Skip to content

Skip to table of contents

ਪਾਠ 04

ਪਰਮੇਸ਼ੁਰ ਕੌਣ ਹੈ?

ਪਰਮੇਸ਼ੁਰ ਕੌਣ ਹੈ?

ਸਦੀਆਂ ਤੋਂ ਹੀ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਨੂੰ ਮੰਨਦੇ ਆਏ ਹਨ। ਪਰ ਬਾਈਬਲ ਇੱਕੋ ਪਰਮੇਸ਼ੁਰ ਬਾਰੇ ਦੱਸਦੀ ਹੈ ਜੋ “ਦੂਸਰੇ ਸਾਰੇ ਦੇਵਤਿਆਂ ਨਾਲੋਂ ਕਿਤੇ ਮਹਾਨ ਹੈ।” (2 ਇਤਿਹਾਸ 2:5) ਉਹ ਕੌਣ ਹੈ? ਨਾਲੇ ਉਹ ਦੂਜੇ ਦੇਵਤਿਆਂ ਤੋਂ ਕਿਉਂ ਮਹਾਨ ਹੈ? ਇਸ ਪਾਠ ਵਿਚ ਅਸੀਂ ਦੇਖਾਂਗੇ ਕਿ ਪਰਮੇਸ਼ੁਰ ਸਾਨੂੰ ਆਪਣੇ ਬਾਰੇ ਕੀ ਦੱਸਣਾ ਚਾਹੁੰਦਾ ਹੈ।

1. ਪਰਮੇਸ਼ੁਰ ਦਾ ਕੀ ਨਾਂ ਹੈ? ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ?

ਬਾਈਬਲ ਵਿਚ ਪਰਮੇਸ਼ੁਰ ਨੇ ਆਪਣਾ ਨਾਂ ਦੱਸਿਆ ਹੈ: “ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ।” (ਯਸਾਯਾਹ 42:5, 8 ਪੜ੍ਹੋ।) ਕਈ ਵਿਦਵਾਨਾਂ ਦਾ ਮੰਨਣਾ ਹੈ ਕਿ “ਯਹੋਵਾਹ” ਦਾ ਮਤਲਬ ਹੈ “ਉਹ ਕਰਨ ਅਤੇ ਕਰਾਉਣ ਵਾਲਾ ਬਣਦਾ ਹੈ।” ਇਹ ਨਾਂ ਇਬਰਾਨੀ ਭਾਸ਼ਾ ਤੋਂ ਆਇਆ ਹੈ। ਬਾਈਬਲ ਵਿਚ ਉਸ ਨੇ ਆਪਣਾ ਨਾਂ 7,000 ਤੋਂ ਜ਼ਿਆਦਾ ਵਾਰ ਲਿਖਵਾਇਆ ਹੈ! a ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ। (ਕੂਚ 3:15) ਬਾਈਬਲ ਦੱਸਦੀ ਹੈ ਕਿ “ਉੱਪਰ ਆਕਾਸ਼ ਵਿਚ ਅਤੇ ਹੇਠਾਂ ਧਰਤੀ ʼਤੇ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।”—ਬਿਵਸਥਾ ਸਾਰ 4:39.

2. ਬਾਈਬਲ ਯਹੋਵਾਹ ਬਾਰੇ ਕੀ ਦੱਸਦੀ ਹੈ?

ਇਨਸਾਨ ਬਹੁਤ ਸਾਰੇ ਈਸ਼ਵਰਾਂ ਦੀ ਭਗਤੀ ਕਰਦੇ ਹਨ। ਪਰ ਬਾਈਬਲ ਕਹਿੰਦੀ ਹੈ ਕਿ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਯਹੋਵਾਹ ਹੀ ‘ਸਾਰੀ ਧਰਤੀ ʼਤੇ ਅੱਤ ਮਹਾਨ ਹੈ’ ਅਤੇ ਉਸ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਹੈ। (ਜ਼ਬੂਰ 83:18 ਪੜ੍ਹੋ।) ਉਹ “ਸਰਬਸ਼ਕਤੀਮਾਨ” ਹੈ ਯਾਨੀ ਉਸ ਕੋਲ ਸਭ ਕੁਝ ਕਰਨ ਦੀ ਤਾਕਤ ਹੈ। ਉਸ ਨੇ ਹੀ ਆਕਾਸ਼ ਅਤੇ ਧਰਤੀ ਉੱਤੇ “ਸਾਰੀਆਂ ਚੀਜ਼ਾਂ ਸਿਰਜੀਆਂ” ਹਨ। (ਪ੍ਰਕਾਸ਼ ਦੀ ਕਿਤਾਬ 4:8, 11) ਸਿਰਫ਼ ਯਹੋਵਾਹ ਹੀ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ।—ਜ਼ਬੂਰ 90:2.

ਹੋਰ ਸਿੱਖੋ

ਕਈ ਲੋਕ ਰੱਬ ਦਾ ਨਾਂ ਲੈਣ ਦੀ ਬਜਾਇ ਪ੍ਰਭੂ ਜਾਂ ਪਰਮੇਸ਼ੁਰ ਵਰਗੇ ਖ਼ਿਤਾਬ ਵਰਤਦੇ ਹਨ। ਪਰ ਉਸ ਦੇ ਨਾਂ ਅਤੇ ਉਸ ਦੇ ਖ਼ਿਤਾਬਾਂ ਵਿਚ ਕੀ ਫ਼ਰਕ ਹੈ? ਪਰਮੇਸ਼ੁਰ ਨੇ ਆਪਣਾ ਨਾਂ ਸਾਰਿਆਂ ਨੂੰ ਦੱਸਣ ਲਈ ਕੀ ਕੀਤਾ? ਉਹ ਕਿਉਂ ਚਾਹੁੰਦਾ ਹੈ ਕਿ ਤੁਸੀਂ ਉਸ ਦਾ ਨਾਂ ਜਾਣੋ? ਆਓ ਦੇਖੀਏ।

3. ਪਰਮੇਸ਼ੁਰ ਦੇ ਕਈ ਖ਼ਿਤਾਬ ਹਨ, ਪਰ ਉਸ ਦਾ ਨਾਂ ਇੱਕੋ ਹੀ ਹੈ

ਕਿਸੇ ਦੇ ਨਾਂ ਅਤੇ ਖ਼ਿਤਾਬ ਵਿਚ ਫ਼ਰਕ ਹੁੰਦਾ ਹੈ। ਇਹ ਜਾਣਨ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਰੱਬ ਦੇ ਨਾਂ ਅਤੇ ਉਸ ਦੇ ਖ਼ਿਤਾਬਾਂ ਵਿਚ ਕੀ ਫ਼ਰਕ ਹੈ?

ਬਾਈਬਲ ਦੱਸਦੀ ਹੈ ਕਿ ਲੋਕ ਕਈ ਦੇਵਤਿਆਂ ਅਤੇ ਪ੍ਰਭੂਆਂ ਦੀ ਭਗਤੀ ਕਰਦੇ ਹਨ। ਜ਼ਬੂਰ 136:1-3 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • “ਦੇਵਤਿਆਂ ਤੋਂ ਮਹਾਨ ਪਰਮੇਸ਼ੁਰ” ਅਤੇ ‘ਪ੍ਰਭੂਆਂ ਦਾ ਪ੍ਰਭੂ’ ਕੌਣ ਹੈ?

4. ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਦਾ ਨਾਂ ਜਾਣੋ ਅਤੇ ਉਸ ਦਾ ਨਾਂ ਲਓ

ਕੀ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ? ਸਾਨੂੰ ਇਹ ਗੱਲ ਕਿੱਦਾਂ ਪਤਾ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਕੀ ਯਹੋਵਾਹ ਚਾਹੁੰਦਾ ਹੈ ਕਿ ਸਾਰੇ ਉਸ ਦਾ ਨਾਂ ਜਾਣਨ? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

ਯਹੋਵਾਹ ਚਾਹੁੰਦਾ ਹੈ ਕਿ ਲੋਕ ਉਸ ਦਾ ਨਾਂ ਲੈਣ। ਰੋਮੀਆਂ 10:13 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਸਾਨੂੰ ਪਰਮੇਸ਼ੁਰ ਦਾ ਨਾਂ ਕਿਉਂ ਵਰਤਣਾ ਚਾਹੀਦਾ ਹੈ?

  • ਤੁਹਾਨੂੰ ਉਦੋਂ ਕਿੱਦਾਂ ਲੱਗਦਾ ਜਦੋਂ ਕੋਈ ਤੁਹਾਡਾ ਨਾਂ ਯਾਦ ਰੱਖਦਾ ਅਤੇ ਤੁਹਾਨੂੰ ਨਾਂ ਲੈ ਕੇ ਬੁਲਾਉਂਦਾ ਹੈ?

  • ਜਦੋਂ ਤੁਸੀਂ ਯਹੋਵਾਹ ਨੂੰ ਵੀ ਉਸ ਦਾ ਨਾਂ ਲੈ ਕੇ ਬੁਲਾਓਗੇ, ਤਾਂ ਉਸ ਨੂੰ ਕਿੱਦਾਂ ਲੱਗੇਗਾ?

5. ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਦੋਸਤ ਬਣੋ

ਸੌਟਨ ਨਾਂ ਦੀ ਇਕ ਔਰਤ ਨੂੰ ਜਦੋਂ ਪਰਮੇਸ਼ੁਰ ਦਾ ਨਾਂ ਪਤਾ ਲੱਗਾ, ਤਾਂ ਉਸ ਨੂੰ ਇੰਨੀ ਖ਼ੁਸ਼ੀ ਮਿਲੀ ਜਿੰਨੀ ਪਹਿਲਾਂ ਕਦੇ ਨਹੀਂ ਮਿਲੀ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਸੌਟਨ ਨੂੰ ਪਰਮੇਸ਼ੁਰ ਦਾ ਨਾਂ ਜਾਣ ਕੇ ਕਿੱਦਾਂ ਲੱਗਾ?

ਅਕਸਰ ਅਸੀਂ ਕਿਸੇ ਨਾਲ ਦੋਸਤੀ ਕਰਨ ਤੋਂ ਪਹਿਲਾਂ ਉਸ ਦਾ ਨਾਂ ਪੁੱਛਦੇ ਹਾਂ। ਯਾਕੂਬ 4:8ੳ ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਇਸ ਆਇਤ ਵਿਚ ਯਹੋਵਾਹ ਤੁਹਾਨੂੰ ਕੀ ਕਹਿ ਰਿਹਾ ਹੈ?

  • ਤੁਹਾਨੂੰ ਕਿਉਂ ਲੱਗਦਾ ਹੈ ਕਿ ਪਰਮੇਸ਼ੁਰ ਦੇ ਨੇੜੇ ਜਾਣ ਲਈ ਉਸ ਦਾ ਨਾਂ ਜਾਣਨਾ ਤੇ ਲੈਣਾ ਜ਼ਰੂਰੀ ਹੈ?

ਕੁਝ ਲੋਕਾਂ ਦਾ ਕਹਿਣਾ ਹੈ: “ਨਾਂ ਵਿਚ ਕੀ ਰੱਖਿਆ, ਰੱਬ ਤਾਂ ਇਕ ਹੀ ਹੈ!”

  • ਕੀ ਤੁਸੀਂ ਮੰਨਦੇ ਹੋ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ?

  • ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਲਈਏ। ਤੁਸੀਂ ਇਹ ਗੱਲ ਕਿਸੇ ਨੂੰ ਕਿਵੇਂ ਸਮਝਾਓਗੇ?

ਹੁਣ ਤਕ ਅਸੀਂ ਸਿੱਖਿਆ

ਅਸਲ ਵਿਚ ਇੱਕੋ ਪਰਮੇਸ਼ੁਰ ਹੈ ਅਤੇ ਉਸ ਦਾ ਨਾਂ ਹੈ ਯਹੋਵਾਹ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ ਅਤੇ ਲਈਏ ਤਾਂਕਿ ਅਸੀਂ ਉਸ ਦੇ ਨੇੜੇ ਜਾਈਏ।

ਤੁਸੀਂ ਕੀ ਕਹੋਗੇ?

  • ਯਹੋਵਾਹ ਬਾਕੀ ਦੇਵੀ-ਦੇਵਤਿਆਂ ਨਾਲੋਂ ਕਿਵੇਂ ਵੱਖਰਾ ਹੈ?

  • ਸਾਨੂੰ ਪਰਮੇਸ਼ੁਰ ਨੂੰ ਉਸ ਦੇ ਨਾਂ ਤੋਂ ਕਿਉਂ ਬੁਲਾਉਣਾ ਚਾਹੀਦਾ ਹੈ?

  • ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ?

ਟੀਚਾ

ਇਹ ਵੀ ਦੇਖੋ

ਪੰਜ ਸਬੂਤਾਂ ʼਤੇ ਗੌਰ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਰੱਬ ਸੱਚ-ਮੁੱਚ ਹੈ।

“ਕੀ ਰੱਬ ਸੱਚ-ਮੁੱਚ ਹੈ?” (jw.org ʼਤੇ ਲੇਖ)

ਇਹ ਕਹਿਣਾ ਸਹੀ ਕਿਉਂ ਹੋਵੇਗਾ ਕਿ ਰੱਬ ਦੀ ਕੋਈ ਸ਼ੁਰੂਆਤ ਨਹੀਂ ਅਤੇ ਉਹ ਹਮੇਸ਼ਾ ਤੋਂ ਹੈ?

“ਰੱਬ ਨੂੰ ਕਿਸ ਨੇ ਬਣਾਇਆ?” (ਪਹਿਰਾਬੁਰਜ,  ਸਤੰਬਰ-ਅਕਤੂਬਰ 2014)

ਭਾਵੇਂ ਸਾਨੂੰ ਨਹੀਂ ਪਤਾ ਕਿ ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦਾ ਨਾਂ ਕਿਵੇਂ ਉਚਾਰਿਆ ਜਾਂਦਾ ਸੀ, ਫਿਰ ਵੀ ਸਾਨੂੰ ਪਰਮੇਸ਼ੁਰ ਦਾ ਨਾਂ ਕਿਉਂ ਲੈਣਾ ਚਾਹੀਦਾ ਹੈ?

“ਯਹੋਵਾਹ ਕੌਣ ਹੈ?” (jw.org ʼਤੇ ਲੇਖ)

ਕੀ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਕਿਸ ਨਾਂ ਨਾਲ ਬੁਲਾਉਂਦੇ ਹਾਂ? ਦੇਖੋ ਕਿ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਉਸ ਦਾ ਸਿਰਫ਼ ਇੱਕੋ ਹੀ ਨਾਂ ਹੈ।

“ਰੱਬ ਦੇ ਕਿੰਨੇ ਨਾਂ ਹਨ?” (jw.org ʼਤੇ ਲੇਖ)

a ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਵਿਚ ਵਧੇਰੇ ਜਾਣਕਾਰੀ 1.4 ਵਿਚ ਪਰਮੇਸ਼ੁਰ ਦੇ ਨਾਂ ਦੇ ਮਤਲਬ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ। ਨਾਲੇ ਇਹ ਵੀ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਅਨੁਵਾਦਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਕਿਉਂ ਕੱਢ ਦਿੱਤਾ ਗਿਆ ਹੈ।