Skip to content

Skip to table of contents

ਪਾਠ 07

ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ?

ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ?

ਜਦੋਂ ਤੁਸੀਂ ਯਹੋਵਾਹ ਬਾਰੇ ਸੋਚਦੇ ਹੋ, ਤਾਂ ਤੁਹਾਡੇ ਮਨ ਵਿਚ ਕਿਹੋ ਜਿਹੀ ਤਸਵੀਰ ਬਣਦੀ ਹੈ? ਸ਼ਾਇਦ ਤੁਸੀਂ ਸੋਚੋ, ‘ਰੱਬ ਬਹੁਤ ਮਹਾਨ ਹੈ, ਅਸੀਂ ਤਾਂ ਉਸ ਦੇ ਅੱਗੇ ਕੁਝ ਵੀ ਨਹੀਂ ਹਾਂ, ਉਹ ਸਾਡੇ ਤੋਂ ਬਹੁਤ ਦੂਰ ਹੈ।’ ਜਾਂ ਸ਼ਾਇਦ ਤੁਸੀਂ ਇਹ ਸੋਚਦੇ ਹੋਵੋ, ‘ਰੱਬ ਸਿਰਫ਼ ਇਕ ਸ਼ਕਤੀ ਹੈ।’ ਪਰ ਕੀ ਯਹੋਵਾਹ ਸੱਚ-ਮੁੱਚ ਇਹੋ ਜਿਹਾ ਹੈ? ਬਾਈਬਲ ਦੱਸਦੀ ਹੈ ਕਿ ਯਹੋਵਾਹ ਵਿਚ ਕਿਹੜੇ-ਕਿਹੜੇ ਗੁਣ ਹਨ ਅਤੇ ਉਹ ਤੁਹਾਡੀ ਬਹੁਤ ਪਰਵਾਹ ਕਰਦਾ ਹੈ।

1. ਅਸੀਂ ਪਰਮੇਸ਼ੁਰ ਨੂੰ ਕਿਉਂ ਨਹੀਂ ਦੇਖ ਸਕਦੇ?

ਬਾਈਬਲ ਵਿਚ ਲਿਖਿਆ ਹੈ: “ਪਰਮੇਸ਼ੁਰ ਅਦਿੱਖ ਹੈ।” (ਯੂਹੰਨਾ 4:24) ਕਿਉਂ? ਕਿਉਂਕਿ ਉਸ ਦਾ ਸਰੀਰ ਸਾਡੇ ਵਾਂਗ ਹੱਡ-ਮਾਸ ਦਾ ਨਹੀਂ ਹੈ। ਇਸ ਤੋਂ ਇਲਾਵਾ, ਉਹ ਸਵਰਗ ਵਿਚ ਰਹਿੰਦਾ ਹੈ ਅਤੇ ਅਸੀਂ ਸਵਰਗ ਨੂੰ ਵੀ ਦੇਖ ਨਹੀਂ ਸਕਦੇ।

2. ਯਹੋਵਾਹ ਵਿਚ ਕਿਹੜੇ ਗੁਣ ਹਨ?

ਭਾਵੇਂ ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ, ਪਰ ਉਹ ਸੱਚ-ਮੁੱਚ ਹੈ ਅਤੇ ਉਸ ਵਿਚ ਬਹੁਤ ਸਾਰੇ ਗੁਣ ਹਨ। ਜਿੱਦਾਂ-ਜਿੱਦਾਂ ਤੁਸੀਂ ਉਸ ਨੂੰ ਜਾਣੋਗੇ, ਤੁਸੀਂ ਉਸ ਦੇ ਹੋਰ ਨੇੜੇ ਮਹਿਸੂਸ ਕਰੋਗੇ। ਬਾਈਬਲ ਕਹਿੰਦੀ ਹੈ: “ਯਹੋਵਾਹ ਨਿਆਂ-ਪਸੰਦ ਪਰਮੇਸ਼ੁਰ ਹੈ, ਉਹ ਆਪਣੇ ਵਫ਼ਾਦਾਰ ਭਗਤਾਂ ਨੂੰ ਕਦੀ ਨਹੀਂ ਤਿਆਗੇਗਾ।” (ਜ਼ਬੂਰ 37:28) ਉਹ “ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ,” ਖ਼ਾਸ ਕਰਕੇ ਉਨ੍ਹਾਂ ਲੋਕਾਂ ਨਾਲ ਜੋ ਦੁੱਖਾਂ ਦੇ ਭਾਰ ਹੇਠ ਦੱਬੇ ਹੋਏ ਹਨ। (ਯਾਕੂਬ 5:11) “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ; ਉਹ ਨਿਰਾਸ਼ ਲੋਕਾਂ ਨੂੰ ਬਚਾਉਂਦਾ ਹੈ।” (ਜ਼ਬੂਰ 34:18, ਫੁਟਨੋਟ) ਅਸੀਂ ਜੋ ਵੀ ਕਰਦੇ ਹਾਂ, ਉਸ ਨਾਲ ਯਹੋਵਾਹ ਨੂੰ ਫ਼ਰਕ ਪੈਂਦਾ ਹੈ। ਜਦੋਂ ਅਸੀਂ ਮਾੜੇ ਕੰਮ ਕਰਦੇ ਹਾਂ, ਤਾਂ ਉਸ ਦਾ ਦਿਲ ਦੁਖੀ ਹੁੰਦਾ ਹੈ। (ਜ਼ਬੂਰ 78:40, 41) ਪਰ ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ, ਤਾਂ ਉਸ ਨੂੰ ਖ਼ੁਸ਼ੀ ਹੁੰਦੀ ਹੈ।—ਕਹਾਉਤਾਂ 27:11 ਪੜ੍ਹੋ।

3. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

ਯਹੋਵਾਹ ਦਾ ਸਭ ਤੋਂ ਸ਼ਾਨਦਾਰ ਗੁਣ ਹੈ ਪਿਆਰ। ਇਸ ਲਈ ਬਾਈਬਲ ਵਿਚ ਸਿਰਫ਼ ਇਹ ਨਹੀਂ ਲਿਖਿਆ ਕਿ ਪਰਮੇਸ਼ੁਰ ਪਿਆਰ ਕਰਦਾ ਹੈ, ਸਗੋਂ ਇਹ ਲਿਖਿਆ ਹੈ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰਨਾ 4:8) ਬਾਈਬਲ ਤੋਂ ਇਲਾਵਾ, ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਤੋਂ ਵੀ ਜਾਣ ਸਕਦੇ ਹਾਂ ਕਿ ਉਹ ਸਾਨੂੰ ਪਿਆਰ ਕਰਦਾ ਹੈ। (ਰਸੂਲਾਂ ਦੇ ਕੰਮ 14:17 ਪੜ੍ਹੋ।) ਜ਼ਰਾ ਸੋਚੋ ਕਿ ਉਸ ਨੇ ਸਾਨੂੰ ਕਿੰਨੇ ਲਾਜਵਾਬ ਤਰੀਕੇ ਨਾਲ ਬਣਾਇਆ ਹੈ! ਅਸੀਂ ਸੋਹਣੇ-ਸੋਹਣੇ ਰੰਗ ਦੇਖ ਸਕਦੇ ਹਾਂ, ਵਧੀਆ ਸੰਗੀਤ ਸੁਣ ਸਕਦੇ ਹਾਂ ਅਤੇ ਵੱਖੋ-ਵੱਖਰੇ ਖਾਣੇ ਦਾ ਸੁਆਦ ਲੈ ਸਕਦੇ ਹਾਂ। ਉਹ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣੀਏ।

ਹੋਰ ਸਿੱਖੋ

ਯਹੋਵਾਹ ਇੰਨੇ ਲਾਜਵਾਬ ਕੰਮ ਕਿਵੇਂ ਕਰਦਾ ਹੈ? ਨਾਲੇ ਉਹ ਆਪਣੇ ਸ਼ਾਨਦਾਰ ਗੁਣ ਕਿਵੇਂ ਜ਼ਾਹਰ ਕਰਦਾ ਹੈ? ਆਓ ਜਾਣੀਏ।

4. ਪਵਿੱਤਰ ਸ਼ਕਤੀ—ਪਰਮੇਸ਼ੁਰ ਦੀ ਜ਼ਬਰਦਸਤ ਤਾਕਤ

ਜਿਵੇਂ ਅਸੀਂ ਕੰਮ ਕਰਨ ਲਈ ਆਪਣੇ ਹੱਥ ਵਰਤਦੇ ਹਾਂ, ਉਸੇ ਤਰ੍ਹਾਂ ਯਹੋਵਾਹ ਆਪਣੇ ਸਾਰੇ ਕੰਮ ਕਰਨ ਲਈ ਆਪਣੀ ਪਵਿੱਤਰ ਸ਼ਕਤੀ ਵਰਤਦਾ ਹੈ। ਕਈ ਲੋਕ ਮੰਨਦੇ ਹਨ ਕਿ ਪਵਿੱਤਰ ਸ਼ਕਤੀ ਪਰਮੇਸ਼ੁਰ ਹੈ। ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਪਵਿੱਤਰ ਸ਼ਕਤੀ ਪਰਮੇਸ਼ੁਰ ਦੀ ਤਾਕਤ ਹੈ। ਲੂਕਾ 11:13 ਅਤੇ ਰਸੂਲਾਂ ਦੇ ਕੰਮ 2:17 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਆਪਣੀ ‘ਪਵਿੱਤਰ ਸ਼ਕਤੀ ਦਿੰਦਾ ਹੈ’ ਜੋ ਉਸ ਤੋਂ ਇਹ ਸ਼ਕਤੀ ਮੰਗਦੇ ਹਨ। ਤਾਂ ਫਿਰ ਤੁਹਾਡੇ ਖ਼ਿਆਲ ਵਿਚ ਪਵਿੱਤਰ ਸ਼ਕਤੀ ਕੀ ਹੈ?

ਯਹੋਵਾਹ ਆਪਣੀ ਪਵਿੱਤਰ ਸ਼ਕਤੀ ਵਰਤ ਕੇ ਕਈ ਲਾਜਵਾਬ ਕੰਮ ਕਰਦਾ ਹੈ। ਜ਼ਬੂਰ 33:6 a ਅਤੇ 2 ਪਤਰਸ 1:20, 21 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਵਰਤ ਕੇ ਕਿਹੜੇ-ਕਿਹੜੇ ਕੰਮ ਕੀਤੇ ਹਨ?

5. ਯਹੋਵਾਹ ਸ਼ਾਨਦਾਰ ਗੁਣਾਂ ਦਾ ਮਾਲਕ ਹੈ

ਪੁਰਾਣੇ ਜ਼ਮਾਨੇ ਵਿਚ ਮੂਸਾ ਨਾਂ ਦਾ ਇਕ ਆਦਮੀ ਬਹੁਤ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਸੀ। ਫਿਰ ਵੀ ਉਹ ਪਰਮੇਸ਼ੁਰ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦਾ ਸੀ। ਇਸ ਲਈ ਮੂਸਾ ਨੇ ਉਸ ਨੂੰ ਕਿਹਾ: “ਮੈਨੂੰ ਆਪਣੇ ਰਾਹਾਂ ਬਾਰੇ ਦੱਸ ਤਾਂਕਿ ਮੈਂ ਤੈਨੂੰ ਜਾਣਾਂ।” (ਕੂਚ 33:13) ਜਵਾਬ ਵਿਚ ਯਹੋਵਾਹ ਨੇ ਮੂਸਾ ਨੂੰ ਦੱਸਿਆ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਕੂਚ 34:4-6 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਯਹੋਵਾਹ ਨੇ ਮੂਸਾ ਨੂੰ ਆਪਣੇ ਬਾਰੇ ਕੀ ਦੱਸਿਆ?

  • ਤੁਹਾਨੂੰ ਯਹੋਵਾਹ ਦਾ ਕਿਹੜਾ ਗੁਣ ਚੰਗਾ ਲੱਗਦਾ?

6. ਯਹੋਵਾਹ ਲੋਕਾਂ ਦੀ ਪਰਵਾਹ ਕਰਦਾ ਹੈ

ਪੁਰਾਣੇ ਜ਼ਮਾਨੇ ਵਿਚ ਇਬਰਾਨੀ ਲੋਕ ਯਾਨੀ ਯਹੋਵਾਹ ਨੂੰ ਮੰਨਣ ਵਾਲੇ ਲੋਕ ਮਿਸਰ ਦੇਸ਼ ਵਿਚ ਗ਼ੁਲਾਮ ਸਨ। ਦੇਖੋ ਕਿ ਉਨ੍ਹਾਂ ʼਤੇ ਹੁੰਦੇ ਅਤਿਆਚਾਰਾਂ ਨੂੰ ਦੇਖ ਕੇ ਯਹੋਵਾਹ ਨੂੰ ਕਿੱਦਾਂ ਲੱਗਦਾ ਸੀ। ਆਡੀਓ ਸੁਣੋ ਅਤੇ ਨਾਲ-ਨਾਲ ਬਾਈਬਲ ਵਿੱਚੋਂ ਵੀ ਦੇਖੋ ਜਾਂ ਕੂਚ 3:1-10 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਲੋਕਾਂ ਦੇ ਦੁੱਖਾਂ ਨੂੰ ਦੇਖ ਕੇ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?—ਆਇਤ 7 ਅਤੇ 8 ਦੇਖੋ।

  • ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਇਨਸਾਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਅਤੇ ਕੀ ਉਹ ਇੱਦਾਂ ਕਰ ਸਕਦਾ ਹੈ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

7. ਸ੍ਰਿਸ਼ਟੀ ਯਹੋਵਾਹ ਦੇ ਗੁਣ ਜ਼ਾਹਰ ਕਰਦੀ ਹੈ

ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਨੂੰ ਦੇਖ ਕੇ ਅਸੀਂ ਜਾਣ ਸਕਦੇ ਹਾਂ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਉਸ ਵਿਚ ਕਿਹੋ ਜਿਹੇ ਗੁਣ ਹਨ। ਵੀਡੀਓ ਦੇਖੋ। ਇਸ ਤੋਂ ਬਾਅਦ ਰੋਮੀਆਂ 1:20 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਤੋਂ ਉਸ ਦੇ ਕਿਹੜੇ ਗੁਣ ਦੇਖੇ ਜਾ ਸਕਦੇ ਹਨ?

ਕੁਝ ਲੋਕਾਂ ਦਾ ਕਹਿਣਾ ਹੈ: “ਰੱਬ ਤਾਂ ਹਰ ਜਗ੍ਹਾ ਹੈ, ਉਹ ਕਣ-ਕਣ ਵਿਚ ਵੱਸਦਾ ਹੈ।”

  • ਤੁਹਾਨੂੰ ਕੀ ਲੱਗਦਾ?

  • ਤੁਹਾਨੂੰ ਇੱਦਾਂ ਕਿਉਂ ਲੱਗਦਾ?

ਹੁਣ ਤਕ ਅਸੀਂ ਸਿੱਖਿਆ

ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ। ਉਹ ਬੇਸ਼ੁਮਾਰ ਗੁਣਾਂ ਦਾ ਮਾਲਕ ਹੈ। ਉਸ ਦਾ ਸਭ ਤੋਂ ਸ਼ਾਨਦਾਰ ਗੁਣ ਹੈ ਪਿਆਰ।

ਤੁਸੀਂ ਕੀ ਕਹੋਗੇ?

  • ਅਸੀਂ ਯਹੋਵਾਹ ਨੂੰ ਕਿਉਂ ਨਹੀਂ ਦੇਖ ਸਕਦੇ?

  • ਪਵਿੱਤਰ ਸ਼ਕਤੀ ਕੀ ਹੈ?

  • ਯਹੋਵਾਹ ਵਿਚ ਕਿਹੜੇ ਕੁਝ ਗੁਣ ਹਨ?

ਟੀਚਾ

ਇਹ ਵੀ ਦੇਖੋ

ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਲਈ ਉਸ ਦੇ ਚਾਰ ਖ਼ਾਸ ਗੁਣਾਂ ਬਾਰੇ ਸਿੱਖੋ।

“ਰੱਬ ਕਿਹੋ ਜਿਹਾ ਹੈ?” (ਪਹਿਰਾਬੁਰਜ  ਨੰ. 1 2019)

ਦੇਖੋ ਕਿ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਕਣ-ਕਣ ਵਿਚ ਨਹੀਂ ਵੱਸਦਾ।

“ਕੀ ਰੱਬ ਸਰਬ-ਵਿਆਪੀ ਹੈ, ਉਹ ਕਣ-ਕਣ ਵਿਚ ਵੱਸਦਾ ਹੈ?” (jw.org ʼਤੇ ਲੇਖ)

ਜਾਣੋ ਕਿ ਬਾਈਬਲ ਵਿਚ ਪਵਿੱਤਰ ਸ਼ਕਤੀ ਨੂੰ ਪਰਮੇਸ਼ੁਰ ਦੇ ਹੱਥ ਕਿਉਂ ਕਿਹਾ ਗਿਆ ਹੈ।

“ਪਵਿੱਤਰ ਸ਼ਕਤੀ ਕੀ ਹੈ?” (jw.org ʼਤੇ ਲੇਖ)

ਇਕ ਵਿਅਕਤੀ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਉਹ ਸੋਚਦਾ ਸੀ ਕਿ ਰੱਬ ਨੂੰ ਉਸ ਦੀ ਕੋਈ ਪਰਵਾਹ ਨਹੀਂ। ਜਾਣੋ ਕਿ ਕਿਹੜੀ ਗੱਲ ਨੇ ਉਸ ਦੀ ਸੋਚ ਬਦਲੀ।

“ਹੁਣ ਮੈਨੂੰ ਲੱਗਦਾ ਕਿ ਮੈਂ ਦੂਜਿਆਂ ਦੀ ਮਦਦ ਕਰ ਸਕਦਾ ਹਾਂ” (ਪਹਿਰਾਬੁਰਜ  ਨੰ. 1 2016)

a ਇਸ ਆਇਤ ਵਿਚ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਸਾਹ” ਕੀਤਾ ਗਿਆ ਹੈ, ਉਸ ਦਾ ਮਤਲਬ ਪਵਿੱਤਰ ਸ਼ਕਤੀ ਵੀ ਹੈ।