Skip to content

Skip to table of contents

ਅਧਿਆਇ 11

‘ਮੈਂ ਤੈਨੂੰ ਪਹਿਰੇਦਾਰ ਨਿਯੁਕਤ ਕੀਤਾ ਹੈ’

‘ਮੈਂ ਤੈਨੂੰ ਪਹਿਰੇਦਾਰ ਨਿਯੁਕਤ ਕੀਤਾ ਹੈ’

ਹਿਜ਼ਕੀਏਲ 33:7

ਮੁੱਖ ਗੱਲ: ਯਹੋਵਾਹ ਇਕ ਪਹਿਰੇਦਾਰ ਨੂੰ ਠਹਿਰਾਉਂਦਾ ਹੈ ਅਤੇ ਉਸ ਨੂੰ ਉਸ ਦੀ ਜ਼ਿੰਮੇਵਾਰੀ ਦੱਸਦਾ ਹੈ

1. ਯਹੋਵਾਹ ਦੇ ਠਹਿਰਾਏ ਪਹਿਰੇਦਾਰਾਂ ਨੇ ਕਿਹੜਾ ਕੰਮ ਕੀਤਾ ਅਤੇ ਉਸ ਤੋਂ ਬਾਅਦ ਕਿਹੜੀਆਂ ਘਟਨਾਵਾਂ ਵਾਪਰੀਆਂ?

ਇਕ ਪਹਿਰੇਦਾਰ ਯਰੂਸ਼ਲਮ ਦੀਆਂ ਕੰਧਾਂ ’ਤੇ ਖੜ੍ਹਾ ਹੈ। ਡੁੱਬਦੇ ਹੋਏ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਆਪਣੀਆਂ ਅੱਖਾਂ ਨੂੰ ਬਚਾਉਂਦੇ ਹੋਏ ਉਹ ਬੜੇ ਧਿਆਨ ਨਾਲ ਦੇਖ ਰਿਹਾ ਹੈ ਕਿ ਦੂਰੋਂ ਕੁਝ ਆ ਰਿਹਾ ਹੈ। ਅਚਾਨਕ ਉਹ ਤੁਰ੍ਹੀ ਚੁੱਕਦਾ ਹੈ, ਲੰਬਾ ਸਾਹ ਲੈਂਦਾ ਹੈ ਅਤੇ ਤੁਰ੍ਹੀ ਵਜਾ ਕੇ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ। ਬਾਬਲ ਦੀ ਫ਼ੌਜ ਬੜੀ ਤੇਜ਼ੀ ਨਾਲ ਸ਼ਹਿਰ ਵੱਲ ਆ ਰਹੀ ਹੈ। ਪਰ ਹੁਣ ਸ਼ਹਿਰ ਦੇ ਜ਼ਿੱਦੀ ਲੋਕਾਂ ਕੋਲ ਬਚਣ ਦਾ ਕੋਈ ਰਾਹ ਨਹੀਂ। ਹੁਣ ਬਹੁਤ ਦੇਰ ਹੋ ਚੁੱਕੀ ਹੈ। ਕਈ ਦਹਾਕਿਆਂ ਤੋਂ ਯਹੋਵਾਹ ਦੇ ਠਹਿਰਾਏ ਹੋਏ ਪਹਿਰੇਦਾਰ ਯਾਨੀ ਨਬੀ ਉਨ੍ਹਾਂ ਨੂੰ ਇਸ ਦਿਨ ਦੇ ਆਉਣ ਬਾਰੇ ਚੇਤਾਵਨੀ ਦੇ ਰਹੇ ਸਨ। ਪਰ ਉਨ੍ਹਾਂ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕੀ। ਹੁਣ ਬਾਬਲ ਦੀ ਫ਼ੌਜ ਨੇ ਸ਼ਹਿਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਕਈ ਮਹੀਨਿਆਂ ਤਕ ਸ਼ਹਿਰ ਦੀ ਘੇਰਾਬੰਦੀ ਕਰਨ ਤੋਂ ਬਾਅਦ ਫ਼ੌਜੀ ਸ਼ਹਿਰ ਦੀਆਂ ਕੰਧਾਂ ਨੂੰ ਤੋੜ ਕੇ ਅੰਦਰ ਆ ਜਾਂਦੇ ਹਨ। ਉਹ ਮੰਦਰ ਨੂੰ ਸਾੜ ਕੇ ਸੁਆਹ ਕਰ ਦਿੰਦੇ ਹਨ, ਹਰ ਪਾਸੇ ਖ਼ੂਨ-ਖ਼ਰਾਬਾ ਕਰਦੇ ਹਨ ਅਤੇ ਕਈ ਲੋਕਾਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਹਨ। ਯਹੋਵਾਹ ’ਤੇ ਨਿਹਚਾ ਕਰਨ ਦੀ ਬਜਾਇ ਮੂਰਤੀ-ਪੂਜਾ ਕਰਨ ਦਾ ਕਿੰਨਾ ਭਿਆਨਕ ਅੰਜਾਮ!

2, 3. (ੳ) ਦੁਨੀਆਂ ਦੇ ਲੋਕਾਂ ਨਾਲ ਬਹੁਤ ਛੇਤੀ ਕੀ ਹੋਣ ਵਾਲਾ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ?

2 ਅੱਜ ਯਹੋਵਾਹ ਦੀ ਸਵਰਗੀ ਫ਼ੌਜ ਵੀ ਧਰਤੀ ’ਤੇ ਉਨ੍ਹਾਂ ਲੋਕਾਂ ਦਾ ਨਾਸ਼ ਕਰਨ ਲਈ ਤੇਜ਼ੀ ਨਾਲ ਆ ਰਹੀ ਹੈ ਜੋ ਯਹੋਵਾਹ ’ਤੇ ਨਿਹਚਾ ਨਹੀਂ ਕਰਦੇ। (ਪ੍ਰਕਾ. 17:12-14) ਇਹ ਨਾਸ਼ ਮਹਾਂਕਸ਼ਟ ਦੇ ਅਖ਼ੀਰ ਵਿਚ ਹੋਵੇਗਾ ਜੋ ਦੁਨੀਆਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਸ਼ਟ ਹੋਵੇਗਾ। (ਮੱਤੀ 24:21) ਪਰ ਅਜੇ ਵੀ ਲੋਕਾਂ ਕੋਲ ਮੌਕਾ ਹੈ ਕਿ ਉਹ ਯਹੋਵਾਹ ਦੇ ਠਹਿਰਾਏ ਹੋਏ ਪਹਿਰੇਦਾਰਾਂ ਦੀ ਚੇਤਾਵਨੀ ਵੱਲ ਧਿਆਨ ਦੇਣ।

3 ਯਹੋਵਾਹ ਨੇ ਪਹਿਰੇਦਾਰਾਂ ਨੂੰ ਕਿਉਂ ਠਹਿਰਾਇਆ? ਇਕ ਪਹਿਰੇਦਾਰ ਕਿਹੋ ਜਿਹਾ ਸੰਦੇਸ਼ ਸੁਣਾਉਂਦਾ ਹੈ? ਕਿਨ੍ਹਾਂ ਨੇ ਇਹ ਜ਼ਿੰਮੇਵਾਰੀ ਨਿਭਾਈ ਅਤੇ ਅੱਜ ਸਾਡੀ ਕੀ ਭੂਮਿਕਾ ਹੈ? ਆਓ ਆਪਾਂ ਇਨ੍ਹਾਂ ਸਵਾਲਾਂ ’ਤੇ ਗੌਰ ਕਰੀਏ।

“ਤੂੰ ਮੇਰੇ ਵੱਲੋਂ ਉਨ੍ਹਾਂ ਨੂੰ ਜ਼ਰੂਰ ਖ਼ਬਰਦਾਰ ਕਰੀਂ”

4. ਯਹੋਵਾਹ ਨੇ ਪਹਿਰੇਦਾਰ ਕਿਉਂ ਠਹਿਰਾਏ? (ਪਹਿਲੀ ਤਸਵੀਰ ਦੇਖੋ।)

4 ਹਿਜ਼ਕੀਏਲ 33:7 ਪੜ੍ਹੋ। ਪੁਰਾਣੇ ਜ਼ਮਾਨੇ ਵਿਚ ਲੋਕਾਂ ਦੀ ਰਾਖੀ ਕਰਨ ਲਈ ਪਹਿਰੇਦਾਰ ਅਕਸਰ ਸ਼ਹਿਰ ਦੀਆਂ ਕੰਧਾਂ ’ਤੇ ਖੜ੍ਹਦੇ ਸਨ। ਪਹਿਰੇਦਾਰਾਂ ਦਾ ਠਹਿਰਾਇਆ ਜਾਣਾ ਇਸ ਗੱਲ ਦਾ ਸਬੂਤ ਸੀ ਕਿ ਸ਼ਹਿਰ ਦਾ ਹਾਕਮ ਆਪਣੀ ਪਰਜਾ ਦੀ ਪਰਵਾਹ ਕਰਦਾ ਸੀ। ਪਹਿਰੇਦਾਰ ਦੀ ਤੁਰ੍ਹੀ ਦੀ ਜ਼ੋਰਦਾਰ ਆਵਾਜ਼ ਸੁਣ ਕੇ ਸੁੱਤੇ ਪਏ ਲੋਕ ਸ਼ਾਇਦ ਡਰ ਕੇ ਉੱਠ ਜਾਂਦੇ ਹੋਣੇ। ਪਰ ਜਿਹੜੇ ਲੋਕ ਚੇਤਾਵਨੀ ਵੱਲ ਧਿਆਨ ਦਿੰਦੇ ਸਨ ਤੇ ਉਸ ਮੁਤਾਬਕ ਕਦਮ ਚੁੱਕਦੇ ਸਨ, ਉਨ੍ਹਾਂ ਦੀ ਜਾਨ ਬਚ ਸਕਦੀ ਸੀ। ਇਸੇ ਤਰ੍ਹਾਂ ਯਹੋਵਾਹ ਨੇ ਜੋ ਪਹਿਰੇਦਾਰ ਠਹਿਰਾਏ, ਉਹ ਇਸ ਲਈ ਨਹੀਂ ਠਹਿਰਾਏ ਸਨ ਕਿ ਉਹ ਨਾਸ਼ ਦੀ ਚੇਤਾਵਨੀ ਦੇ ਕੇ ਇਜ਼ਰਾਈਲੀਆਂ ਵਿਚ ਦਹਿਸ਼ਤ ਫੈਲਾਉਣ, ਸਗੋਂ ਉਹ ਆਪਣੇ ਲੋਕਾਂ ਦੀ ਪਰਵਾਹ ਕਰਦਾ ਸੀ ਅਤੇ ਉਨ੍ਹਾਂ ਦੀ ਜਾਨ ਬਚਾਉਣੀ ਚਾਹੁੰਦਾ ਸੀ।

5, 6. ਕਿਹੜੀ ਗੱਲ ਤੋਂ ਯਹੋਵਾਹ ਦੇ ਨਿਆਂ ਦਾ ਸਬੂਤ ਮਿਲਦਾ ਹੈ?

5 ਹਿਜ਼ਕੀਏਲ ਨੂੰ ਪਹਿਰੇਦਾਰ ਦੀ ਜ਼ਿੰਮੇਵਾਰੀ ਸੌਂਪਦੇ ਸਮੇਂ ਯਹੋਵਾਹ ਨੇ ਜੋ ਗੁਣ ਜ਼ਾਹਰ ਕੀਤੇ, ਉਨ੍ਹਾਂ ਬਾਰੇ ਜਾਣ ਕੇ ਸਾਡਾ ਹੌਸਲਾ ਵਧਦਾ ਹੈ। ਆਓ ਆਪਾਂ ਪਰਮੇਸ਼ੁਰ ਦੇ ਸਿਰਫ਼ ਦੋ ਗੁਣਾਂ ’ਤੇ ਗੌਰ ਕਰਦੇ ਹਾਂ।

6 ਨਿਆਂ: ਯਹੋਵਾਹ ਦੇ ਨਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਡੇ ਵਿੱਚੋਂ ਹਰੇਕ ਜਣੇ ਨਾਲ ਬਿਨਾਂ ਪੱਖਪਾਤ ਦੇ ਪੇਸ਼ ਆਉਂਦਾ ਹੈ। ਮਿਸਾਲ ਲਈ, ਹਿਜ਼ਕੀਏਲ ਦੇ ਸੰਦੇਸ਼ ਨੂੰ ਚਾਹੇ ਜ਼ਿਆਦਾਤਰ ਲੋਕਾਂ ਨੇ ਅਣਸੁਣਿਆ ਕਰ ਦਿੱਤਾ ਸੀ, ਫਿਰ ਵੀ ਯਹੋਵਾਹ ਨੇ ਸਾਰੇ ਇਜ਼ਰਾਈਲੀਆਂ ਨੂੰ ਬਾਗ਼ੀ ਸਮਝ ਕੇ ਠੁਕਰਾ ਨਹੀਂ ਦਿੱਤਾ। ਉਸ ਨੇ ਹਰੇਕ ਇਜ਼ਰਾਈਲੀ ’ਤੇ ਧਿਆਨ ਦਿੱਤਾ ਕਿ ਉਸ ਦਾ ਕਿੱਦਾਂ ਦਾ ਰਵੱਈਆ ਸੀ। ਪਰਮੇਸ਼ੁਰ ਨੇ ਗੱਲ ਕਰਦਿਆਂ ਵਾਰ-ਵਾਰ “ਦੁਸ਼ਟ ਇਨਸਾਨ” ਅਤੇ “ਧਰਮੀ ਇਨਸਾਨ” ਦਾ ਜ਼ਿਕਰ ਕੀਤਾ। ਹਰ ਇਕ ਇਨਸਾਨ ਯਹੋਵਾਹ ਦੇ ਸੰਦੇਸ਼ ਪ੍ਰਤੀ ਜਿੱਦਾਂ ਦਾ ਰਵੱਈਆ ਦਿਖਾਉਂਦਾ ਹੈ, ਉਸ ਦੇ ਮੁਤਾਬਕ ਹੀ ਯਹੋਵਾਹ ਉਸ ਦਾ ਨਿਆਂ ਕਰਦਾ ਹੈ।—ਹਿਜ਼. 33:8, 18-20.

7. ਯਹੋਵਾਹ ਕਿਸ ਆਧਾਰ ’ਤੇ ਲੋਕਾਂ ਦਾ ਨਿਆਂ ਕਰਦਾ ਹੈ?

7 ਯਹੋਵਾਹ ਜਿਸ ਤਰੀਕੇ ਨਾਲ ਲੋਕਾਂ ਦਾ ਇਨਸਾਫ਼ ਕਰਦਾ ਹੈ, ਉਸ ਤੋਂ ਵੀ ਉਸ ਦੇ ਨਿਆਂ ਦਾ ਸਬੂਤ ਮਿਲਦਾ ਹੈ। ਯਹੋਵਾਹ ਕਿਸੇ ਇਨਸਾਨ ਕੋਲੋਂ ਇਸ ਆਧਾਰ ’ਤੇ ਲੇਖਾ ਨਹੀਂ ਲੈਂਦਾ ਕਿ ਉਸ ਨੇ ਪੁਰਾਣੇ ਸਮੇਂ ਵਿਚ ਕਿਹੜੀਆਂ ਗ਼ਲਤੀਆਂ ਕੀਤੀਆਂ ਸਨ, ਸਗੋਂ ਉਹ ਦੇਖਦਾ ਹੈ ਕਿ ਹੁਣ ਉਹ ਇਨਸਾਨ ਉਸ ਦੀਆਂ ਚੇਤਾਵਨੀ ਬਾਰੇ ਕਿਹੋ ਜਿਹਾ ਰਵੱਈਆ ਦਿਖਾਉਂਦਾ ਹੈ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਜਦੋਂ ਮੈਂ ਕਿਸੇ ਦੁਸ਼ਟ ਨੂੰ ਕਹਿੰਦਾ ਹਾਂ: ‘ਤੂੰ ਜ਼ਰੂਰ ਮਰ ਜਾਵੇਂਗਾ,’ ਪਰ ਜੇ ਉਹ ਆਪਣੇ ਪਾਪ ਦੇ ਰਾਹ ਤੋਂ ਮੁੜ ਆਉਂਦਾ ਹੈ ਅਤੇ ਸਹੀ ਕੰਮ ਕਰਦਾ ਹੈ ਅਤੇ ਨਿਆਂ ਮੁਤਾਬਕ ਚੱਲਦਾ ਹੈ, . . . ਤਾਂ ਉਹ ਜ਼ਰੂਰ ਜੀਉਂਦਾ ਰਹੇਗਾ।” ਯਹੋਵਾਹ ਨੇ ਅੱਗੇ ਕਿਹਾ: “ਉਸ ਨੇ ਜੋ ਵੀ ਪਾਪ ਕੀਤੇ ਹਨ, ਉਨ੍ਹਾਂ ਲਈ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।” (ਹਿਜ਼. 33:14-16) ਦੂਜੇ ਪਾਸੇ, ਜਿਨ੍ਹਾਂ ਲੋਕਾਂ ਨੇ ਬੀਤੇ ਸਮੇਂ ਵਿਚ ਚੰਗੇ ਕੰਮ ਕੀਤੇ ਸਨ, ਹੁਣ ਉਹ ਇਹ ਨਾ ਸੋਚਣ ਕਿ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਦੀ ਆਜ਼ਾਦੀ ਹੈ। ਯਹੋਵਾਹ ਨੇ ਦੱਸਿਆ ਕਿ ਜੇ ਇਕ ਇਨਸਾਨ “ਇਹ ਸੋਚਣ ਲੱਗ ਪੈਂਦਾ ਹੈ ਕਿ ਉਸ ਨੇ ਪਹਿਲਾਂ ਜੋ ਸਹੀ ਕੰਮ ਕੀਤੇ ਸਨ, ਉਹ ਉਸ ਨੂੰ ਬਚਾ ਲੈਣਗੇ ਜਿਸ ਕਰਕੇ ਉਹ ਗ਼ਲਤ ਕੰਮ ਕਰਨ ਲੱਗ ਪੈਂਦਾ ਹੈ, ਤਾਂ ਉਸ ਦੇ ਸਹੀ ਕੰਮਾਂ ਨੂੰ ਯਾਦ ਨਹੀਂ ਰੱਖਿਆ ਜਾਵੇਗਾ। ਪਰ ਉਹ ਆਪਣੇ ਗ਼ਲਤ ਕੰਮਾਂ ਕਰਕੇ ਜ਼ਰੂਰ ਮਰ ਜਾਵੇਗਾ।”—ਹਿਜ਼. 33:13.

8. ਯਹੋਵਾਹ ਦੇ ਨਿਆਂ ਦਾ ਇਕ ਹੋਰ ਸਬੂਤ ਕਿਹੜਾ ਹੈ?

8 ਯਹੋਵਾਹ ਦੇ ਨਿਆਂ ਦਾ ਹੋਰ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਉਹ ਕੁਝ ਕਰਨ ਤੋਂ ਕਾਫ਼ੀ ਸਮਾਂ ਪਹਿਲਾਂ ਚੇਤਾਵਨੀ ਦਿੰਦਾ ਹੈ। ਬਾਬਲੀਆਂ ਦੁਆਰਾ ਯਰੂਸ਼ਲਮ ਦਾ ਨਾਸ਼ ਕਰਨ ਤੋਂ ਤਕਰੀਬਨ ਛੇ ਸਾਲ ਪਹਿਲਾਂ ਤੋਂ ਹੀ ਹਿਜ਼ਕੀਏਲ ਚੇਤਾਵਨੀ ਦਿੰਦਾ ਆ ਰਿਹਾ ਸੀ। ਪਰ ਹਿਜ਼ਕੀਏਲ ਤੋਂ ਵੀ ਪਹਿਲਾਂ ਕਈ ਨਬੀਆਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਪਰਮੇਸ਼ੁਰ ਉਨ੍ਹਾਂ ਤੋਂ ਉਨ੍ਹਾਂ ਦੇ ਕੰਮਾਂ ਦਾ ਲੇਖਾ ਲਵੇਗਾ। ਯਰੂਸ਼ਲਮ ਦੇ ਨਾਸ਼ ਤੋਂ 100 ਤੋਂ ਵੀ ਜ਼ਿਆਦਾ ਸਾਲ ਪਹਿਲਾਂ ਹੋਸ਼ੇਆ, ਯਸਾਯਾਹ, ਮੀਕਾਹ, ਆਦੇਦ ਅਤੇ ਯਿਰਮਿਯਾਹ ਨਬੀਆਂ ਨੂੰ ਭੇਜਿਆ ਗਿਆ ਸੀ ਤਾਂਕਿ ਉਹ ਪਹਿਰੇਦਾਰਾਂ ਵਾਂਗ ਉਨ੍ਹਾਂ ਨੂੰ ਖ਼ਬਰਦਾਰ ਕਰਨ। ਯਹੋਵਾਹ ਨੇ ਯਿਰਮਿਯਾਹ ਨਬੀ ਦੁਆਰਾ ਇਜ਼ਰਾਈਲੀਆਂ ਨੂੰ ਯਾਦ ਕਰਾਇਆ: “ਮੈਂ ਪਹਿਰੇਦਾਰ ਖੜ੍ਹੇ ਕੀਤੇ ਜਿਨ੍ਹਾਂ ਨੇ ਕਿਹਾ, ‘ਨਰਸਿੰਗੇ ਦੀ ਆਵਾਜ਼ ਵੱਲ ਧਿਆਨ ਦਿਓ!’” (ਯਿਰ. 6:17) ਇਸ ਲਈ ਜਦੋਂ ਬਾਬਲੀਆਂ ਨੇ ਪਰਮੇਸ਼ੁਰ ਵੱਲੋਂ ਇਜ਼ਰਾਈਲੀਆਂ ਨੂੰ ਸਜ਼ਾ ਦਿੱਤੀ ਅਤੇ ਉਨ੍ਹਾਂ ਨੂੰ ਜਾਨੋਂ ਮਾਰਿਆ, ਉਦੋਂ ਨਾ ਤਾਂ ਯਹੋਵਾਹ ਤੇ ਨਾ ਹੀ ਉਸ ਦੁਆਰਾ ਭੇਜੇ ਗਏ ਪਹਿਰੇਦਾਰ ਜ਼ਿੰਮੇਵਾਰ ਸਨ।

9. ਯਹੋਵਾਹ ਨੇ ਆਪਣੇ ਅਟੱਲ ਪਿਆਰ ਦਾ ਸਬੂਤ ਕਿਵੇਂ ਦਿੱਤਾ?

9 ਪਿਆਰ: ਯਹੋਵਾਹ ਨੇ ਆਪਣੇ ਅਟੱਲ ਪਿਆਰ ਦਾ ਸਬੂਤ ਦਿੱਤਾ ਜਦੋਂ ਉਸ ਨੇ ਨਾ ਸਿਰਫ਼ ਧਰਮੀਆਂ ਨੂੰ, ਸਗੋਂ ਦੁਸ਼ਟਾਂ ਨੂੰ ਵੀ ਚੇਤਾਵਨੀ ਦੇਣ ਲਈ ਪਹਿਰੇਦਾਰ ਭੇਜੇ। ਇਨ੍ਹਾਂ ਦੁਸ਼ਟ ਲੋਕਾਂ ਨੇ ਪਰਮੇਸ਼ੁਰ ਦਾ ਦਿਲ ਤੋੜਿਆ ਸੀ ਅਤੇ ਉਸ ਦੇ ਨਾਂ ’ਤੇ ਕਲੰਕ ਲਾਇਆ ਸੀ। ਇਜ਼ਰਾਈਲੀਆਂ ਨੂੰ ਪਰਮੇਸ਼ੁਰ ਦੇ ਲੋਕਾਂ ਵਜੋਂ ਜਾਣਿਆ ਜਾਂਦਾ ਸੀ, ਪਰ ਉਨ੍ਹਾਂ ਨੇ ਵਾਰ-ਵਾਰ ਪਰਮੇਸ਼ੁਰ ਤੋਂ ਮੂੰਹ ਮੋੜਿਆ ਅਤੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕੀਤੀ। ਇਜ਼ਰਾਈਲੀਆਂ ਦੀ ਬੇਵਫ਼ਾਈ ਕਰਕੇ ਯਹੋਵਾਹ ਨੂੰ ਇੰਨਾ ਜ਼ਿਆਦਾ ਦੁੱਖ ਹੋਇਆ ਕਿ ਉਸ ਨੇ ਉਸ ਕੌਮ ਦੀ ਤੁਲਨਾ ਹਰਾਮਕਾਰੀ ਕਰਨ ਵਾਲੀ ਪਤਨੀ ਨਾਲ ਕੀਤੀ। (ਹਿਜ਼. 16:32) ਇੰਨਾ ਕੁਝ ਹੋਣ ਦੇ ਬਾਵਜੂਦ ਯਹੋਵਾਹ ਨੇ ਇਕਦਮ ਉਨ੍ਹਾਂ ਨੂੰ ਠੁਕਰਾ ਨਹੀਂ ਦਿੱਤਾ, ਬਲਕਿ ਪਹਿਲਾਂ ਉਨ੍ਹਾਂ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੇ ਯਹੋਵਾਹ ਲਈ ਕੋਈ ਗੁੰਜਾਇਸ਼ ਨਹੀਂ ਛੱਡੀ, ਉਦੋਂ ਹੀ ਉਸ ਨੇ ਉਨ੍ਹਾਂ ’ਤੇ ਤਲਵਾਰ ਚਲਵਾਈ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਮੈਨੂੰ ਕਿਸੇ ਦੁਸ਼ਟ ਇਨਸਾਨ ਦੀ ਮੌਤ ਤੋਂ ਖ਼ੁਸ਼ੀ ਨਹੀਂ ਹੁੰਦੀ, ਸਗੋਂ ਇਸ ਗੱਲ ਤੋਂ ਖ਼ੁਸ਼ੀ ਹੁੰਦੀ ਹੈ ਕਿ ਉਹ ਆਪਣੇ ਬੁਰੇ ਰਾਹਾਂ ਤੋਂ ਮੁੜੇ ਅਤੇ ਜੀਉਂਦਾ ਰਹੇ।” (ਹਿਜ਼. 33:11) ਉਸ ਜ਼ਮਾਨੇ ਵਾਂਗ ਅੱਜ ਵੀ ਯਹੋਵਾਹ ਚਾਹੁੰਦਾ ਹੈ ਕਿ ਦੁਸ਼ਟ ਲੋਕ ਉਸ ਦੀ ਗੱਲ ਸੁਣਨ ਅਤੇ ਬਦਲਣ।—ਮਲਾ. 3:6.

10, 11. ਆਪਣੇ ਲੋਕਾਂ ਨਾਲ ਪਰਮੇਸ਼ੁਰ ਦੇ ਵਰਤਾਅ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

10 ਇਜ਼ਰਾਈਲੀਆਂ ਨਾਲ ਪੇਸ਼ ਆਉਂਦੇ ਸਮੇਂ ਯਹੋਵਾਹ ਨੇ ਪਿਆਰ ਤੇ ਨਿਆਂ ਦਾ ਗੁਣ ਜ਼ਾਹਰ ਕੀਤਾ। ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਪਹਿਲੀ ਗੱਲ, ਪ੍ਰਚਾਰ ਕਰਦੇ ਸਮੇਂ ਸਾਰੇ ਲੋਕਾਂ ਬਾਰੇ ਸਾਨੂੰ ਇੱਕੋ ਜਿਹੀ ਰਾਇ ਕਾਇਮ ਨਹੀਂ ਕਰਨੀ ਚਾਹੀਦੀ, ਸਗੋਂ ਸਾਨੂੰ ਹਰੇਕ ਇਨਸਾਨ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਜੇ ਅਸੀਂ ਕਿਸੇ ਵਿਅਕਤੀ ਦੀ ਜਾਤ, ਨਸਲ, ਭਾਸ਼ਾ ਅਤੇ ਅਮੀਰੀ-ਗ਼ਰੀਬੀ ਕਰਕੇ ਉਸ ਨੂੰ ਪ੍ਰਚਾਰ ਨਹੀਂ ਕਰਦੇ ਜਾਂ ਇਸ ਕਰਕੇ ਕਿ ਪਹਿਲਾਂ ਉਸ ਨੇ ਬੁਰੇ ਕੰਮ ਕੀਤੇ ਸਨ, ਤਾਂ ਅਸੀਂ ਗ਼ਲਤੀ ਕਰ ਰਹੇ ਹੋਵਾਂਗੇ। ਯਹੋਵਾਹ ਨੇ ਪਤਰਸ ਰਸੂਲ ਨੂੰ ਜੋ ਗੱਲ ਸਿਖਾਈ, ਉਹ ਅੱਜ ਸਾਡੇ ਲਈ ਵੀ ਮਾਅਨੇ ਰੱਖਦੀ ਹੈ: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂ. 10:34, 35.

ਕੀ ਅਸੀਂ ਲੋਕਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹਾਂ? (ਪੈਰਾ 10 ਦੇਖੋ)

11 ਦੂਸਰੀ ਗੱਲ, ਸਾਨੂੰ ਖ਼ੁਦ ’ਤੇ ਵੀ ਧਿਆਨ ਦੇਣ ਦੀ ਲੋੜ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਬੀਤੇ ਸਮੇਂ ਵਿਚ ਜੋ ਨੇਕ ਕੰਮ ਕੀਤੇ ਸਨ, ਉਨ੍ਹਾਂ ਕਰਕੇ ਅੱਜ ਸਾਨੂੰ ਗ਼ਲਤ ਕੰਮ ਕਰਨ ਦੀ ਆਜ਼ਾਦੀ ਹੈ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ, ਉਨ੍ਹਾਂ ਵਾਂਗ ਅਸੀਂ ਵੀ ਗ਼ਲਤੀਆਂ ਕਰਦੇ ਹਾਂ। ਪੌਲੁਸ ਰਸੂਲ ਨੇ ਜਿਹੜੀ ਸਲਾਹ ਕੁਰਿੰਥੁਸ ਦੀ ਮੰਡਲੀ ਨੂੰ ਦਿੱਤੀ, ਉਹ ਅੱਜ ਸਾਡੇ ’ਤੇ ਵੀ ਲਾਗੂ ਹੁੰਦੀ ਹੈ: “ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਉਹ ਖ਼ਬਰਦਾਰ ਰਹੇ ਕਿ ਕਿਤੇ ਡਿਗ ਨਾ ਪਵੇ। ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ।” (1 ਕੁਰਿੰ. 10:12, 13) ਅਸੀਂ ਕਦੀ ਵੀ ਉਸ ਇਨਸਾਨ ਵਰਗੇ ਨਹੀਂ ਬਣਨਾ ਚਾਹੁੰਦੇ ਜੋ ਸੋਚਣ ਲੱਗ ਪੈਂਦਾ ਹੈ ਕਿ “ਉਸ ਨੇ ਪਹਿਲਾਂ ਜੋ ਸਹੀ ਕੰਮ ਕੀਤੇ ਸਨ, ਉਹ ਉਸ ਨੂੰ ਬਚਾ ਲੈਣਗੇ।” (ਹਿਜ਼. 33:13) ਇਹ ਸੋਚਣਾ ਗ਼ਲਤ ਹੋਵੇਗਾ ਕਿ ਸਾਨੂੰ ਬੁਰੇ ਕੰਮ ਕਰਨ ਦੀ ਸਜ਼ਾ ਨਹੀਂ ਮਿਲੇਗੀ ਕਿਉਂਕਿ ਅਸੀਂ ਸਹੀ ਕੰਮ ਵੀ ਤਾਂ ਕਰਦੇ ਹਾਂ। ਚਾਹੇ ਅਸੀਂ ਕਾਫ਼ੀ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਦੇ ਆ ਰਹੇ ਹਾਂ, ਪਰ ਇਹ ਜ਼ਰੂਰੀ ਹੈ ਕਿ ਅਸੀਂ ਨਿਮਰ ਰਹੀਏ ਅਤੇ ਉਸ ਦਾ ਕਹਿਣਾ ਮੰਨਦੇ ਰਹੀਏ।

12. ਜੇ ਅਸੀਂ ਪਹਿਲਾਂ ਗੰਭੀਰ ਪਾਪ ਕੀਤੇ ਸਨ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

12 ਜੇ ਅਸੀਂ ਬੀਤੇ ਸਮੇਂ ਵਿਚ ਕੀਤੇ ਗੰਭੀਰ ਪਾਪਾਂ ਕਰਕੇ ਹਾਲੇ ਵੀ ਦੋਸ਼ੀ ਮਹਿਸੂਸ ਕਰਦੇ ਹਾਂ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ? ਹਿਜ਼ਕੀਏਲ ਦੇ ਸੰਦੇਸ਼ ਤੋਂ ਅਸੀਂ ਸਿੱਖਿਆ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਜ਼ਰੂਰ ਸਜ਼ਾ ਦੇਵੇਗਾ ਜਿਹੜੇ ਪਛਤਾਵਾ ਨਹੀਂ ਕਰਦੇ। ਅਸੀਂ ਇਹ ਵੀ ਸਿੱਖਿਆ ਸੀ ਕਿ ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ, ਨਾ ਕਿ ਬਦਲਾ ਲੈਣ ਵਾਲਾ। (1 ਯੂਹੰ. 4:8) ਜੇ ਅਸੀਂ ਆਪਣੇ ਕੰਮਾਂ ਰਾਹੀਂ ਦਿਖਾਉਂਦੇ ਹਾਂ ਕਿ ਸਾਨੂੰ ਆਪਣੇ ਪਾਪਾਂ ਦਾ ਪਛਤਾਵਾ ਹੈ, ਤਾਂ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਪਾਪ ਇੰਨੇ ਜ਼ਿਆਦਾ ਗੰਭੀਰ ਹਨ ਕਿ ਅਸੀਂ ਯਹੋਵਾਹ ਦੀ ਦਇਆ ਦੇ ਲਾਇਕ ਨਹੀਂ। (ਯਾਕੂ. 5:14, 15) ਜੇ ਯਹੋਵਾਹ ਉਨ੍ਹਾਂ ਇਜ਼ਰਾਈਲੀਆਂ ਨੂੰ ਮਾਫ਼ ਕਰ ਸਕਦਾ ਹੈ ਜੋ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ, ਤਾਂ ਉਹ ਸਾਨੂੰ ਵੀ ਜ਼ਰੂਰ ਮਾਫ਼ ਕਰੇਗਾ।—ਜ਼ਬੂ. 86:5.

“ਆਪਣੇ ਲੋਕਾਂ ਨਾਲ ਗੱਲ ਕਰ”

13, 14. (ੳ) ਯਹੋਵਾਹ ਦੇ ਪਹਿਰੇਦਾਰ ਕਿਸ ਤਰ੍ਹਾਂ ਦਾ ਸੰਦੇਸ਼ ਸੁਣਾਉਂਦੇ ਸਨ? (ਅ) ਯਸਾਯਾਹ ਨੇ ਕਿਹੜਾ ਸੰਦੇਸ਼ ਸੁਣਾਇਆ?

13 ਹਿਜ਼ਕੀਏਲ 33:2, 3 ਪੜ੍ਹੋ। ਯਹੋਵਾਹ ਦੇ ਪਹਿਰੇਦਾਰ ਕਿਸ ਤਰ੍ਹਾਂ ਦਾ ਸੰਦੇਸ਼ ਸੁਣਾਉਂਦੇ ਸਨ? ਉਹ ਲੋਕਾਂ ਨੂੰ ਜ਼ਿਆਦਾਤਰ ਚੇਤਾਵਨੀਆਂ ਦਿੰਦੇ ਸਨ। ਪਰ ਉਹ ਖ਼ੁਸ਼ੀ ਦੀ ਖ਼ਬਰ ਵੀ ਸੁਣਾਉਂਦੇ ਸਨ। ਆਓ ਆਪਾਂ ਕੁਝ ਮਿਸਾਲਾਂ ਦੇਖੀਏ।

14 ਯਸਾਯਾਹ ਨੇ ਲਗਭਗ 778 ਤੋਂ ਲੈ ਕੇ 732 ਈਸਵੀ ਪੂਰਵ ਤਕ ਸੇਵਾ ਕੀਤੀ। ਉਸ ਨੇ ਚੇਤਾਵਨੀ ਦਿੱਤੀ ਕਿ ਬਾਬਲੀ ਲੋਕ ਯਰੂਸ਼ਲਮ ’ਤੇ ਕਬਜ਼ਾ ਕਰ ਲੈਣਗੇ ਅਤੇ ਉਸ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਜਾਣਗੇ। (ਯਸਾ. 39:5-7) ਯਸਾਯਾਹ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਇਹ ਵੀ ਲਿਖਿਆ: “ਸੁਣ! ਤੇਰੇ ਪਹਿਰੇਦਾਰ ਉੱਚੀ ਆਵਾਜ਼ ਵਿਚ ਬੋਲਦੇ ਹਨ। ਉਹ ਮਿਲ ਕੇ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹਨ ਕਿਉਂਕਿ ਉਹ ਸਾਫ਼-ਸਾਫ਼ ਦੇਖਣਗੇ ਜਦੋਂ ਯਹੋਵਾਹ ਸੀਓਨ ਨੂੰ ਦੁਬਾਰਾ ਇਕੱਠਾ ਕਰੇਗਾ।” (ਯਸਾ. 52:8) ਇਸ ਤੋਂ ਵੱਡੀ ਖ਼ਬਰ ਹੋਰ ਕਿਹੜੀ ਹੋ ਸਕਦੀ ਸੀ ਕਿ ਸੱਚੀ ਭਗਤੀ ਬਹਾਲ ਕੀਤੀ ਜਾਵੇਗੀ।

15. ਯਿਰਮਿਯਾਹ ਨੇ ਕਿਹੜਾ ਸੰਦੇਸ਼ ਸੁਣਾਇਆ?

15 ਯਿਰਮਿਯਾਹ ਨੇ 647 ਤੋਂ ਲੈ ਕੇ 580 ਈਸਵੀ ਪੂਰਵ ਤਕ ਸੇਵਾ ਕੀਤੀ। ਉਸ ਬਾਰੇ ਅਕਸਰ ਇਹ ਗ਼ਲਤ ਗੱਲ ਕਹੀ ਜਾਂਦੀ ਹੈ ਕਿ ਉਹ ਹਮੇਸ਼ਾ ਨਾਸ਼ ਦਾ ਹੀ ਸੰਦੇਸ਼ ਸੁਣਾਉਂਦਾ ਸੀ। ਬਿਨਾਂ ਸ਼ੱਕ, ਉਸ ਨੇ ਇਜ਼ਰਾਈਲੀਆਂ ਨੂੰ ਵਾਰ-ਵਾਰ ਚੇਤਾਵਨੀਆਂ ਦਿੱਤੀਆਂ ਕਿ ਯਹੋਵਾਹ ਉਨ੍ਹਾਂ ’ਤੇ ਬਿਪਤਾਵਾਂ ਲਿਆਵੇਗਾ। * ਪਰ ਉਸ ਨੇ ਖ਼ੁਸ਼ ਖ਼ਬਰੀ ਵੀ ਸੁਣਾਈ ਕਿ ਪਰਮੇਸ਼ੁਰ ਦੇ ਲੋਕ ਆਪਣੇ ਦੇਸ਼ ਵਾਪਸ ਜਾਣਗੇ ਅਤੇ ਉੱਥੇ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ।—ਯਿਰ. 29:10-14; 33:10, 11.

16. ਹਿਜ਼ਕੀਏਲ ਦੇ ਸੰਦੇਸ਼ ਤੋਂ ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਕਿਵੇਂ ਹੌਸਲਾ ਮਿਲਿਆ?

16 ਹਿਜ਼ਕੀਏਲ ਨੂੰ 613 ਈਸਵੀ ਪੂਰਵ ਵਿਚ ਪਹਿਰੇਦਾਰ ਨਿਯੁਕਤ ਕੀਤਾ ਗਿਆ ਅਤੇ ਉਸ ਨੇ ਘੱਟੋ-ਘੱਟ 591 ਈਸਵੀ ਪੂਰਵ ਤਕ ਇਹ ਕੰਮ ਕੀਤਾ। ਇਸ ਕਿਤਾਬ ਦੇ ਅਧਿਆਇ 5 ਅਤੇ 6 ਵਿਚ ਅਸੀਂ ਦੇਖਿਆ ਸੀ ਕਿ ਹਿਜ਼ਕੀਏਲ ਨੇ ਬੜੇ ਜੋਸ਼ ਨਾਲ ਇਜ਼ਰਾਈਲੀਆਂ ਨੂੰ ਨਾਸ਼ ਬਾਰੇ ਚੇਤਾਵਨੀ ਦਿੱਤੀ ਸੀ। ਇਸ ਤਰ੍ਹਾਂ ਕਰ ਕੇ ਉਹ ਉਨ੍ਹਾਂ ਦੇ ਖ਼ੂਨ ਦਾ ਦੋਸ਼ੀ ਬਣਨ ਤੋਂ ਬਚ ਗਿਆ। ਹਿਜ਼ਕੀਏਲ ਨੇ ਗ਼ੁਲਾਮ ਲੋਕਾਂ ਨੂੰ ਸਿਰਫ਼ ਇਹੀ ਸੰਦੇਸ਼ ਨਹੀਂ ਦਿੱਤਾ ਕਿ ਯਰੂਸ਼ਲਮ ਦੇ ਧਰਮ-ਤਿਆਗੀ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ, ਸਗੋਂ ਉਸ ਨੇ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਰੱਖਣ ਵਿਚ ਉਨ੍ਹਾਂ ਦੀ ਮਦਦ ਵੀ ਕੀਤੀ ਤਾਂਕਿ ਉਹ ਭਵਿੱਖ ਵਿਚ ਪਰਮੇਸ਼ੁਰ ਦਾ ਕੰਮ ਕਰ ਸਕਣ। 70 ਸਾਲਾਂ ਦੀ ਗ਼ੁਲਾਮੀ ਖ਼ਤਮ ਹੋਣ ਤੋਂ ਬਾਅਦ ਯਹੋਵਾਹ ਨੇ ਬਚੇ ਹੋਏ ਇਜ਼ਰਾਈਲੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲਿਆ ਕੇ ਦੁਬਾਰਾ ਆਬਾਦ ਕਰਨਾ ਸੀ। (ਹਿਜ਼. 36:7-11) ਵਾਪਸ ਆਉਣ ਵਾਲਿਆਂ ਵਿਚ ਖ਼ਾਸ ਕਰਕੇ ਉਨ੍ਹਾਂ ਲੋਕਾਂ ਦੇ ਬੱਚੇ ਅਤੇ ਦੋਹਤੇ-ਪੋਤੇ ਸਨ ਜਿਨ੍ਹਾਂ ਨੇ ਹਿਜ਼ਕੀਏਲ ਦੇ ਸੰਦੇਸ਼ ਵੱਲ ਧਿਆਨ ਦਿੱਤਾ ਸੀ। ਇਸ ਕਿਤਾਬ ਦੇ ਭਾਗ 3 ਵਿਚ ਦੱਸਿਆ ਗਿਆ ਸੀ ਕਿ ਹਿਜ਼ਕੀਏਲ ਨੇ ਖ਼ੁਸ਼ ਖ਼ਬਰੀ ਦਿੱਤੀ ਕਿ ਯਰੂਸ਼ਲਮ ਵਿਚ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ।

17. ਯਹੋਵਾਹ ਨੇ ਕਦੋਂ-ਕਦੋਂ ਪਹਿਰੇਦਾਰ ਨਿਯੁਕਤ ਕੀਤੇ?

17 ਸੰਨ 607 ਈਸਵੀ ਪੂਰਵ ਵਿਚ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਯਹੋਵਾਹ ਨੇ ਇਨ੍ਹਾਂ ਨਬੀਆਂ ਨੂੰ ਪਹਿਰੇਦਾਰ ਨਿਯੁਕਤ ਕੀਤਾ। ਕੀ ਇਨ੍ਹਾਂ ਨਬੀਆਂ ਤੋਂ ਇਲਾਵਾ ਹੋਰਨਾਂ ਨੂੰ ਵੀ ਪਹਿਰੇਦਾਰਾਂ ਵਜੋਂ ਨਿਯੁਕਤ ਕੀਤਾ ਗਿਆ? ਜੀ ਹਾਂ। ਯਹੋਵਾਹ ਨੇ ਆਪਣੇ ਮਕਸਦ ਮੁਤਾਬਕ ਕਿਸੇ ਅਹਿਮ ਘਟਨਾ ਤੋਂ ਪਹਿਲਾਂ ਪਹਿਰੇਦਾਰ ਨਿਯੁਕਤ ਕੀਤੇ ਤਾਂਕਿ ਉਹ ਦੁਸ਼ਟਾਂ ਨੂੰ ਚੇਤਾਵਨੀ ਦੇਣ ਅਤੇ ਨੇਕ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ।

ਪਹਿਲੀ ਸਦੀ ਦੇ ਪਹਿਰੇਦਾਰ

18. ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕਿਹੜਾ ਕੰਮ ਕੀਤਾ?

18 ਪਹਿਲੀ ਸਦੀ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪਹਿਰੇਦਾਰ ਦਾ ਕੰਮ ਕੀਤਾ। ਉਸ ਨੇ ਇਜ਼ਰਾਈਲ ਕੌਮ ਨੂੰ ਚੇਤਾਵਨੀ ਦਿੱਤੀ ਕਿ ਯਹੋਵਾਹ ਛੇਤੀ ਹੀ ਉਨ੍ਹਾਂ ਨੂੰ ਠੁਕਰਾ ਦੇਵੇਗਾ। (ਮੱਤੀ 3:1, 2, 9-11) ਉਸ ਨੇ ਹੋਰ ਵੀ ਕੁਝ ਕੀਤਾ। ਯਿਸੂ ਨੇ ਦੱਸਿਆ ਕਿ ਭਵਿੱਖਬਾਣੀ ਵਿਚ ਜਿਸ “ਸੰਦੇਸ਼ ਦੇਣ ਵਾਲੇ” ਦਾ ਜ਼ਿਕਰ ਕੀਤਾ ਗਿਆ ਸੀ, ਉਹ ਯੂਹੰਨਾ ਸੀ ਜਿਸ ਨੇ ਮਸੀਹ ਲਈ ਰਾਹ ਤਿਆਰ ਕਰਨਾ ਸੀ। (ਮਲਾ. 3:1; ਮੱਤੀ 11:7-10) ਇਸ ਲਈ ਉਸ ਨੇ ਇਹ ਖ਼ੁਸ਼ ਖ਼ਬਰੀ ਸੁਣਾਈ ਕਿ “ਪਰਮੇਸ਼ੁਰ ਦਾ ਲੇਲਾ” ਯਾਨੀ ਯਿਸੂ ਆ ਗਿਆ ਹੈ ਅਤੇ ਉਹ “ਦੁਨੀਆਂ ਦਾ ਪਾਪ” ਮਿਟਾ ਦੇਵੇਗਾ।—ਯੂਹੰ. 1:29, 30.

19, 20. ਯਿਸੂ ਅਤੇ ਉਸ ਦੇ ਚੇਲਿਆਂ ਨੇ ਪਹਿਰੇਦਾਰਾਂ ਵਾਂਗ ਕਿਵੇਂ ਕੰਮ ਕੀਤਾ?

19 ਯਹੋਵਾਹ ਦੇ ਸਾਰੇ ਪਹਿਰੇਦਾਰਾਂ ਵਿੱਚੋਂ ਯਿਸੂ ਸਭ ਤੋਂ ਮਹਾਨ ਪਹਿਰੇਦਾਰ ਸੀ। ਯਹੋਵਾਹ ਨੇ ਹਿਜ਼ਕੀਏਲ ਵਾਂਗ ਯਿਸੂ ਨੂੰ ਵੀ “ਇਜ਼ਰਾਈਲ ਦੇ ਘਰਾਣੇ” ਕੋਲ ਘੱਲਿਆ ਸੀ। (ਹਿਜ਼. 3:17; ਮੱਤੀ 15:24) ਯਿਸੂ ਨੇ ਚੇਤਾਵਨੀ ਦਿੱਤੀ ਕਿ ਯਹੋਵਾਹ ਜਲਦੀ ਹੀ ਇਜ਼ਰਾਈਲ ਕੌਮ ਨੂੰ ਠੁਕਰਾ ਦੇਵੇਗਾ ਅਤੇ ਯਰੂਸ਼ਲਮ ਦਾ ਨਾਸ਼ ਹੋ ਜਾਵੇਗਾ। (ਮੱਤੀ 23:37, 38; 24:1, 2; ਲੂਕਾ 21:20-24) ਪਰ ਉਸ ਦਾ ਮੁੱਖ ਕੰਮ ਖ਼ੁਸ਼ ਖ਼ਬਰੀ ਸੁਣਾਉਣਾ ਸੀ।—ਲੂਕਾ 4:17-21.

20 ਯਿਸੂ ਨੇ ਧਰਤੀ ’ਤੇ ਹੁੰਦਿਆਂ ਆਪਣੇ ਚੇਲਿਆਂ ਨੂੰ ਖ਼ਾਸ ਤੌਰ ਤੇ ਕਿਹਾ ਸੀ: “ਖ਼ਬਰਦਾਰ ਰਹੋ।” (ਮੱਤੀ 24:42) ਉਨ੍ਹਾਂ ਨੇ ਯਿਸੂ ਦਾ ਹੁਕਮ ਮੰਨਿਆ ਤੇ ਪਹਿਰੇਦਾਰਾਂ ਵਜੋਂ ਚੇਤਾਵਨੀ ਦਿੱਤੀ ਕਿ ਯਹੋਵਾਹ ਨੇ ਇਜ਼ਰਾਈਲ ਦੇ ਘਰਾਣੇ ਅਤੇ ਯਰੂਸ਼ਲਮ ਸ਼ਹਿਰ ਨੂੰ ਠੁਕਰਾ ਦਿੱਤਾ ਹੈ। (ਰੋਮੀ. 9:6-8; ਗਲਾ. 4:25, 26) ਉਨ੍ਹਾਂ ਚੇਲਿਆਂ ਨੇ ਵੀ ਆਪਣੇ ਤੋਂ ਪਹਿਲਾਂ ਦੇ ਪਹਿਰੇਦਾਰਾਂ ਵਾਂਗ ਖ਼ੁਸ਼ ਖ਼ਬਰੀ ਸੁਣਾਈ। ਇਕ ਖ਼ੁਸ਼ ਖ਼ਬਰੀ ਇਹ ਵੀ ਸੀ ਕਿ ਗ਼ੈਰ-ਯਹੂਦੀ ਲੋਕ ਵੀ ਪਰਮੇਸ਼ੁਰ ਦੇ ਇਜ਼ਰਾਈਲ ਯਾਨੀ ਚੁਣੇ ਹੋਇਆਂ ਵਿਚ ਸ਼ਾਮਲ ਹੋ ਸਕਣਗੇ ਅਤੇ ਮਸੀਹ ਨਾਲ ਮਿਲ ਕੇ ਸ਼ੁੱਧ ਭਗਤੀ ਬਹਾਲ ਕਰਨਗੇ।—ਰਸੂ. 15:14; ਗਲਾ. 6:15, 16; ਪ੍ਰਕਾ. 5:9, 10.

21. ਪੌਲੁਸ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ?

21 ਪਹਿਲੀ ਸਦੀ ਦੇ ਪਹਿਰੇਦਾਰਾਂ ਵਿੱਚੋਂ ਪੌਲੁਸ ਨੇ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ। ਹਿਜ਼ਕੀਏਲ ਵਾਂਗ ਉਹ ਵੀ ਜਾਣਦਾ ਸੀ ਕਿ ਜੇ ਉਹ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਏਗਾ, ਤਾਂ ਉਹ ਲੋਕਾਂ ਦੇ ਖ਼ੂਨ ਦਾ ਦੋਸ਼ੀ ਹੋਵੇਗਾ। (ਰਸੂ. 20:26, 27) ਦੂਸਰੇ ਪਹਿਰੇਦਾਰਾਂ ਵਾਂਗ ਪੌਲੁਸ ਨੇ ਵੀ ਨਾ ਸਿਰਫ਼ ਲੋਕਾਂ ਨੂੰ ਚੇਤਾਵਨੀ ਦਿੱਤੀ, ਸਗੋਂ ਉਸ ਨੇ ਖ਼ੁਸ਼ ਖ਼ਬਰੀ ਵੀ ਸੁਣਾਈ। (ਰਸੂ. 15:35; ਰੋਮੀ. 1:1-4) ਉਸ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਯਸਾਯਾਹ ਦੀ ਇਸ ਭਵਿੱਖਬਾਣੀ ਦਾ ਹਵਾਲਾ ਦਿੱਤਾ: “ਪਹਾੜਾਂ ਉੱਤੇ ਉਸ ਦੇ ਪੈਰ ਕਿੰਨੇ ਸੋਹਣੇ ਲੱਗਦੇ ਹਨ ਜੋ ਖ਼ੁਸ਼ ਖ਼ਬਰੀ ਲਿਆਉਂਦਾ ਹੈ।” ਫਿਰ ਉਸ ਨੇ ਕਿਹਾ ਕਿ ਮਸੀਹ ਦੇ ਚੇਲੇ ਇਸ ਭਵਿੱਖਬਾਣੀ ਨੂੰ ਪੂਰਾ ਕਰਦੇ ਹਨ ਕਿਉਂਕਿ ਉਹ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ।—ਯਸਾ. 52:7, 8; ਰੋਮੀ. 10:13-15.

22. ਰਸੂਲਾਂ ਦੀ ਮੌਤ ਤੋਂ ਬਾਅਦ ਕੀ ਹੋਇਆ?

22 ਰਸੂਲਾਂ ਦੀ ਮੌਤ ਤੋਂ ਬਾਅਦ ਮਸੀਹੀ ਮੰਡਲੀ ਵਿਚ ਧਰਮ-ਤਿਆਗੀਆਂ ਦਾ ਦਬਦਬਾ ਵਧਣ ਲੱਗਾ, ਠੀਕ ਜਿਵੇਂ ਪਹਿਲਾਂ ਦੱਸਿਆ ਗਿਆ ਸੀ। (ਰਸੂ. 20:29, 30; 2 ਥੱਸ. 2:3-8) ਫਿਰ ਇਕ ਲੰਬੇ ਸਮੇਂ ਤਕ ਜੰਗਲੀ ਬੂਟੀ ਵਰਗੇ ਨਕਲੀ ਮਸੀਹੀਆਂ ਦੀ ਗਿਣਤੀ ਵਧਦੀ ਗਈ ਅਤੇ ਇਹ ਗਿਣਤੀ ਕਣਕ ਵਰਗੇ ਸੱਚੇ ਮਸੀਹੀਆਂ ਨਾਲੋਂ ਜ਼ਿਆਦਾ ਹੋ ਗਈ। ਬਹੁਤ ਸਾਰੀਆਂ ਝੂਠੀਆਂ ਸਿੱਖਿਆਵਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਦਬਾ ਲਿਆ। (ਮੱਤੀ 13:36-43) ਪਰ ਜਦੋਂ ਯਹੋਵਾਹ ਦੇ ਕਦਮ ਚੁੱਕਣ ਦਾ ਸਮਾਂ ਨੇੜੇ ਆਇਆ, ਤਾਂ ਉਸ ਨੇ ਇਕ ਵਾਰ ਫਿਰ ਆਪਣੇ ਪਿਆਰ ਤੇ ਨਿਆਂ ਦਾ ਸਬੂਤ ਦਿੰਦੇ ਹੋਏ ਕੁਝ ਪਹਿਰੇਦਾਰ ਨਿਯੁਕਤ ਕੀਤੇ। ਉਨ੍ਹਾਂ ਨੇ ਲੋਕਾਂ ਨੂੰ ਸਾਫ਼ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਅਤੇ ਖ਼ੁਸ਼ ਖ਼ਬਰੀ ਵੀ ਸੁਣਾਈ। ਇਹ ਪਹਿਰੇਦਾਰ ਕੌਣ ਸਨ?

ਯਹੋਵਾਹ ਨੇ ਦੁਸ਼ਟਾਂ ਨੂੰ ਚੇਤਾਵਨੀ ਦੇਣ ਲਈ ਫਿਰ ਪਹਿਰੇਦਾਰ ਠਹਿਰਾਏ

23. ਭਰਾ ਸੀ. ਟੀ. ਰਸਲ ਤੇ ਉਸ ਦੇ ਸਾਥੀਆਂ ਨੇ ਕਿਹੜੀ ਜ਼ਿੰਮੇਵਾਰੀ ਨਿਭਾਈ?

23 1914 ਤੋਂ ਪਹਿਲਾਂ ਦੇ ਸਾਲਾਂ ਦੌਰਾਨ ਭਰਾ ਚਾਰਲਸ ਟੇਜ਼ ਰਸਲ ਤੇ ਉਸ ਦੇ ਸਾਥੀਆਂ ਨੇ “ਸੰਦੇਸ਼ ਦੇਣ ਵਾਲੇ” ਦੀ ਜ਼ਿੰਮੇਵਾਰੀ ਨਿਭਾਈ ਅਤੇ ਮਸੀਹ ਦਾ ਰਾਜ ਸ਼ੁਰੂ ਹੋਣ ਤੋਂ ਪਹਿਲਾਂ “ਰਾਹ ਪੱਧਰਾ” ਕੀਤਾ। * (ਮਲਾ. 3:1) ਉਨ੍ਹਾਂ ਨੇ ਪਹਿਰੇਦਾਰ ਦਾ ਕੰਮ ਵੀ ਕੀਤਾ। ਉਨ੍ਹਾਂ ਨੇ ਪਹਿਰਾਬੁਰਜ ਰਸਾਲੇ (ਜੋ ਪਹਿਲਾਂ ਜ਼ਾਇਨਸ ਵਾਚ ਟਾਵਰ ਹੈਰਲਡ ਆਫ਼ ਕ੍ਰਾਈਸਟਜ਼ ਪ੍ਰੈਜ਼ੈਂਸ ਕਹਾਉਂਦਾ ਸੀ) ਦੇ ਜ਼ਰੀਏ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਸਜ਼ਾ ਦੀ ਚੇਤਾਵਨੀ ਦਿੱਤੀ ਅਤੇ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕੀਤਾ।

24. (ੳ) ਵਫ਼ਾਦਾਰ ਨੌਕਰ ਕਿਵੇਂ ਇਕ ਪਹਿਰੇਦਾਰ ਦੀ ਤਰ੍ਹਾਂ ਕੰਮ ਕਰਦਾ ਹੈ? (ਅ) ਪੁਰਾਣੇ ਸਮੇਂ ਦੇ ਪਹਿਰੇਦਾਰਾਂ ਤੋਂ ਤੁਸੀਂ ਕੀ ਸਿੱਖਿਆ? (“ਕੁਝ ਚੰਗੇ ਪਹਿਰੇਦਾਰ” ਨਾਂ ਦਾ ਚਾਰਟ ਦੇਖੋ।)

24 ਪਰਮੇਸ਼ੁਰ ਦਾ ਰਾਜ ਸ਼ੁਰੂ ਹੋਣ ਤੋਂ ਬਾਅਦ ਯਿਸੂ ਨੇ ਆਦਮੀਆਂ ਦੇ ਇਕ ਛੋਟੇ ਜਿਹੇ ਸਮੂਹ ਨੂੰ ਵਫ਼ਾਦਾਰ ਨੌਕਰ ਵਜੋਂ ਨਿਯੁਕਤ ਕੀਤਾ। (ਮੱਤੀ 24:45-47) ਉਦੋਂ ਤੋਂ ਵਫ਼ਾਦਾਰ ਨੌਕਰ, ਜਿਸ ਨੂੰ ਹੁਣ ਪ੍ਰਬੰਧਕ ਸਭਾ ਵੀ ਕਹਿੰਦੇ ਹਨ, ਇਕ ਪਹਿਰੇਦਾਰ ਵਾਂਗ ਕੰਮ ਕਰਦਾ ਆਇਆ ਹੈ। ਇਹ ਨਾ ਸਿਰਫ਼ “ਬਦਲਾ ਲੈਣ ਦੇ ਦਿਨ” ਦੀ ਚੇਤਾਵਨੀ ਦੇਣ ਵਿਚ, ਸਗੋਂ “ਯਹੋਵਾਹ ਦੀ ਮਿਹਰ ਪਾਉਣ ਦੇ ਵਰ੍ਹੇ” ਦਾ ਐਲਾਨ ਕਰਨ ਵਿਚ ਵੀ ਅਗਵਾਈ ਕਰਦਾ ਹੈ।—ਯਸਾ. 61:2; 2 ਕੁਰਿੰਥੀਆਂ 6:1, 2 ਵੀ ਦੇਖੋ।

25, 26. (ੳ) ਮਸੀਹ ਦੇ ਸਾਰੇ ਚੇਲਿਆਂ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ ਅਤੇ ਇਹ ਕਿਵੇਂ ਕੀਤਾ ਜਾ ਰਿਹਾ ਹੈ? (ਅ) ਅਗਲੇ ਅਧਿਆਇ ਵਿਚ ਅਸੀਂ ਕਿਸ ਗੱਲ ’ਤੇ ਗੌਰ ਕਰਾਂਗੇ?

25 ਹਾਲਾਂਕਿ ਵਫ਼ਾਦਾਰ ਨੌਕਰ ਪਹਿਰੇਦਾਰ ਦਾ ਕੰਮ ਕਰਨ ਵਿਚ ਅਗਵਾਈ ਕਰਦਾ ਹੈ, ਪਰ ਯਿਸੂ ਨੇ ‘ਖ਼ਬਰਦਾਰ ਰਹਿਣ’ ਦਾ ਹੁਕਮ ਆਪਣੇ ‘ਸਾਰੇ’ ਚੇਲਿਆਂ ਨੂੰ ਦਿੱਤਾ ਸੀ। (ਮਰ. 13:33-37) ਜਦੋਂ ਅਸੀਂ ਪਰਮੇਸ਼ੁਰ ਦੇ ਕੰਮ ਕਰਨ ਵਿਚ ਲੱਗੇ ਰਹਿੰਦੇ ਹਾਂ ਤੇ ਵਫ਼ਾਦਾਰੀ ਨਾਲ ਪਹਿਰੇਦਾਰਾਂ ਦਾ ਸਾਥ ਦਿੰਦੇ ਹਾਂ, ਤਾਂ ਅਸੀਂ ਖ਼ਬਰਦਾਰ ਰਹਿੰਦੇ ਹਾਂ। ਅਸੀਂ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਪੂਰੀ ਕਰ ਕੇ ਦਿਖਾਉਂਦੇ ਹਾਂ ਕਿ ਅਸੀਂ ਜਾਗ ਰਹੇ ਹਾਂ। (2 ਤਿਮੋ. 4:2) ਇਹ ਕੰਮ ਕਰਨ ਲਈ ਕਿਹੜੀ ਗੱਲ ਸਾਨੂੰ ਪ੍ਰੇਰਦੀ ਹੈ? ਇਕ ਤਾਂ ਇਹ ਹੈ ਕਿ ਅਸੀਂ ਲੋਕਾਂ ਦੀ ਜਾਨ ਬਚਾਉਣੀ ਚਾਹੁੰਦੇ ਹਾਂ। (1 ਤਿਮੋ. 4:16) ਜਿਹੜੇ ਲੋਕ ਅੱਜ ਦੇ ਜ਼ਮਾਨੇ ਦੇ ਪਹਿਰੇਦਾਰ ਦੀ ਚੇਤਾਵਨੀ ’ਤੇ ਧਿਆਨ ਨਹੀਂ ਦਿੰਦੇ, ਉਹ ਬਹੁਤ ਛੇਤੀ ਆਪਣੀਆਂ ਜਾਨਾਂ ਗੁਆ ਬੈਠਣਗੇ। (ਹਿਜ਼. 3:19) ਪਰ ਅਸੀਂ ਖ਼ਾਸ ਕਰਕੇ ਲੋਕਾਂ ਨੂੰ ਸਭ ਤੋਂ ਵੱਡੀ ਖ਼ੁਸ਼ ਖ਼ਬਰੀ ਇਹ ਸੁਣਾਉਣੀ ਚਾਹੁੰਦੇ ਹਾਂ ਕਿ ਸ਼ੁੱਧ ਭਗਤੀ ਬਹਾਲ ਕੀਤੀ ਗਈ ਹੈ। ਅੱਜ ਜਦੋਂ ‘ਯਹੋਵਾਹ ਦੀ ਮਿਹਰ ਪਾਉਣ ਦਾ ਵਰ੍ਹਾ’ ਚੱਲ ਰਿਹਾ ਹੈ, ਤਾਂ ਬਹੁਤ ਸਾਰੇ ਲੋਕਾਂ ਕੋਲ ਮੌਕਾ ਹੈ ਕਿ ਉਹ ਸਾਡੇ ਨਾਲ ਮਿਲ ਕੇ ਸਾਡੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਜੋ ਇਨਸਾਫ਼ ਅਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਬਹੁਤ ਜਲਦ ਹੋਣ ਵਾਲੇ ਇਸ ਦੁਸ਼ਟ ਦੁਨੀਆਂ ਦੇ ਅੰਤ ਵਿੱਚੋਂ ਜਿਹੜੇ ਲੋਕ ਬਚਣਗੇ, ਉਹ ਪਰਮੇਸ਼ੁਰ ਦੇ ਦਿਆਲੂ ਪੁੱਤਰ ਯਿਸੂ ਮਸੀਹ ਦੇ ਰਾਜ ਵਿਚ ਬਰਕਤਾਂ ਪਾਉਣਗੇ। ਇਹ ਖ਼ੁਸ਼ ਖ਼ਬਰੀ ਪੂਰੀ ਦੁਨੀਆਂ ਵਿਚ ਫੈਲਾਉਣ ਲਈ ਅਸੀਂ ਅੱਜ ਦੇ ਜ਼ਮਾਨੇ ਦੇ ਪਹਿਰੇਦਾਰਾਂ ਦਾ ਸਾਥ ਦੇਣ ਤੋਂ ਪਿੱਛੇ ਨਹੀਂ ਹਟਾਂਗੇ।—ਮੱਤੀ 24:14.

ਅਸੀਂ ਖ਼ੁਸ਼ ਖ਼ਬਰੀ ਸੁਣਾ ਕੇ ਅੱਜ ਦੇ ਪਹਿਰੇਦਾਰ ਦਾ ਖ਼ੁਸ਼ੀ-ਖ਼ੁਸ਼ੀ ਸਾਥ ਦਿੰਦੇ ਹਾਂ (ਪੈਰਾ 25 ਦੇਖੋ)

26 ਇਸ ਦੁਸ਼ਟ ਦੁਨੀਆਂ ਦਾ ਅੰਤ ਹੋਣ ਤੋਂ ਪਹਿਲਾਂ ਹੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਿਆ ਹੈ ਜੋ ਕਿ ਇਕ ਚਮਤਕਾਰ ਹੈ। ਯਹੋਵਾਹ ਨੇ ਇਹ ਕਿਵੇਂ ਕੀਤਾ? ਇਹ ਗੱਲ ਸਮਝਣ ਲਈ ਅਸੀਂ ਅਗਲੇ ਅਧਿਆਇ ਵਿਚ ਦੋ ਸੋਟੀਆਂ ਬਾਰੇ ਭਵਿੱਖਬਾਣੀ ’ਤੇ ਚਰਚਾ ਕਰਾਂਗੇ।

^ ਪੈਰਾ 15 ਯਿਰਮਿਯਾਹ ਦੀ ਕਿਤਾਬ ਵਿਚ “ਬਿਪਤਾ” ਸ਼ਬਦ ਕਈ ਵਾਰ ਆਉਂਦਾ ਹੈ।

^ ਪੈਰਾ 23 ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ, ਇਸ ਬਾਰੇ ਜਾਣਨ ਲਈ ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ! (ਹਿੰਦੀ) ਕਿਤਾਬ ਦਾ ਅਧਿਆਇ 2 ਪੜ੍ਹੋ ਜਿਸ ਦਾ ਵਿਸ਼ਾ ਹੈ “ਸਵਰਗ ਵਿਚ ਰਾਜ ਦੀ ਸ਼ੁਰੂਆਤ।