Skip to content

Skip to table of contents

ਪਾਠ 26

ਦੁਨੀਆਂ ਵਿਚ ਇੰਨੀ ਬੁਰਾਈ ਅਤੇ ਦੁੱਖ-ਤਕਲੀਫ਼ਾਂ ਕਿਉਂ ਹਨ?

ਦੁਨੀਆਂ ਵਿਚ ਇੰਨੀ ਬੁਰਾਈ ਅਤੇ ਦੁੱਖ-ਤਕਲੀਫ਼ਾਂ ਕਿਉਂ ਹਨ?

ਜਦੋਂ ਕੋਈ ਬੁਰੀ ਘਟਨਾ ਵਾਪਰਦੀ ਹੈ, ਤਾਂ ਲੋਕ ਸੋਚਦੇ ਹਨ, “ਇੱਦਾਂ ਕਿਉਂ ਹੋਇਆ?” ਬਾਈਬਲ ਇਸ ਸਵਾਲ ਦਾ ਸਾਫ਼-ਸਾਫ਼ ਜਵਾਬ ਦਿੰਦੀ ਹੈ। ਇਸ ਬਾਰੇ ਜਾਣ ਕੇ ਤੁਹਾਨੂੰ ਬਹੁਤ ਤਸੱਲੀ ਮਿਲੇਗੀ।

1. ਸ਼ੈਤਾਨ ਨੇ ਕੀ ਕੀਤਾ ਜਿਸ ਕਰਕੇ ਬੁਰਾਈ ਦੀ ਸ਼ੁਰੂਆਤ ਹੋਈ?

ਸ਼ੈਤਾਨ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ। ਉਹ ਦੂਜਿਆਂ ʼਤੇ ਰਾਜ ਕਰਨਾ ਚਾਹੁੰਦਾ ਸੀ ਤੇ ਇਸ ਇਰਾਦੇ ਨਾਲ ਉਸ ਨੇ ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਨੂੰ ਵੀ ਆਪਣੇ ਵੱਲ ਕਰ ਲਿਆ। ਸ਼ੈਤਾਨ ਨੇ ਇਹ ਕਿਵੇਂ ਕੀਤਾ? ਉਸ ਨੇ ਹੱਵਾਹ ਨਾਲ ਝੂਠ ਬੋਲਿਆ ਤੇ ਉਸ ਨੂੰ ਬਹਿਕਾਇਆ। (ਉਤਪਤ 3:1-5) ਉਸ ਨੇ ਹੱਵਾਹ ਦੇ ਮਨ ਵਿਚ ਇਹ ਗੱਲ ਪਾ ਦਿੱਤੀ ਕਿ ਯਹੋਵਾਹ ਉਸ ਕੋਲੋਂ ਕੋਈ ਚੰਗੀ ਚੀਜ਼ ਲੁਕੋ ਰਿਹਾ ਸੀ। ਜੇ ਉਹ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਣਗੇ, ਤਾਂ ਉਹ ਜ਼ਿਆਦਾ ਖ਼ੁਸ਼ ਰਹਿਣਗੇ। ਫਿਰ ਸ਼ੈਤਾਨ ਨੇ ਹੱਵਾਹ ਨੂੰ ਸਿੱਧਾ-ਸਿੱਧਾ ਕਿਹਾ ਕਿ ਉਹ ਹਰਗਿਜ਼ ਨਹੀਂ ਮਰੇਗੀ। ਇਹ ਸਭ ਤੋਂ ਪਹਿਲਾ ਝੂਠ ਸੀ। ਇਸੇ ਲਈ ਬਾਈਬਲ ਵਿਚ ਸ਼ੈਤਾਨ ਬਾਰੇ ਲਿਖਿਆ ਹੈ: “ਉਹ ਝੂਠਾ ਹੈ ਅਤੇ ਝੂਠ ਦਾ ਪਿਉ ਹੈ।”ਯੂਹੰਨਾ 8:44.

2. ਆਦਮ ਅਤੇ ਹੱਵਾਹ ਨੇ ਕੀ ਕਰਨ ਦਾ ਫ਼ੈਸਲਾ ਕੀਤਾ?

ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਸਭ ਕੁਝ ਦਿੱਤਾ ਸੀ। ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਪਰਮੇਸ਼ੁਰ ਨੇ ਕਿਹਾ ਕਿ ਉਹ ਅਦਨ ਦੇ ਬਾਗ਼ ਦੇ ਸਿਰਫ਼ ਇਕ ਦਰਖ਼ਤ ਨੂੰ ਛੱਡ ਕੇ ਬਾਕੀ ਸਾਰੇ ਦਰਖ਼ਤਾਂ ਦਾ ਫਲ ਖਾ ਸਕਦੇ ਸਨ। (ਉਤਪਤ 2:15-17) ਫਿਰ ਵੀ ਉਨ੍ਹਾਂ ਨੇ ਉਸੇ ਦਰਖ਼ਤ ਦਾ ਫਲ ਖਾਣ ਦਾ ਫ਼ੈਸਲਾ ਕੀਤਾ ਜਿਸ ਦਾ ਫਲ ਖਾਣ ਤੋਂ ਯਹੋਵਾਹ ਨੇ ਮਨ੍ਹਾ ਕੀਤਾ ਸੀ। ਬਾਈਬਲ ਵਿਚ ਲਿਖਿਆ ਹੈ ਕਿ ਹੱਵਾਹ ਨੇ “ਉਸ ਦਾ ਫਲ ਤੋੜ ਕੇ ਖਾ ਲਿਆ” ਅਤੇ ਬਾਅਦ ਵਿਚ ‘ਆਦਮ ਨੇ ਵੀ ਖਾ ਲਿਆ।’ (ਉਤਪਤ 3:6) ਆਦਮ ਅਤੇ ਹੱਵਾਹ ਨੂੰ ਮੁਕੰਮਲ ਬਣਾਇਆ ਗਿਆ ਸੀ ਜਿਸ ਕਰਕੇ ਉਹ ਸਹੀ ਕੰਮ ਕਰਨ ਦੇ ਪੂਰੀ ਤਰ੍ਹਾਂ ਕਾਬਲ ਸਨ। ਪਰ ਉਨ੍ਹਾਂ ਨੇ ਜਾਣ-ਬੁੱਝ ਕੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਇਸ ਤਰ੍ਹਾਂ ਉਨ੍ਹਾਂ ਨੇ ਪਾਪ ਕੀਤਾ ਅਤੇ ਯਹੋਵਾਹ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕਰ ਦਿੱਤਾ। ਇਹ ਫ਼ੈਸਲਾ ਕਰ ਕੇ ਉਨ੍ਹਾਂ ਨੇ ਆਪਣੇ ʼਤੇ ਬਹੁਤ ਦੁੱਖ ਲਿਆਂਦੇ।—ਉਤਪਤ 3:16-19.

3. ਆਦਮ ਅਤੇ ਹੱਵਾਹ ਦੇ ਫ਼ੈਸਲੇ ਦਾ ਸਾਡੇ ਉੱਤੇ ਕੀ ਅਸਰ ਹੋਇਆ ਹੈ?

ਜਦੋਂ ਆਦਮ ਅਤੇ ਹੱਵਾਹ ਨੇ ਪਾਪ ਕੀਤਾ, ਤਾਂ ਉਹ ਨਾਮੁਕੰਮਲ ਹੋ ਗਏ ਅਤੇ ਉਨ੍ਹਾਂ ਦੇ ਜਿੰਨੇ ਵੀ ਬੱਚੇ ਹੋਏ, ਉਨ੍ਹਾਂ ਸਾਰਿਆਂ ਨੂੰ ਵਿਰਾਸਤ ਵਿਚ ਪਾਪ ਅਤੇ ਨਾਮੁਕੰਮਲਤਾ ਮਿਲੀ। ਬਾਈਬਲ ਵਿਚ ਆਦਮ ਬਾਰੇ ਲਿਖਿਆ ਹੈ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ।”ਰੋਮੀਆਂ 5:12.

ਸਾਡੇ ਉੱਤੇ ਹੋਰ ਵੀ ਕਈ ਕਾਰਨਾਂ ਕਰਕੇ ਦੁੱਖ-ਤਕਲੀਫ਼ਾਂ ਆਉਂਦੀਆਂ ਹਨ। ਕਦੇ ਅਸੀਂ ਆਪਣੇ ਗ਼ਲਤ ਫ਼ੈਸਲਿਆਂ ਕਰਕੇ ਤੇ ਕਦੇ ਦੂਜਿਆਂ ਦੇ ਗ਼ਲਤ ਫ਼ੈਸਲਿਆਂ ਕਰਕੇ ਦੁੱਖ ਝੱਲਦੇ ਹਾਂ। ਕਦੇ-ਕਦੇ ਸਾਡੇ ʼਤੇ ਇਸ ਲਈ ਦੁੱਖ ਆਉਂਦੇ ਹਨ ਕਿਉਂਕਿ ਅਸੀਂ ਕਿਤੇ ਹੁੰਦੇ ਹਾਂ ਅਤੇ ਅਚਾਨਕ ਉੱਥੇ ਕੋਈ ਹਾਦਸਾ ਹੋ ਜਾਂਦਾ ਹੈ।—ਉਪਦੇਸ਼ਕ ਦੀ ਕਿਤਾਬ 9:11 ਪੜ੍ਹੋ।

ਹੋਰ ਸਿੱਖੋ

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਦੁਨੀਆਂ ਵਿਚ ਹੋ ਰਹੇ ਬੁਰੇ ਕੰਮਾਂ ਅਤੇ ਦੁੱਖ-ਤਕਲੀਫ਼ਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਨਹੀਂ ਹੈ? ਸਾਨੂੰ ਤਕਲੀਫ਼ ਵਿਚ ਦੇਖ ਕੇ ਪਰਮੇਸ਼ੁਰ ਨੂੰ ਕਿੱਦਾਂ ਲੱਗਦਾ ਹੈ? ਆਓ ਜਾਣੀਏ।

4. ਦੁੱਖ-ਤਕਲੀਫ਼ਾਂ ਲਈ ਕੌਣ ਜ਼ਿੰਮੇਵਾਰ ਹੈ?

ਕਈ ਲੋਕ ਮੰਨਦੇ ਹਨ ਕਿ ਰੱਬ ਦੁਨੀਆਂ ਨੂੰ ਚਲਾ ਰਿਹਾ ਹੈ। ਪਰ ਕੀ ਇਹ ਸੱਚ ਹੈ? ਵੀਡੀਓ ਦੇਖੋ।

ਯਾਕੂਬ 1:13 ਅਤੇ 1 ਯੂਹੰਨਾ 5:19 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਕੀ ਬੁਰਾਈ ਅਤੇ ਦੁੱਖ-ਤਕਲੀਫ਼ਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਹੈ?

5. ਸ਼ੈਤਾਨ ਦੇ ਰਾਜ ਵਿਚ ਕੀ ਕੁਝ ਹੋਇਆ ਹੈ?

ਉਤਪਤ 3:1-6 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਸ਼ੈਤਾਨ ਨੇ ਕਿਹੜਾ ਝੂਠ ਬੋਲਿਆ?—ਆਇਤਾਂ 4 ਅਤੇ 5 ਦੇਖੋ।

  • ਸ਼ੈਤਾਨ ਨੇ ਕੀ ਕਹਿ ਕੇ ਯਹੋਵਾਹ ʼਤੇ ਇਹ ਦੋਸ਼ ਲਾਇਆ ਕਿ ਉਹ ਇਨਸਾਨਾਂ ਤੋਂ ਕੋਈ ਚੰਗੀ ਚੀਜ਼ ਲੁਕੋ ਰਿਹਾ ਹੈ?

  • ਸ਼ੈਤਾਨ ਮੁਤਾਬਕ ਕੀ ਖ਼ੁਸ਼ ਰਹਿਣ ਲਈ ਇਨਸਾਨਾਂ ਨੂੰ ਯਹੋਵਾਹ ਦੀ ਹਕੂਮਤ ਦੇ ਅਧੀਨ ਰਹਿਣ ਦੀ ਲੋੜ ਹੈ?

ਉਪਦੇਸ਼ਕ ਦੀ ਕਿਤਾਬ 8:9 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਹੋਵਾਹ ਦੀ ਹਕੂਮਤ ਤੋਂ ਬਗੈਰ ਦੁਨੀਆਂ ਦਾ ਕੀ ਹਾਲ ਹੋ ਗਿਆ ਹੈ?

  1. ਆਦਮ ਅਤੇ ਹੱਵਾਹ ਮੁਕੰਮਲ ਸਨ ਅਤੇ ਸੋਹਣੀ ਧਰਤੀ ʼਤੇ ਰਹਿੰਦੇ ਸਨ। ਪਰ ਉਨ੍ਹਾਂ ਨੇ ਸ਼ੈਤਾਨ ਦੀ ਸੁਣੀ ਅਤੇ ਉਹ ਯਹੋਵਾਹ ਦੇ ਖ਼ਿਲਾਫ਼ ਹੋ ਗਏ

  2. ਬਗਾਵਤ ਹੋਣ ਕਰਕੇ ਦੁਨੀਆਂ ਵਿਚ ਪਾਪ, ਦੁੱਖ-ਤਕਲੀਫ਼ਾਂ ਅਤੇ ਮੌਤ ਆਈ

  3. ਇਨਸਾਨ ਫਿਰ ਤੋਂ ਮੁਕੰਮਲ ਹੋ ਜਾਣਗੇ ਅਤੇ ਸੋਹਣੀ ਧਰਤੀ ʼਤੇ ਜੀਉਣਗੇ

6. ਯਹੋਵਾਹ ਨੂੰ ਸਾਡੀ ਪਰਵਾਹ ਹੈ

ਜਦੋਂ ਅਸੀਂ ਤਕਲੀਫ਼ ਵਿਚ ਹੁੰਦੇ ਹਾਂ, ਤਾਂ ਕੀ ਪਰਮੇਸ਼ੁਰ ਨੂੰ ਕੋਈ ਫ਼ਰਕ ਪੈਂਦਾ ਹੈ? ਗੌਰ ਕਰੋ ਕਿ ਰਾਜਾ ਦਾਊਦ ਤੇ ਪਤਰਸ ਰਸੂਲ ਨੇ ਕੀ ਲਿਖਿਆ ਸੀ। ਜ਼ਬੂਰ 31:7 ਅਤੇ 1 ਪਤਰਸ 5:7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਹੋਵਾਹ ਸਾਡੀਆਂ ਤਕਲੀਫ਼ਾਂ ਸਮਝਦਾ ਹੈ ਅਤੇ ਉਹ ਸਾਡੀ ਬਹੁਤ ਪਰਵਾਹ ਕਰਦਾ ਹੈ। ਇਹ ਜਾਣ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ?

7. ਪਰਮੇਸ਼ੁਰ ਇਨਸਾਨਾਂ ਦੀਆਂ ਸਾਰੀਆਂ ਦੁੱਖ-ਤਕਲੀਫ਼ਾਂ ਮਿਟਾ ਦੇਵੇਗਾ

ਯਸਾਯਾਹ 65:17 ਅਤੇ ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਇਨਸਾਨਾਂ ਦੇ ਸਾਰੇ ਦੁੱਖ-ਦਰਦ ਮਿਟਾ ਦੇਵੇਗਾ। ਇਸ ਵਾਅਦੇ ਤੋਂ ਤੁਹਾਨੂੰ ਕਿਉਂ ਦਿਲਾਸਾ ਮਿਲਦਾ ਹੈ?

ਕੀ ਤੁਹਾਨੂੰ ਪਤਾ?

ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਪਹਿਲਾ ਝੂਠ ਬੋਲ ਕੇ ਯਹੋਵਾਹ ਦਾ ਨਾਂ ਬਦਨਾਮ ਕੀਤਾ। ਉਸ ਨੇ ਇਹ ਦੋਸ਼ ਲਾਇਆ ਕਿ ਯਹੋਵਾਹ ਚੰਗਾ ਰਾਜਾ ਨਹੀਂ ਹੈ ਅਤੇ ਉਹ ਇਨਸਾਨਾਂ ਨੂੰ ਪਿਆਰ ਨਹੀਂ ਕਰਦਾ। ਬਹੁਤ ਜਲਦ ਜਦੋਂ ਪਰਮੇਸ਼ੁਰ ਸਾਰੀਆਂ ਦੁੱਖ-ਤਕਲੀਫ਼ਾਂ ਖ਼ਤਮ ਕਰੇਗਾ, ਉਦੋਂ ਉਹ ਆਪਣੇ ਨਾਂ ʼਤੇ ਲੱਗਾ ਕਲੰਕ ਮਿਟਾ ਦੇਵੇਗਾ। ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਯਹੋਵਾਹ ਸਾਬਤ ਕਰੇਗਾ ਕਿ ਉਸ ਦੀ ਹਕੂਮਤ ਹੀ ਸਭ ਤੋਂ ਵਧੀਆ ਹੈ। ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਣਾ ਪੂਰੀ ਕਾਇਨਾਤ ਵਿਚ ਸਭ ਤੋਂ ਅਹਿਮ ਗੱਲ ਹੈ।—ਮੱਤੀ 6:9, 10.

ਕੁਝ ਲੋਕਾਂ ਦਾ ਕਹਿਣਾ ਹੈ: “ਦੁੱਖ-ਸੁੱਖ ਦੋਵੇਂ ਰੱਬ ਵੱਲੋਂ ਹੀ ਹਨ।”

  • ਤੁਹਾਡਾ ਕੀ ਖ਼ਿਆਲ ਹੈ?

ਹੁਣ ਤਕ ਅਸੀਂ ਸਿੱਖਿਆ

ਦੁਨੀਆਂ ਵਿਚ ਫੈਲੀ ਬੁਰਾਈ ਲਈ ਖ਼ਾਸ ਤੌਰ ਤੇ ਸ਼ੈਤਾਨ ਅਤੇ ਆਦਮ-ਹੱਵਾਹ ਜ਼ਿੰਮੇਵਾਰ ਹਨ। ਯਹੋਵਾਹ ਸਾਡੀਆਂ ਤਕਲੀਫ਼ਾਂ ਸਮਝਦਾ ਹੈ ਅਤੇ ਉਸ ਨੂੰ ਸਾਡੀ ਬਹੁਤ ਪਰਵਾਹ ਹੈ। ਉਹ ਜਲਦ ਹੀ ਸਾਰੀਆਂ ਦੁੱਖ-ਤਕਲੀਫ਼ਾਂ ਮਿਟਾ ਦੇਵੇਗਾ।

ਤੁਸੀਂ ਕੀ ਕਹੋਗੇ?

  • ਸ਼ੈਤਾਨ ਨੇ ਹੱਵਾਹ ਨੂੰ ਕਿਹੜਾ ਝੂਠ ਬੋਲਿਆ?

  • ਆਦਮ ਅਤੇ ਹੱਵਾਹ ਦੀ ਬਗਾਵਤ ਦਾ ਸਾਡੇ ਉੱਤੇ ਕੀ ਅਸਰ ਹੋਇਆ ਹੈ?

  • ਅਸੀਂ ਕਿੱਦਾਂ ਜਾਣਦੇ ਹਾਂ ਕਿ ਯਹੋਵਾਹ ਨੂੰ ਸਾਡੀ ਪਰਵਾਹ ਹੈ?

ਟੀਚਾ

ਇਹ ਵੀ ਦੇਖੋ

ਆਓ ਜਾਣੀਏ ਕਿ ਬਾਈਬਲ ਵਿਚ ਪਾਪ ਦਾ ਕੀ ਮਤਲਬ ਦੱਸਿਆ ਗਿਆ ਹੈ।

“ਪਾਪ ਕਰਨ ਦਾ ਕੀ ਮਤਲਬ ਹੈ?” (jw.org ʼਤੇ ਲੇਖ)

ਸ਼ੈਤਾਨ ਨੇ ਅਦਨ ਦੇ ਬਾਗ਼ ਵਿਚ ਜਿਹੜਾ ਸਵਾਲ ਖੜ੍ਹਾ ਕੀਤਾ, ਉਸ ਬਾਰੇ ਹੋਰ ਜਾਣਨ ਲਈ ਇਹ ਲੇਖ ਪੜ੍ਹੋ।

“ਰੱਬ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?” (ਪਹਿਰਾਬੁਰਜ  ਲੇਖ)

ਇਸ ਗੰਭੀਰ ਸਵਾਲ ਦਾ ਜਵਾਬ ਜਾਣ ਕੇ ਤੁਹਾਨੂੰ ਜ਼ਰੂਰ ਤਸੱਲੀ ਮਿਲੇਗੀ।

“ਯਹੂਦੀਆਂ ਦਾ ਕਤਲੇਆਮ ਕਿਉਂ ਹੋਇਆ? ਰੱਬ ਨੇ ਇਸ ਨੂੰ ਰੋਕਿਆ ਕਿਉਂ ਨਹੀਂ?” (jw.org ʼਤੇ ਲੇਖ)

ਇਕ ਆਦਮੀ ਨੇ ਜਦੋਂ ਜਾਣਿਆ ਕਿ ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ, ਤਾਂ ਦੇਖੋ ਉਸ ਨੂੰ ਕਿੱਦਾਂ ਲੱਗਾ।

ਹੁਣ ਮੈਂ ਇਕੱਲਾ ਨਹੀਂ ਹਾਂ  (5:09)