Skip to content

Skip to table of contents

ਅਧਿਆਇ 8

‘ਮੈਂ ਚਰਵਾਹਾ ਨਿਯੁਕਤ ਕਰਾਂਗਾ’

‘ਮੈਂ ਚਰਵਾਹਾ ਨਿਯੁਕਤ ਕਰਾਂਗਾ’

ਹਿਜ਼ਕੀਏਲ 34:23

ਮੁੱਖ ਗੱਲ: ਮਸੀਹ ਬਾਰੇ ਚਾਰ ਭਵਿੱਖਬਾਣੀਆਂ ਅਤੇ ਉਨ੍ਹਾਂ ਦੀ ਪੂਰਤੀ

1-3. ਹਿਜ਼ਕੀਏਲ ਇੰਨਾ ਦੁਖੀ ਕਿਉਂ ਹੈ ਅਤੇ ਪਰਮੇਸ਼ੁਰ ਉਸ ਨੂੰ ਕੀ ਲਿਖਣ ਲਈ ਪ੍ਰੇਰਿਤ ਕਰਦਾ ਹੈ?

ਹਿਜ਼ਕੀਏਲ ਨੂੰ ਬਾਬਲ ਵਿਚ ਗ਼ੁਲਾਮ ਵਜੋਂ ਰਹਿੰਦਿਆਂ 6 ਸਾਲ ਹੋ ਚੁੱਕੇ ਹਨ। * ਉਸ ਦਾ ਪਿਆਰਾ ਦੇਸ਼ ਉਸ ਤੋਂ ਸੈਂਕੜੇ ਕਿਲੋਮੀਟਰ ਦੂਰ ਹੈ। ਯਹੂਦਾਹ ਵਿਚ ਕਈ ਰਾਜੇ ਆਏ ਅਤੇ ਚਲੇ ਗਏ। ਉਨ੍ਹਾਂ ਰਾਜਿਆਂ ਨੇ ਦੇਸ਼ ਦੀ ਹਾਲਤ ਬਹੁਤ ਖ਼ਰਾਬ ਕਰ ਦਿੱਤੀ ਹੈ ਜਿਸ ਕਰਕੇ ਨਬੀ ਦਾ ਮਨ ਬਹੁਤ ਦੁਖੀ ਹੈ।

2 ਹਿਜ਼ਕੀਏਲ ਦਾ ਜਨਮ ਵਫ਼ਾਦਾਰ ਰਾਜੇ ਯੋਸੀਯਾਹ ਦੇ ਰਾਜ ਵਿਚ ਹੋਇਆ ਸੀ। ਹਿਜ਼ਕੀਏਲ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਹੋਣੀ ਕਿ ਯੋਸੀਯਾਹ ਨੇ ਯਹੂਦਾਹ ਵਿੱਚੋਂ ਮੂਰਤੀ-ਪੂਜਾ ਖ਼ਤਮ ਕਰਨ ਅਤੇ ਸ਼ੁੱਧ ਭਗਤੀ ਬਹਾਲ ਕਰਨ ਲਈ ਮੁਹਿੰਮ ਚਲਾਈ ਹੈ। (2 ਇਤਿ. 34:1-8) ਪਰ ਯੋਸੀਯਾਹ ਵੱਲੋਂ ਕੀਤੇ ਸੁਧਾਰਾਂ ਦਾ ਅਸਰ ਥੋੜ੍ਹੇ ਸਮੇਂ ਤਕ ਹੀ ਰਿਹਾ ਕਿਉਂਕਿ ਉਸ ਤੋਂ ਬਾਅਦ ਆਉਣ ਵਾਲੇ ਜ਼ਿਆਦਾਤਰ ਰਾਜਿਆਂ ਨੇ ਮੂਰਤੀ-ਪੂਜਾ ਕਰਨੀ ਜਾਰੀ ਰੱਖੀ ਹੈ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਨ੍ਹਾਂ ਰਾਜਿਆਂ ਕਰਕੇ ਕੌਮ ਦੇ ਲੋਕਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਅਤੇ ਚਾਲ-ਚਲਣ ਵਿਗੜਦਾ ਜਾ ਰਿਹਾ ਹੈ। ਕੀ ਯਹੂਦਾਹ ਦੀ ਹਾਲਤ ਹਮੇਸ਼ਾ ਇਸੇ ਤਰ੍ਹਾਂ ਰਹੇਗੀ? ਨਹੀਂ, ਇਹ ਜ਼ਰੂਰ ਸੁਧਰੇਗੀ।

3 ਯਹੋਵਾਹ ਆਪਣੇ ਇਸ ਵਫ਼ਾਦਾਰ ਨਬੀ ਨੂੰ ਕਈ ਭਵਿੱਖਬਾਣੀਆਂ ਲਿਖਣ ਲਈ ਪ੍ਰੇਰਿਤ ਕਰਦਾ ਹੈ। ਇਨ੍ਹਾਂ ਵਿੱਚੋਂ ਇਕ ਭਵਿੱਖਬਾਣੀ ਮਸੀਹ ਬਾਰੇ ਹੈ ਜੋ ਆਉਣ ਵਾਲੇ ਸਮੇਂ ਵਿਚ ਇਕ ਰਾਜੇ ਅਤੇ ਚਰਵਾਹੇ ਵਜੋਂ ਹਮੇਸ਼ਾ ਲਈ ਸ਼ੁੱਧ ਭਗਤੀ ਬਹਾਲ ਕਰੇਗਾ ਅਤੇ ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰੇਗਾ। ਸਾਨੂੰ ਧਿਆਨ ਨਾਲ ਇਨ੍ਹਾਂ ਭਵਿੱਖਬਾਣੀਆਂ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਸਾਡੀ ਹਮੇਸ਼ਾ ਦੀ ਜ਼ਿੰਦਗੀ ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ’ਤੇ ਨਿਰਭਰ ਕਰਦੀ ਹੈ। ਇਸ ਲਈ ਆਓ ਆਪਾਂ ਮਸੀਹ ਬਾਰੇ ਹਿਜ਼ਕੀਏਲ ਦੀ ਕਿਤਾਬ ਵਿਚ ਦਰਜ ਚਾਰ ਭਵਿੱਖਬਾਣੀਆਂ ’ਤੇ ਗੌਰ ਕਰੀਏ।

‘ਇਕ ਨਰਮ ਲਗਰ ਵੱਡਾ ਦਿਆਰ ਬਣ ਗਈ’

4. ਹਿਜ਼ਕੀਏਲ ਨੇ ਕਿਹੜੀ ਭਵਿੱਖਬਾਣੀ ਕੀਤੀ? ਪਰਮੇਸ਼ੁਰ ਨੇ ਹਿਜ਼ਕੀਏਲ ਨੂੰ ਭਵਿੱਖਬਾਣੀ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਨ ਲਈ ਕਿਹਾ?

4 ਲਗਭਗ 612 ਈਸਵੀ ਪੂਰਵ ਵਿਚ ਹਿਜ਼ਕੀਏਲ ਨੂੰ “ਯਹੋਵਾਹ ਦਾ ਸੰਦੇਸ਼” ਮਿਲਿਆ। ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਮਸੀਹ ਦਾ ਰਾਜ ਕਿੰਨੇ ਵੱਡੇ ਪੱਧਰ ’ਤੇ ਹੋਵੇਗਾ ਅਤੇ ਸਾਨੂੰ ਉਸ ਦੇ ਰਾਜ ’ਤੇ ਭਰੋਸਾ ਕਰਨ ਦੀ ਲੋੜ ਹੈ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ ਕਿ ਉਹ ਬੁਝਾਰਤ ਪਾ ਕੇ ਗ਼ੁਲਾਮ ਯਹੂਦੀਆਂ ਨੂੰ ਭਵਿੱਖਬਾਣੀ ਦੱਸਣੀ ਸ਼ੁਰੂ ਕਰੇ। ਇਸ ਤੋਂ ਪਤਾ ਲੱਗਣਾ ਸੀ ਕਿ ਯਹੂਦਾਹ ਦੇ ਰਾਜੇ ਕਿੰਨੇ ਬੇਵਫ਼ਾ ਸਨ ਅਤੇ ਮਸੀਹ ਦੇ ਰਾਜ ਦੀ ਕਿੰਨੀ ਲੋੜ ਸੀ।​—ਹਿਜ਼. 17:1, 2.

5. ਥੋੜ੍ਹੇ ਸ਼ਬਦਾਂ ਵਿਚ ਦੱਸੋ ਕਿ ਬੁਝਾਰਤ ਕੀ ਸੀ।

5 ਹਿਜ਼ਕੀਏਲ 17:3-10 ਪੜ੍ਹੋ। ਥੋੜ੍ਹੇ ਸ਼ਬਦਾਂ ਵਿਚ ਦੱਸੀਏ, ਤਾਂ ਬੁਝਾਰਤ ਇਹ ਹੈ: “ਇਕ ਵੱਡਾ ਉਕਾਬ” ਦਿਆਰ ਦੀ ਸਭ ਤੋਂ ਉੱਪਰਲੀ ਟਾਹਣੀ ਤੋੜ ਕੇ “ਵਪਾਰੀਆਂ ਦੇ ਸ਼ਹਿਰ” ਲਾ ਦਿੰਦਾ ਹੈ। ਫਿਰ ਇਹ ਉਕਾਬ “ਦੇਸ਼ ਦੇ ਕੁਝ ਬੀ” ਲੈ ਕੇ ਉਪਜਾਊ ਖੇਤ ਵਿਚ ਬੀਜ ਦਿੰਦਾ ਹੈ ਜਿੱਥੇ “ਬਹੁਤ ਸਾਰਾ ਪਾਣੀ” ਹੈ। ਇਹ ਬੀ ਪੁੰਗਰਦੇ ਹਨ ਅਤੇ “ਅੰਗੂਰੀ ਵੇਲ” ਉੱਗ ਪੈਂਦੀ ਹੈ ਜਿਸ ਦੀਆਂ “ਟਾਹਣੀਆਂ ਫੈਲੀਆਂ ਹੋਈਆਂ” ਹਨ। ਫਿਰ ਇਕ ਹੋਰ “ਵੱਡਾ ਉਕਾਬ” ਆਉਂਦਾ ਹੈ। ਇਹ ਅੰਗੂਰੀ ਵੇਲ “ਆਪਣੀਆਂ ਜੜ੍ਹਾਂ ਬੇਸਬਰੀ ਨਾਲ ਉਕਾਬ ਵੱਲ” ਵਧਾਉਂਦੀ ਹੈ ਤਾਂਕਿ ਉਕਾਬ ਉਸ ਨੂੰ ਉਸ ਜਗ੍ਹਾ ਲਾ ਦੇਵੇ ਜਿੱਥੇ ਬਹੁਤ ਸਾਰਾ ਪਾਣੀ ਹੈ। ਯਹੋਵਾਹ ਨੂੰ ਅੰਗੂਰੀ ਵੇਲ ’ਤੇ ਗੁੱਸਾ ਆਉਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਇਸ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਜਾਣਗੀਆਂ ਅਤੇ ਇਹ “ਪੂਰੀ ਤਰ੍ਹਾਂ ਸੁੱਕ ਜਾਵੇਗੀ।”

ਪਹਿਲਾ ਵੱਡਾ ਉਕਾਬ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਦਰਸਾਉਂਦਾ ਸੀ (ਪੈਰਾ 6 ਦੇਖੋ)

6. ਬੁਝਾਰਤ ਦਾ ਕੀ ਮਤਲਬ ਹੈ?

6 ਬੁਝਾਰਤ ਦਾ ਮਤਲਬ ਕੀ ਹੈ? (ਹਿਜ਼ਕੀਏਲ 17:11-15 ਪੜ੍ਹੋ।) 617 ਈਸਵੀ ਪੂਰਵ ਵਿਚ ਪਹਿਲੇ ‘ਵੱਡੇ ਉਕਾਬ’ ਯਾਨੀ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ। ਉਸ ਨੇ “ਸਭ ਤੋਂ ਉੱਪਰਲੀ ਲਗਰ” ਨੂੰ ਪੁੱਟਿਆ ਯਾਨੀ ਰਾਜਾ ਯਹੋਯਾਕੀਨ ਨੂੰ ਰਾਜ-ਗੱਦੀ ਤੋਂ ਲਾਹ ਦਿੱਤਾ ਅਤੇ ਉਸ ਨੂੰ “ਵਪਾਰੀਆਂ ਦੇ ਸ਼ਹਿਰ” ਯਾਨੀ ਬਾਬਲ ਲੈ ਗਿਆ। ਨਬੂਕਦਨੱਸਰ ਨੇ ਉਸ ਦੀ ਜਗ੍ਹਾ ‘ਦੇਸ਼ ਦੇ ਬੀਆਂ’ ਵਿੱਚੋਂ ਇਕ ਬੀ ਯਾਨੀ ਸ਼ਾਹੀ ਖ਼ਾਨਦਾਨ ਵਿੱਚੋਂ ਸਿਦਕੀਯਾਹ ਨੂੰ ਯਰੂਸ਼ਲਮ ਦੀ ਰਾਜ-ਗੱਦੀ ’ਤੇ ਬਿਠਾ ਦਿੱਤਾ। (2 ਇਤਿ. 36:13) ਇਸ ਨਵੇਂ ਯਹੂਦੀ ਰਾਜੇ ਸਿਦਕੀਯਾਹ ਨੂੰ ਪਰਮੇਸ਼ੁਰ ਦੇ ਨਾਂ ਦੀ ਸਹੁੰ ਖੁਆਈ ਗਈ ਕਿ ਉਹ ਨਬੂਕਦਨੱਸਰ ਦਾ ਵਫ਼ਾਦਾਰ ਰਹੇਗਾ। ਪਰ ਸਿਦਕੀਯਾਹ ਨੇ ਸਹੁੰ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਨਬੂਕਦਨੱਸਰ ਖ਼ਿਲਾਫ਼ ਬਗਾਵਤ ਕੀਤੀ। ਉਸ ਨੇ ਦੂਜੇ ‘ਵੱਡੇ ਉਕਾਬ’ ਯਾਨੀ ਮਿਸਰ ਦੇ ਰਾਜੇ ਫ਼ਿਰਊਨ ਤੋਂ ਫ਼ੌਜੀ ਮਦਦ ਮੰਗੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਯਹੋਵਾਹ ਨੇ ਸਿਦਕੀਯਾਹ ਨੂੰ ਦੋਸ਼ੀ ਠਹਿਰਾਇਆ ਕਿ ਉਸ ਨੇ ਵਿਸ਼ਵਾਸਘਾਤ ਕੀਤਾ ਅਤੇ ਸਹੁੰ ਤੋੜ ਦਿੱਤੀ। (ਹਿਜ਼. 17:16-21) ਇਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਨੂੰ ਰਾਜ-ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਉਹ ਬਾਬਲ ਦੀ ਜੇਲ੍ਹ ਵਿਚ ਹੀ ਮਰ ਗਿਆ।​—ਯਿਰ. 52:6-11.

7. ਅਸੀਂ ਇਸ ਭਵਿੱਖਬਾਣੀ ਤੋਂ ਕਿਹੜੇ ਸਬਕ ਸਿੱਖਦੇ ਹਾਂ?

7 ਅਸੀਂ ਬੁਝਾਰਤ ਦੇ ਰੂਪ ਵਿਚ ਕੀਤੀ ਇਸ ਭਵਿੱਖਬਾਣੀ ਤੋਂ ਕਿਹੜੇ ਸਬਕ ਸਿੱਖਦੇ ਹਾਂ? ਪਹਿਲਾ, ਅਸੀਂ ਸ਼ੁੱਧ ਭਗਤੀ ਕਰਦੇ ਹਾਂ, ਇਸ ਲਈ ਸਾਨੂੰ ਆਪਣੀ ਗੱਲ ’ਤੇ ਪੱਕੇ ਰਹਿਣਾ ਚਾਹੀਦਾ ਹੈ। ਯਿਸੂ ਨੇ ਕਿਹਾ ਸੀ: “ਤੁਹਾਡੀ ‘ਹਾਂ’ ਦੀ ਹਾਂ ਅਤੇ ਤੁਹਾਡੀ ‘ਨਾਂਹ’ ਦੀ ਨਾਂਹ ਹੋਵੇ।” (ਮੱਤੀ 5:37) ਜੇ ਸਾਨੂੰ ਸੱਚਾਈ ਦੱਸਣ ਲਈ ਪਰਮੇਸ਼ੁਰ ਦੀ ਸਹੁੰ ਖਾਣ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਕਿ ਅਦਾਲਤ ਵਿਚ ਗਵਾਹੀ ਦੇਣ ਲਈ, ਤਾਂ ਸਾਨੂੰ ਇਸ ਸਹੁੰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਦੂਜਾ, ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸ ’ਤੇ ਭਰੋਸਾ ਕਰਦੇ ਹਾਂ। ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ: “ਹਾਕਮਾਂ ਉੱਤੇ ਭਰੋਸਾ ਨਾ ਰੱਖੋ ਅਤੇ ਨਾ ਹੀ ਮਨੁੱਖ ਦੇ ਕਿਸੇ ਪੁੱਤਰ ਉੱਤੇ ਜੋ ਮੁਕਤੀ ਨਹੀਂ ਦਿਵਾ ਸਕਦਾ।”​—ਜ਼ਬੂ. 146:3.

8-10. ਯਹੋਵਾਹ ਨੇ ਭਵਿੱਖ ਵਿਚ ਬਣਨ ਵਾਲੇ ਰਾਜੇ ਬਾਰੇ ਕੀ ਦੱਸਿਆ ਅਤੇ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ? (“ਮਸੀਹ ਬਾਰੇ ਭਵਿੱਖਬਾਣੀ​—ਇਕ ਵੱਡਾ ਦਿਆਰ” ਨਾਂ ਦੀ ਡੱਬੀ ਦੇਖੋ।)

8 ਪਰ ਇਕ ਅਜਿਹਾ ਰਾਜਾ ਵੀ ਹੈ ਜਿਸ ’ਤੇ ਅਸੀਂ ਪੂਰੀ ਤਰ੍ਹਾਂ ਭਰੋਸਾ ਕਰ ਸਕਦੇ ਹਾਂ। ਭਵਿੱਖ ਵਿਚ ਬਣਨ ਵਾਲੇ ਰਾਜੇ ਬਾਰੇ ਦੱਸਣ ਲਈ ਯਹੋਵਾਹ ਨੇ ਲਗਰ ਨੂੰ ਦੂਜੀ ਜਗ੍ਹਾ ਲਗਾਏ ਜਾਣ ਦੀ ਮਿਸਾਲ ਫਿਰ ਤੋਂ ਵਰਤੀ।

9 ਭਵਿੱਖਬਾਣੀ ਵਿਚ ਕੀ ਦੱਸਿਆ ਗਿਆ? (ਹਿਜ਼ਕੀਏਲ 17:22-24 ਪੜ੍ਹੋ।) ਹੁਣ ਯਹੋਵਾਹ ਦੋ ਵੱਡੇ ਉਕਾਬਾਂ ਨੂੰ ਵਰਤਣ ਦੀ ਬਜਾਇ ਖ਼ੁਦ ਕਦਮ ਚੁੱਕੇਗਾ। ਉਹ ‘ਉੱਚੇ ਦਿਆਰ ਦੀ ਸਭ ਤੋਂ ਉੱਪਰਲੀ ਨਰਮ ਲਗਰ’ ਤੋੜੇਗਾ ਅਤੇ ਉਸ ਨੂੰ ‘ਇਕ ਉੱਚੇ ਅਤੇ ਵੱਡੇ ਪਹਾੜ ’ਤੇ ਲਾਵੇਗਾ।’ ਇਹ ਲਗਰ ਵਧ ਕੇ ਇਕ “ਵੱਡਾ ਦਿਆਰ” ਬਣ ਜਾਵੇਗੀ ਅਤੇ “ਹਰ ਕਿਸਮ ਦੇ ਪੰਛੀ ਇਸ ਦੇ ਥੱਲੇ ਬਸੇਰਾ ਕਰਨਗੇ।” ਫਿਰ “ਮੈਦਾਨ ਦੇ ਸਾਰੇ ਦਰਖ਼ਤਾਂ” ਨੂੰ ਪਤਾ ਲੱਗੇਗਾ ਕਿ ਯਹੋਵਾਹ ਨੇ ਉਸ ਲਗਰ ਨੂੰ ਵੱਡਾ ਦਰਖ਼ਤ ਬਣਾਇਆ ਹੈ।

10 ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ? ਯਹੋਵਾਹ ਨੇ “ਉੱਚੇ ਦਿਆਰ” ਯਾਨੀ ਦਾਊਦ ਦੇ ਸ਼ਾਹੀ ਖ਼ਾਨਦਾਨ ਵਿੱਚੋਂ ਆਪਣੇ ਪੁੱਤਰ ਯਿਸੂ ਮਸੀਹ ਨੂੰ ਲੈ ਕੇ “ਉੱਚੇ ਅਤੇ ਵੱਡੇ ਪਹਾੜ” ਯਾਨੀ ਸਵਰਗੀ ਸੀਓਨ ਪਹਾੜ ਉੱਤੇ ਲਾਇਆ। (ਜ਼ਬੂ. 2:6; ਯਿਰ. 23:5; ਪ੍ਰਕਾ. 14:1) ਪਰਮੇਸ਼ੁਰ ਦੇ ਪੁੱਤਰ ਨੂੰ ਉਸ ਦੇ ਦੁਸ਼ਮਣ ‘ਨੀਵੇਂ ਤੋਂ ਨੀਵਾਂ ਇਨਸਾਨ’ ਸਮਝਦੇ ਸਨ, ਪਰ ਯਹੋਵਾਹ ਨੇ ਉਸ ਨੂੰ ਉਸ ਦੇ “ਪੂਰਵਜ ਦਾਊਦ ਦੀ ਰਾਜ-ਗੱਦੀ” ਦੇ ਕੇ ਉੱਚਾ ਕੀਤਾ। (ਦਾਨੀ. 4:17; ਲੂਕਾ 1:32, 33) ਵੱਡੇ ਦਿਆਰ ਵਾਂਗ ਯਿਸੂ ਸਵਰਗ ਤੋਂ ਪੂਰੀ ਧਰਤੀ ’ਤੇ ਰਾਜ ਕਰੇਗਾ ਅਤੇ ਆਪਣੀ ਪਰਜਾ ਨੂੰ ਬਰਕਤਾਂ ਦੇਵੇਗਾ। ਯਿਸੂ ਮਸੀਹ ਹੀ ਉਹ ਰਾਜਾ ਹੈ ਜਿਸ ’ਤੇ ਅਸੀਂ ਭਰੋਸਾ ਕਰ ਸਕਦੇ ਹਾਂ। ਯਿਸੂ ਦੇ ਰਾਜ ਦੇ ਸਾਏ ਹੇਠ ਪੂਰੀ ਧਰਤੀ ’ਤੇ ਆਗਿਆਕਾਰ ਲੋਕ ‘ਸੁੱਖ-ਸਾਂਦ ਨਾਲ ਵੱਸਣਗੇ ਅਤੇ ਉਨ੍ਹਾਂ ਨੂੰ ਬਿਪਤਾ ਦਾ ਖ਼ੌਫ਼’ ਨਹੀਂ ਹੋਵੇਗਾ।​—ਕਹਾ. 1:33.

11. “ਵੱਡਾ ਦਿਆਰ” ਬਣੀ “ਨਰਮ ਲਗਰ” ਬਾਰੇ ਭਵਿੱਖਬਾਣੀ ਤੋਂ ਅਸੀਂ ਕਿਹੜਾ ਅਹਿਮ ਸਬਕ ਸਿੱਖਦੇ ਹਾਂ?

11 ਅਸੀਂ ਇਸ ਭਵਿੱਖਬਾਣੀ ਤੋਂ ਕੀ ਸਿੱਖ ਸਕਦੇ ਹਾਂ? ਭਵਿੱਖਬਾਣੀ ਮੁਤਾਬਕ ‘ਨਰਮ ਲਗਰ ਵੱਡਾ ਦਿਆਰ’ ਦਾ ਦਰਖ਼ਤ ਬਣ ਗਈ। ਇਸ ਭਵਿੱਖਬਾਣੀ ਤੋਂ ਸਭ ਤੋਂ ਅਹਿਮ ਸਵਾਲ ਦਾ ਜਵਾਬ ਮਿਲਦਾ ਹੈ: ਸਾਨੂੰ ਕਿਸ ਉੱਤੇ ਭਰੋਸਾ ਕਰਨਾ ਚਾਹੀਦਾ ਹੈ? ਸਰਕਾਰਾਂ ਅਤੇ ਉਨ੍ਹਾਂ ਦੀ ਫ਼ੌਜੀ ਤਾਕਤ ’ਤੇ ਭਰੋਸਾ ਰੱਖਣਾ ਕਿੰਨੀ ਮੂਰਖਤਾ ਦੀ ਗੱਲ ਹੈ! ਜੇ ਅਸੀਂ ਸੱਚ-ਮੁੱਚ ਸੁਰੱਖਿਆ ਚਾਹੁੰਦੇ ਹਾਂ, ਤਾਂ ਸਾਡੇ ਲਈ ਸਮਝਦਾਰੀ ਦੀ ਗੱਲ ਹੈ ਕਿ ਅਸੀਂ ਰਾਜੇ ਯਿਸੂ ਮਸੀਹ ’ਤੇ ਪੂਰਾ ਭਰੋਸਾ ਰੱਖੀਏ। ਯਿਸੂ ਮਸੀਹ ਰਾਜ ਕਰਨ ਦੇ ਪੂਰੀ ਤਰ੍ਹਾਂ ਕਾਬਲ ਹੈ ਅਤੇ ਉਸ ਦੀ ਸਰਕਾਰ ਇਨਸਾਨਾਂ ਲਈ ਇੱਕੋ-ਇਕ ਉਮੀਦ ਹੈ।​—ਪ੍ਰਕਾ. 11:15.

“ਜਿਸ ਦਾ ਕਾਨੂੰਨੀ ਹੱਕ ਹੈ”

12. ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਦਾਊਦ ਨਾਲ ਕੀਤਾ ਆਪਣਾ ਇਕਰਾਰ ਭੁੱਲਿਆ ਨਹੀਂ ਸੀ?

12 ਯਹੋਵਾਹ ਪਰਮੇਸ਼ੁਰ ਨੇ ਹਿਜ਼ਕੀਏਲ ਨੂੰ ਉਸ ਭਵਿੱਖਬਾਣੀ ਦਾ ਮਤਲਬ ਸਮਝਾਇਆ ਜਿਸ ਵਿਚ ਦੋ ਉਕਾਬਾਂ ਬਾਰੇ ਬੁਝਾਰਤ ਪਾਈ ਸੀ। ਉਸ ਨੂੰ ਸਮਝ ਲੱਗੀ ਕਿ ਦਾਊਦ ਦੇ ਸ਼ਾਹੀ ਖ਼ਾਨਦਾਨ ਵਿੱਚੋਂ ਵਿਸ਼ਵਾਸਘਾਤੀ ਰਾਜੇ ਸਿਦਕੀਯਾਹ ਨੂੰ ਰਾਜ-ਗੱਦੀ ਤੋਂ ਲਾਹਿਆ ਜਾਵੇਗਾ ਅਤੇ ਕੈਦ ਕਰ ਕੇ ਬਾਬਲ ਲਿਜਾਇਆ ਜਾਵੇਗਾ। ਸ਼ਾਇਦ ਹਿਜ਼ਕੀਏਲ ਨਬੀ ਨੇ ਸੋਚਿਆ ਹੋਣਾ, ‘ਕੀ ਪਰਮੇਸ਼ੁਰ ਦਾਊਦ ਨਾਲ ਕੀਤਾ ਆਪਣਾ ਇਕਰਾਰ ਪੂਰਾ ਕਰੇਗਾ ਕਿ ਉਸ ਦੇ ਖ਼ਾਨਦਾਨ ਵਿੱਚੋਂ ਇਕ ਰਾਜਾ ਹਮੇਸ਼ਾ ਲਈ ਰਾਜ ਕਰੇਗਾ?’ (2 ਸਮੂ. 7:12, 16) ਜੇ ਹਿਜ਼ਕੀਏਲ ਦੇ ਮਨ ਵਿਚ ਇੱਦਾਂ ਦਾ ਕੋਈ ਸਵਾਲ ਆਇਆ ਵੀ ਹੋਣਾ, ਤਾਂ ਉਸ ਨੂੰ ਜਵਾਬ ਲਈ ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰਨਾ ਪਿਆ ਹੋਣਾ। ਲਗਭਗ 611 ਈਸਵੀ ਪੂਰਵ ਵਿਚ ਜਦੋਂ ਗ਼ੁਲਾਮੀ ਦਾ ਸੱਤਵਾਂ ਸਾਲ ਚੱਲ ਰਿਹਾ ਸੀ ਅਤੇ ਸਿਦਕੀਯਾਹ ਯਹੂਦਾਹ ਵਿਚ ਹਾਲੇ ਰਾਜ ਕਰ ਰਿਹਾ ਸੀ, ਉਸ ਵੇਲੇ ਹਿਜ਼ਕੀਏਲ ਨੂੰ ‘ਯਹੋਵਾਹ ਦਾ ਸੰਦੇਸ਼’ ਮਿਲਿਆ। (ਹਿਜ਼. 20:2) ਯਹੋਵਾਹ ਨੇ ਉਸ ਨੂੰ ਮਸੀਹ ਬਾਰੇ ਇਕ ਹੋਰ ਭਵਿੱਖਬਾਣੀ ਕਰਨ ਲਈ ਕਿਹਾ ਜਿਸ ਤੋਂ ਜ਼ਾਹਰ ਹੋਇਆ ਕਿ ਪਰਮੇਸ਼ੁਰ ਦਾਊਦ ਨਾਲ ਕੀਤਾ ਆਪਣਾ ਇਕਰਾਰ ਭੁੱਲਿਆ ਨਹੀਂ ਸੀ। ਇਸ ਦੀ ਬਜਾਇ ਭਵਿੱਖਬਾਣੀ ਤੋਂ ਪਤਾ ਲੱਗਾ ਕਿ ਦਾਊਦ ਦਾ ਵਾਰਸ ਹੋਣ ਕਰਕੇ ਮਸੀਹ ਕੋਲ ਰਾਜ ਕਰਨ ਦਾ ਕਾਨੂੰਨੀ ਹੱਕ ਹੋਵੇਗਾ।

13, 14. (ੳ) ਹਿਜ਼ਕੀਏਲ 21:25-27 ਵਿਚ ਦਿੱਤੀ ਭਵਿੱਖਬਾਣੀ ਬਾਰੇ ਥੋੜ੍ਹੇ ਸ਼ਬਦਾਂ ਵਿਚ ਦੱਸੋ। (ਅ) ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ?

13 ਭਵਿੱਖਬਾਣੀ ਵਿਚ ਕੀ ਦੱਸਿਆ ਗਿਆ ਹੈ? (ਹਿਜ਼ਕੀਏਲ 21:25-27 ਪੜ੍ਹੋ।) ਯਹੋਵਾਹ ਨੇ ਹਿਜ਼ਕੀਏਲ ਰਾਹੀਂ “ਇਜ਼ਰਾਈਲ ਦੇ ਦੁਸ਼ਟ ਮੁਖੀ” ਨੂੰ ਸਾਫ਼-ਸਾਫ਼ ਦੱਸਿਆ ਕਿ ਉਸ ਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਸੀ। ਯਹੋਵਾਹ ਨੇ ਉਸ ਦੁਸ਼ਟ ਹਾਕਮ ਨੂੰ ਦੱਸਿਆ ਕਿ ਉਸ ਦੀ ਸ਼ਾਹੀ ਤਾਕਤ ਦੀ ਨਿਸ਼ਾਨੀ “ਪਗੜੀ” ਅਤੇ “ਮੁਕਟ” ਉਸ ਤੋਂ ਲੈ ਲਏ ਜਾਣਗੇ। ਫਿਰ ਨੀਵੀਆਂ ਤਾਕਤਾਂ ਨੂੰ “ਉੱਚਾ” ਅਤੇ ਉੱਚੀਆਂ ਨੂੰ “ਨੀਵਾਂ” ਕੀਤਾ ਜਾਵੇਗਾ। ਇਹ ਤਾਕਤਾਂ ਉਦੋਂ ਤਕ ਰਾਜ ਕਰਨਗੀਆਂ ਜਦ ਤਕ “ਉਹ ਨਹੀਂ ਆਉਂਦਾ ਜਿਸ ਦਾ ਕਾਨੂੰਨੀ ਹੱਕ ਹੈ।” ਫਿਰ ਯਹੋਵਾਹ ਇਹ ਰਾਜ ਉਸ ਨੂੰ ਦੇ ਦੇਵੇਗਾ।

14 ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ? ਜਦੋਂ 607 ਈਸਵੀ ਪੂਰਵ ਵਿਚ ਬਾਬਲੀਆਂ ਨੇ ਯਰੂਸ਼ਲਮ ਦਾ ਨਾਸ਼ ਕੀਤਾ ਅਤੇ ਰਾਜਾ ਸਿਦਕੀਯਾਹ ਨੂੰ ਬੰਦੀ ਬਣਾ ਲਿਆ, ਤਾਂ ਉਸ ਵੇਲੇ ਯਹੂਦਾਹ ਦੇ “ਉੱਚੇ” ਰਾਜ ਨੂੰ ਨੀਵਾਂ ਕੀਤਾ ਗਿਆ। ਉਸ ਤੋਂ ਬਾਅਦ ਦਾਊਦ ਦੇ ਸ਼ਾਹੀ ਖ਼ਾਨਦਾਨ ਵਿੱਚੋਂ ਕਿਸੇ ਵੀ ਰਾਜੇ ਨੇ ਯਰੂਸ਼ਲਮ ਵਿਚ ਰਾਜ ਨਹੀਂ ਕੀਤਾ। ਉਦੋਂ ਤੋਂ ਹੋਰ ਕੌਮਾਂ ਦੀਆਂ ‘ਨੀਵੀਆਂ’ ਤਾਕਤਾਂ ਨੂੰ ਉੱਚਾ ਕੀਤਾ ਗਿਆ ਯਾਨੀ ਪੂਰੀ ਧਰਤੀ ਉੱਤੇ ਰਾਜ ਕਰਨ ਦਾ ਅਧਿਕਾਰ ਦਿੱਤਾ ਗਿਆ, ਪਰ ਸੀਮਿਤ ਸਮੇਂ ਤਕ। ਇਨ੍ਹਾਂ “ਕੌਮਾਂ ਦਾ ਮਿਥਿਆ ਸਮਾਂ” 1914 ਵਿਚ ਪੂਰਾ ਹੋ ਗਿਆ ਅਤੇ ਉਦੋਂ ਯਹੋਵਾਹ ਨੇ ਰਾਜ ਯਿਸੂ ਮਸੀਹ ਨੂੰ ਦੇ ਦਿੱਤਾ। (ਲੂਕਾ 21:24) ਰਾਜਾ ਦਾਊਦ ਦੇ ਖ਼ਾਨਦਾਨ ਵਿੱਚੋਂ ਹੋਣ ਕਰਕੇ ਯਿਸੂ ਕੋਲ ਮਸੀਹ ਦੇ ਰਾਜ ਦਾ ਰਾਜਾ ਬਣਨ ਦਾ “ਕਾਨੂੰਨੀ ਹੱਕ” ਹੈ। * (ਉਤ. 49:10) ਯਿਸੂ ਰਾਹੀਂ ਯਹੋਵਾਹ ਨੇ ਦਾਊਦ ਨਾਲ ਆਪਣਾ ਵਾਅਦਾ ਪੂਰਾ ਕੀਤਾ ਕਿ ਉਸ ਦੇ ਖ਼ਾਨਦਾਨ ਵਿੱਚੋਂ ਇਕ ਵਾਰਸ ਹਮੇਸ਼ਾ ਲਈ ਰਾਜ ਕਰੇਗਾ।​—ਲੂਕਾ 1:32, 33.

ਯਿਸੂ ਕੋਲ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨ ਦਾ ਕਾਨੂੰਨੀ ਹੱਕ ਹੈ (ਪੈਰਾ 15 ਦੇਖੋ)

15. ਅਸੀਂ ਰਾਜਾ ਯਿਸੂ ਮਸੀਹ ਉੱਤੇ ਪੂਰਾ ਭਰੋਸਾ ਕਿਉਂ ਕਰ ਸਕਦੇ ਹਾਂ?

15 ਅਸੀਂ ਇਸ ਭਵਿੱਖਬਾਣੀ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਯਿਸੂ ਮਸੀਹ ਉੱਤੇ ਪੂਰਾ ਭਰੋਸਾ ਕਰ ਸਕਦੇ ਹਾਂ। ਕਿਉਂ? ਕਿਉਂਕਿ ਯਿਸੂ ਦੁਨੀਆਂ ਦੇ ਹਾਕਮਾਂ ਵਰਗਾ ਨਹੀਂ ਹੈ ਜਿਨ੍ਹਾਂ ਨੂੰ ਇਨਸਾਨ ਹੀ ਚੁਣਦੇ ਹਨ ਤੇ ਇਨਸਾਨ ਹੀ ਉਨ੍ਹਾਂ ਦੇ ਰਾਜ ਦਾ ਤਖ਼ਤਾ ਪਲਟ ਦਿੰਦੇ ਹਨ। ਇਸ ਤੋਂ ਉਲਟ, ਯਿਸੂ ਨੂੰ ਯਹੋਵਾਹ ਨੇ ਚੁਣਿਆ ਅਤੇ “ਰਾਜ ਦਿੱਤਾ” ਕਿਉਂਕਿ ਉਸ ਕੋਲ ਕਾਨੂੰਨੀ ਹੱਕ ਹੈ। (ਦਾਨੀ. 7:13, 14) ਸਾਨੂੰ ਉਸ ਰਾਜੇ ਉੱਤੇ ਜ਼ਰੂਰ ਭਰੋਸਾ ਕਰਨਾ ਚਾਹੀਦਾ ਹੈ ਜਿਸ ਨੂੰ ਯਹੋਵਾਹ ਨੇ ਚੁਣਿਆ ਹੈ।

“ਮੇਰਾ ਸੇਵਕ ਦਾਊਦ ਉਨ੍ਹਾਂ ਦਾ ਚਰਵਾਹਾ ਬਣੇਗਾ”

16. (ੳ) ਯਹੋਵਾਹ ਆਪਣੀਆਂ ਭੇਡਾਂ ਦੀ ਕਿੰਨੀ ਕੁ ਪਰਵਾਹ ਕਰਦਾ ਹੈ? (ਅ) ‘ਇਜ਼ਰਾਈਲ ਦੇ ਚਰਵਾਹੇ’ ਉਸ ਦੀਆਂ ਭੇਡਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੇ ਸਨ?

16 ਮਹਾਨ ਚਰਵਾਹਾ ਯਹੋਵਾਹ ਆਪਣੀਆਂ ਭੇਡਾਂ ਯਾਨੀ ਧਰਤੀ ਉੱਤੇ ਆਪਣੇ ਸੇਵਕਾਂ ਦੀ ਬਹੁਤ ਪਰਵਾਹ ਕਰਦਾ ਹੈ। (ਜ਼ਬੂ. 100:3) ਯਹੋਵਾਹ ਮੰਡਲੀ ਵਿਚ ਜਿਨ੍ਹਾਂ ਅਧਿਕਾਰ ਰੱਖਣ ਵਾਲਿਆਂ ਨੂੰ ਆਪਣੀਆਂ ਭੇਡਾਂ ਦੀ ਚਰਵਾਹੀ ਕਰਨ ਦੀ ਜ਼ਿੰਮੇਵਾਰੀ ਸੌਂਪਦਾ ਹੈ, ਉਹ ਚਰਵਾਹਿਆਂ ’ਤੇ ਨਜ਼ਰ ਰੱਖਦਾ ਹੈ ਕਿ ਉਹ ਯਹੋਵਾਹ ਦੀਆਂ ਭੇਡਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ ਹਨ। ਯਹੋਵਾਹ ਨੂੰ ਹਿਜ਼ਕੀਏਲ ਦੇ ਦਿਨਾਂ ਵਿਚ “ਇਜ਼ਰਾਈਲ ਦੇ ਚਰਵਾਹਿਆਂ” ਦਾ ਰਵੱਈਆ ਦੇਖ ਕੇ ਕਿੰਨਾ ਦੁੱਖ ਲੱਗਾ ਹੋਣਾ! ਉਹ ਉਸ ਦੀਆਂ ਭੇਡਾਂ ਯਾਨੀ ਉਸ ਦੇ ਲੋਕਾਂ ਨਾਲ ਬਹੁਤ “ਸਖ਼ਤੀ ਤੇ ਬੇਰਹਿਮੀ ਨਾਲ” ਪੇਸ਼ ਆ ਰਹੇ ਸਨ। ਨਤੀਜੇ ਵਜੋਂ, ਇਜ਼ਰਾਈਲੀਆਂ ਨੇ ਦੁੱਖ ਭੋਗੇ ਅਤੇ ਬਹੁਤ ਜਣਿਆਂ ਨੇ ਸ਼ੁੱਧ ਭਗਤੀ ਕਰਨੀ ਛੱਡ ਦਿੱਤੀ।​—ਹਿਜ਼. 34:1-6.

17. ਯਹੋਵਾਹ ਨੇ ਆਪਣੀਆਂ ਭੇਡਾਂ ਨੂੰ ਕਿਵੇਂ ਛੁਡਾਇਆ?

17 ਇਹ ਦੇਖ ਕੇ ਯਹੋਵਾਹ ਕੀ ਕਰੇਗਾ? ਉਸ ਨੇ ਇਜ਼ਰਾਈਲ ਦੇ ਜ਼ਾਲਮ ਹਾਕਮਾਂ ਨੂੰ ਕਿਹਾ: ‘ਮੈਂ ਆਪਣੀਆਂ ਭੇਡਾਂ ਦਾ ਹਿਸਾਬ ਲਵਾਂਗਾ।’ ਫਿਰ ਉਸ ਨੇ ਵਾਅਦਾ ਕੀਤਾ: ‘ਮੈਂ ਆਪਣੀਆਂ ਭੇਡਾਂ ਨੂੰ ਛੁਡਾਵਾਂਗਾ।’ (ਹਿਜ਼. 34:10) ਯਹੋਵਾਹ ਹਮੇਸ਼ਾ ਆਪਣੀ ਹਰ ਗੱਲ ਪੂਰੀ ਕਰਦਾ ਹੈ। (ਯਹੋ. 21:45) 607 ਈਸਵੀ ਪੂਰਵ ਵਿਚ ਯਹੋਵਾਹ ਨੇ ਬਾਬਲੀਆਂ ਦੁਆਰਾ ਇਨ੍ਹਾਂ ਸੁਆਰਥੀ ਚਰਵਾਹਿਆਂ ਨੂੰ ਰਾਜ-ਗੱਦੀ ਤੋਂ ਲਾਹ ਦਿੱਤਾ। ਇਸ ਤਰ੍ਹਾਂ ਉਸ ਨੇ ਆਪਣੇ ਲੋਕਾਂ ਨੂੰ ਛੁਡਾਇਆ। 70 ਸਾਲਾਂ ਬਾਅਦ ਯਹੋਵਾਹ ਨੇ ਭੇਡਾਂ ਵਰਗੇ ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਛੁਡਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲਿਆਇਆ ਤਾਂਕਿ ਉਹ ਉੱਥੇ ਸ਼ੁੱਧ ਭਗਤੀ ਬਹਾਲ ਕਰ ਸਕਣ। ਪਰ ਪਰਮੇਸ਼ੁਰ ਦੀਆਂ ਭੇਡਾਂ ਤੋਂ ਖ਼ਤਰਾ ਟਲ਼ਿਆ ਨਹੀਂ ਸੀ ਕਿਉਂਕਿ ਉਨ੍ਹਾਂ ’ਤੇ ਦੁਨੀਆਂ ਦੇ ਰਾਜੇ ਰਾਜ ਕਰਦੇ ਰਹੇ। “ਕੌਮਾਂ ਦਾ ਮਿਥਿਆ ਸਮਾਂ” ਕਈ ਸਦੀਆਂ ਤਕ ਚੱਲਦਾ ਰਿਹਾ।​—ਲੂਕਾ 21:24.

18, 19. ਹਿਜ਼ਕੀਏਲ ਨੇ 606 ਈਸਵੀ ਪੂਰਵ ਵਿਚ ਕਿਹੜੀ ਭਵਿੱਖਬਾਣੀ ਕੀਤੀ? (ਪਹਿਲੀ ਤਸਵੀਰ ਦੇਖੋ।)

18 ਯਹੋਵਾਹ ਨੇ 606 ਈਸਵੀ ਪੂਰਵ ਵਿਚ ਯਾਨੀ ਯਰੂਸ਼ਲਮ ਦੇ ਨਾਸ਼ ਤੋਂ ਇਕ ਸਾਲ ਬਾਅਦ ਅਤੇ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਤੋਂ ਕਈ ਦਹਾਕੇ ਪਹਿਲਾਂ ਹਿਜ਼ਕੀਏਲ ਤੋਂ ਇਕ ਭਵਿੱਖਬਾਣੀ ਕਰਵਾਈ। ਇਸ ਭਵਿੱਖਬਾਣੀ ਤੋਂ ਜ਼ਾਹਰ ਹੁੰਦਾ ਹੈ ਕਿ ਸਾਡਾ ਮਹਾਨ ਚਰਵਾਹਾ ਆਪਣੀਆਂ ਭੇਡਾਂ ਦੀ ਕਿੰਨੀ ਪਰਵਾਹ ਕਰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ। ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਮਸੀਹ ਆਪਣੇ ਰਾਜ ਵਿਚ ਯਹੋਵਾਹ ਦੀਆਂ ਭੇਡਾਂ ਦੀ ਕਿਵੇਂ ਚਰਵਾਹੀ ਕਰੇਗਾ।

19 ਇਸ ਭਵਿੱਖਬਾਣੀ ਵਿਚ ਕੀ ਦੱਸਿਆ ਗਿਆ ਹੈ? (ਹਿਜ਼ਕੀਏਲ 34:22-24 ਪੜ੍ਹੋ।) ਪਰਮੇਸ਼ੁਰ ਇਕ “ਚਰਵਾਹਾ ਨਿਯੁਕਤ ਕਰੇਗਾ” ਜਿਸ ਨੂੰ ਉਸ ਨੇ ‘ਆਪਣਾ ਸੇਵਕ ਦਾਊਦ’ ਕਿਹਾ। ਇੱਥੇ ਸਿਰਫ਼ ਇਕ ‘ਚਰਵਾਹੇ’ ਤੇ “ਸੇਵਕ” ਦੀ ਗੱਲ ਕੀਤੀ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦਾਊਦ ਦੇ ਖ਼ਾਨਦਾਨ ਵਿੱਚੋਂ ਸਿਰਫ਼ ਇਕ ਜਣਾ ਹੀ ਹਮੇਸ਼ਾ ਲਈ ਉਸ ਦਾ ਵਾਰਸ ਹੋਵੇਗਾ, ਨਾ ਕਿ ਪਹਿਲਾਂ ਵਾਂਗ ਉਸ ਦੇ ਖ਼ਾਨਦਾਨ ਵਿੱਚੋਂ ਰਾਜੇ ਪੀੜ੍ਹੀ-ਦਰ-ਪੀੜ੍ਹੀ ਰਾਜ ਕਰਨਗੇ। ਚਰਵਾਹਾ ਅਤੇ ਹਾਕਮ ਹੋਣ ਦੇ ਨਾਤੇ ਉਹ ਪਰਮੇਸ਼ੁਰ ਦੀਆਂ ਭੇਡਾਂ ਨੂੰ ਚਾਰੇਗਾ ਅਤੇ “ਉਨ੍ਹਾਂ ਦਾ ਮੁਖੀ ਹੋਵੇਗਾ।” ਯਹੋਵਾਹ ਆਪਣੀਆਂ ਭੇਡਾਂ ਨਾਲ “ਸ਼ਾਂਤੀ ਦਾ ਇਕਰਾਰ” ਕਰੇਗਾ ਅਤੇ ਉਨ੍ਹਾਂ ’ਤੇ “ਬਰਕਤਾਂ ਦਾ ਮੀਂਹ” ਵਰ੍ਹਾਵੇਗਾ ਜਿਸ ਕਰਕੇ ਉਹ ਸੁਰੱਖਿਆ ਅਤੇ ਖ਼ੁਸ਼ਹਾਲੀ ਦਾ ਆਨੰਦ ਮਾਣਨਗੇ। ਇਸ ਲਈ ਸਾਰੇ ਪਾਸੇ ਸ਼ਾਂਤੀ ਹੋਵੇਗੀ, ਨਾ ਸਿਰਫ਼ ਇਨਸਾਨਾਂ ਵਿਚ, ਸਗੋਂ ਇਨਸਾਨਾਂ ਤੇ ਜਾਨਵਰਾਂ ਵਿਚ ਵੀ।​—ਹਿਜ਼. 34:25-28.

20, 21. (ੳ) “ਆਪਣੇ ਸੇਵਕ ਦਾਊਦ” ਬਾਰੇ ਭਵਿੱਖਬਾਣੀ ਕਿਵੇਂ ਪੂਰੀ ਹੋਈ? (ਅ) “ਸ਼ਾਂਤੀ ਦੇ ਇਕਰਾਰ” ਬਾਰੇ ਭਵਿੱਖਬਾਣੀ ਕਿਵੇਂ ਪੂਰੀ ਹੋਈ?

20 ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ? ਪਰਮੇਸ਼ੁਰ ਨੇ ਭਵਿੱਖਬਾਣੀ ਵਿਚ ਇਸ ਹਾਕਮ ਨੂੰ ‘ਆਪਣਾ ਸੇਵਕ ਦਾਊਦ’ ਕਿਹਾ। ਇਹ ਸੇਵਕ ਯਿਸੂ ਹੈ ਜਿਸ ਕੋਲ ਦਾਊਦ ਦੀ ਪੀੜ੍ਹੀ ਵਿੱਚੋਂ ਹੋਣ ਕਰਕੇ ਰਾਜ ਕਰਨ ਦਾ ਕਾਨੂੰਨੀ ਹੱਕ ਹੈ। (ਜ਼ਬੂ. 89:35, 36) ਧਰਤੀ ਉੱਤੇ ਹੁੰਦਿਆਂ ਯਿਸੂ ਨੇ ਆਪਣੇ ਆਪ ਨੂੰ “ਵਧੀਆ ਚਰਵਾਹਾ” ਸਾਬਤ ਕੀਤਾ। ਉਸ ਨੇ “ਭੇਡਾਂ ਲਈ ਆਪਣੀ ਜਾਨ” ਤਕ ਵਾਰ ਦਿੱਤੀ। (ਯੂਹੰ 10:14, 15) ਹੁਣ ਉਹ ਸਵਰਗ ਤੋਂ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰ ਰਿਹਾ ਹੈ। (ਇਬ. 13:20) ਪਰਮੇਸ਼ੁਰ ਨੇ 1914 ਵਿਚ ਯਿਸੂ ਨੂੰ ਰਾਜਾ ਬਣਾਇਆ ਅਤੇ ਉਸ ਨੂੰ ਧਰਤੀ ਉੱਤੇ ਆਪਣੀਆਂ ਭੇਡਾਂ ਦੀ ਅਗਵਾਈ ਕਰਨ ਤੇ ਉਨ੍ਹਾਂ ਨੂੰ ਭੋਜਨ ਦੇਣ ਦੀ ਜ਼ਿੰਮੇਵਾਰੀ ਦਿੱਤੀ। ਇਸ ਤੋਂ ਕੁਝ ਸਮੇਂ ਬਾਅਦ ਯਾਨੀ 1919 ਵਿਚ ਇਸ ਰਾਜੇ ਨੇ ਧਰਤੀ ਉੱਤੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕੀਤਾ ਤਾਂਕਿ ਸਾਰੇ “ਨੌਕਰਾਂ-ਚਾਕਰਾਂ” ਨੂੰ ਭੋਜਨ ਦੇਵੇ। ਇਹ ਨੌਕਰ-ਚਾਕਰ ਉਹ ਸਾਰੇ ਵਫ਼ਾਦਾਰ ਸੇਵਕ ਹਨ ਜਿਨ੍ਹਾਂ ਕੋਲ ਸਵਰਗ ਜਾਂ ਧਰਤੀ ’ਤੇ ਰਹਿਣ ਦੀ ਉਮੀਦ ਹੈ। (ਮੱਤੀ 24:45-47) ਮਸੀਹ ਦੀ ਅਗਵਾਈ ਅਧੀਨ ਇਹ ਵਫ਼ਾਦਾਰ ਨੌਕਰ ਪਰਮੇਸ਼ੁਰ ਦੀਆਂ ਭੇਡਾਂ ਨੂੰ ਭਰਪੂਰ ਭੋਜਨ ਯਾਨੀ ਗਿਆਨ ਦਿੰਦਾ ਆ ਰਿਹਾ ਹੈ। ਇਸ ਗਿਆਨ ਕਰਕੇ ਪਰਮੇਸ਼ੁਰ ਦੇ ਲੋਕ ਸ਼ਾਂਤੀ ਅਤੇ ਸੁਰੱਖਿਆ ਦਾ ਆਨੰਦ ਮਾਣ ਰਹੇ ਹਨ।

21 ‘ਸ਼ਾਂਤੀ ਦੇ ਇਕਰਾਰ’ ਅਤੇ ਬਰਕਤਾਂ ਦਾ ਮੀਂਹ ਵਰ੍ਹਾਉਣ ਬਾਰੇ ਹਿਜ਼ਕੀਏਲ ਦੀ ਭਵਿੱਖਬਾਣੀ ਅੱਗੇ ਜਾ ਕੇ ਕਿਵੇਂ ਪੂਰੀ ਹੋਵੇਗੀ? ਆਉਣ ਵਾਲੀ ਨਵੀਂ ਦੁਨੀਆਂ ਵਿਚ ਯਹੋਵਾਹ ਦੀ ਸ਼ੁੱਧ ਭਗਤੀ ਕਰਨ ਵਾਲੇ ਲੋਕ ਧਰਤੀ ਉੱਤੇ ਉਨ੍ਹਾਂ ਸਾਰੀਆਂ ਬਰਕਤਾਂ ਦਾ ਆਨੰਦ ਮਾਣਨਗੇ ਜੋ ‘ਸ਼ਾਂਤੀ ਦੇ ਇਕਰਾਰ’ ਕਰਕੇ ਮਿਲਣਗੀਆਂ। ਧਰਤੀ ਉੱਤੇ ਨਵੀਂ ਦੁਨੀਆਂ ਵਿਚ ਸਾਰੇ ਵਫ਼ਾਦਾਰ ਲੋਕਾਂ ਨੂੰ ਫਿਰ ਕਦੀ ਵੀ ਯੁੱਧਾਂ, ਅਪਰਾਧ, ਕਾਲ਼, ਬੀਮਾਰੀਆਂ ਅਤੇ ਜੰਗਲੀ ਜਾਨਵਰਾਂ ਦਾ ਡਰ ਨਹੀਂ ਹੋਵੇਗਾ। (ਯਸਾ. 11:6-9; 35:5, 6; 65:21-23) ਸਾਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਬਾਗ਼ ਵਰਗੀ ਧਰਤੀ ਉੱਤੇ ਪਰਮੇਸ਼ੁਰ ਦੇ ਲੋਕ ਹਮੇਸ਼ਾ ਲਈ ਜੀਉਣਗੇ ਅਤੇ ਉਹ “ਸੁਰੱਖਿਅਤ ਵੱਸਣਗੇ ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।”​—ਹਿਜ਼. 34:28.

ਚਰਵਾਹਾ ਹੋਣ ਦੇ ਨਾਤੇ ਯਿਸੂ ਸਵਰਗ ਤੋਂ ਨਜ਼ਰ ਰੱਖਦਾ ਹੈ ਕਿ ਪਰਮੇਸ਼ੁਰ ਦੀਆਂ ਭੇਡਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਹੈ (ਪੈਰਾ 22 ਦੇਖੋ)

22. (ੳ) ਯਿਸੂ ਆਪਣੀਆਂ ਭੇਡਾਂ ਦੀ ਕਿੰਨੀ ਕੁ ਪਰਵਾਹ ਕਰਦਾ ਹੈ? (ਅ) ਮੰਡਲੀ ਵਿਚ ਚਰਵਾਹੇ ਯਿਸੂ ਵਾਂਗ ਭੇਡਾਂ ਦੀ ਪਰਵਾਹ ਕਿਵੇਂ ਕਰ ਸਕਦੇ ਹਨ?

22 ਅਸੀਂ ਇਸ ਭਵਿੱਖਬਾਣੀ ਤੋਂ ਕੀ ਸਿੱਖ ਸਕਦੇ ਹਾਂ? ਆਪਣੇ ਪਿਤਾ ਵਾਂਗ ਯਿਸੂ ਆਪਣੀਆਂ ਭੇਡਾਂ ਦੀ ਬਹੁਤ ਪਰਵਾਹ ਕਰਦਾ ਹੈ। ਰਾਜਾ ਅਤੇ ਚਰਵਾਹਾ ਹੋਣ ਦੇ ਨਾਤੇ ਉਹ ਧਿਆਨ ਰੱਖਦਾ ਹੈ ਕਿ ਉਸ ਦੇ ਪਿਤਾ ਦੀਆਂ ਭੇਡਾਂ ਨੂੰ ਭਰਪੂਰ ਭੋਜਨ ਮਿਲਦਾ ਰਹੇ ਤੇ ਉਨ੍ਹਾਂ ਵਿਚ ਸ਼ਾਂਤੀ ਅਤੇ ਸੁਰੱਖਿਆ ਦਾ ਮਾਹੌਲ ਬਣਿਆ ਰਹੇ। ਅਜਿਹੇ ਪਰਵਾਹ ਕਰਨ ਵਾਲੇ ਰਾਜੇ ਅਧੀਨ ਰਹਿਣਾ ਕਿੰਨਾ ਹੀ ਚੰਗਾ ਲੱਗਦਾ ਹੈ! ਜਿਨ੍ਹਾਂ ਨੂੰ ਚਰਵਾਹਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਨ੍ਹਾਂ ਨੂੰ ਯਿਸੂ ਵਾਂਗ ਭੇਡਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਬਜ਼ੁਰਗਾਂ ਨੂੰ “ਖ਼ੁਸ਼ੀ-ਖ਼ੁਸ਼ੀ” ਅਤੇ “ਜੀ-ਜਾਨ ਨਾਲ” ਭੇਡਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ ਅਤੇ ਭੇਡਾਂ ਲਈ ਮਿਸਾਲ ਬਣਨਾ ਚਾਹੀਦਾ ਹੈ। (1 ਪਤ. 5:2, 3) ਬਜ਼ੁਰਗਾਂ ਨੂੰ ਪਰਮੇਸ਼ੁਰ ਦੀ ਕਿਸੇ ਵੀ ਭੇਡ ਨਾਲ ਬਦਸਲੂਕੀ ਨਹੀਂ ਕਰਨੀ ਚਾਹੀਦੀ। ਯਾਦ ਕਰੋ ਕਿ ਪਰਮੇਸ਼ੁਰ ਨੇ ਹਿਜ਼ਕੀਏਲ ਦੇ ਦਿਨਾਂ ਵਿਚ ਇਜ਼ਰਾਈਲ ਦੇ ਬੇਰਹਿਮ ਚਰਵਾਹਿਆਂ ਨੂੰ ਕੀ ਕਿਹਾ ਸੀ। ਉਸ ਨੇ ਕਿਹਾ ਸੀ: ‘ਮੈਂ ਉਨ੍ਹਾਂ ਤੋਂ ਹਿਸਾਬ ਲਵਾਂਗਾ।’ (ਹਿਜ਼. 34:10) ਮਹਾਨ ਚਰਵਾਹਾ ਯਹੋਵਾਹ ਅਤੇ ਉਸ ਦਾ ਪੁੱਤਰ ਨਜ਼ਰ ਰੱਖਦੇ ਹਨ ਕਿ ਭੇਡਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ।

“ਮੇਰਾ ਸੇਵਕ ਦਾਊਦ ਹਮੇਸ਼ਾ ਲਈ ਉਨ੍ਹਾਂ ਦਾ ਮੁਖੀ ਹੋਵੇਗਾ”

23. (ੳ) ਇਜ਼ਰਾਈਲ ਕੌਮ ਵਿਚ ਏਕਤਾ ਕਾਇਮ ਕਰਨ ਲਈ ਪਰਮੇਸ਼ੁਰ ਨੇ ਕਿਹੜਾ ਵਾਅਦਾ ਕੀਤਾ? (ਅ) ਉਸ ਨੇ ਇਹ ਵਾਅਦਾ ਕਿਵੇਂ ਪੂਰਾ ਕੀਤਾ?

23 ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਏਕਤਾ ਨਾਲ ਰਹਿ ਕੇ ਉਸ ਦੀ ਭਗਤੀ ਕਰਨ। ਬਹਾਲੀ ਬਾਰੇ ਇਕ ਭਵਿੱਖਬਾਣੀ ਵਿਚ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਆਪਣੇ ਲੋਕਾਂ ਵਿਚ ਏਕਤਾ ਕਾਇਮ ਕਰੇਗਾ। ਉਸ ਨੇ ਦੱਸਿਆ ਕਿ ਉਹ ਯਹੂਦਾਹ ਦੇ ਦੋ-ਗੋਤੀ ਰਾਜ ਅਤੇ ਇਜ਼ਰਾਈਲ ਦੇ ਦਸ-ਗੋਤੀ ਰਾਜ ਦੇ ਲੋਕਾਂ ਨੂੰ ਇਕੱਠਾ ਕਰ ਕੇ “ਇਕ ਕੌਮ” ਬਣਾਵੇਗਾ। ਇਹ ਇਵੇਂ ਹੋਣਾ ਸੀ ਜਿਵੇਂ ਉਸ ਦੇ ਹੱਥ ਵਿਚ “ਦੋ ਸੋਟੀਆਂ” ਜੁੜ ਕੇ “ਇਕ ਸੋਟੀ” ਬਣ ਜਾਵੇਗੀ। (ਹਿਜ਼. 37:15-23) ਇਹ ਭਵਿੱਖਬਾਣੀ 537 ਈਸਵੀ ਪੂਰਵ ਵਿਚ ਪੂਰੀ ਹੋਈ ਜਦੋਂ ਉਸ ਨੇ ਯਹੂਦਾਹ ਤੇ ਇਜ਼ਰਾਈਲ ਦੇ ਗੋਤਾਂ ਨੂੰ ਇਕ ਕੌਮ ਵਜੋਂ ਇਕੱਠਾ ਕਰ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਦੁਬਾਰਾ ਵਸਾਇਆ। * ਉਨ੍ਹਾਂ ਵਿਚ ਏਕਤਾ ਇਸ ਗੱਲ ਦੀ ਝਲਕ ਸੀ ਕਿ ਪਰਮੇਸ਼ੁਰ ਆਉਣ ਵਾਲੇ ਸਮੇਂ ਵਿਚ ਵੱਡੇ ਪੈਮਾਨੇ ’ਤੇ ਏਕਤਾ ਕਾਇਮ ਕਰੇਗਾ ਜੋ ਕਦੇ ਖ਼ਤਮ ਨਹੀਂ ਹੋਵੇਗੀ। ਇਜ਼ਰਾਈਲ ਦੇ ਲੋਕਾਂ ਵਿਚ ਏਕਤਾ ਕਾਇਮ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਯਹੋਵਾਹ ਨੇ ਹਿਜ਼ਕੀਏਲ ਤੋਂ ਭਵਿੱਖਬਾਣੀ ਕਰਵਾਈ ਕਿ ਭਵਿੱਖ ਵਿਚ ਇਕ ਰਾਜਾ ਸਾਰੀ ਧਰਤੀ ਉੱਤੇ ਸੱਚੇ ਭਗਤਾਂ ਵਿਚ ਏਕਤਾ ਕਾਇਮ ਕਰੇਗਾ ਜੋ ਹਮੇਸ਼ਾ ਰਹੇਗੀ।

24. ਯਹੋਵਾਹ ਨੇ ਮਸੀਹ ਬਾਰੇ ਕੀ ਦੱਸਿਆ ਅਤੇ ਉਸ ਦਾ ਰਾਜ ਕਿਹੋ ਜਿਹਾ ਹੋਵੇਗਾ?

24 ਭਵਿੱਖਬਾਣੀ ਵਿਚ ਕੀ ਦੱਸਿਆ ਗਿਆ ਹੈ? (ਹਿਜ਼ਕੀਏਲ 37:24-28 ਪੜ੍ਹੋ।) ਰਾਜੇ ਵਜੋਂ ਰਾਜ ਕਰਨ ਵਾਲੇ ਮਸੀਹ ਨੂੰ ਯਹੋਵਾਹ ਇਕ ਵਾਰ ਫਿਰ “ਮੇਰਾ ਸੇਵਕ ਦਾਊਦ,” “ਚਰਵਾਹਾ” ਅਤੇ “ਮੁਖੀ” ਕਹਿੰਦਾ ਹੈ। ਪਰ ਇਸ ਵਾਰ ਯਹੋਵਾਹ ਉਸ ਨੂੰ “ਰਾਜਾ” ਵੀ ਕਹਿੰਦਾ ਹੈ। (ਹਿਜ਼ 37:22) ਉਸ ਦਾ ਰਾਜ ਕਿਸ ਤਰ੍ਹਾਂ ਦਾ ਹੋਵੇਗਾ? ਉਸ ਦਾ ਰਾਜ ਹਮੇਸ਼ਾ ਰਹੇਗਾ। ਇਨ੍ਹਾਂ ਆਇਤਾਂ ਵਿਚ ਸ਼ਬਦ “ਹਮੇਸ਼ਾ” ਤੋਂ ਪਤਾ ਲੱਗਦਾ ਹੈ ਕਿ ਇਸ ਰਾਜੇ ਦੇ ਰਾਜ ਵਿਚ ਬਰਕਤਾਂ ਦਾ ਕੋਈ ਅੰਤ ਨਹੀਂ ਹੋਵੇਗਾ। * ਉਸ ਦੇ ਰਾਜ ਵਿਚ ਏਕਤਾ ਹੋਵੇਗੀ। ਵਫ਼ਾਦਾਰ ਪਰਜਾ ਆਪਣੇ ‘ਇੱਕੋ ਰਾਜੇ’ ਅਧੀਨ ਰਹਿੰਦੇ ਹੋਏ ਇੱਕੋ ਜਿਹੇ “ਕਾਨੂੰਨਾਂ” ’ਤੇ ਚੱਲੇਗੀ ਅਤੇ ਸਾਰੇ ਜਣੇ ਇਕੱਠੇ “ਦੇਸ਼ ਵਿਚ ਵੱਸਣਗੇ।” ਇਹ ਰਾਜਾ ਆਪਣੀ ਪਰਜਾ ਨੂੰ ਯਹੋਵਾਹ ਪਰਮੇਸ਼ੁਰ ਦੇ ਨੇੜੇ ਲੈ ਕੇ ਆਵੇਗਾ। ਯਹੋਵਾਹ ਇਸ ਪਰਜਾ ਨਾਲ “ਸ਼ਾਂਤੀ ਦਾ ਇਕਰਾਰ” ਕਰੇਗਾ। ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੋਵੇਗਾ ਤੇ ਉਹ ਉਸ ਦੇ ਲੋਕ ਹੋਣਗੇ ਅਤੇ ਉਸ ਦਾ ਪਵਿੱਤਰ ਸਥਾਨ “ਹਮੇਸ਼ਾ ਲਈ ਉਨ੍ਹਾਂ ਵਿਚ ਕਾਇਮ ਹੋਵੇਗਾ।”

25. ਰਾਜੇ ਵਜੋਂ ਰਾਜ ਕਰਨ ਵਾਲੇ ਮਸੀਹ ਬਾਰੇ ਭਵਿੱਖਬਾਣੀ ਕਿਵੇਂ ਪੂਰੀ ਹੋਈ?

25 ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ? 1919 ਵਿਚ ਸਾਰੇ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਨੂੰ “ਇੱਕੋ ਚਰਵਾਹੇ” ਯਿਸੂ ਮਸੀਹ ਅਧੀਨ ਇਕ ਕੀਤਾ ਗਿਆ। ਬਾਅਦ ਵਿਚ ਚੁਣੇ ਹੋਏ ਮਸੀਹੀਆਂ ਨਾਲ ਇਕ “ਵੱਡੀ ਭੀੜ” ਰਲ਼ ਗਈ ਜੋ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਭਾਸ਼ਾਵਾਂ ਦੇ ਲੋਕਾਂ” ਨਾਲ ਬਣੀ ਹੋਈ ਹੈ। (ਪ੍ਰਕਾ. 7:9) ਇਹ ਦੋਵੇਂ ਮਿਲ ਕੇ “ਇਕ ਝੁੰਡ” ਬਣ ਗਏ ਅਤੇ ਇਨ੍ਹਾਂ ਦਾ “ਇੱਕੋ ਚਰਵਾਹਾ” ਹੈ। (ਯੂਹੰ. 10:16) ਚਾਹੇ ਉਨ੍ਹਾਂ ਦੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ’ਤੇ ਰਹਿਣ ਦੀ ਹੈ, ਪਰ ਉਹ ਸਾਰੇ ਯਹੋਵਾਹ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਨਤੀਜੇ ਵਜੋਂ, ਪੂਰੀ ਦੁਨੀਆਂ ਵਿਚ ਉਹ ਭੈਣਾਂ-ਭਰਾਵਾਂ ਵਜੋਂ ਰਹਿੰਦੇ ਹਨ ਅਤੇ ਉਨ੍ਹਾਂ ਵਿਚ ਏਕਤਾ ਹੈ। ਯਹੋਵਾਹ ਦੀ ਬਰਕਤ ਸਦਕਾ ਉਨ੍ਹਾਂ ਵਿਚ ਸ਼ਾਂਤੀ ਹੈ ਅਤੇ ਉਸ ਦਾ ਪਵਿੱਤਰ ਸਥਾਨ ਉਨ੍ਹਾਂ ਵਿਚ ਹੈ ਯਾਨੀ ਉਹ ਸ਼ੁੱਧ ਭਗਤੀ ਕਰਦੇ ਹਨ। ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਉਹ ਯਹੋਵਾਹ ਦੀ ਸੇਵਾ ਕਰਦੇ ਹਨ ਤੇ ਕਰਦੇ ਰਹਿਣਗੇ।

26. ਭੈਣਾਂ-ਭਰਾਵਾਂ ਵਿਚ ਏਕਤਾ ਵਧਾਉਣ ਲਈ ਤੁਸੀਂ ਕੀ ਕਰ ਸਕਦੇ ਹੋ?

26 ਅਸੀਂ ਇਸ ਭਵਿੱਖਬਾਣੀ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਵਿਸ਼ਵ-ਵਿਆਪੀ ਭਾਈਚਾਰੇ ਨਾਲ ਮਿਲ ਕੇ ਯਹੋਵਾਹ ਦੀ ਸ਼ੁੱਧ ਭਗਤੀ ਕਰਨ ਦਾ ਸਨਮਾਨ ਮਿਲਿਆ ਹੈ। ਇਸ ਸਨਮਾਨ ਦੇ ਨਾਲ-ਨਾਲ ਸਾਨੂੰ ਇਕ ਜ਼ਿੰਮੇਵਾਰੀ ਵੀ ਮਿਲੀ ਹੈ ਕਿ ਅਸੀਂ ਇਸ ਦੀ ਏਕਤਾ ਨੂੰ ਵਧਾਉਣ ਵਿਚ ਯੋਗਦਾਨ ਪਾਈਏ। ਇਸ ਲਈ ਸਾਨੂੰ ਸਾਰਿਆਂ ਨੂੰ ਇੱਕੋ ਜਿਹੀਆਂ ਸਿੱਖਿਆਵਾਂ ਨੂੰ ਮੰਨਣਾ ਤੇ ਉਨ੍ਹਾਂ ਉੱਤੇ ਚੱਲਣਾ ਚਾਹੀਦਾ ਹੈ। (1 ਕੁਰਿੰ. 1:10) ਅਸੀਂ ਸਾਰੇ ਜਣੇ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦਾ ਇੱਕੋ ਜਿਹਾ ਗਿਆਨ ਲੈਂਦੇ ਹਾਂ, ਚਾਲ-ਚਲਣ ਬਾਰੇ ਇੱਕੋ ਜਿਹੇ ਮਿਆਰਾਂ ’ਤੇ ਚੱਲਦੇ ਹਾਂ ਅਤੇ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਜ਼ਰੂਰੀ ਕੰਮ ਕਰਦੇ ਹਾਂ। ਸਾਡੇ ਵਿਚ ਖ਼ਾਸ ਕਰਕੇ ਏਕਤਾ ਇਸ ਲਈ ਹੈ ਕਿਉਂਕਿ ਅਸੀਂ ਪਿਆਰ ਕਰਦੇ ਹਾਂ। ਸਾਨੂੰ ਆਪਣੇ ਦਿਲ ਵਿਚ ਭੈਣਾਂ-ਭਰਾਵਾਂ ਲਈ ਪਿਆਰ ਪੈਦਾ ਕਰਨ ਅਤੇ ਇਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਜ਼ਾਹਰ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਵੇਂ ਕਿ ਹਮਦਰਦੀ ਤੇ ਦਇਆ ਦਿਖਾ ਕੇ ਅਤੇ ਮਾਫ਼ ਕਰ ਕੇ। ਇਸ ਤਰ੍ਹਾਂ ਕਰ ਕੇ ਅਸੀਂ ਭਾਈਚਾਰੇ ਦੀ ਏਕਤਾ ਵਧਾਉਂਦੇ ਹਾਂ। ਬਾਈਬਲ ਦੱਸਦੀ ਹੈ: “ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।”​—ਕੁਲੁ. 3:12-14; 1 ਕੁਰਿੰ. 13:4-7.

ਯਹੋਵਾਹ ਆਪਣੇ ਭਗਤਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ’ਤੇ ਬਰਕਤ ਪਾਉਂਦਾ ਹੈ (ਪੈਰਾ 26 ਦੇਖੋ)

27. (ੳ) ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਪੜ੍ਹ ਕੇ ਤੁਹਾਨੂੰ ਕਿਵੇਂ ਲੱਗਦਾ ਹੈ? (ਅ) ਅਸੀਂ ਅਗਲੇ ਅਧਿਆਇ ਵਿਚ ਕੀ ਦੇਖਾਂਗੇ?

27 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਹਿਜ਼ਕੀਏਲ ਦੀ ਕਿਤਾਬ ਵਿਚ ਮਸੀਹ ਬਾਰੇ ਭਵਿੱਖਬਾਣੀਆਂ ਦਰਜ ਹਨ। ਇਨ੍ਹਾਂ ਭਵਿੱਖਬਾਣੀਆਂ ਨੂੰ ਪੜ੍ਹ ਕੇ ਅਤੇ ਇਨ੍ਹਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਸਿੱਖਦੇ ਹਾਂ ਕਿ ਸਾਡਾ ਪਿਆਰਾ ਰਾਜਾ ਯਿਸੂ ਮਸੀਹ ਸਾਡੇ ਭਰੋਸੇ ਦੇ ਲਾਇਕ ਹੈ, ਉਸ ਕੋਲ ਰਾਜ ਕਰਨ ਦਾ ਕਾਨੂੰਨੀ ਹੱਕ ਹੈ, ਉਹ ਪਿਆਰ ਨਾਲ ਸਾਡੀ ਦੇਖ-ਭਾਲ ਕਰਦਾ ਹੈ ਅਤੇ ਉਹ ਸਾਡੇ ਵਿਚ ਏਕਤਾ ਦੇ ਬੰਧਨ ਨੂੰ ਹਮੇਸ਼ਾ ਲਈ ਕਾਇਮ ਰੱਖੇਗਾ। ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ਮਸੀਹ ਦੇ ਰਾਜ ਦੀ ਪਰਜਾ ਬਣਾਂਗੇ! ਆਓ ਆਪਾਂ ਯਾਦ ਰੱਖੀਏ ਕਿ ਮਸੀਹ ਬਾਰੇ ਭਵਿੱਖਬਾਣੀਆਂ ਦਾ ਸੰਬੰਧ ਸ਼ੁੱਧ ਭਗਤੀ ਬਹਾਲ ਕੀਤੇ ਜਾਣ ਨਾਲ ਹੈ ਜਿਸ ਬਾਰੇ ਪੂਰੀ ਹਿਜ਼ਕੀਏਲ ਦੀ ਕਿਤਾਬ ਵਿਚ ਗੱਲ ਕੀਤੀ ਗਈ ਹੈ। ਯਿਸੂ ਰਾਹੀਂ ਯਹੋਵਾਹ ਆਪਣੇ ਲੋਕਾਂ ਨੂੰ ਇਕੱਠਾ ਕਰਦਾ ਹੈ ਅਤੇ ਉਨ੍ਹਾਂ ਵਿਚ ਸ਼ੁੱਧ ਭਗਤੀ ਬਹਾਲ ਕਰਦਾ ਹੈ। (ਹਿਜ਼. 20:41) ਅਗਲੇ ਅਧਿਆਵਾਂ ਵਿਚ ਅਸੀਂ ਸ਼ੁੱਧ ਭਗਤੀ ਬਹਾਲ ਕੀਤੇ ਜਾਣ ਬਾਰੇ ਪੜ੍ਹਾਂਗੇ ਅਤੇ ਦੇਖਾਂਗੇ ਕਿ ਹਿਜ਼ਕੀਏਲ ਦੀ ਕਿਤਾਬ ਵਿਚ ਇਸ ਬਾਰੇ ਕੀ ਸਮਝਾਇਆ ਗਿਆ ਹੈ।

^ ਪੈਰਾ 1 ਯਹੂਦੀਆਂ ਦੀ ਗ਼ੁਲਾਮੀ ਦਾ ਪਹਿਲਾ ਸਾਲ 617 ਈਸਵੀ ਪੂਰਵ ਵਿਚ ਸ਼ੁਰੂ ਹੋਇਆ ਸੀ। ਉਸ ਸਮੇਂ ਉਨ੍ਹਾਂ ਨੂੰ ਪਹਿਲੀ ਵਾਰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ ਸੀ, ਇਸ ਲਈ ਉਨ੍ਹਾਂ ਦੀ ਗ਼ੁਲਾਮੀ ਦਾ ਛੇਵਾਂ ਸਾਲ 612 ਈਸਵੀ ਪੂਰਵ ਵਿਚ ਸ਼ੁਰੂ ਹੋਇਆ ਸੀ।

^ ਪੈਰਾ 14 ਪਰਮੇਸ਼ੁਰ ਨੇ ਇੰਜੀਲਾਂ ਵਿਚ ਸਾਫ਼-ਸਾਫ਼ ਦਰਜ ਕਰਵਾਇਆ ਹੈ ਕਿ ਯਿਸੂ ਮਸੀਹ ਦਾਊਦ ਦੀ ਪੀੜ੍ਹੀ ਵਿੱਚੋਂ ਸੀ।​—ਮੱਤੀ 1:1-16; ਲੂਕਾ 3:23-31.

^ ਪੈਰਾ 23 ਦੋ ਸੋਟੀਆਂ ਬਾਰੇ ਭਵਿੱਖਬਾਣੀ ਅਤੇ ਇਸ ਦੀ ਪੂਰਤੀ ਬਾਰੇ ਇਸ ਕਿਤਾਬ ਦੇ 12ਵੇਂ ਅਧਿਆਇ ਵਿਚ ਚਰਚਾ ਕੀਤੀ ਜਾਵੇਗੀ।

^ ਪੈਰਾ 24 ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਹਮੇਸ਼ਾ” ਕੀਤਾ ਗਿਆ ਹੈ, ਉਸ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਇਸ ਸ਼ਬਦ ਦਾ ਮਤਲਬ ਹੈ ਕਾਇਮ ਰਹਿਣਾ, ਅਟੱਲ ਰਹਿਣਾ, ਕਦੀ ਨਾ ਬਦਲਣਾ।