Skip to content

Skip to table of contents

ਸਿੱਖਿਆ ਡੱਬੀ 19ੳ

ਯਹੋਵਾਹ ਤੋਂ ਬਰਕਤਾਂ ਦੀਆਂ ਨਦੀਆਂ

ਯਹੋਵਾਹ ਤੋਂ ਬਰਕਤਾਂ ਦੀਆਂ ਨਦੀਆਂ

ਬਾਈਬਲ ਦੀਆਂ ਕੁਝ ਆਇਤਾਂ ’ਤੇ ਗੌਰ ਕਰੋ ਜਿਨ੍ਹਾਂ ਵਿਚ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਬਾਰੇ ਦੱਸਣ ਲਈ “ਨਦੀ” ਅਤੇ “ਪਾਣੀ” ਦੀ ਮਿਸਾਲ ਦਿੱਤੀ ਗਈ ਹੈ। ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਸਾਨੂੰ ਬਰਕਤਾਂ ਦਿੰਦਾ ਹੈ। ਆਓ ਇਨ੍ਹਾਂ ’ਤੇ ਗੌਰ ਕਰੀਏ।

ਯੋਏਲ 3:18 ਇਸ ਭਵਿੱਖਬਾਣੀ ਵਿਚ ਪਾਣੀ ਦੇ ਇਕ ਚਸ਼ਮੇ ਦੀ ਗੱਲ ਕੀਤੀ ਗਈ ਹੈ ਜੋ ਯਹੋਵਾਹ ਦੇ ਪਵਿੱਤਰ ਸਥਾਨ ਤੋਂ ਵਹਿੰਦਾ ਹੈ। ਇਹ ਚਸ਼ਮਾ “ਕਿੱਕਰ ਦੇ ਦਰਖ਼ਤਾਂ” ਦੀ ਸੁੱਕੀ “ਵਾਦੀ” ਨੂੰ ਸਿੰਜਦਾ ਹੈ। ਇਸ ਤਰ੍ਹਾਂ ਯੋਏਲ ਅਤੇ ਹਿਜ਼ਕੀਏਲ ਦੋਹਾਂ ਨੇ ਅਜਿਹੀ ਨਦੀ ਦੇਖੀ ਜੋ ਬੰਜਰ ਜ਼ਮੀਨ ਨੂੰ ਉਪਜਾਊ ਬਣਾ ਦਿੰਦੀ ਹੈ ਯਾਨੀ ਉਸ ਵਿਚ ਜਾਨ ਪਾ ਦਿੰਦੀ ਹੈ। ਦੋਹਾਂ ਭਵਿੱਖਬਾਣੀਆਂ ਵਿਚ ਨਦੀ ਯਹੋਵਾਹ ਦੇ ਘਰ ਜਾਂ ਮੰਦਰ ਤੋਂ ਵਹਿੰਦੀ ਹੈ।

ਜ਼ਕਰਯਾਹ 14:8 ਜ਼ਕਰਯਾਹ ਨਬੀ ਨੇ ਦੇਖਿਆ ਕਿ ਯਰੂਸ਼ਲਮ ਸ਼ਹਿਰ ਤੋਂ “ਜ਼ਿੰਦਗੀ ਦੇਣ ਵਾਲਾ ਪਾਣੀ” ਵਹਿ ਰਿਹਾ ਹੈ। ਉਸ ਦਾ ਅੱਧਾ ਪਾਣੀ ਪੂਰਬੀ ਸਮੁੰਦਰ ਯਾਨੀ ਮ੍ਰਿਤ ਸਾਗਰ ਵੱਲ ਵਹਿੰਦਾ ਹੈ ਅਤੇ ਅੱਧਾ ਪਾਣੀ ਪੱਛਮੀ ਸਮੁੰਦਰ ਯਾਨੀ ਭੂਮੱਧ ਸਾਗਰ ਵਿਚ ਜਾ ਰਲ਼ਦਾ ਹੈ। ਯਰੂਸ਼ਲਮ “ਮਹਾਰਾਜੇ [ਯਹੋਵਾਹ ਪਰਮੇਸ਼ੁਰ] ਦਾ ਸ਼ਹਿਰ” ਸੀ। (ਮੱਤੀ 5:35) ਜ਼ਕਰਯਾਹ ਨੇ ਇਸ ਸ਼ਹਿਰ ਬਾਰੇ ਜੋ ਦੱਸਿਆ, ਉਸ ਤੋਂ ਅਸੀਂ ਸਮਝਦੇ ਹਾਂ ਕਿ ਭਵਿੱਖ ਵਿਚ ਯਹੋਵਾਹ ਸਾਰੀ ਧਰਤੀ ’ਤੇ ਰਾਜ ਕਰੇਗਾ। ਭਵਿੱਖਬਾਣੀ ਵਿਚ ਦੱਸੇ ਪਾਣੀ ਤੋਂ ਪਤਾ ਲੱਗਦਾ ਹੈ ਕਿ ਨਵੀਂ ਦੁਨੀਆਂ ਵਿਚ ਯਹੋਵਾਹ ਦੋ ਸਮੂਹਾਂ ਨੂੰ ਬਰਕਤਾਂ ਦੇਵੇਗਾ: ਮਹਾਂਕਸ਼ਟ ਵਿੱਚੋਂ ਬਚਣ ਵਾਲੇ ਲੋਕ ਅਤੇ ਉਸ ਤੋਂ ਬਾਅਦ ਜੀਉਂਦੇ ਕੀਤੇ ਜਾਣ ਵਾਲੇ ਲੋਕ।

ਪ੍ਰਕਾਸ਼ ਦੀ ਕਿਤਾਬ 22:1, 2 ਯੂਹੰਨਾ ਰਸੂਲ ਨੇ ਇਕ ਨਦੀ ਦੇਖੀ ਜੋ ਬਿਲਕੁਲ ਉਸੇ ਤਰ੍ਹਾਂ ਦੀ ਸੀ ਜੋ ਹਿਜ਼ਕੀਏਲ ਨੇ ਦੇਖੀ ਸੀ। ਪਰ ਇਹ ਨਦੀ ਯਹੋਵਾਹ ਦੇ ਮੰਦਰ ਤੋਂ ਨਹੀਂ, ਸਗੋਂ ਉਸ ਦੇ ਸਿੰਘਾਸਣ ਤੋਂ ਵਹਿ ਰਹੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਜ਼ਕਰਯਾਹ ਦੇ ਦਰਸ਼ਣ ਵਾਂਗ ਇਸ ਦਰਸ਼ਣ ਵਿਚ ਵੀ ਹਜ਼ਾਰ ਸਾਲ ਦੇ ਰਾਜ ਦੌਰਾਨ ਮਿਲਣ ਵਾਲੀਆਂ ਬਰਕਤਾਂ ਦੀ ਗੱਲ ਕੀਤੀ ਗਈ ਹੈ।

ਭਾਵੇਂ ਯਹੋਵਾਹ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਅਤੇ ਹਿਜ਼ਕੀਏਲ ਦੇ ਦਰਸ਼ਣ ਵਿਚ ਦੱਸੀਆਂ ਬਰਕਤਾਂ ਵਿਚ ਬਹੁਤ ਹੀ ਥੋੜ੍ਹਾ ਫ਼ਰਕ ਹੈ, ਪਰ ਇਹ ਸਾਰੀਆਂ ਬਰਕਤਾਂ ਦੇਣ ਵਾਲਾ ਯਹੋਵਾਹ ਹੈ ਅਤੇ ਇਹ ਸਾਰੀਆਂ ਬਰਕਤਾਂ ਪਾਉਣ ਵਾਲੇ ਉਸ ਦੇ ਵਫ਼ਾਦਾਰ ਲੋਕ ਹਨ।

ਜ਼ਬੂਰ 46:4 ਗੌਰ ਕਰੋ ਕਿ ਇਸ ਆਇਤ ਵਿਚ ਭਗਤੀ ਅਤੇ ਹਕੂਮਤ ਦੋਹਾਂ ਦੀ ਗੱਲ ਕੀਤੀ ਗਈ ਹੈ। ਇੱਥੇ ਦੱਸਿਆ ਗਿਆ ਹੈ ਕਿ ਇਕ ਨਦੀ ਤੋਂ “ਪਰਮੇਸ਼ੁਰ ਦੇ ਸ਼ਹਿਰ” ਅਤੇ ‘ਅੱਤ ਮਹਾਨ ਦੇ ਸ਼ਾਨਦਾਰ ਪਵਿੱਤਰ ਡੇਰੇ’ ਨੂੰ ਖ਼ੁਸ਼ੀ ਮਿਲਦੀ ਹੈ। ‘ਪਰਮੇਸ਼ੁਰ ਦਾ ਸ਼ਹਿਰ’ ਉਸ ਦੇ ਰਾਜ ਅਤੇ ਉਸ ਦੀ ਹਕੂਮਤ ਨੂੰ ਦਰਸਾਉਂਦਾ ਹੈ ਅਤੇ “ਅੱਤ ਮਹਾਨ ਦਾ ਸ਼ਾਨਦਾਰ ਪਵਿੱਤਰ ਡੇਰਾ” ਸ਼ੁੱਧ ਭਗਤੀ ਨੂੰ ਦਰਸਾਉਂਦਾ ਹੈ।

ਇਨ੍ਹਾਂ ਸਾਰੀਆਂ ਆਇਤਾਂ ’ਤੇ ਗੌਰ ਕਰ ਕੇ ਸਾਡਾ ਭਰੋਸਾ ਪੱਕਾ ਹੁੰਦਾ ਹੈ ਕਿ ਯਹੋਵਾਹ ਦੋ ਤਰੀਕਿਆਂ ਨਾਲ ਆਪਣੇ ਵਫ਼ਾਦਾਰ ਲੋਕਾਂ ਨੂੰ ਬਰਕਤਾਂ ਦੇਵੇਗਾ। ਪਹਿਲਾ, ਆਪਣੇ ਰਾਜ ਰਾਹੀਂ ਅਤੇ ਦੂਸਰਾ, ਸ਼ੁੱਧ ਭਗਤੀ ਦੇ ਇੰਤਜ਼ਾਮ ਰਾਹੀਂ। ਆਓ ਅਸੀਂ ਪੱਕਾ ਇਰਾਦਾ ਕਰੀਏ ਕਿ ਅਸੀਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਤੋਂ ‘ਜੀਵਨ ਦੇਣ ਵਾਲਾ ਪਾਣੀ’ ਲੈਂਦੇ ਰਹਾਂਗੇ ਯਾਨੀ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਕੀਤੇ ਪ੍ਰਬੰਧਾਂ ਤੋਂ ਫ਼ਾਇਦਾ ਲੈਂਦੇ ਰਹਾਂਗੇ!​—ਯਿਰ. 2:13; ਯੂਹੰ. 4:10.