Skip to content

Skip to table of contents

ਪਾਠ 22

ਤੁਸੀਂ ਖ਼ੁਸ਼ ਖ਼ਬਰੀ ਕਿਵੇਂ ਸੁਣਾ ਸਕਦੇ ਹੋ?

ਤੁਸੀਂ ਖ਼ੁਸ਼ ਖ਼ਬਰੀ ਕਿਵੇਂ ਸੁਣਾ ਸਕਦੇ ਹੋ?

ਜਿੱਦਾਂ-ਜਿੱਦਾਂ ਤੁਸੀਂ ਬਾਈਬਲ ਵਿੱਚੋਂ ਸੱਚਾਈਆਂ ਸਿੱਖ ਰਹੇ ਹੋ, ਤੁਸੀਂ ਸ਼ਾਇਦ ਸੋਚੋ, ‘ਇਹ ਗੱਲਾਂ ਤਾਂ ਸਾਰਿਆਂ ਨੂੰ ਪਤਾ ਲੱਗਣੀਆਂ ਚਾਹੀਦੀਆਂ।’ ਇੱਦਾਂ ਸੋਚਣਾ ਬਿਲਕੁਲ ਸਹੀ ਹੈ। ਪਰ ਸ਼ਾਇਦ ਤੁਸੀਂ ਦੂਜਿਆਂ ਨੂੰ ਇਹ ਗੱਲਾਂ ਦੱਸਣ ਤੋਂ ਘਬਰਾਓ। ਆਓ ਦੇਖੀਏ ਕਿ ਤੁਸੀਂ ਕਿਵੇਂ ਆਪਣੀ ਇਹ ਘਬਰਾਹਟ ਦੂਰ ਕਰ ਸਕਦੇ ਹੋ ਅਤੇ ਖ਼ੁਸ਼ੀ-ਖ਼ੁਸ਼ੀ ਲੋਕਾਂ ਨੂੰ ਬਾਈਬਲ ਦੀਆਂ ਗੱਲਾਂ ਦੱਸ ਸਕਦੇ ਹੋ।

1. ਤੁਸੀਂ ਬਾਈਬਲ ਤੋਂ ਸਿੱਖੀਆਂ ਗੱਲਾਂ ਆਪਣੇ ਜਾਣ-ਪਛਾਣ ਵਾਲਿਆਂ ਨੂੰ ਕਿਵੇਂ ਦੱਸ ਸਕਦੇ ਹੋ?

ਯਿਸੂ ਦੇ ਚੇਲਿਆਂ ਨੇ ਕਿਹਾ: “ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।” (ਰਸੂਲਾਂ ਦੇ ਕੰਮ 4:20) ਯਿਸੂ ਤੋਂ ਸਿੱਖੀਆਂ ਗੱਲਾਂ ਉਨ੍ਹਾਂ ਨੂੰ ਇੰਨੀਆਂ ਚੰਗੀਆਂ ਲੱਗੀਆਂ ਕਿ ਉਹ ਇਨ੍ਹਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦੱਸਣਾ ਚਾਹੁੰਦੇ ਸਨ। ਕੀ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ? ਜੇ ਹਾਂ, ਤਾਂ ਆਪਣੇ ਘਰਦਿਆਂ ਅਤੇ ਦੋਸਤਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਮੌਕੇ ਲੱਭੋ। ਪਰ ਉਨ੍ਹਾਂ ਨਾਲ ਗੱਲ ਕਰਦੇ ਵੇਲੇ ਪਿਆਰ ਅਤੇ ਆਦਰ ਨਾਲ ਪੇਸ਼ ਆਓ।—ਕੁਲੁੱਸੀਆਂ 4:6 ਪੜ੍ਹੋ।

ਗੱਲਬਾਤ ਕਿਵੇਂ ਸ਼ੁਰੂ ਕਰੀਏ

  • ਆਪਣੇ ਘਰਦਿਆਂ ਨਾਲ ਗੱਲ ਕਰਦੇ ਵੇਲੇ ਤੁਸੀਂ ਕਹਿ ਸਕਦੇ ਹੋ: “ਮੈਂ ਇਸ ਹਫ਼ਤੇ ਇਕ ਨਵੀਂ ਗੱਲ ਸਿੱਖੀ।” ਫਿਰ ਤੁਸੀਂ ਬਾਈਬਲ ਦੀ ਕੋਈ ਗੱਲ ਉਨ੍ਹਾਂ ਨੂੰ ਦੱਸ ਸਕਦੇ ਹੋ।

  • ਜੇ ਤੁਹਾਡਾ ਕੋਈ ਦੋਸਤ ਬੀਮਾਰ ਹੈ ਜਾਂ ਕਿਸੇ ਗੱਲੋਂ ਪਰੇਸ਼ਾਨ ਹੈ, ਤਾਂ ਉਸ ਨੂੰ ਬਾਈਬਲ ਦੀ ਕੋਈ ਆਇਤ ਦਿਖਾਓ ਜਿਸ ਤੋਂ ਉਸ ਨੂੰ ਹੌਸਲਾ ਮਿਲੇ।

  • ਜੇ ਕੋਈ ਕੰਮ ਦੀ ਥਾਂ ʼਤੇ ਤੁਹਾਡਾ ਹਾਲ-ਚਾਲ ਪੁੱਛੇ, ਤਾਂ ਮੌਕਾ ਦੇਖ ਕੇ ਉਸ ਨੂੰ ਦੱਸੋ ਕਿ ਤੁਸੀਂ ਸਟੱਡੀ ਜਾਂ ਮੀਟਿੰਗ ਵਿਚ ਕੀ ਸਿੱਖਿਆ।

  • ਆਪਣੇ ਦੋਸਤਾਂ ਨੂੰ jw.org ਵੈੱਬਸਾਈਟ ਦਿਖਾਓ।

  • ਜਦੋਂ ਤੁਸੀਂ ਸਟੱਡੀ ਕਰਦੇ ਹੋ, ਤਾਂ ਦੂਜਿਆਂ ਨੂੰ ਵੀ ਆਪਣੇ ਨਾਲ ਬੈਠਣ ਲਈ ਕਹੋ ਜਾਂ ਉਨ੍ਹਾਂ ਨੂੰ ਦਿਖਾਓ ਕਿ ਉਹ jw.org ʼਤੇ ਬਾਈਬਲ ਦੀ ਸਟੱਡੀ ਕਰਨ ਲਈ ਫ਼ਾਰਮ ਕਿਵੇਂ ਭਰ ਸਕਦੇ ਹਨ।

2. ਤੁਹਾਨੂੰ ਮੰਡਲੀ ਨਾਲ ਮਿਲ ਕੇ ਪ੍ਰਚਾਰ ਕਿਉਂ ਕਰਨਾ ਚਾਹੀਦਾ ਹੈ?

ਯਿਸੂ ਦੇ ਚੇਲਿਆਂ ਨੇ ਸਿਰਫ਼ ਆਪਣੀ ਜਾਣ-ਪਛਾਣ ਵਾਲਿਆਂ ਨੂੰ ਹੀ ਨਹੀਂ, ਸਗੋਂ ਹੋਰ ਲੋਕਾਂ ਨੂੰ ਵੀ ਪ੍ਰਚਾਰ ਕੀਤਾ। ਯਿਸੂ ਨੇ ਪ੍ਰਚਾਰ ਕਰਨ ਲਈ ਉਨ੍ਹਾਂ ਨੂੰ ‘ਦੋ-ਦੋ ਕਰ ਕੇ ਆਪਣੇ ਅੱਗੇ-ਅੱਗੇ ਹਰ ਸ਼ਹਿਰ ਘੱਲਿਆ।’ (ਲੂਕਾ 10:1) ਇਸ ਤਰ੍ਹਾਂ ਉਹ ਹੋਰ ਵੀ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੇ। ਨਾਲੇ ਇਕੱਠਿਆਂ ਪ੍ਰਚਾਰ ਕਰ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲੀ। (ਲੂਕਾ 10:17) ਕੀ ਤੁਸੀਂ ਮੰਡਲੀ ਨਾਲ ਮਿਲ ਕੇ ਪ੍ਰਚਾਰ ਕਰਨਾ ਚਾਹੋਗੇ? ਕਿਉਂ ਨਾ ਤੁਸੀਂ ਇੱਦਾਂ ਕਰਨ ਦਾ ਟੀਚਾ ਰੱਖੋ?

ਹੋਰ ਸਿੱਖੋ

ਆਓ ਜਾਣੀਏ ਕਿ ਅਸੀਂ ਆਪਣੀ ਘਬਰਾਹਟ ਕਿਵੇਂ ਦੂਰ ਕਰ ਸਕਦੇ ਹਾਂ ਅਤੇ ਉਹ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ ਜੋ ਖ਼ੁਸ਼ ਖ਼ਬਰੀ ਸੁਣਾਉਣ ਨਾਲ ਮਿਲਦੀ ਹੈ।

3. ਯਹੋਵਾਹ ਤੁਹਾਡੇ ਨਾਲ ਹੋਵੇਗਾ

ਕਈਆਂ ਦਾ ਪ੍ਰਚਾਰ ਕਰਨ ਦਾ ਦਿਲ ਤਾਂ ਕਰਦਾ ਹੈ, ਪਰ ਉਹ ਇਹ ਸੋਚ ਕੇ ਘਬਰਾ ਜਾਂਦੇ ਹਨ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਣਗੇ ਜਾਂ ਉਨ੍ਹਾਂ ਨਾਲ ਕਿਵੇਂ ਪੇਸ਼ ਆਉਣਗੇ।

  • ਤੁਸੀਂ ਜੋ ਗੱਲਾਂ ਸਿੱਖ ਰਹੇ ਹੋ, ਕੀ ਤੁਸੀਂ ਉਹ ਦੂਸਰਿਆਂ ਨੂੰ ਦੱਸਣ ਤੋਂ ਘਬਰਾਉਂਦੇ ਹੋ? ਕਿਉਂ?

ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਇਨ੍ਹਾਂ ਨੌਜਵਾਨਾਂ ਨੇ ਆਪਣੇ ਡਰ ʼਤੇ ਕਾਬੂ ਕਿਵੇਂ ਪਾਇਆ?

ਯਸਾਯਾਹ 41:10 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਜਦੋਂ ਤੁਹਾਨੂੰ ਪ੍ਰਚਾਰ ਕਰਨ ਤੋਂ ਡਰ ਲੱਗੇ, ਤਾਂ ਤੁਹਾਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

ਕੀ ਤੁਹਾਨੂੰ ਪਤਾ?

ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਨੂੰ ਸ਼ੁਰੂ-ਸ਼ੁਰੂ ਵਿਚ ਲੱਗਦਾ ਸੀ ਕਿ ਉਹ ਕਦੇ ਵੀ ਦੂਜਿਆਂ ਨੂੰ ਪ੍ਰਚਾਰ ਨਹੀਂ ਕਰ ਸਕਣਗੇ। ਸਰਗੇ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਲੱਗਦਾ ਸੀ ਕਿ ਉਹ ਕਿਸੇ ਕੰਮ ਦਾ ਨਹੀਂ ਅਤੇ ਉਸ ਨੂੰ ਲੋਕਾਂ ਨਾਲ ਗੱਲ ਕਰਨੀ ਬਹੁਤ ਔਖੀ ਲੱਗਦੀ ਸੀ। ਪਰ ਫਿਰ ਉਹ ਬਾਈਬਲ ਦੀ ਸਟੱਡੀ ਕਰਨ ਲੱਗ ਪਿਆ। ਉਹ ਕਹਿੰਦਾ ਹੈ: “ਮੈਨੂੰ ਡਰ ਤਾਂ ਲੱਗਦਾ ਸੀ, ਫਿਰ ਵੀ ਮੈਂ ਦੂਜਿਆਂ ਨੂੰ ਦੱਸਣ ਲੱਗਾ ਕਿ ਮੈਂ ਬਾਈਬਲ ਤੋਂ ਕੀ ਸਿੱਖ ਰਿਹਾ ਹਾਂ। ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਇੱਦਾਂ ਕਰਨ ਨਾਲ ਮੇਰਾ ਡਰ ਦੂਰ ਹੁੰਦਾ ਗਿਆ। ਨਾਲੇ ਮੈਂ ਆਪਣੇ ਬਾਰੇ ਵਧੀਆ ਮਹਿਸੂਸ ਕਰਨ ਲੱਗਾ। ਇੰਨਾ ਹੀ ਨਹੀਂ, ਬਾਈਬਲ ਦੀਆਂ ਗੱਲਾਂ ʼਤੇ ਮੇਰਾ ਭਰੋਸਾ ਹੋਰ ਵੀ ਵਧ ਗਿਆ।”

4. ਆਦਰ ਨਾਲ ਪੇਸ਼ ਆਓ

ਖ਼ੁਸ਼ ਖ਼ਬਰੀ ਸੁਣਾਉਂਦੇ ਵੇਲੇ ਸਿਰਫ਼ ਇਸ ਗੱਲ ʼਤੇ ਧਿਆਨ ਨਾ ਦਿਓ ਕਿ ਤੁਸੀਂ ਕੀ  ਬੋਲਣਾ ਹੈ, ਸਗੋਂ ਇਸ ਗੱਲ ʼਤੇ ਵੀ ਧਿਆਨ ਦਿਓ ਕਿ ਤੁਸੀਂ ਕਿਵੇਂ  ਬੋਲਣਾ ਹੈ। 2 ਤਿਮੋਥਿਉਸ 2:24 ਅਤੇ 1 ਪਤਰਸ 3:15 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਦੂਜਿਆਂ ਨੂੰ ਬਾਈਬਲ ਬਾਰੇ ਦੱਸਦਿਆਂ ਤੁਸੀਂ ਇਨ੍ਹਾਂ ਆਇਤਾਂ ਵਿਚ ਦਿੱਤੀ ਸਲਾਹ ʼਤੇ ਕਿਵੇਂ ਚੱਲ ਸਕਦੇ ਹੋ?

  • ਸ਼ਾਇਦ ਤੁਹਾਡੇ ਘਰ ਦੇ ਜੀਅ ਜਾਂ ਦੋਸਤ ਤੁਹਾਡੀਆਂ ਗੱਲਾਂ ਨਾਲ ਸਹਿਮਤ ਨਾ ਹੋਣ। ਉਸ ਵੇਲੇ ਤੁਸੀਂ ਕੀ ਕਰੋਗੇ? ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ?

  • ਕੀ ਕਰਨਾ ਜ਼ਿਆਦਾ ਵਧੀਆ ਹੋਵੇਗਾ: ਲੋਕਾਂ ਨੂੰ ਸਿੱਧਾ-ਸਿੱਧਾ ਦੱਸਣਾ ਕਿ ਉਨ੍ਹਾਂ ਨੂੰ ਕੀ ਮੰਨਣਾ ਚਾਹੀਦਾ ਜਾਂ ਪਿਆਰ ਨਾਲ ਉਨ੍ਹਾਂ ਨਾਲ ਤਰਕ ਕਰਨਾ? ਤੁਸੀਂ ਇੱਦਾਂ ਕਿਉਂ ਸੋਚਦੇ ਹੋ?

5. ਖ਼ੁਸ਼ ਖ਼ਬਰੀ ਸੁਣਾਉਣ ਨਾਲ ਖ਼ੁਸ਼ੀ ਮਿਲਦੀ ਹੈ

ਯਹੋਵਾਹ ਨੇ ਯਿਸੂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਦਿੱਤਾ ਸੀ। ਯਿਸੂ ਇਸ ਕੰਮ ਬਾਰੇ ਕੀ ਸੋਚਦਾ ਸੀ? ਯੂਹੰਨਾ 4:34 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਚੰਗਾ ਖਾਣਾ ਖਾਣ ਨਾਲ ਅਸੀਂ ਨਾ ਸਿਰਫ਼ ਜੀਉਂਦੇ ਰਹਿੰਦੇ ਹਾਂ, ਸਗੋਂ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ। ਯਿਸੂ ਨੇ ਕਿਉਂ ਕਿਹਾ ਸੀ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ, ਜਿਸ ਵਿਚ ਖ਼ੁਸ਼ ਖ਼ਬਰੀ ਸੁਣਾਉਣੀ ਵੀ ਸ਼ਾਮਲ ਹੈ, ਭੋਜਨ ਖਾਣ ਵਾਂਗ ਹੈ?

  • ਤੁਹਾਨੂੰ ਕੀ ਲੱਗਦਾ, ਖ਼ੁਸ਼ ਖ਼ਬਰੀ ਸੁਣਾਉਣ ਨਾਲ ਕਿਹੜੀਆਂ ਖ਼ੁਸ਼ੀਆਂ ਮਿਲਦੀਆਂ ਹਨ?

ਕੁਝ ਸੁਝਾਅ

  • ਹਫ਼ਤੇ ਦੌਰਾਨ ਹੋਣ ਵਾਲੀ ਮੀਟਿੰਗ ਵਿਚ ਦੱਸਿਆ ਜਾਂਦਾ ਹੈ ਕਿ ਲੋਕਾਂ ਨਾਲ ਗੱਲਬਾਤ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ। ਧਿਆਨ ਦਿਓ ਕਿ ਤੁਸੀਂ ਕਿਹੜੇ ਸੁਝਾਅ ਲਾਗੂ ਕਰ ਸਕਦੇ ਹੋ।

  • ਜੇ ਤੁਸੀਂ ਚਾਹੋ, ਤਾਂ ਹਫ਼ਤੇ ਦੌਰਾਨ ਹੋਣ ਵਾਲੀ ਮੀਟਿੰਗ ਵਿਚ ਵਿਦਿਆਰਥੀ ਭਾਗ ਪੇਸ਼ ਕਰਨ ਲਈ ਆਪਣਾ ਨਾਂ ਦੇ ਸਕਦੇ ਹੋ। ਵਿਦਿਆਰਥੀ ਭਾਗ ਪੇਸ਼ ਕਰਨ ਨਾਲ ਤੁਹਾਡੀ ਹਿੰਮਤ ਵਧੇਗੀ ਅਤੇ ਤੁਸੀਂ ਚੰਗੀ ਤਰ੍ਹਾਂ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੋਗੇ।

  • “ਕੁਝ ਲੋਕਾਂ ਦਾ ਕਹਿਣਾ ਹੈ” ਅਤੇ “ਸ਼ਾਇਦ ਕੋਈ ਪੁੱਛੇ” ਭਾਗ ਵਿਚ ਅਜਿਹੀਆਂ ਗੱਲਾਂ ਜਾਂ ਸਵਾਲ ਦਿੱਤੇ ਗਏ ਹਨ ਜੋ ਆਮ ਤੌਰ ਤੇ ਲੋਕ ਪੁੱਛਦੇ ਹਨ। ਸੋਚੋ ਕਿ ਤੁਸੀਂ ਇਨ੍ਹਾਂ ਦਾ ਜਵਾਬ ਕਿਵੇਂ ਦੇ ਸਕਦੇ ਹੋ।

ਸ਼ਾਇਦ ਕੋਈ ਪੁੱਛੇ: “ਹੋਰ ਸੁਣਾਓ, ਕੋਈ ਨਵੀਂ-ਤਾਜ਼ੀ?”

  • ਇਸ ਮੌਕੇ ਦਾ ਫ਼ਾਇਦਾ ਉਠਾ ਕੇ ਤੁਸੀਂ ਉਸ ਨੂੰ ਕਿਵੇਂ ਦੱਸ ਸਕਦੇ ਹੋ ਕਿ ਤੁਸੀਂ ਬਾਈਬਲ ਤੋਂ ਕੀ ਸਿੱਖਿਆ ਹੈ?

ਹੁਣ ਤਕ ਅਸੀਂ ਸਿੱਖਿਆ

ਖ਼ੁਸ਼ ਖ਼ਬਰੀ ਸੁਣਾਉਣ ਨਾਲ ਖ਼ੁਸ਼ੀ ਮਿਲਦੀ ਹੈ ਅਤੇ ਕਿਸੇ ਨਾਲ ਗੱਲਬਾਤ ਸ਼ੁਰੂ ਕਰਨੀ ਇੰਨੀ ਔਖੀ ਨਹੀਂ ਹੈ।

ਤੁਸੀਂ ਕੀ ਕਹੋਗੇ?

  • ਸਾਨੂੰ ਲੋਕਾਂ ਨੂੰ ਖ਼ੁਸ਼ ਖ਼ਬਰੀ ਕਿਉਂ ਸੁਣਾਉਣੀ ਚਾਹੀਦੀ ਹੈ?

  • ਤੁਸੀਂ ਖ਼ੁਸ਼ ਖ਼ਬਰੀ ਸੁਣਾਉਂਦੇ ਵੇਲੇ ਆਦਰ ਕਿਵੇਂ ਦਿਖਾ ਸਕਦੇ ਹੋ?

  • ਜੇ ਪ੍ਰਚਾਰ ਕਰਦੇ ਵੇਲੇ ਤੁਹਾਨੂੰ ਘਬਰਾਹਟ ਹੁੰਦੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?

ਟੀਚਾ

ਇਹ ਵੀ ਦੇਖੋ

jw.org ਸੰਪਰਕ ਕਾਰਡ ਵਰਤ ਕੇ ਗਵਾਹੀ ਦੇਣ ਦੇ ਚਾਰ ਆਸਾਨ ਤਰੀਕੇ ਦੇਖੋ।

jw.org ਸੰਪਰਕ ਕਾਰਡ ਵਰਤ ਕੇ ਗਵਾਹੀ ਦੇਣੀ  (1:43)

ਆਓ ਜਾਣੀਏ ਕਿ ਕਿਨ੍ਹਾਂ ਚਾਰ ਗੁਣਾਂ ਦੀ ਮਦਦ ਨਾਲ ਤੁਸੀਂ ਖ਼ੁਸ਼ ਖ਼ਬਰੀ ਸੁਣਾ ਸਕਦੇ ਹੋ।

“ਕੀ ਤੁਸੀਂ ਪ੍ਰਚਾਰਕ ਬਣਨ ਲਈ ਤਿਆਰ ਹੋ?” (ਪਹਿਰਾਬੁਰਜ, ਸਤੰਬਰ 2020)

ਬਾਈਬਲ ਦੀ ਇਕ ਕਹਾਣੀ ʼਤੇ ਧਿਆਨ ਦਿਓ ਜਿਸ ਤੋਂ ਸਾਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਹਿੰਮਤ ਮਿਲੇਗੀ, ਫਿਰ ਚਾਹੇ ਅਸੀਂ ਉਮਰ ਵਿਚ ਛੋਟੇ ਹੀ ਕਿਉਂ ਨਾ ਹੋਈਏ।

ਯਹੋਵਾਹ ਦੀ ਮਦਦ ਨਾਲ ਦਲੇਰ ਬਣੋ  (11:59)

ਜਾਣੋ ਕਿ ਤੁਸੀਂ ਆਪਣੇ ਘਰਦਿਆਂ ਨੂੰ ਯਹੋਵਾਹ ਬਾਰੇ ਕਿਵੇਂ ਦੱਸ ਸਕਦੇ ਹੋ।

“ਅਵਿਸ਼ਵਾਸੀ ਰਿਸ਼ਤੇਦਾਰਾਂ ਦੇ ਦਿਲਾਂ ਤਕ ਪਹੁੰਚੋ” (ਪਹਿਰਾਬੁਰਜ, 15 ਮਾਰਚ 2014)