Skip to content

Skip to table of contents

ਪਾਠ 24

ਦੂਤ ਕੌਣ ਹਨ ਅਤੇ ਉਹ ਕੀ ਕਰਦੇ ਹਨ?

ਦੂਤ ਕੌਣ ਹਨ ਅਤੇ ਉਹ ਕੀ ਕਰਦੇ ਹਨ?

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਵਰਗ ਵਿਚ ਰਹਿੰਦੇ ਉਸ ਦੇ ਪਰਿਵਾਰ ਨੂੰ ਜਾਣੀਏ। ਉਸ ਦੇ ਪਰਿਵਾਰ ਵਿਚ ਦੂਤ ਹਨ ਜਿਨ੍ਹਾਂ ਨੂੰ ‘ਪਰਮੇਸ਼ੁਰ ਦੇ ਪੁੱਤਰ’ ਕਿਹਾ ਗਿਆ ਹੈ। (ਅੱਯੂਬ 38:7) ਬਾਈਬਲ ਵਿਚ ਦੂਤਾਂ ਬਾਰੇ ਕੀ ਲਿਖਿਆ ਹੈ? ਕੀ ਉਹ ਸਾਡੀ ਮਦਦ ਕਰ ਸਕਦੇ ਹਨ ਜਾਂ ਕੀ ਉਹ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ? ਕੀ ਸਾਰੇ ਦੂਤ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਹਨ? ਆਓ ਜਾਣੀਏ।

1. ਦੂਤ ਕੌਣ ਹਨ?

ਧਰਤੀ ਬਣਾਉਣ ਤੋਂ ਪਹਿਲਾਂ ਯਹੋਵਾਹ ਨੇ ਦੂਤਾਂ ਨੂੰ ਬਣਾਇਆ ਸੀ। ਜਿਸ ਤਰ੍ਹਾਂ ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ, ਉਸੇ ਤਰ੍ਹਾਂ ਅਸੀਂ ਦੂਤਾਂ ਨੂੰ ਨਹੀਂ ਦੇਖ ਸਕਦੇ। (ਲੂਕਾ 24:39ੳ) ਉਨ੍ਹਾਂ ਦੀ ਗਿਣਤੀ ਲੱਖਾਂ-ਕਰੋੜਾਂ ਵਿਚ ਹੈ ਅਤੇ ਉਨ੍ਹਾਂ ਸਾਰਿਆਂ ਦੀ ਵੱਖੋ-ਵੱਖਰੀ ਸ਼ਖ਼ਸੀਅਤ ਹੈ। (ਪ੍ਰਕਾਸ਼ ਦੀ ਕਿਤਾਬ 5:11) ਦੂਤ ‘ਯਹੋਵਾਹ ਦੀ ਆਗਿਆ ਦੀ ਪਾਲਣਾ ਕਰਦੇ ਹਨ ਅਤੇ ਉਸ ਦਾ ਹੁਕਮ ਮੰਨਦੇ ਹਨ।’ (ਜ਼ਬੂਰ 103:20) ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਕਈ ਮੌਕਿਆਂ ʼਤੇ ਆਪਣੇ ਲੋਕਾਂ ਨੂੰ ਸੰਦੇਸ਼ ਸੁਣਾਉਣ, ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਮੁਸੀਬਤਾਂ ਵਿੱਚੋਂ ਕੱਢਣ ਲਈ ਆਪਣੇ ਦੂਤਾਂ ਨੂੰ ਭੇਜਿਆ। ਅੱਜ ਦੂਤ ਕਿਸ ਤਰ੍ਹਾਂ ਮਸੀਹੀਆਂ ਦੀ ਮਦਦ ਕਰਦੇ ਹਨ? ਉਹ ਅਜਿਹੇ ਲੋਕਾਂ ਨੂੰ ਲੱਭਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ ਜੋ ਪਰਮੇਸ਼ੁਰ ਬਾਰੇ ਸਿੱਖਣਾ ਚਾਹੁੰਦੇ ਹਨ।

2. ਸ਼ੈਤਾਨ ਅਤੇ ਦੁਸ਼ਟ ਦੂਤ ਕੌਣ ਹਨ?

ਕੁਝ ਦੂਤ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੇ। ਪਹਿਲਾ ਦੂਤ ਜੋ ਯਹੋਵਾਹ ਦੇ ਖ਼ਿਲਾਫ਼ ਹੋ ਗਿਆ, ਉਸ ਨੂੰ “ਸ਼ੈਤਾਨ” ਕਿਹਾ ਜਾਂਦਾ ਹੈ “ਜਿਹੜਾ ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ।” (ਪ੍ਰਕਾਸ਼ ਦੀ ਕਿਤਾਬ 12:9) ਸ਼ੈਤਾਨ ਦੂਜਿਆਂ ʼਤੇ ਰਾਜ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਪਹਿਲੇ ਆਦਮੀ ਤੇ ਔਰਤ ਨੂੰ ਯਹੋਵਾਹ ਦੇ ਖ਼ਿਲਾਫ਼ ਕਰ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਹੋਰ ਦੂਤਾਂ ਨੂੰ ਵੀ ਯਹੋਵਾਹ ਖ਼ਿਲਾਫ਼ ਭੜਕਾਇਆ। ਯਹੋਵਾਹ ਦੇ ਖ਼ਿਲਾਫ਼ ਜਾਣ ਵਾਲੇ ਇਨ੍ਹਾਂ ਦੂਤਾਂ ਨੂੰ ਦੁਸ਼ਟ ਦੂਤ ਕਿਹਾ ਜਾਂਦਾ ਹੈ। ਯਹੋਵਾਹ ਨੇ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਸਵਰਗ ਵਿੱਚੋਂ ਕੱਢ ਕੇ ਥੱਲੇ ਧਰਤੀ ਉੱਤੇ ਸੁੱਟ ਦਿੱਤਾ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਨਾਸ਼ ਕਰ ਦਿੱਤਾ ਜਾਵੇਗਾ।—ਪ੍ਰਕਾਸ਼ ਦੀ ਕਿਤਾਬ 12:9, 12 ਪੜ੍ਹੋ।

3. ਸ਼ੈਤਾਨ ਅਤੇ ਦੁਸ਼ਟ ਦੂਤ ਕਿਵੇਂ ਲੋਕਾਂ ਨੂੰ ਗੁਮਰਾਹ ਕਰਦੇ ਹਨ?

ਸ਼ੈਤਾਨ ਅਤੇ ਦੁਸ਼ਟ ਦੂਤ ਜਾਦੂ-ਟੂਣੇ ਦੇ ਜ਼ਰੀਏ ਕਈ ਲੋਕਾਂ ਨੂੰ ਗੁਮਰਾਹ ਕਰਦੇ ਹਨ। ਜਾਦੂ-ਟੂਣਾ ਕਰਨਾ ਦਰਅਸਲ ਦੁਸ਼ਟ ਦੂਤਾਂ ਨਾਲ ਸੰਪਰਕ ਕਰਨਾ ਹੈ। ਇਸ ਦੇ ਕੁਝ ਤਰੀਕੇ ਹਨ, ਜੋਤਸ਼ੀਆਂ ਅਤੇ ਝਾੜਾ-ਫੂਕੀ ਕਰਨ ਵਾਲਿਆਂ ਕੋਲ ਜਾਣਾ ਤੇ ਰਾਸ਼ੀ-ਫਲ ਦੇਖਣਾ ਵਗੈਰਾ। ਕੁਝ ਲੋਕ ਅਜਿਹੇ ਇਲਾਜ ਕਰਵਾਉਂਦੇ ਹਨ ਜਿਨ੍ਹਾਂ ਵਿਚ ਜਾਦੂ-ਟੂਣਾ ਕੀਤਾ ਜਾਂਦਾ ਹੈ। ਕੁਝ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ਕਿ ਉਹ ਮਰੇ ਹੋਏ ਲੋਕਾਂ ਨਾਲ ਗੱਲ ਕਰ ਸਕਦੇ ਹਨ। a ਪਰ ਯਹੋਵਾਹ ਖ਼ਬਰਦਾਰ ਕਰਦਾ ਹੈ: “ਤੁਸੀਂ ਕਿਸੇ ਚੇਲੇ-ਚਾਂਟੇ ਕੋਲ ਨਾ ਜਾਓ ਅਤੇ ਨਾ ਹੀ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਜਾਓ।” (ਲੇਵੀਆਂ 19:31) ਸਾਨੂੰ ਇਸ ਲਈ ਖ਼ਬਰਦਾਰ ਕਰਦਾ ਹੈ ਕਿਉਂਕਿ ਉਹ ਸਾਨੂੰ ਸ਼ੈਤਾਨ ਅਤੇ ਦੁਸ਼ਟ ਦੂਤਾਂ ਤੋਂ ਬਚਾਉਣਾ ਚਾਹੁੰਦਾ ਹੈ। ਇਹ ਪਰਮੇਸ਼ੁਰ ਦੇ ਦੁਸ਼ਮਣ ਹਨ ਅਤੇ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।

ਹੋਰ ਸਿੱਖੋ

ਚੰਗੇ ਦੂਤ ਕੀ ਕਰਦੇ ਹਨ? ਜਾਦੂ-ਟੂਣੇ ਦੇ ਕਿਹੜੇ ਖ਼ਤਰੇ ਹਨ? ਅਸੀਂ ਸ਼ੈਤਾਨ ਅਤੇ ਦੁਸ਼ਟ ਦੂਤਾਂ ਤੋਂ ਕਿਵੇਂ ਬਚ ਸਕਦੇ ਹਾਂ? ਆਓ ਜਾਣੀਏ।

4. ਦੂਤ ਯਹੋਵਾਹ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਰਦੇ ਹਨ

ਦੂਤ ਆਪ ਜਾ ਕੇ ਲੋਕਾਂ ਨੂੰ ਪ੍ਰਚਾਰ ਨਹੀਂ ਕਰਦੇ। ਇਸ ਦੀ ਬਜਾਇ, ਉਹ ਅਜਿਹੇ ਲੋਕਾਂ ਨੂੰ ਲੱਭਣ ਵਿਚ ਸਾਡੀ ਮਦਦ ਕਰਦੇ ਹਨ ਜੋ ਪਰਮੇਸ਼ੁਰ ਬਾਰੇ ਸਿੱਖਣਾ ਚਾਹੁੰਦੇ ਹਨ। ਪ੍ਰਕਾਸ਼ ਦੀ ਕਿਤਾਬ 14:6, 7 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਪ੍ਰਚਾਰ ਕਰਨ ਲਈ ਸਾਨੂੰ ਦੂਤਾਂ ਦੀ ਮਦਦ ਦੀ ਲੋੜ ਕਿਉਂ ਹੈ?

  • ਕੀ ਇਹ ਜਾਣ ਕੇ ਤੁਹਾਨੂੰ ਹੌਸਲਾ ਮਿਲਦਾ ਹੈ ਕਿ ਦੂਤ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਸਾਡੀ ਮਦਦ ਕਰਦੇ ਹਨ? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

5. ਜਾਦੂ-ਟੂਣੇ ਤੋਂ ਦੂਰ ਰਹੋ

ਸ਼ੈਤਾਨ ਅਤੇ ਦੁਸ਼ਟ ਦੂਤ ਯਹੋਵਾਹ ਦੇ ਦੁਸ਼ਮਣ ਹਨ। ਉਹ ਸਾਡੇ ਵੀ ਦੁਸ਼ਮਣ ਹਨ। ਲੂਕਾ 9:38-42 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਦੁਸ਼ਟ ਦੂਤ ਲੋਕਾਂ ਨਾਲ ਕਿਹੋ ਜਿਹਾ ਸਲੂਕ ਕਰਦੇ ਹਨ?

ਉਨ੍ਹਾਂ ਲਈ ਆਪਣੇ ਘਰ ਦੇ ਦਰਵਾਜ਼ੇ ਨਾ ਖੋਲ੍ਹੋ। ਬਿਵਸਥਾ ਸਾਰ 18:10-12 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਦੁਸ਼ਟ ਦੂਤ ਕਿਨ੍ਹਾਂ ਤਰੀਕਿਆਂ ਨਾਲ ਲੋਕਾਂ ਨੂੰ ਆਪਣੇ ਵੱਸ ਵਿਚ ਕਰਨ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ? ਤੁਹਾਡੇ ਇਲਾਕੇ ਦੇ ਲੋਕ ਕਿਹੜੇ-ਕਿਹੜੇ ਜਾਦੂ-ਟੂਣੇ ਕਰਦੇ ਹਨ?

  • ਯਹੋਵਾਹ ਜਾਦੂ-ਟੂਣਾ ਕਰਨ ਤੋਂ ਮਨ੍ਹਾ ਕਰਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵਿਚ ਸਾਡੀ ਭਲਾਈ ਹੈ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਪੈਲੇਸਾ ਦੀ ਕੁੜੀ ਦੇ ਜਿਹੜਾ ਤਵੀਤ ਬੰਨ੍ਹਿਆ ਸੀ, ਕੀ ਉਸ ਕਰਕੇ ਉਨ੍ਹਾਂ ਨੂੰ ਨੁਕਸਾਨ ਪਹੁੰਚ ਰਿਹਾ ਸੀ? ਕਿਉਂ?

  • ਦੁਸ਼ਟ ਦੂਤਾਂ ਤੋਂ ਬਚਣ ਲਈ ਪੈਲੇਸਾ ਨੂੰ ਕੀ ਕਰਨ ਦੀ ਲੋੜ ਸੀ?

ਸੱਚੇ ਮਸੀਹੀਆਂ ਨੇ ਹਮੇਸ਼ਾ ਤੋਂ ਦੁਸ਼ਟ ਦੂਤਾਂ ਦਾ ਡਟ ਕੇ ਵਿਰੋਧ ਕੀਤਾ ਹੈ। ਰਸੂਲਾਂ ਦੇ ਕੰਮ 19:19 ਅਤੇ 1 ਕੁਰਿੰਥੀਆਂ 10:21 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਤੁਹਾਨੂੰ ਕੀ ਲੱਗਦਾ ਹੈ, ਜਾਦੂ-ਟੂਣੇ ਨਾਲ ਜੁੜੀ ਹਰੇਕ ਚੀਜ਼ ਨੂੰ ਨਸ਼ਟ ਕਰਨਾ ਕਿਉਂ ਜ਼ਰੂਰੀ ਹੈ?

6. ਤੁਸੀਂ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਤੋਂ ਜਿੱਤ ਸਕਦੇ ਹੋ

ਦੁਸ਼ਟ ਦੂਤਾਂ ਉੱਤੇ ਸ਼ੈਤਾਨ ਦਾ ਰਾਜ ਹੈ। ਪਰ ਵਫ਼ਾਦਾਰ ਦੂਤ ਮੀਕਾਏਲ ਦੇ ਅਧੀਨ ਹਨ। ਮੀਕਾਏਲ ਯਿਸੂ ਦਾ ਦੂਸਰਾ ਨਾਂ ਹੈ ਅਤੇ ਉਹ ਮਹਾਂ ਦੂਤ ਹੈ। ਮੀਕਾਏਲ ਕੋਲ ਕਿੰਨੀ ਤਾਕਤ ਹੈ, ਇਹ ਜਾਣਨ ਲਈ ਪ੍ਰਕਾਸ਼ ਦੀ ਕਿਤਾਬ 12:7-9 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਕੌਣ ਜ਼ਿਆਦਾ ਤਾਕਤਵਰ ਹਨ—ਮੀਕਾਏਲ ਅਤੇ ਉਸ ਦੇ ਵਫ਼ਾਦਾਰ ਦੂਤ ਜਾਂ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ?

  • ਕੀ ਤੁਹਾਨੂੰ ਲੱਗਦਾ ਹੈ ਕਿ ਯਿਸੂ ਦੇ ਚੇਲਿਆਂ ਨੂੰ ਸ਼ੈਤਾਨ ਅਤੇ ਦੁਸ਼ਟ ਦੂਤਾਂ ਤੋਂ ਡਰਨਾ ਚਾਹੀਦਾ ਹੈ?

ਤੁਸੀਂ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਤੋਂ ਜਿੱਤ ਸਕਦੇ ਹੋ। ਯਾਕੂਬ 4:7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਸ਼ੈਤਾਨ ਅਤੇ ਦੁਸ਼ਟ ਦੂਤਾਂ ਤੋਂ ਬਚਣ ਲਈ ਤੁਸੀਂ ਕੀ ਕਰ ਸਕਦੇ ਹੋ?

ਕੁਝ ਲੋਕਾਂ ਦਾ ਕਹਿਣਾ ਹੈ: “ਭੂਤ-ਭਾਤ ਕੁਝ ਨਹੀਂ ਹੁੰਦੇ। ਅਸੀਂ ਤਾਂ ਸਿਰਫ਼ ਮਜ਼ੇ ਲਈ ਇੱਦਾਂ ਦੀਆਂ ਫ਼ਿਲਮਾਂ ਦੇਖਦੇ ਅਤੇ ਗੇਮਾਂ ਖੇਡਦੇ ਹਾਂ।”

  • ਇੱਦਾਂ ਦੀ ਸੋਚ ਰੱਖਣੀ ਖ਼ਤਰਨਾਕ ਕਿਉਂ ਹੈ?

ਹੁਣ ਤਕ ਅਸੀਂ ਸਿੱਖਿਆ

ਵਫ਼ਾਦਾਰ ਦੂਤ ਸਾਡੀ ਮਦਦ ਕਰਦੇ ਹਨ। ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ ਯਹੋਵਾਹ ਦੇ ਦੁਸ਼ਮਣ ਹਨ ਅਤੇ ਉਹ ਜਾਦੂ-ਟੂਣੇ ਰਾਹੀਂ ਲੋਕਾਂ ਨੂੰ ਗੁਮਰਾਹ ਕਰਦੇ ਹਨ।

ਤੁਸੀਂ ਕੀ ਕਹੋਗੇ?

  • ਚੰਗੇ ਦੂਤ ਕਿਵੇਂ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਹਨ ਜੋ ਯਹੋਵਾਹ ਬਾਰੇ ਜਾਣਨਾ ਚਾਹੁੰਦੇ ਹਨ?

  • ਸ਼ੈਤਾਨ ਅਤੇ ਦੁਸ਼ਟ ਦੂਤ ਕੌਣ ਹਨ?

  • ਤੁਹਾਨੂੰ ਜਾਦੂ-ਟੂਣੇ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ?

ਟੀਚਾ

ਇਹ ਵੀ ਦੇਖੋ

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਹੀ ਮਹਾਂ ਦੂਤ ਮੀਕਾਏਲ ਹੈ? ਆਓ ਜਾਣੀਏ।

“ਮਹਾਂ ਦੂਤ ਮੀਕਾਏਲ ਕੌਣ ਹੈ?” (jw.org ʼਤੇ ਲੇਖ)

ਇਹ ਕਹਿਣਾ ਕਿਉਂ ਗ਼ਲਤ ਹੋਵੇਗਾ ਕਿ ਸ਼ੈਤਾਨ ਇਨਸਾਨਾਂ ਅੰਦਰਲੀ ਕੋਈ ਬੁਰਾਈ ਹੈ? ਆਓ ਜਾਣੀਏ।

“ਕੀ ਸ਼ੈਤਾਨ ਸੱਚ-ਮੁੱਚ ਹੈ?” (jw.org ʼਤੇ ਲੇਖ)

ਆਓ ਪੜ੍ਹ ਕੇ ਦੇਖੀਏ ਕਿ ਇਕ ਔਰਤ ਦੁਸ਼ਟ ਦੂਤਾਂ ਦੇ ਚੁੰਗਲ ਵਿੱਚੋਂ ਕਿਵੇਂ ਆਜ਼ਾਦ ਹੋਈ।

“ਉਸ ਨੂੰ ਜੀਉਣ ਦਾ ਮਕਸਦ ਮਿਲ ਗਿਆ” (ਪਹਿਰਾਬੁਰਜ  ਲੇਖ)

ਸ਼ੈਤਾਨ ਕਿਵੇਂ ਜਾਦੂ-ਟੂਣੇ ਦੇ ਜ਼ਰੀਏ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਂਦਾ ਹੈ? ਆਓ ਜਾਣੀਏ।

“ਜਾਦੂ-ਟੂਣੇ ਅਤੇ ਡੈਣਾਂ ਬਾਰੇ ਸੱਚਾਈ” (ਆਨ-ਲਾਈਨ ਲੇਖ)

a ਮਰਨ ਤੋਂ ਬਾਅਦ ਇਕ ਵਿਅਕਤੀ ਨਾ ਕੁਝ ਸੋਚ ਸਕਦਾ ਹੈ ਤੇ ਨਾ ਹੀ ਕੁਝ ਕਰ ਸਕਦਾ ਹੈ। ਇਸ ਵਿਸ਼ੇ ਬਾਰੇ ਪਾਠ 29 ਵਿਚ ਸਮਝਾਇਆ ਜਾਵੇਗਾ।