ਕਿ ਇਨ੍ਹਾਂ ਕੌਮਾਂ ਦੇ ਸਾਰੇ ਲੋਕ ਇਜ਼ਰਾਈਲ ਦੇ ਦੁਸ਼ਮਣ ਨਹੀਂ ਸਨ?

9 ਯਹੋਵਾਹ ਨੇ ਇਨ੍ਹਾਂ ਸਾਰੀਆਂ ਕੌਮਾਂ ਤੋਂ ਆਪਣੇ ਲੋਕਾਂ ਨਾਲ ਕੀਤੇ ਬੁਰੇ ਸਲੂਕ ਦਾ ਬਦਲਾ ਲਿਆ। ਯਹੋਵਾਹ ਨੇ ਕਿਹਾ: “ਮੈਂ ਅੰਮੋਨੀਆਂ . . . ਨੂੰ ਪੂਰਬ ਦੇ ਲੋਕਾਂ ਦੇ ਹਵਾਲੇ ਕਰ ਦਿਆਂਗਾ ਜੋ ਉਨ੍ਹਾਂ ’ਤੇ ਕਬਜ਼ਾ ਕਰਨਗੇ ਅਤੇ ਫਿਰ ਕੌਮਾਂ ਵਿਚ ਅੰਮੋਨੀਆਂ ਨੂੰ ਕਦੇ ਯਾਦ ਨਹੀਂ ਕੀਤਾ ਜਾਵੇਗਾ।” ਨਾਲੇ ਉਸ ਨੇ ਕਿਹਾ: “ਮੈਂ ਮੋਆਬ ਨੂੰ ਸਜ਼ਾ ਦਿਆਂਗਾ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।” (ਹਿਜ਼. 25:10, 11) ਯਰੂਸ਼ਲਮ ਦੇ ਨਾਸ਼ ਤੋਂ ਪੰਜ ਸਾਲ ਬਾਅਦ ਇਹ ਭਵਿੱਖਬਾਣੀਆਂ ਪੂਰੀਆਂ ਹੋਣੀਆਂ ਸ਼ੁਰੂ ਹੋਈਆਂ ਜਦੋਂ ਬਾਬਲੀਆਂ ਨੇ ਅੰਮੋਨ ਅਤੇ ਮੋਆਬ ਦੇਸ਼ ’ਤੇ ਕਬਜ਼ਾ ਕਰ ਲਿਆ। ਯਹੋਵਾਹ ਨੇ ਅਦੋਮ ਬਾਰੇ ਕਿਹਾ: ‘ਮੈਂ ਅਦੋਮ ਦੇ ਇਨਸਾਨਾਂ ਅਤੇ ਪਾਲਤੂ ਪਸ਼ੂਆਂ ਨੂੰ ਮਾਰ ਸੁੱਟਾਂਗਾ ਅਤੇ ਅਦੋਮ ਨੂੰ ਤਬਾਹ ਕਰ ਦਿਆਂਗਾ।’ (ਹਿਜ਼. 25:13) ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਅੰਮੋਨ, ਮੋਆਬ ਅਤੇ ਅਦੋਮ ਦਾ ਨਾਮੋ-ਨਿਸ਼ਾਨ ਮਿਟ ਗਿਆ।​—ਯਿਰ. 9:25, 26; 48:42; 49:17, 18.

10 ਪਰ ਇਨ੍ਹਾਂ ਕੌਮਾਂ ਦੇ ਸਾਰੇ ਲੋਕ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣ ਨਹੀਂ ਸਨ। ਮਿਸਾਲ ਲਈ, ਅੰਮੋਨੀ ਸਲਕ ਅਤੇ ਮੋਆਬੀ ਯਿਥਮਾਹ ਦਾਊਦ ਦੇ ਤਾਕਤਵਰ ਯੋਧੇ ਸਨ। (1 ਇਤਿ. 11:26, 39, 46; 12:1) ਮੋਆਬੀ ਔਰਤ ਹੋਣ ਦੇ ਬਾਵਜੂਦ ਰੂਥ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕੀਤੀ।​—ਰੂਥ 1:4, 16, 17.

ਛੋਟੀ ਜਿਹੀ ਗੱਲ ਵਿਚ ਵੀ ਕਦੇ ਸਮਝੌਤਾ ਨਾ ਕਰੋ

11. ਅੰਮੋਨ, ਮੋਆਬ ਅਤੇ ਅਦੋਮ ਨਾਲ ਇਜ਼ਰਾਈਲ ਦੇ ਮੇਲ-ਜੋਲ ਤੋਂ ਅਸੀਂ ਕੀ ਸਿੱਖਦੇ ਹਾਂ?

11 ਅੰਮੋਨ, ਮੋਆਬ ਅਤੇ ਅਦੋਮ ਨਾਲ ਇਜ਼ਰਾਈਲ ਦੇ ਮੇਲ-ਜੋਲ ਤੋਂ ਅਸੀਂ ਕਿਹੜੇ ਸਬਕ ਸਿੱਖਦੇ ਹਾਂ? ਪਹਿਲਾ, ਜਦੋਂ ਇਜ਼ਰਾਈਲੀਆਂ ਨੇ ਲਾਪਰਵਾਹੀ ਕਰ ਕੇ ਦੂਸਰੀਆਂ ਕੌਮਾਂ ਤੋਂ ਦੂਰੀ ਬਣਾ ਕੇ ਨਹੀਂ ਰੱਖੀ, ਤਾਂ ਉਹ ਵੀ ਉਨ੍ਹਾਂ ਵਾਂਗ ਝੂਠੀ ਭਗਤੀ ਕਰਨ ਲੱਗ ਪਏ। ਉਨ੍ਹਾਂ ਨੇ ਮੋਆਬੀਆਂ ਦੇ ਦੇਵਤੇ ਬਆਲ ਅਤੇ ਅੰਮੋਨੀਆਂ ਦੇ ਦੇਵਤੇ ਮੋਲਕ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। (ਗਿਣ. 25:1-3; 1 ਰਾਜ. 11:7) ਸਾਡੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ। ਸ਼ਾਇਦ ਸਾਡੇ ਅਵਿਸ਼ਵਾਸੀ ਰਿਸ਼ਤੇਦਾਰ ਸਾਡੇ ’ਤੇ ਦਬਾਅ ਪਾਉਣ ਕਿ ਅਸੀਂ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਕਰ ਲਈਏ। ਮਿਸਾਲ ਲਈ, ਸ਼ਾਇਦ ਉਹ ਨਾ ਸਮਝ ਸਕਣ ਕਿ ਅਸੀਂ ਨਵਾਂ ਸਾਲ ਕਿਉਂ ਨਹੀਂ ਮਨਾਉਂਦੇ, ਜਨਮ-ਦਿਨ ’ਤੇ ਇਕ-ਦੂਜੇ ਨੂੰ ਤੋਹਫ਼ੇ ਕਿਉਂ ਨਹੀਂ ਦਿੰਦੇ ਜਾਂ ਹੋਰ ਕੋਈ ਧਾਰਮਿਕ ਰੀਤੀ-ਰਿਵਾਜ ਕਿਉਂ ਨਹੀਂ ਕਰਦੇ। ਸ਼ਾਇਦ ਕਿਸੇ ਚੰਗੇ ਇਰਾਦੇ ਨਾਲ ਉਹ ਕੋਸ਼ਿਸ਼ ਕਰਨ ਕਿ ਅਸੀਂ ਆਪਣੇ ਵਿਸ਼ਵਾਸਾਂ ਨਾਲ ਥੋੜ੍ਹਾ-ਬਹੁਤਾ ਸਮਝੌਤਾ ਕਰ ਲਈਏ। ਇਸ ਲਈ ਇਹ ਧਿਆਨ ਰੱਖਣਾ ਕਿੰਨਾ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੇ ਦਬਾਅ ਹੇਠ ਨਾ ਆ ਜਾਈਏ। ਅਸੀਂ ਇਜ਼ਰਾਈਲੀਆਂ ਦੇ ਇਤਿਹਾਸ ਤੋਂ ਸਿੱਖਦੇ ਹਾਂ ਕਿ ਛੋਟੀ ਜਿਹੀ ਗੱਲ ’ਤੇ ਸਮਝੌਤਾ ਕਰਨ ਨਾਲ ਯਹੋਵਾਹ ਨਾਲੋਂ ਸਾਡਾ ਰਿਸ਼ਤਾ ਟੁੱਟ ਸਕਦਾ ਹੈ।

12, 13. ਸਾਡਾ ਵਿਰੋਧ ਕਿਸ ਤਰ੍ਹਾਂ ਹੋ ਸਕਦਾ, ਪਰ ਯਹੋਵਾਹ ਦੇ ਵਫ਼ਾਦਾਰ ਰਹਿਣ ਕਰਕੇ ਕੀ ਹੋ ਸਕਦਾ ਹੈ?

12 ਅੰਮੋਨ, ਮੋਆਬ ਅਤੇ ਅਦੋਮ ਨਾਲ ਇਜ਼ਰਾਈਲ ਦੇ ਮੇਲ-ਜੋਲ ਤੋਂ ਅਸੀਂ ਇਕ ਹੋਰ ਸਬਕ ਸਿੱਖਦੇ ਹਾਂ। ਸਾਡੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰ ਸ਼ਾਇਦ ਸਾਡਾ ਬਹੁਤ ਜ਼ਿਆਦਾ ਵਿਰੋਧ ਕਰਨ। ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਸਾਡੇ ਸੰਦੇਸ਼ ਕਰਕੇ ‘ਪਿਉ-ਪੁੱਤਰ ਵਿਚ, ਮਾਂ-ਧੀ ਵਿਚ ਫੁੱਟ’ ਪਵੇਗੀ। (ਮੱਤੀ 10:35, 36) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹਿਦਾਇਤ ਦਿੱਤੀ ਸੀ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਲੜਾਈ ਨਾ ਕਰਨ ਅਤੇ ਅਸੀਂ ਵੀ ਆਪਣੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰਾਂ ਨਾਲ ਲੜਦੇ-ਝਗੜਦੇ ਨਹੀਂ। ਪਰ ਜੇ ਉਹ ਸਾਡਾ ਵਿਰੋਧ ਕਰਨ, ਤਾਂ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।​—2 ਤਿਮੋ. 3:12.

13 ਚਾਹੇ ਸਾਡੇ ਰਿਸ਼ਤੇਦਾਰ ਸਾਡਾ ਸਿੱਧਾ-ਸਿੱਧਾ ਵਿਰੋਧ ਨਾ ਕਰਨ, ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ’ਤੇ ਯਹੋਵਾਹ ਨਾਲੋਂ ਜ਼ਿਆਦਾ ਉਨ੍ਹਾਂ ਦਾ ਪ੍ਰਭਾਵ ਨਾ ਪਵੇ। ਕਿਉਂ? ਕਿਉਂਕਿ ਯਹੋਵਾਹ ਹੀ ਸਾਡੀ ਭਗਤੀ ਦਾ ਹੱਕਦਾਰ ਹੈ। (ਮੱਤੀ 10:37 ਪੜ੍ਹੋ।) ਇਸ ਦੇ ਨਾਲ-ਨਾਲ ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ, ਤਾਂ ਸ਼ਾਇਦ ਸਲਕ, ਯਿਥਮਾਹ ਅਤੇ ਰੂਥ ਵਾਂਗ ਸਾਡੇ ਰਿਸ਼ਤੇਦਾਰ ਵੀ ਯਹੋਵਾਹ ਦੀ ਭਗਤੀ ਕਰਨ ਲੱਗ ਪੈਣ। (1 ਤਿਮੋ. 4:16) ਫਿਰ ਉਹ ਵੀ ਸੱਚੇ ਪਰਮੇਸ਼ੁਰ ਦੀ ਭਗਤੀ ਕਰ ਕੇ ਖ਼ੁਸ਼ੀ ਪਾਉਣਗੇ ਅਤੇ ਯਹੋਵਾਹ ਉਨ੍ਹਾਂ ਨੂੰ ਪਿਆਰ ਕਰੇਗਾ ਅਤੇ ਉਨ੍ਹਾਂ ਦੀ ਰਾਖੀ ਕਰੇਗਾ।

ਯਹੋਵਾਹ ਨੇ “ਕ੍ਰੋਧਵਾਨ ਹੋ ਕੇ” ਆਪਣੇ ਦੁਸ਼ਮਣਾਂ ਨੂੰ ਸਜ਼ਾ ਦਿੱਤੀ

14, 15. ਫਲਿਸਤੀਆਂ ਨੇ ਇਜ਼ਰਾਈਲੀਆਂ ਨਾਲ ਕਿਹੋ ਜਿਹਾ ਸਲੂਕ ਕੀਤਾ?

14 ਫਲਿਸਤੀ ਪਹਿਲਾਂ ਕ੍ਰੀਟ ਟਾਪੂ ਉੱਤੇ ਰਹਿੰਦੇ ਸਨ, ਪਰ ਫਿਰ ਉਹ ਕਨਾਨ ਦੇਸ਼ ਚਲੇ ਗਏ। ਬਾਅਦ ਵਿਚ ਪਰਮੇਸ਼ੁਰ ਨੇ ਅਬਰਾਹਾਮ ਅਤੇ ਉਸ ਦੀ ਸੰਤਾਨ ਨੂੰ ਇਹ ਦੇਸ਼ ਦੇਣ ਦਾ ਵਾਅਦਾ ਕੀਤਾ ਸੀ। ਅਬਰਾਹਾਮ ਤੇ ਇਸਹਾਕ ਦਾ ਫਲਿਸਤੀਆਂ ਨਾਲ ਵਾਹ ਪਿਆ ਸੀ। (ਉਤ. 21:29-32; 26:1) ਜਦੋਂ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਏ, ਉਦੋਂ ਫਲਿਸਤੀ ਇਕ ਤਾਕਤਵਰ ਕੌਮ ਬਣ ਚੁੱਕੇ ਸਨ ਅਤੇ ਉਨ੍ਹਾਂ ਕੋਲ ਇਕ ਸ਼ਕਤੀਸ਼ਾਲੀ ਫ਼ੌਜ ਸੀ। ਫਲਿਸਤੀ ਬਆਲ-ਜ਼ਬੂਬ ਅਤੇ ਦਾਗੋਨ ਵਰਗੇ ਝੂਠੇ ਦੇਵਤਿਆਂ ਦੀ ਭਗਤੀ ਕਰਦੇ ਸਨ। (1 ਸਮੂ. 5:1-4; 2 ਰਾਜ. 1:2, 3) ਇਜ਼ਰਾਈਲੀਆਂ ਨੇ ਵੀ ਕਈ ਵਾਰ ਫਲਿਸਤੀਆਂ ਨਾਲ ਮਿਲ ਕੇ ਇਨ੍ਹਾਂ ਝੂਠੇ ਦੇਵਤਿਆਂ ਦੀ ਭਗਤੀ ਕੀਤੀ ਸੀ।​—ਨਿਆ. 10:6.

15 ਇਜ਼ਰਾਈਲੀਆਂ ਦੀ ਬੇਵਫ਼ਾਈ ਕਰਕੇ ਯਹੋਵਾਹ ਨੇ ਫਲਿਸਤੀਆਂ ਨੂੰ ਉਨ੍ਹਾਂ ’ਤੇ ਕਈ ਸਾਲਾਂ ਤਕ ਅਤਿਆਚਾਰ ਕਰਨ ਦਿੱਤੇ। (ਨਿਆ. 10:7, 8; ਹਿਜ਼. 25:15) ਫਲਿਸਤੀ ਬਹੁਤ ਜ਼ਾਲਮ ਸਨ ਅਤੇ ਉਨ੍ਹਾਂ ਨੇ ਇਜ਼ਰਾਈਲੀਆਂ * ’ਤੇ ਕਈ ਪਾਬੰਦੀਆਂ ਲਾਈਆਂ ਅਤੇ ਬਹੁਤ ਸਾਰਿਆਂ ਨੂੰ ਤਾਂ ਜਾਨੋਂ ਵੀ ਮਾਰ ਦਿੱਤਾ। (1 ਸਮੂ. 4:10) ਜਦੋਂ ਇਜ਼ਰਾਈਲੀ ਤੋਬਾ ਕਰ ਕੇ ਯਹੋਵਾਹ ਵੱਲ ਮੁੜਦੇ ਸਨ, ਤਾਂ ਉਹ ਉਨ੍ਹਾਂ ਨੂੰ ਬਚਾਉਂਦਾ ਸੀ। ਯਹੋਵਾਹ ਨੇ ਸਮਸੂਨ, ਸ਼ਾਊਲ ਅਤੇ ਦਾਊਦ ਵਰਗੇ ਲੋਕਾਂ ਨੂੰ ਵਰਤ ਕੇ ਆਪਣੇ ਲੋਕਾਂ ਨੂੰ ਛੁਟਕਾਰਾ ਦਿਵਾਇਆ। (ਨਿਆ. 13:5, 24; 1 ਸਮੂ. 9:15-17; 18:6, 7) ਜਿਵੇਂ ਹਿਜ਼ਕੀਏਲ ਨੇ ਭਵਿੱਖਬਾਣੀ ਕੀਤੀ ਸੀ, ਯਹੋਵਾਹ ਨੇ “ਕ੍ਰੋਧਵਾਨ ਹੋ ਕੇ” ਫਲਿਸਤੀਆਂ ਨੂੰ ਸਜ਼ਾ ਦਿੱਤੀ ਜਦੋਂ ਬਾਬਲੀਆਂ ਨੇ ਅਤੇ ਬਾਅਦ ਵਿਚ ਯੂਨਾਨੀਆਂ ਨੇ ਉਨ੍ਹਾਂ ਦੇ ਦੇਸ਼ ’ਤੇ ਹਮਲਾ ਕੀਤਾ।​—ਹਿਜ਼. 25:15-17.

16, 17. ਫਲਿਸਤੀਆਂ ਨਾਲ ਇਜ਼ਰਾਈਲੀਆਂ ਦੇ ਮੇਲ-ਜੋਲ ਤੋਂ ਅਸੀਂ ਕੀ ਸਿੱਖਦੇ ਹਾਂ?

16 ਫਲਿਸਤੀਆਂ ਨਾਲ ਇਜ਼ਰਾਈਲੀਆਂ ਦੇ ਮੇਲ-ਜੋਲ ਤੋਂ ਅਸੀਂ ਕਿਹੜੇ ਸਬਕ ਸਿੱਖਦੇ ਹਾਂ? ਸਾਡੇ ਸਮੇਂ ਵਿਚ ਵੀ ਦੁਨੀਆਂ ਦੇ ਕੁਝ ਸ਼ਕਤੀਸ਼ਾਲੀ ਦੇਸ਼ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਕਰਦੇ ਆਏ ਹਨ। ਪਰ ਇਜ਼ਰਾਈਲੀਆਂ ਤੋਂ ਉਲਟ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰੀ ਬਣਾਈ ਰੱਖੀ ਹੈ। ਫਿਰ ਵੀ ਕਦੇ-ਕਦੇ ਲੱਗਦਾ ਹੈ ਕਿ ਸ਼ੁੱਧ ਭਗਤੀ ਦੇ ਦੁਸ਼ਮਣ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋ ਰਹੇ ਹਨ। 20ਵੀਂ ਸਦੀ ਦੀ ਸ਼ੁਰੂਆਤ ਵਿਚ ਅਮਰੀਕੀ ਸਰਕਾਰ ਨੇ ਸਾਡਾ ਕੰਮ ਠੱਪ ਕਰਨ ਲਈ ਸਾਡੇ ਸੰਗਠਨ ਦੀ ਅਗਵਾਈ ਕਰਨ ਵਾਲੇ ਭਰਾਵਾਂ ਨੂੰ 20-20 ਸਾਲ ਦੀ ਸਜ਼ਾ ਸੁਣਾਈ। ਦੂਸਰੇ ਵਿਸ਼ਵ ਯੁੱਧ ਦੌਰਾਨ ਜਰਮਨ ਦੀ ਨਾਜ਼ੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਹਜ਼ਾਰਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਅਤੇ ਸੈਂਕੜਿਆਂ ਨੂੰ ਜਾਨੋਂ ਮਾਰ ਮੁਕਾਇਆ। ਇਸ ਯੁੱਧ ਤੋਂ ਬਾਅਦ ਸੋਵੀਅਤ ਸੰਘ ਨੇ ਯਹੋਵਾਹ ਦੇ ਗਵਾਹਾਂ ’ਤੇ ਕਾਫ਼ੀ ਲੰਬੇ ਸਮੇਂ ਤਕ ਜ਼ੁਲਮ ਢਾਹੇ। ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਤਸ਼ੱਦਦ ਕੈਂਪਾਂ ਵਿਚ ਜਾਂ ਦੂਰ-ਦੁਰਾਡੇ ਇਲਾਕਿਆਂ ਵਿਚ ਭੇਜ ਦਿੱਤਾ ਗਿਆ।

17 ਸਰਕਾਰਾਂ ਸ਼ਾਇਦ ਆਉਣ ਵਾਲੇ ਸਮੇਂ ਵਿਚ ਵੀ ਸਾਡੇ ਪ੍ਰਚਾਰ ਦੇ ਕੰਮ ’ਤੇ ਪਾਬੰਦੀ ਲਾਉਣ, ਸਾਡੇ ਵਿੱਚੋਂ ਕਈਆਂ ਨੂੰ ਜੇਲ੍ਹਾਂ ਵਿਚ ਸੁੱਟ ਦੇਣ, ਇੱਥੋਂ ਤਕ ਕਿ ਕੁਝ ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦੇਣ। ਕੀ ਇਸ ਕਰਕੇ ਸਾਨੂੰ ਡਰ ਜਾਣਾ ਚਾਹੀਦਾ ਹੈ ਜਾਂ ਨਿਹਚਾ ਕਰਨੀ ਛੱਡ ਦੇਣੀ ਚਾਹੀਦੀ ਹੈ? ਨਹੀਂ। ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਬਚਾਵੇਗਾ। (ਮੱਤੀ 10:28-31 ਪੜ੍ਹੋ।) ਅਸੀਂ ਦੇਖਿਆ ਹੈ ਕਿ ਤਾਕਤਵਰ ਤੇ ਜ਼ਾਲਮ ਸਰਕਾਰਾਂ ਦਾ ਖ਼ਾਤਮਾ ਹੋਇਆ, ਜਦ ਕਿ ਯਹੋਵਾਹ ਦੇ ਲੋਕਾਂ ਦੀ ਗਿਣਤੀ ਲਗਾਤਾਰ ਵਧੀ ਹੈ। ਬਹੁਤ ਜਲਦ ਸਾਰੀਆਂ ਇਨਸਾਨੀ ਸਰਕਾਰਾਂ ਦਾ ਹਾਲ ਫਲਿਸਤੀਆਂ ਵਰਗਾ ਹੋਵੇਗਾ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਯਹੋਵਾਹ ਕੌਣ ਹੈ। ਫਲਿਸਤੀਆਂ ਵਾਂਗ ਉਨ੍ਹਾਂ ਦਾ ਵੀ ਨਾਮੋ-ਨਿਸ਼ਾਨ ਮਿਟ ਜਾਵੇਗਾ।

“ਬੇਸ਼ੁਮਾਰ ਧਨ-ਦੌਲਤ” ਨੇ ਉਨ੍ਹਾਂ ਨੂੰ ਨਹੀਂ ਬਚਾਇਆ

18. ਸੋਰ ਦਾ ਵਪਾਰ ਕਿੰਨੀ ਦੂਰ ਤਕ ਫੈਲਿਆ ਹੋਇਆ ਸੀ?

18 ਪੁਰਾਣੇ ਸਮੇਂ ਵਿਚ ਸੋਰ * ਵਪਾਰ ਜਗਤ ਦਾ ਮੁੱਖ ਕੇਂਦਰ ਸੀ। ਪੱਛਮ ਵਿਚ ਭੂਮੱਧ ਸਾਗਰ ਦੇ ਰਸਤਿਓਂ ਸੋਰ ਆਪਣੇ ਸਮੁੰਦਰੀ ਜਹਾਜ਼ਾਂ ਰਾਹੀਂ ਦੂਰ-ਦੁਰਾਡੀਆਂ ਥਾਵਾਂ ਤੋਂ ਸਾਮਾਨ ਲਿਆਉਂਦਾ-ਲਿਜਾਂਦਾ ਸੀ। ਸੋਰ ਜ਼ਮੀਨੀ ਰਸਤੇ ਰਾਹੀਂ ਪੂਰਬ ਵੱਲ ਪੈਂਦੇ ਦੂਰ-ਦੂਰ ਦੇ ਸਾਮਰਾਜਾਂ ਨਾਲ ਵਪਾਰ ਕਰਦਾ ਸੀ। ਸਦੀਆਂ ਤਕ ਸੋਰ ਨੇ ਦੂਰ-ਦੁਰਾਡੇ ਇਲਾਕਿਆਂ ਨਾਲ ਵਪਾਰ ਕਰ ਕੇ ਧਨ-ਦੌਲਤ ਦਾ ਅੰਬਾਰ ਲਾ ਲਿਆ ਸੀ। ਉੱਥੋਂ ਦੇ ਵਪਾਰੀ ਅਤੇ ਸੌਦਾਗਰ ਇੰਨੇ ਅਮੀਰ ਹੋ ਗਏ ਸਨ ਕਿ ਉਹ ਆਪਣੇ ਆਪ ਨੂੰ ਹਾਕਮ ਸਮਝਣ ਲੱਗ ਪਏ ਸਨ।​—ਯਸਾ. 23:8.

19, 20. ਸੋਰ ਅਤੇ ਗਿਬਓਨ ਦੇ ਲੋਕਾਂ ਵਿਚ ਕੀ ਫ਼ਰਕ ਸੀ?

19 ਰਾਜਾ ਦਾਊਦ ਅਤੇ ਸੁਲੇਮਾਨ ਦੇ ਰਾਜ ਵਿਚ ਇਜ਼ਰਾਈਲ ਨੇ ਸੋਰ ਨਾਲ ਕਾਫ਼ੀ ਵਪਾਰ ਕੀਤਾ ਸੀ। ਸੋਰ ਨੇ ਦਾਊਦ ਨੂੰ ਆਪਣਾ ਮਹਿਲ ਬਣਾਉਣ ਅਤੇ ਬਾਅਦ ਵਿਚ ਸੁਲੇਮਾਨ ਨੂੰ ਪਰਮੇਸ਼ੁਰ ਦਾ ਮੰਦਰ ਬਣਾਉਣ ਲਈ ਸਾਮਾਨ ਅਤੇ ਕਾਰੀਗਰ ਭੇਜੇ। (2 ਇਤਿ. 2:1, 3, 7-16) ਸੋਰ ਨੇ ਇਜ਼ਰਾਈਲ ਦਾ ਉਹ ਸਮਾਂ ਵੀ ਦੇਖਿਆ ਜਦੋਂ ਜ਼ਿਆਦਾਤਰ ਇਜ਼ਰਾਈਲੀ ਯਹੋਵਾਹ ਦੇ ਵਫ਼ਾਦਾਰ ਸਨ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ ਸਨ। (1 ਰਾਜ. 3:10-12; 10:4-9) ਜ਼ਰਾ ਸੋਚੋ ਕਿ ਸੋਰ ਦੇ ਹਜ਼ਾਰਾਂ ਲੋਕਾਂ ਕੋਲ ਯਹੋਵਾਹ ਨੂੰ ਜਾਣਨ, ਉਸ ਦੀ ਭਗਤੀ ਕਰਨ ਅਤੇ ਇਹ ਜਾਣਨ ਦਾ ਮੌਕਾ ਸੀ ਕਿ ਸੱਚੇ ਪਰਮੇਸ਼ੁਰ ਦੀ ਭਗਤੀ ਕਰ ਕੇ ਕਿੰਨੀਆਂ ਬਰਕਤਾਂ ਮਿਲਦੀਆਂ ਹਨ!

20 ਪਰ ਸੋਰ ਨੇ ਇਹ ਮੌਕਾ ਗੁਆ ਦਿੱਤਾ। ਉਸ ਦੇ ਵਾਸੀਆਂ ਨੇ ਆਪਣਾ ਸਾਰਾ ਧਿਆਨ ਧਨ-ਦੌਲਤ ਇਕੱਠੀ ਕਰਨ ’ਤੇ ਲਾਇਆ ਹੋਇਆ ਸੀ। ਪਰ ਕਨਾਨ ਦੇ ਤਾਕਤਵਰ ਗਿਬਓਨੀ ਲੋਕ ਉਨ੍ਹਾਂ ਤੋਂ ਬਹੁਤ ਵੱਖਰੇ ਸਨ। ਉਹ ਯਹੋਵਾਹ ਦੇ ਕੰਮਾਂ ਬਾਰੇ ਸੁਣ ਕੇ ਹੀ ਉਸ ਦੇ ਸੇਵਕ ਬਣਨ ਲਈ ਤਿਆਰ ਹੋ ਗਏ ਸਨ। (ਯਹੋ. 9:2, 3, 22–10:2) ਬਾਅਦ ਵਿਚ ਸੋਰ ਦੇ ਲੋਕਾਂ ਨੇ ਪਰਮੇਸ਼ੁਰ ਦੇ ਲੋਕਾਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਗ਼ੁਲਾਮਾਂ ਵਜੋਂ ਵੇਚ ਦਿੱਤਾ।​—ਜ਼ਬੂ. 83:2, 7; ਯੋਏ. 3:4, 6; ਆਮੋ. 1:9.

ਕਦੇ ਵੀ ਇਹ ਨਾ ਸੋਚੋ ਕਿ ਧਨ-ਦੌਲਤ ਕੰਧ ਵਾਂਗ ਸਾਡੀ ਰਾਖੀ ਕਰੇਗੀ

21, 22. ਸੋਰ ਨਾਲ ਕੀ ਹੋਇਆ ਅਤੇ ਕਿਉਂ?

21 ਯਹੋਵਾਹ ਨੇ ਹਿਜ਼ਕੀਏਲ ਰਾਹੀਂ ਉਨ੍ਹਾਂ ਵਿਰੋਧੀਆਂ ਨੂੰ ਕਿਹਾ: “ਹੇ ਸੋਰ, ਮੈਂ ਤੇਰੇ ਖ਼ਿਲਾਫ਼ ਹਾਂ ਅਤੇ ਮੈਂ ਸਮੁੰਦਰ ਦੀਆਂ ਲਹਿਰਾਂ ਵਾਂਗ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ’ਤੇ ਹਮਲਾ ਕਰਨ ਲਈ ਲਿਆਵਾਂਗਾ। ਕੌਮਾਂ ਸੋਰ ਦੀਆਂ ਕੰਧਾਂ ਢਾਹ ਦੇਣਗੀਆਂ ਅਤੇ ਇਸ ਦੇ ਬੁਰਜਾਂ ਨੂੰ ਚਕਨਾਚੂਰ ਕਰ ਦੇਣਗੀਆਂ। ਮੈਂ ਇਸ ਦੀ ਮਿੱਟੀ ਤਕ ਖੁਰਚ ਸੁੱਟਾਂਗਾ ਅਤੇ ਇਸ ਨੂੰ ਸੁੱਕੀ ਅਤੇ ਪੱਧਰੀ ਚਟਾਨ ਬਣਾ ਦਿਆਂਗਾ।” (ਹਿਜ਼. 26:1-5) ਸੋਰ ਦੇ ਲੋਕ ਆਪਣੀ ਸੁਰੱਖਿਆ ਵਾਸਤੇ ਧਨ-ਦੌਲਤ ’ਤੇ ਭਰੋਸਾ ਰੱਖਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਹਿਰ ਦੀਆਂ 150 ਫੁੱਟ ਉੱਚੀਆਂ ਕੰਧਾਂ ਵਾਂਗ ਧਨ-ਦੌਲਤ ਵੀ ਉਨ੍ਹਾਂ ਦੀ ਰੱਖਿਆ ਕਰੇਗੀ। ਚੰਗਾ ਹੁੰਦਾ ਜੇ ਉਹ ਸੁਲੇਮਾਨ ਦੀ ਇਸ ਚੇਤਾਵਨੀ ਵੱਲ ਧਿਆਨ ਦਿੰਦੇ: “ਅਮੀਰ ਦੀ ਧਨ-ਦੌਲਤ ਉਸ ਲਈ ਕਿਲੇਬੰਦ ਸ਼ਹਿਰ ਹੈ; ਇਹ ਉਸ ਨੂੰ ਇਕ ਸੁਰੱਖਿਅਤ ਕੰਧ ਵਾਂਗ ਲੱਗਦੀ ਹੈ।”​—ਕਹਾ. 18:11.

22 ਜਦੋਂ ਬਾਬਲ ਨੇ ਅਤੇ ਬਾਅਦ ਵਿਚ ਯੂਨਾਨ ਨੇ ਸੋਰ ’ਤੇ ਹਮਲਾ ਕੀਤਾ, ਉਦੋਂ ਹਿਜ਼ਕੀਏਲ ਦੀ ਭਵਿੱਖਬਾਣੀ ਪੂਰੀ ਹੋਈ ਅਤੇ ਸੋਰ ਦੇ ਲੋਕਾਂ ਨੂੰ ਪਤਾ ਲੱਗਾ ਕਿ ਧਨ-ਦੌਲਤ ਅਤੇ ਸ਼ਹਿਰ ਦੀਆਂ ਕੰਧਾਂ ਉਨ੍ਹਾਂ ਦੀ ਰਾਖੀ ਨਹੀਂ ਕਰ ਸਕਦੀਆਂ। ਯਰੂਸ਼ਲਮ ਦਾ ਨਾਸ਼ ਕਰਨ ਤੋਂ ਬਾਅਦ 13 ਸਾਲਾਂ ਤਕ ਬਾਬਲੀਆਂ ਨੇ ਸਮੁੰਦਰ ਕੰਢੇ ’ਤੇ ਬਣੇ ਸੋਰ ਸ਼ਹਿਰ ਦੀ ਘੇਰਾਬੰਦੀ ਕੀਤੀ ਅਤੇ ਇਸ ਨੂੰ ਤਬਾਹ ਕਰ ਦਿੱਤਾ। (ਹਿਜ਼. 29:17, 18) ਫਿਰ 332 ਈਸਵੀ ਪੂਰਵ ਵਿਚ ਸਿਕੰਦਰ ਮਹਾਨ ਨੇ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਦੀ ਇਕ ਖ਼ਾਸ ਗੱਲ ਪੂਰੀ ਕੀਤੀ। * ਉਸ ਦੀ ਫ਼ੌਜ ਨੇ ਤਬਾਹ ਹੋ ਚੁੱਕੇ ਸ਼ਹਿਰ ਦੇ ਮਲਬੇ ਯਾਨੀ ਪੱਥਰ, ਲੱਕੜੀ ਅਤੇ ਮਿੱਟੀ ਨੂੰ ਪਾਣੀ ਵਿਚ ਸੁੱਟ ਕੇ ਟਾਪੂ ’ਤੇ ਜਾਣ ਦਾ ਰਾਹ ਤਿਆਰ ਕੀਤਾ। (ਹਿਜ਼. 26:4, 12) ਸਿਕੰਦਰ ਦੀ ਫ਼ੌਜ ਸ਼ਹਿਰ ਦੀਆਂ ਕੰਧਾਂ ਤੋੜ ਕੇ ਅੰਦਰ ਵੜ ਗਈ ਅਤੇ ਸ਼ਹਿਰ ਨੂੰ ਲੁੱਟਿਆ। ਉਨ੍ਹਾਂ ਨੇ ਸੋਰ ਦੇ ਹਜ਼ਾਰਾਂ ਫ਼ੌਜੀਆਂ ਤੇ ਲੋਕਾਂ ਨੂੰ ਮਾਰ ਸੁੱਟਿਆ ਅਤੇ ਹਜ਼ਾਰਾਂ ਨੂੰ ਗ਼ੁਲਾਮਾਂ ਵਜੋਂ ਵੇਚ ਦਿੱਤਾ। ਸੋਰ ਦੇ ਵਾਸੀਆਂ ਨੂੰ ਆਪਣੀ ਗ਼ਲਤੀ ਤੋਂ ਪਤਾ ਲੱਗਾ ਕਿ “ਬੇਸ਼ੁਮਾਰ ਧਨ-ਦੌਲਤ” ਉਨ੍ਹਾਂ ਦੀ ਰਾਖੀ ਨਹੀਂ ਕਰ ਸਕਦੀ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਿਆ ਕਿ ਯਹੋਵਾਹ ਕੌਣ ਹੈ।​—ਹਿਜ਼. 27:33, 34.

ਚਾਹੇ ਸੋਰ ਨੂੰ ਹਰਾਉਣਾ ਨਾਮੁਮਕਿਨ ਲੱਗਦਾ ਸੀ, ਪਰ ਉਸ ਨੂੰ ਤਬਾਹ ਕੀਤਾ ਗਿਆ, ਠੀਕ ਜਿਵੇਂ ਹਿਜ਼ਕੀਏਲ ਨੇ ਭਵਿੱਖਬਾਣੀ ਕੀਤੀ ਸੀ (ਪੈਰਾ 22 ਦੇਖੋ)

23. ਸੋਰ ਦੇ ਲੋਕਾਂ ਤੋਂ ਅਸੀਂ ਕੀ ਸਿੱਖਦੇ ਹਾਂ?

23 ਅਸੀਂ ਸੋਰ ਦੇ ਲੋਕਾਂ ਤੋਂ ਕਿਹੜੇ ਸਬਕ ਸਿੱਖਦੇ ਹਾਂ? ਅਸੀਂ ਕਦੇ ਵੀ “ਧਨ ਦੀ ਧੋਖਾ ਦੇਣ ਵਾਲੀ ਤਾਕਤ” ਉੱਤੇ ਭਰੋਸਾ ਨਹੀਂ ਰੱਖਾਂਗੇ ਜੋ ਸਾਨੂੰ ਇਕ ਸੁਰੱਖਿਅਤ ਕੰਧ ਵਾਂਗ ਲੱਗ ਸਕਦੀ ਹੈ। (ਮੱਤੀ 13:22) ਅਸੀਂ “ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।” (ਮੱਤੀ 6:24 ਪੜ੍ਹੋ।) ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਵਾਲੇ ਲੋਕਾਂ ਦੀ ਹੀ ਰਾਖੀ ਹੁੰਦੀ ਹੈ। (ਮੱਤੀ 6:31-33; ਯੂਹੰ. 10:27-29) ਸੋਰ ਦੇ ਖ਼ਿਲਾਫ਼ ਕੀਤੀਆਂ ਭਵਿੱਖਬਾਣੀਆਂ ਦੀ ਹਰੇਕ ਗੱਲ ਪੂਰੀ ਹੋਈ। ਬਿਲਕੁਲ ਇਸੇ ਤਰ੍ਹਾਂ ਦੁਨੀਆਂ ਦੇ ਅੰਤ ਬਾਰੇ ਕੀਤੀਆਂ ਭਵਿੱਖਬਾਣੀਆਂ ਦੀ ਹਰ ਗੱਲ ਪੂਰੀ ਹੋਵੇਗੀ। ਜਦੋਂ ਯਹੋਵਾਹ ਇਸ ਦੁਨੀਆਂ ਦੇ ਲਾਲਚੀ ਤੇ ਸੁਆਰਥੀ ਵਪਾਰ-ਜਗਤ ਨੂੰ ਖ਼ਤਮ ਕਰੇਗਾ, ਉਦੋਂ ਧਨ-ਦੌਲਤ ’ਤੇ ਭਰੋਸਾ ਰੱਖਣ ਵਾਲੇ ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਯਹੋਵਾਹ ਕੌਣ ਹੈ।

“ਕਾਨੇ” ਵਰਗੀ ਇਕ ਰਾਜਨੀਤਿਕ ਤਾਕਤ

24-26. (ੳ) ਯਹੋਵਾਹ ਨੇ ਮਿਸਰ ਨੂੰ “ਇਕ ਕਾਨਾ” ਕਿਉਂ ਕਿਹਾ? (ਅ) ਰਾਜਾ ਸਿਦਕੀਯਾਹ ਨੇ ਕਿਵੇਂ ਯਹੋਵਾਹ ਦੀ ਸਲਾਹ ਨਹੀਂ ਮੰਨੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

24 ਯੂਸੁਫ਼ ਦੇ ਜ਼ਮਾਨੇ ਤੋਂ ਵੀ ਪਹਿਲਾਂ ਤੋਂ ਵਾਅਦਾ ਕੀਤੇ ਹੋਏ ਦੇਸ਼ ’ਤੇ ਮਿਸਰ ਦਾ ਰਾਜਨੀਤਿਕ ਅਸਰ ਰਿਹਾ ਅਤੇ ਯਰੂਸ਼ਲਮ ਉੱਤੇ ਬਾਬਲੀਆਂ ਦੇ ਹਮਲੇ ਤਕ ਇਸ ਤਰ੍ਹਾਂ ਹੀ ਚੱਲਦਾ ਰਿਹਾ। ਮਿਸਰ ਸਦੀਆਂ ਤੋਂ ਵੱਸਿਆ ਹੋਇਆ ਸੀ ਅਤੇ ਉਹ ਇਕ ਬਹੁਤ ਵੱਡੇ ਦਰਖ਼ਤ ਵਾਂਗ ਮਜ਼ਬੂਤ ਲੱਗਦਾ ਸੀ ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਸਨ। ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਉਹ “ਇਕ ਕਾਨੇ” ਵਾਂਗ ਕਮਜ਼ੋਰ ਸੀ।​—ਹਿਜ਼. 29:6.

25 ਪਰ ਧਰਮ-ਤਿਆਗੀ ਰਾਜਾ ਸਿਦਕੀਯਾਹ ਮਿਸਰ ਬਾਰੇ ਇਹ ਗੱਲ ਨਹੀਂ ਸਮਝਦਾ ਸੀ। ਯਹੋਵਾਹ ਨੇ ਯਿਰਮਿਯਾਹ ਨਬੀ ਰਾਹੀਂ ਸਿਦਕੀਯਾਹ ਨੂੰ ਬਾਬਲ ਦੇ ਅਧੀਨ ਹੋਣ ਲਈ ਕਿਹਾ ਸੀ। (ਯਿਰ. 27:12) ਸਿਦਕੀਯਾਹ ਨੇ ਯਹੋਵਾਹ ਦੇ ਨਾਂ ’ਤੇ ਇਹ ਸਹੁੰ ਵੀ ਖਾਧੀ ਸੀ ਕਿ ਉਹ ਕਦੇ ਨਬੂਕਦਨੱਸਰ ਖ਼ਿਲਾਫ਼ ਬਗਾਵਤ ਨਹੀਂ ਕਰੇਗਾ। ਪਰ ਬਾਅਦ ਵਿਚ ਸਿਦਕੀਯਾਹ ਨੇ ਯਹੋਵਾਹ ਦੀ ਸਲਾਹ ਨਹੀਂ ਮੰਨੀ ਅਤੇ ਉਸ ਨੇ ਆਪਣੀ ਸਹੁੰ ਪੂਰੀ ਨਹੀਂ ਕੀਤੀ ਤੇ ਬਾਬਲੀਆਂ ਖ਼ਿਲਾਫ਼ ਲੜਨ ਲਈ ਮਿਸਰ ਤੋਂ ਮਦਦ ਮੰਗੀ। (2 ਇਤਿ. 36:13; ਹਿਜ਼. 17:12-20) ਪਰ ਜਿਨ੍ਹਾਂ ਇਜ਼ਰਾਈਲੀਆਂ ਨੇ ਮਿਸਰ ਦੀ ਰਾਜਨੀਤਿਕ ਤਾਕਤ ’ਤੇ ਭਰੋਸਾ ਰੱਖਿਆ, ਉਨ੍ਹਾਂ ਨੇ ਆਪਣੇ ਪੈਰਾਂ ’ਤੇ ਆਪ ਹੀ ਕੁਹਾੜੀ ਮਾਰੀ। (ਹਿਜ਼. 29:7) ਮਿਸਰ ਸ਼ਾਇਦ ਦੇਖਣ ਨੂੰ ਇਕ ਖ਼ਤਰਨਾਕ “ਵੱਡਾ ਸਮੁੰਦਰੀ ਜੀਵ” ਲੱਗਦਾ ਸੀ। (ਹਿਜ਼. 29:3, 4) ਪਰ ਯਹੋਵਾਹ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਵੇਗਾ ਜਿਵੇਂ ਸ਼ਿਕਾਰੀ ਨੀਲ ਦਰਿਆ ਦੇ ਮਗਰਮੱਛਾਂ ਦਾ ਸ਼ਿਕਾਰ ਕਰਦੇ ਹਨ ਯਾਨੀ ਉਹ ਉਨ੍ਹਾਂ ਦੇ ਜਬਾੜ੍ਹਿਆਂ ਵਿਚ ਕੁੰਡੀਆਂ ਪਾ ਕੇ ਉਨ੍ਹਾਂ ਨੂੰ ਨਾਸ਼ ਵੱਲ ਲੈ ਜਾਵੇਗਾ। ਉਸ ਨੇ ਇਸ ਤਰ੍ਹਾਂ ਕੀਤਾ ਵੀ ਜਦੋਂ ਉਸ ਨੇ ਬਾਬਲੀਆਂ ਨੂੰ ਮਿਸਰ ਉੱਤੇ ਜਿੱਤ ਹਾਸਲ ਕਰਨ ਦਿੱਤੀ।​—ਹਿਜ਼. 29:9-12, 19.

26 ਬੇਵਫ਼ਾ ਸਿਦਕੀਯਾਹ ਨਾਲ ਕੀ ਹੋਇਆ? ਯਹੋਵਾਹ ਖ਼ਿਲਾਫ਼ ਉਸ ਦੀ ਬਗਾਵਤ ਕਰਕੇ ਹਿਜ਼ਕੀਏਲ ਨੇ ਭਵਿੱਖਬਾਣੀ ਕੀਤੀ ਕਿ ਉਹ “ਦੁਸ਼ਟ ਮੁਖੀ” ਸਿਦਕੀਯਾਹ ਆਪਣਾ ਤਾਜ ਅਤੇ ਰਾਜ ਦੋਵੇਂ ਗੁਆ ਬੈਠੇਗਾ। ਪਰ ਹਿਜ਼ਕੀਏਲ ਨੇ ਉਮੀਦ ਵੀ ਦਿੱਤੀ। (ਹਿਜ਼. 21:25-27) ਯਹੋਵਾਹ ਨੇ ਹਿਜ਼ਕੀਏਲ ਰਾਹੀਂ ਭਵਿੱਖਬਾਣੀ ਕਰਾਈ ਕਿ ਸ਼ਾਹੀ ਖ਼ਾਨਦਾਨ ਵਿੱਚੋਂ ਇਕ ਰਾਜਾ ਆਵੇਗਾ ਜਿਸ ਕੋਲ ਰਾਜ ਕਰਨ ਦਾ “ਕਾਨੂੰਨੀ ਹੱਕ” ਹੋਵੇਗਾ। ਅਗਲੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਇਹ ਰਾਜਾ ਕੌਣ ਸਾਬਤ ਹੋਇਆ।

27. ਮਿਸਰ ਨਾਲ ਇਜ਼ਰਾਈਲੀਆਂ ਦੇ ਮੇਲ-ਜੋਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

27 ਮਿਸਰ ਨਾਲ ਇਜ਼ਰਾਈਲੀਆਂ ਦੇ ਮੇਲ-ਜੋਲ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? ਅੱਜ ਯਹੋਵਾਹ ਦੇ ਲੋਕਾਂ ਨੂੰ ਰਾਜਨੀਤਿਕ ਤਾਕਤਾਂ ’ਤੇ ਭਰੋਸਾ ਰੱਖਣ ਤੋਂ ਬਚਣਾ ਚਾਹੀਦਾ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਤਾਕਤਾਂ ਹਮੇਸ਼ਾ ਲਈ ਸਾਡੀ ਰਾਖੀ ਕਰਨਗੀਆਂ। ਸਾਨੂੰ ਆਪਣੀ ਸੋਚ ਵਿਚ ਵੀ “ਦੁਨੀਆਂ ਦੇ ਨਹੀਂ” ਹੋਣਾ ਚਾਹੀਦਾ। (ਯੂਹੰ. 15:19; ਯਾਕੂ. 4:4) ਚਾਹੇ ਰਾਜਨੀਤਿਕ ਤਾਕਤਾਂ ਦੇਖਣ ਨੂੰ ਬਹੁਤ ਸ਼ਕਤੀਸ਼ਾਲੀ ਲੱਗਣ, ਪਰ ਪੁਰਾਣੇ ਸਮੇਂ ਦੇ ਮਿਸਰ ਵਾਂਗ ਇਹ ਇਕ ਕਮਜ਼ੋਰ ਕਾਨੇ ਵਾਂਗ ਹਨ। ਇਹ ਕਿੰਨੀ ਬੇਵਕੂਫ਼ੀ ਦੀ ਗੱਲ ਹੋਵੇਗੀ ਜੇ ਅਸੀਂ ਪੂਰੇ ਜਹਾਨ ਦੇ ਮਾਲਕ ’ਤੇ ਭਰੋਸਾ ਕਰਨ ਦੀ ਬਜਾਇ ਨਾਸ਼ਵਾਨ ਇਨਸਾਨਾਂ ’ਤੇ ਭਰੋਸਾ ਰੱਖਾਂਗੇ।​—ਜ਼ਬੂਰ 146:3-6 ਪੜ੍ਹੋ।

ਸਾਨੂੰ ਕਿਤੇ ਵੀ, ਇੱਥੋਂ ਤਕ ਕਿ ਘਰ ਵਿਚ ਵੀ ਰਾਜਨੀਤਿਕ ਪਾਰਟੀਆਂ ਦਾ ਪੱਖ ਨਹੀਂ ਲੈਣਾ ਚਾਹੀਦਾ (ਪੈਰਾ 27 ਦੇਖੋ)

ਕੌਮਾਂ ਨੂੰ “ਜਾਣਨਾ ਹੀ ਪਵੇਗਾ”

28-30. ਜਿਸ ਤਰ੍ਹਾਂ ਕੌਮਾਂ ਯਹੋਵਾਹ ਨੂੰ ਜਾਣਨਗੀਆਂ ਅਤੇ ਜਿਸ ਤਰ੍ਹਾਂ ਅਸੀਂ ਯਹੋਵਾਹ ਨੂੰ ਜਾਣਦੇ ਹਾਂ, ਉਸ ਵਿਚ ਕੀ ਫ਼ਰਕ ਹੈ?

28 ਹਿਜ਼ਕੀਏਲ ਦੀ ਕਿਤਾਬ ਵਿਚ ਯਹੋਵਾਹ ਕਈ ਵਾਰ ਕਹਿੰਦਾ ਹੈ ਕਿ ਕੌਮਾਂ ਨੂੰ “ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।” (ਹਿਜ਼. 25:17) ਇਹ ਗੱਲ ਪੁਰਾਣੇ ਸਮੇਂ ਵਿਚ ਐਨ ਸੱਚ ਸਾਬਤ ਹੋਈ ਜਦੋਂ ਉਸ ਨੇ ਆਪਣੇ ਲੋਕਾਂ ਦੇ ਦੁਸ਼ਮਣਾਂ ਨੂੰ ਸਜ਼ਾ ਦਿੱਤੀ। ਪਰ ਇਸ ਦੀ ਵੱਡੀ ਪੂਰਤੀ ਅੱਜ ਸਾਡੇ ਦਿਨਾਂ ਵਿਚ ਹੋਵੇਗੀ। ਉਹ ਕਿਵੇਂ?

29 ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਵਾਂਗ ਅੱਜ ਅਸੀਂ ਵੀ ਕੌਮਾਂ ਨਾਲ ਘਿਰੇ ਹੋਏ ਹਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਇਕ ਭੇਡ ਵਾਂਗ ਹਾਂ ਜੋ ਆਪਣਾ ਬਚਾਅ ਨਹੀਂ ਕਰ ਸਕਦੀ। (ਹਿਜ਼. 38:10-13) ਅਸੀਂ ਇਸ ਕਿਤਾਬ ਦੇ 17ਵੇਂ ਅਤੇ 18ਵੇਂ ਅਧਿਆਇ ਵਿਚ ਚਰਚਾ ਕਰਾਂਗੇ ਕਿ ਜਲਦੀ ਹੀ ਕੌਮਾਂ ਪਰਮੇਸ਼ੁਰ ਦੇ ਲੋਕਾਂ ਨੂੰ ਖ਼ਤਮ ਕਰਨ ਲਈ ਇਕ ਵੱਡਾ ਹਮਲਾ ਕਰਨਗੀਆਂ। ਪਰ ਜਦੋਂ ਉਹ ਹਮਲਾ ਕਰਨਗੇ, ਤਾਂ ਉਨ੍ਹਾਂ ਨੂੰ ਇਹ ਸੱਚਾਈ ਪਤਾ ਲੱਗੇਗੀ ਕਿ ਅਸਲ ਵਿਚ ਕੌਣ ਤਾਕਤਵਰ ਹੈ। ਜਦੋਂ ਯਹੋਵਾਹ ਆਰਮਾਗੇਡਨ ਦੀ ਲੜਾਈ ਵਿਚ ਉਨ੍ਹਾਂ ਦਾ ਨਾਸ਼ ਕਰੇਗਾ, ਤਾਂ ਉਨ੍ਹਾਂ ਨੂੰ ਯਹੋਵਾਹ ਨੂੰ ਜਾਣਨਾ ਹੀ ਪਵੇਗਾ ਯਾਨੀ ਉਨ੍ਹਾਂ ਨੂੰ ਮੰਨਣਾ ਹੀ ਪਵੇਗਾ ਕਿ ਸਿਰਫ਼ ਉਸ ਕੋਲ ਹੀ ਰਾਜ ਕਰਨ ਦਾ ਹੱਕ ਹੈ।​—ਪ੍ਰਕਾ. 16:16; 19:17-21.

30 ਪਰ ਯਹੋਵਾਹ ਸਾਡੀ ਰਾਖੀ ਕਰੇਗਾ ਅਤੇ ਸਾਨੂੰ ਬਰਕਤਾਂ ਦੇਵੇਗਾ। ਕਿਉਂ? ਕਿਉਂਕਿ ਅੱਜ ਅਸੀਂ ਇਹ ਗੱਲ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਨੂੰ ਜਾਣਦੇ ਹਾਂ। ਅਸੀਂ ਯਹੋਵਾਹ ’ਤੇ ਭਰੋਸਾ ਰੱਖ ਕੇ, ਉਸ ਦਾ ਕਹਿਣਾ ਮੰਨ ਕੇ ਅਤੇ ਉਸ ਦੀ ਸ਼ੁੱਧ ਭਗਤੀ ਕਰ ਕੇ ਜਿਸ ਦਾ ਉਹ ਹੱਕਦਾਰ ਹੈ, ਇਸ ਤਰ੍ਹਾਂ ਕਰਦੇ ਹਾਂ।​—ਹਿਜ਼ਕੀਏਲ 28:26 ਪੜ੍ਹੋ।

^ ਪੈਰਾ 15 ਮਿਸਾਲ ਲਈ, ਫਲਿਸਤੀਆਂ ਨੇ ਪਾਬੰਦੀ ਲਾਈ ਸੀ ਕਿ ਇਜ਼ਰਾਈਲ ਵਿਚ ਕੋਈ ਵੀ ਲੁਹਾਰ ਦਾ ਕੰਮ ਨਾ ਕਰੇ। ਇਜ਼ਰਾਈਲੀਆਂ ਨੂੰ ਆਪਣੇ ਖੇਤੀ-ਬਾੜੀ ਦੇ ਸੰਦ ਤਿੱਖੇ ਕਰਾਉਣ ਲਈ ਫਲਿਸਤੀਆਂ ਕੋਲ ਜਾਣਾ ਪੈਂਦਾ ਸੀ। ਸੰਦ ਤਿੱਖੇ ਕਰਾਉਣ ਦੀ ਕੀਮਤ ਉਨ੍ਹਾਂ ਦੀ ਕਈ ਦਿਨਾਂ ਦੀ ਮਜ਼ਦੂਰੀ ਦੇ ਬਰਾਬਰ ਹੁੰਦੀ ਸੀ।​—1 ਸਮੂ. 13:19-22.

^ ਪੈਰਾ 18 ਲੱਗਦਾ ਹੈ ਕਿ ਪੁਰਾਣੇ ਸਮੇਂ ਵਿਚ ਸਭ ਤੋਂ ਪਹਿਲਾਂ ਸੋਰ ਸ਼ਹਿਰ ਇਕ ਚਟਾਨੀ ਟਾਪੂ ’ਤੇ ਬਣਾਇਆ ਗਿਆ ਸੀ। ਇਹ ਟਾਪੂ ਕੰਢੇ ਤੋਂ ਕੁਝ ਕੁ ਦੂਰੀ ’ਤੇ ਹੀ ਸੀ ਅਤੇ ਕਰਮਲ ਪਹਾੜ ਤੋਂ ਲਗਭਗ 50 ਕਿਲੋਮੀਟਰ ਦੂਰ ਉੱਤਰ ਵਿਚ ਸੀ। ਬਾਅਦ ਵਿਚ ਸੋਰ ਦੇ ਲੋਕਾਂ ਨੇ ਇਸ ਨੂੰ ਵੱਡਾ ਕਰਨ ਲਈ ਸਮੁੰਦਰ ਕੰਢੇ ’ਤੇ ਵੀ ਸ਼ਹਿਰ ਬਣਾਇਆ। ਇਬਰਾਨੀ ਵਿਚ ਇਸ ਸ਼ਹਿਰ ਨੂੰ ਸੂਰ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ “ਚਟਾਨ।”

^ ਪੈਰਾ 22 ਸੋਰ ਖ਼ਿਲਾਫ਼ ਯਸਾਯਾਹ, ਯਿਰਮਿਯਾਹ, ਯੋਏਲ, ਆਮੋਸ ਅਤੇ ਜ਼ਕਰਯਾਹ ਨੇ ਵੀ ਭਵਿੱਖਬਾਣੀਆਂ ਕੀਤੀਆਂ ਅਤੇ ਉਨ੍ਹਾਂ ਦੀਆਂ ਭਵਿੱਖਬਾਣੀਆਂ ਦੀ ਹਰ ਗੱਲ ਪੂਰੀ ਹੋਈ।​—ਯਸਾ. 23:1-8; ਯਿਰ. 25:15, 22, 27; ਯੋਏ. 3:4; ਆਮੋ. 1:10; ਜ਼ਕ. 9:3, 4.