Skip to content

Skip to table of contents

ਸਿੱਖਿਆ ਡੱਬੀ 15ੳ

ਦੋ ਵੇਸਵਾ ਭੈਣਾਂ

ਦੋ ਵੇਸਵਾ ਭੈਣਾਂ

ਹਿਜ਼ਕੀਏਲ ਦੇ ਅਧਿਆਇ 23 ਵਿਚ ਯਹੋਵਾਹ ਨੇ ਸਖ਼ਤੀ ਨਾਲ ਆਪਣੇ ਲੋਕਾਂ ਦੀ ਨਿੰਦਿਆ ਕੀਤੀ ਕਿਉਂਕਿ ਉਨ੍ਹਾਂ ਨੇ ਬੇਵਫ਼ਾਈ ਕੀਤੀ ਸੀ। ਇਸ ਅਧਿਆਇ ਦੀਆਂ ਗੱਲਾਂ 16ਵੇਂ ਅਧਿਆਇ ਨਾਲ ਕਾਫ਼ੀ ਮਿਲਦੀਆਂ-ਜੁਲਦੀਆਂ ਹਨ। ਅਧਿਆਇ 23 ਵਿਚ ਵੀ ਯਹੋਵਾਹ ਨੇ ਵੇਸਵਾਵਾਂ ਦੀ ਮਿਸਾਲ ਦਿੱਤੀ ਹੈ। ਇਸ ਵਿਚ ਯਰੂਸ਼ਲਮ ਨੂੰ ਛੋਟੀ ਅਤੇ ਸਾਮਰਿਯਾ ਨੂੰ ਵੱਡੀ ਭੈਣ ਕਿਹਾ ਗਿਆ ਹੈ। ਇਨ੍ਹਾਂ ਦੋਵਾਂ ਅਧਿਆਵਾਂ ਵਿਚ ਦੱਸਿਆ ਗਿਆ ਹੈ ਕਿ ਆਪਣੀ ਵੱਡੀ ਭੈਣ ਦੀ ਨਕਲ ਕਰ ਕੇ ਛੋਟੀ ਭੈਣ ਵੀ ਵੇਸਵਾ ਬਣ ਗਈ। ਪਰ ਬਾਅਦ ਵਿਚ ਉਸ ਨੇ ਆਪਣੀ ਵੱਡੀ ਭੈਣ ਨਾਲੋਂ ਵੀ ਜ਼ਿਆਦਾ ਦੁਸ਼ਟ ਅਤੇ ਬਦਚਲਣੀ ਦੇ ਕੰਮ ਕੀਤੇ। ਅਧਿਆਇ 23 ਵਿਚ ਯਹੋਵਾਹ ਨੇ ਇਨ੍ਹਾਂ ਦੋਹਾਂ ਭੈਣਾਂ ਦੇ ਨਾਂ ਆਹਾਲਾਹ ਅਤੇ ਆਹਾਲੀਬਾਹ ਦੱਸੇ। ਵੱਡੀ ਭੈਣ ਆਹਾਲਾਹ ਸਾਮਰਿਯਾ ਨੂੰ ਦਰਸਾਉਂਦੀ ਸੀ ਜੋ ਇਜ਼ਰਾਈਲ ਦੇ ਦਸ-ਗੋਤੀ ਰਾਜ ਦੀ ਰਾਜਧਾਨੀ ਸੀ। ਛੋਟੀ ਭੈਣ ਆਹਾਲੀਬਾਹ ਯਰੂਸ਼ਲਮ ਨੂੰ ਦਰਸਾਉਂਦੀ ਸੀ ਜੋ ਯਹੂਦਾਹ ਦੀ ਰਾਜਧਾਨੀ ਸੀ। *​—ਹਿਜ਼. 23:1-4.

ਇਨ੍ਹਾਂ ਦੋਵਾਂ ਅਧਿਆਵਾਂ ਵਿਚ ਹੋਰ ਵੀ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਕੁਝ ਖ਼ਾਸ ਗੱਲਾਂ ਇਹ ਹਨ: ਇਹ ਵੇਸਵਾਵਾਂ ਪਹਿਲਾਂ ਯਹੋਵਾਹ ਦੀਆਂ ਪਤਨੀਆਂ ਸਨ ਜਿਨ੍ਹਾਂ ਨੇ ਬਾਅਦ ਵਿਚ ਉਸ ਨੂੰ ਧੋਖਾ ਦਿੱਤਾ। ਇਨ੍ਹਾਂ ਦੋਵਾਂ ਅਧਿਆਵਾਂ ਵਿਚ ਇਕ ਉਮੀਦ ਵੀ ਦਿੱਤੀ ਗਈ ਹੈ। ਅਧਿਆਇ 23 ਵਿਚ ਇਸ ਉਮੀਦ ਬਾਰੇ ਘੱਟ ਹੀ ਗੱਲ ਕੀਤੀ ਗਈ ਹੈ, ਪਰ ਅਧਿਆਇ 16 ਵਿਚ ਇਸ ਨਾਲ ਮਿਲਦੀ-ਜੁਲਦੀ ਗੱਲ ਕਹੀ ਗਈ ਹੈ: “ਮੈਂ ਤੇਰੀ ਬਦਚਲਣੀ ਅਤੇ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ।”​—ਹਿਜ਼. 16:16, 20, 21, 37, 38, 41, 42; 23:4, 11, 22, 23, 27, 37.

ਕੀ ਇਹ ਵੇਸਵਾਵਾਂ ਈਸਾਈ-ਜਗਤ ਨੂੰ ਦਰਸਾਉਂਦੀਆਂ ਹਨ?

ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਦੱਸਿਆ ਜਾਂਦਾ ਸੀ ਕਿ ਆਹਾਲਾਹ ਅਤੇ ਆਹਾਲੀਬਾਹ ਈਸਾਈ-ਜਗਤ ਨੂੰ ਦਰਸਾਉਂਦੀਆਂ ਹਨ। ਇਕ ਕੈਥੋਲਿਕ ਅਤੇ ਦੂਸਰੀ ਪ੍ਰੋਟੈਸਟੈਂਟ ਧਰਮ ਨੂੰ ਦਰਸਾਉਂਦੀ ਹੈ। ਇਸ ਬਾਰੇ ਹੋਰ ਖੋਜਬੀਨ ਅਤੇ ਪ੍ਰਾਰਥਨਾ ਕਰ ਕੇ ਅਜਿਹੇ ਸਵਾਲ ਖੜ੍ਹੇ ਹੁੰਦੇ ਹਨ ਜੋ ਸਾਨੂੰ ਇਸ ਵਿਸ਼ੇ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕਰਦੇ ਹਨ। ਕੀ ਈਸਾਈ-ਜਗਤ ਕਦੇ ਯਹੋਵਾਹ ਦੀ ਪਤਨੀ ਵਾਂਗ ਸੀ? ਕੀ ਕਦੇ ਪਰਮੇਸ਼ੁਰ ਨੇ ਉਸ ਨਾਲ ਇਕਰਾਰ ਕੀਤਾ ਸੀ? ਬਿਲਕੁਲ ਨਹੀਂ। ਜਦੋਂ ਯਿਸੂ ਨੇ ਪਰਮੇਸ਼ੁਰ ਦੇ ਇਜ਼ਰਾਈਲ ਨਾਲ “ਨਵਾਂ ਇਕਰਾਰ” ਕੀਤਾ ਸੀ, ਉਦੋਂ ਤਾਂ ਈਸਾਈ-ਜਗਤ ਹੋਂਦ ਵਿਚ ਵੀ ਨਹੀਂ ਸੀ ਤੇ ਨਾ ਹੀ ਉਹ ਪਰਮੇਸ਼ੁਰ ਦੇ ਇਜ਼ਰਾਈਲ ਯਾਨੀ ਚੁਣੇ ਹੋਏ ਮਸੀਹੀਆਂ ਵਿੱਚੋਂ ਸੀ। (ਯਿਰ. 31:31; ਲੂਕਾ 22:20) ਰਸੂਲਾਂ ਦੀ ਮੌਤ ਤੋਂ ਕਾਫ਼ੀ ਸਮਾਂ ਬਾਅਦ ਵੀ ਇਸ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਇਸ ਦੀ ਸ਼ੁਰੂਆਤ ਚੌਥੀ ਸਦੀ ਵਿਚ ਹੋਈ ਸੀ। ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਵਿਚ “ਜੰਗਲੀ ਬੂਟੀ” ਯਾਨੀ ਨਕਲੀ ਮਸੀਹੀਆਂ ਬਾਰੇ ਦੱਸਿਆ ਸੀ। ਨਕਲੀ ਮਸੀਹੀ ਹੀ ਧਰਮ-ਤਿਆਗੀ ਸਨ ਜਿਨ੍ਹਾਂ ਤੋਂ ਈਸਾਈ-ਜਗਤ ਬਣਿਆ।​—ਮੱਤੀ 13:24-30.

ਇਨ੍ਹਾਂ ਵਿਚ ਇਕ ਹੋਰ ਫ਼ਰਕ ਇਹ ਹੈ ਕਿ ਯਹੋਵਾਹ ਨੇ ਵਿਸ਼ਵਾਸਘਾਤੀ ਯਰੂਸ਼ਲਮ ਤੇ ਸਾਮਰਿਯਾ ਨੂੰ ਛੁਟਕਾਰੇ ਦੀ ਉਮੀਦ ਦਿੱਤੀ ਸੀ। (ਹਿਜ਼. 16:41, 42, 53-55) ਕੀ ਬਾਈਬਲ ਵਿਚ ਈਸਾਈ-ਜਗਤ ਨੂੰ ਇੱਦਾਂ ਦੀ ਕੋਈ ਉਮੀਦ ਦਿੱਤੀ ਗਈ ਹੈ? ਨਹੀਂ, ਉਸ ਨੂੰ ਕੋਈ ਉਮੀਦ ਨਹੀਂ ਦਿੱਤੀ ਗਈ। ਮਹਾਂ ਬਾਬਲ ਵਾਂਗ ਉਸ ਦਾ ਨਾਸ਼ ਵੀ ਪੱਕਾ ਹੈ।

ਇਸ ਤੋਂ ਪਤਾ ਲੱਗਦਾ ਹੈ ਆਹਾਲਾਹ ਅਤੇ ਆਹਾਲੀਬਾਹ ਈਸਾਈ-ਜਗਤ ਨੂੰ ਨਹੀਂ ਦਰਸਾਉਂਦੀਆਂ। ਇਨ੍ਹਾਂ ਦੋਹਾਂ ਭੈਣਾਂ ਦੇ ਵਜੂਦ ਤੋਂ ਅਸੀਂ ਇਕ ਹੋਰ ਅਹਿਮ ਗੱਲ ਸਿੱਖਦੇ ਹਾਂ: ਯਹੋਵਾਹ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਉਸ ਦੇ ਪਵਿੱਤਰ ਨਾਂ ਨੂੰ ਬਦਨਾਮ ਕਰਦੇ ਹਨ ਅਤੇ ਸ਼ੁੱਧ ਭਗਤੀ ਲਈ ਉਸ ਦੇ ਮਿਆਰਾਂ ’ਤੇ ਨਹੀਂ ਚੱਲਦੇ। ਇਸ ਮਾਮਲੇ ਵਿਚ ਖ਼ਾਸ ਤੌਰ ਤੇ ਈਸਾਈ-ਜਗਤ ਦੋਸ਼ੀ ਹੈ ਕਿਉਂਕਿ ਉਸ ਦੇ ਅਣਗਿਣਤ ਚਰਚ ਬਾਈਬਲ ਵਿਚ ਦੱਸੇ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਉਸ ਦੇ ਮਿਆਰਾਂ ’ਤੇ ਨਹੀਂ ਚੱਲਦੇ। ਉਹ ਇਹ ਵੀ ਮੰਨਦੇ ਹਨ ਕਿ ਪਰਮੇਸ਼ੁਰ ਦਾ ਪਿਆਰਾ ਪੁੱਤਰ ਯਿਸੂ ਮਸੀਹ ਉਨ੍ਹਾਂ ਦਾ ਆਗੂ ਹੈ। ਪਰ ਉਹ ਖ਼ੁਦ ਆਪਣੇ ਇਸ ਦਾਅਵੇ ਨੂੰ ਝੂਠਾ ਸਾਬਤ ਕਰਦੇ ਹਨ ਕਿਉਂਕਿ ਉਹ ਯਿਸੂ ਨੂੰ ਤ੍ਰਿਏਕ ਦਾ ਹਿੱਸਾ ਮੰਨਦੇ ਹਨ ਅਤੇ ਉਸ ਦੇ ਦੱਸੇ ਇਸ ਹੁਕਮ ਦੀ ਉਲੰਘਣਾ ਕਰਦੇ ਹਨ ਕਿ “ਤੁਸੀਂ ਦੁਨੀਆਂ ਦੇ ਨਹੀਂ ਹੋ।” (ਯੂਹੰ. 15:19) ਈਸਾਈ-ਜਗਤ ਨੇ ਲਗਾਤਾਰ ਮੂਰਤੀ-ਪੂਜਾ ਕਰ ਕੇ ਅਤੇ ਰਾਜਨੀਤੀ ਵਿਚ ਹਿੱਸਾ ਲੈ ਕੇ ਇਹ ਸਾਬਤ ਕੀਤਾ ਹੈ ਕਿ ਉਹ “ਵੱਡੀ ਵੇਸਵਾ” ਦਾ ਹੀ ਹਿੱਸਾ ਹੈ। (ਪ੍ਰਕਾ. 17:1) ਬਿਨਾਂ ਸ਼ੱਕ, ਈਸਾਈ-ਜਗਤ ਦਾ ਵੀ ਉਹੀ ਹਾਲ ਹੋਣਾ ਚਾਹੀਦਾ ਹੈ ਜੋ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਦਾ ਹੋਵੇਗਾ।

^ ਪੈਰਾ 3 ਇਨ੍ਹਾਂ ਦੋਵਾਂ ਭੈਣਾਂ ਦੇ ਨਾਵਾਂ ਦੇ ਖ਼ਾਸ ਮਤਲਬ ਹਨ। ਆਹਾਲਾਹ ਦਾ ਮਤਲਬ ਹੈ, “[ਭਗਤੀ ਦਾ] ਉਸ ਦਾ ਤੰਬੂ।” ਸ਼ਾਇਦ ਇਹ ਨਾਂ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਜ਼ਰਾਈਲ ਦੇ ਲੋਕ ਆਪਣੇ ਇਲਾਕੇ ਵਿਚ ਭਗਤੀ ਕਰਨ ਲੱਗ ਪਏ ਸਨ, ਜਦ ਕਿ ਉਨ੍ਹਾਂ ਨੂੰ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਮੰਦਰ ਜਾਣਾ ਚਾਹੀਦਾ ਸੀ। ਆਹਾਲੀਬਾਹ ਦਾ ਮਤਲਬ ਹੈ, “[ਭਗਤੀ ਦਾ] ਮੇਰਾ ਤੰਬੂ ਉਸ ਵਿਚ ਹੈ।” ਯਹੋਵਾਹ ਦੀ ਭਗਤੀ ਦਾ ਭਵਨ ਯਰੂਸ਼ਲਮ ਵਿਚ ਸੀ।