Skip to content

Skip to table of contents

ਪਾਠ 39

ਖ਼ੂਨ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?

ਖ਼ੂਨ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?

ਖ਼ੂਨ ਸਾਡੇ ਲਈ ਜ਼ਰੂਰੀ ਹੈ। ਇਸ ਤੋਂ ਬਿਨਾਂ ਅਸੀਂ ਜੀਉਂਦੇ ਨਹੀਂ ਰਹਿ ਸਕਦੇ। ਯਹੋਵਾਹ ਸਾਡਾ ਸਿਰਜਣਹਾਰ ਹੈ, ਇਸ ਲਈ ਉਸ ਕੋਲ ਇਹ ਦੱਸਣ ਦਾ ਹੱਕ ਹੈ ਕਿ ਸਾਨੂੰ ਖ਼ੂਨ ਦੀ ਵਰਤੋਂ ਕਿੱਦਾਂ ਕਰਨੀ ਚਾਹੀਦੀ ਹੈ। ਤਾਂ ਫਿਰ ਉਸ ਨੇ ਇਸ ਬਾਰੇ ਕੀ ਦੱਸਿਆ ਹੈ? ਕੀ ਅਸੀਂ ਖ਼ੂਨ ਖਾ ਸਕਦੇ ਹਾਂ ਅਤੇ ਖ਼ੂਨ ਲੈ ਜਾਂ ਦੇ ਸਕਦੇ ਹਾਂ? ਇਸ ਮਾਮਲੇ ਬਾਰੇ ਅਸੀਂ ਸਹੀ ਫ਼ੈਸਲੇ ਕਿੱਦਾਂ ਕਰ ਸਕਦੇ ਹਾਂ? ਆਓ ਜਾਣੀਏ।

1. ਖ਼ੂਨ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ?

ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਆਪਣੇ ਸੇਵਕਾਂ ਨੂੰ ਕਿਹਾ ਸੀ: “ਖ਼ੂਨ ਹਰ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦੀ ਜਾਨ ਹੈ।” (ਲੇਵੀਆਂ 17:14) ਹਾਂ, ਯਹੋਵਾਹ ਦੀ ਨਜ਼ਰ ਵਿਚ ਖ਼ੂਨ ਜ਼ਿੰਦਗੀ ਹੈ। ਜ਼ਿੰਦਗੀ ਯਹੋਵਾਹ ਦੀ ਦੇਣ ਹੈ। ਜਿੱਦਾਂ ਉਹ ਜ਼ਿੰਦਗੀ ਨੂੰ ਪਵਿੱਤਰ ਸਮਝਦਾ ਹੈ, ਉਸੇ ਤਰ੍ਹਾਂ ਉਹ ਖ਼ੂਨ ਨੂੰ ਵੀ ਪਵਿੱਤਰ ਸਮਝਦਾ ਹੈ।

2. ਖ਼ੂਨ ਬਾਰੇ ਯਹੋਵਾਹ ਨੇ ਕਿਹੜਾ ਹੁਕਮ ਦਿੱਤਾ ਹੈ?

ਜਲ-ਪਰਲੋ ਤੋਂ ਬਾਅਦ ਯਹੋਵਾਹ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਉਹ ਖ਼ੂਨ ਸਣੇ ਮਾਸ ਨਾ ਖਾਣ। ਬਾਅਦ ਵਿਚ ਉਸ ਨੇ ਇਜ਼ਰਾਈਲ ਕੌਮ ਨੂੰ ਵੀ ਇਹੀ ਹੁਕਮ ਦਿੱਤਾ। (ਉਤਪਤ 9:4 ਅਤੇ ਲੇਵੀਆਂ 17:10 ਪੜ੍ਹੋ।) ਫਿਰ ਜਦੋਂ ਮਸੀਹੀ ਮੰਡਲੀ ਬਣੀ, ਉਦੋਂ ਵੀ ਖ਼ੂਨ ਬਾਰੇ ਪਰਮੇਸ਼ੁਰ ਦਾ ਹੁਕਮ ਨਹੀਂ ਬਦਲਿਆ। ਉਸ ਨੇ ਪ੍ਰਬੰਧਕ ਸਭਾ ਦੇ ਜ਼ਰੀਏ ਮੰਡਲੀਆਂ ਨੂੰ ਹਿਦਾਇਤ ਦਿੱਤੀ ਕਿ ਉਹ ‘ਖ਼ੂਨ ਤੋਂ ਦੂਰ ਰਹਿਣ।’ਰਸੂਲਾਂ ਦੇ ਕੰਮ 15:28, 29 ਪੜ੍ਹੋ।

ਖ਼ੂਨ ਤੋਂ ਦੂਰ ਰਹਿਣ ਦਾ ਕੀ ਮਤਲਬ ਹੈ? ਮੰਨ ਲਓ ਕਿ ਡਾਕਟਰ ਤੁਹਾਨੂੰ ਸ਼ਰਾਬ ਤੋਂ ਦੂਰ ਰਹਿਣ ਲਈ ਕਹਿੰਦਾ ਹੈ। ਕੀ ਤੁਸੀਂ ਇਹ ਸੋਚੋਗੇ, ‘ਠੀਕ ਆ, ਮੈਂ ਸ਼ਰਾਬ ਪੀਣੀ ਤਾਂ ਨਹੀਂ, ਪਰ ਮੈਂ ਉਹ ਚੀਜ਼ਾਂ ਖਾ ਲੈਣੀਆਂ ਜਿਨ੍ਹਾਂ ਵਿਚ ਸ਼ਰਾਬ ਮਿਲਾਈ ਗਈ ਹੋਵੇ। ਜਾਂ ਮੈਂ ਇਸ ਨੂੰ ਗਲੂਕੋਜ਼ ਵਾਂਗ ਚੜ੍ਹਵਾ ਲੈਂਦਾ’? ਤੁਸੀਂ ਇੱਦਾਂ ਬਿਲਕੁਲ ਵੀ ਨਹੀਂ ਸੋਚੋਗੇ। ਇਸੇ ਤਰ੍ਹਾਂ ਜਦੋਂ ਪਰਮੇਸ਼ੁਰ ਨੇ ਕਿਹਾ ਕਿ ਖ਼ੂਨ ਤੋਂ ਦੂਰ ਰਹੋ, ਤਾਂ ਇਸ ਦਾ ਮਤਲਬ ਹੈ ਕਿ ਸਾਨੂੰ ਨਾ ਤਾਂ ਖ਼ੂਨ ਪੀਣਾ ਚਾਹੀਦਾ ਅਤੇ ਨਾ ਹੀ ਅਜਿਹਾ ਮਾਸ ਖਾਣਾ ਚਾਹੀਦਾ ਜਿਸ ਵਿੱਚੋਂ ਚੰਗੀ ਤਰ੍ਹਾਂ ਖ਼ੂਨ ਨਾ ਕੱਢਿਆ ਗਿਆ ਹੋਵੇ। ਸਾਨੂੰ ਅਜਿਹੀ ਕੋਈ ਚੀਜ਼ ਵੀ ਨਹੀਂ ਖਾਣੀ ਚਾਹੀਦੀ ਜਿਸ ਵਿਚ ਖ਼ੂਨ ਮਿਲਾਇਆ ਗਿਆ ਹੋਵੇ।

ਪਰ ਇਲਾਜ ਵਿਚ ਖ਼ੂਨ ਦੀ ਵਰਤੋਂ ਬਾਰੇ ਕੀ? ਸੁਧਾ ਖ਼ੂਨ ਚੜ੍ਹਾਉਣਾ ਪਰਮੇਸ਼ੁਰ ਦੇ ਹੁਕਮ ਦੇ ਬਿਲਕੁਲ ਖ਼ਿਲਾਫ਼ ਹੈ। ਇਸ ਤੋਂ ਇਲਾਵਾ, ਇਲਾਜ ਵਿਚ ਖ਼ੂਨ ਦੇ ਮੁੱਖ ਤੱਤਾਂ ਦਾ ਇਸਤੇਮਾਲ ਵੀ ਪਰਮੇਸ਼ੁਰ ਦੇ ਹੁਕਮ ਮੁਤਾਬਕ ਗ਼ਲਤ ਹੈ। ਇਹ ਚਾਰ ਤੱਤ ਹਨ: ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ ਤੇ ਪਲਾਜ਼ਮਾ। ਪਰ ਇਲਾਜ ਦੇ ਕੁਝ ਤਰੀਕਿਆਂ ਬਾਰੇ ਸ਼ਾਇਦ ਸਾਨੂੰ ਸਾਫ਼-ਸਾਫ਼ ਪਤਾ ਨਾ ਲੱਗੇ ਕਿ ਇਹ ਪਰਮੇਸ਼ੁਰ ਦੇ ਹੁਕਮ ਮੁਤਾਬਕ ਸਹੀ ਹਨ ਜਾਂ ਨਹੀਂ। ਮਿਸਾਲ ਲਈ, ਇਲਾਜ ਦੇ ਕੁਝ ਤਰੀਕਿਆਂ ਵਿਚ ਖ਼ੂਨ ਦੇ ਕਿਸੇ ਤੱਤ ਵਿੱਚੋਂ ਛੋਟੇ-ਛੋਟੇ ਅੰਸ਼ ਕੱਢ ਕੇ ਵਰਤੇ ਜਾਂਦੇ ਹਨ। ਕਈ ਵਾਰ ਇਲਾਜ ਕਰਨ ਲਈ ਮਰੀਜ਼ ਦਾ ਆਪਣਾ ਹੀ ਖ਼ੂਨ ਵਰਤਿਆ ਜਾਂਦਾ ਹੈ। ਇਲਾਜ ਸੰਬੰਧੀ ਕੋਈ ਵੀ ਫ਼ੈਸਲਾ ਸਾਨੂੰ ਆਪ ਸੋਚ-ਸਮਝ ਕੇ ਕਰਨਾ ਪਵੇਗਾ। aਗਲਾਤੀਆਂ 6:5.

ਹੋਰ ਸਿੱਖੋ

ਤੁਸੀਂ ਇਲਾਜ ਕਰਾਉਣ ਵੇਲੇ ਖ਼ੂਨ ਦੀ ਵਰਤੋਂ ਬਾਰੇ ਸਹੀ ਫ਼ੈਸਲਾ ਕਿਵੇਂ ਕਰ ਸਕਦੇ ਹੋ? ਆਓ ਜਾਣੀਏ।

3. ਇਲਾਜ ਕਰਾਉਣ ਵੇਲੇ ਯਹੋਵਾਹ ਦੇ ਅਸੂਲਾਂ ਮੁਤਾਬਕ ਫ਼ੈਸਲੇ ਕਰੋ

ਤੁਸੀਂ ਇਲਾਜ ਦੇ ਮਾਮਲੇ ਵਿਚ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹੋ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੋਵੇ? ਵੀਡੀਓ ਦੇਖੋ। ਫਿਰ ਚਰਚਾ ਕਰੋ ਕਿ ਅੱਗੇ ਦੱਸੇ ਕਦਮ ਚੁੱਕਣੇ ਕਿਉਂ ਜ਼ਰੂਰੀ ਹਨ।

  • ਬੁੱਧ ਲਈ ਪ੍ਰਾਰਥਨਾ ਕਰੋ।—ਯਾਕੂਬ 1:5.

  • ਖੋਜਬੀਨ ਕਰੋ ਕਿ ਇਸ ਮਾਮਲੇ ਵਿਚ ਬਾਈਬਲ ਦੇ ਕਿਹੜੇ ਅਸੂਲ ਲਾਗੂ ਹੁੰਦੇ ਹਨ।—ਕਹਾਉਤਾਂ 13:16.

  • ਪਤਾ ਕਰੋ ਕਿ ਤੁਹਾਡੇ ਇਲਾਕੇ ਵਿਚ ਕਿਹੜੇ-ਕਿਹੜੇ ਇਲਾਜ ਉਪਲਬਧ ਹਨ।

  • ਦੇਖੋ ਕਿ ਇਨ੍ਹਾਂ ਵਿੱਚੋਂ ਕਿਹੜੇ ਇਲਾਜ ਤੁਹਾਨੂੰ ਬਿਲਕੁਲ ਸਵੀਕਾਰ ਨਹੀਂ ਹਨ।

  • ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜੋ ਵੀ ਫ਼ੈਸਲਾ ਕਰੋਗੇ, ਉਸ ਨਾਲ ਤੁਹਾਡੀ ਜ਼ਮੀਰ ਸਾਫ਼ ਰਹੇ।—ਰਸੂਲਾਂ ਦੇ ਕੰਮ 24:16. b

  • ਕੁਝ ਫ਼ੈਸਲੇ ਸਾਡੀ ਜ਼ਮੀਰ ʼਤੇ ਛੱਡੇ ਗਏ ਹਨ। ਇਸ ਲਈ ਯਾਦ ਰੱਖੋ ਕਿ ਕਿਸੇ ਕੋਲ ਵੀ ਤੁਹਾਡੇ ਲਈ ਅਜਿਹੇ ਫ਼ੈਸਲੇ ਕਰਨ ਦਾ ਹੱਕ ਨਹੀਂ ਹੈ, ਫਿਰ ਚਾਹੇ ਉਹ ਤੁਹਾਡਾ ਪਤੀ ਜਾਂ ਪਤਨੀ, ਮੰਡਲੀ ਦਾ ਕੋਈ ਬਜ਼ੁਰਗ ਜਾਂ ਤੁਹਾਨੂੰ ਸਟੱਡੀ ਕਰਾਉਣ ਵਾਲਾ ਹੀ ਕਿਉਂ ਨਾ ਹੋਵੇ।—ਰੋਮੀਆਂ 14:12.

  • ਆਪਣਾ ਫ਼ੈਸਲਾ ਲਿਖ ਲਓ।

4. ਯਹੋਵਾਹ ਦੇ ਗਵਾਹ ਵਧੀਆ ਇਲਾਜ ਕਰਾਉਣਾ ਚਾਹੁੰਦੇ ਹਨ

ਯਹੋਵਾਹ ਦਾ ਹੁਕਮ ਮੰਨ ਕੇ ਵੀ ਵਧੀਆ ਇਲਾਜ ਕਰਾਇਆ ਜਾ ਸਕਦਾ ਹੈ ਅਤੇ ਉਹ ਵੀ ਖ਼ੂਨ ਦੇ ਬਗੈਰ। ਵੀਡੀਓ ਦੇਖੋ।

ਤੀਤੁਸ 3:2 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਸਾਨੂੰ ਡਾਕਟਰਾਂ ਨਾਲ ਕਿਉਂ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ?

ਮਸੀਹੀ ਇਹ ਨਹੀਂ ਲੈਂਦੇ

ਮਸੀਹੀਆਂ ਨੇ ਆਪ ਫ਼ੈਸਲਾ ਕਰਨਾ ਹੈ

1. ਪਲਾਜ਼ਮਾ

ਪਲਾਜ਼ਮੇ ਦੇ ਅੰਸ਼

2. ਚਿੱਟੇ ਸੈੱਲ

ਚਿੱਟੇ ਸੈੱਲਾਂ ਦੇ ਅੰਸ਼

3. ਪਲੇਟਲੈਟ

ਪਲੇਟਲੈਟਾਂ ਦੇ ਅੰਸ਼

4. ਲਾਲ ਸੈੱਲ

ਲਾਲ ਸੈੱਲਾਂ ਦੇ ਅੰਸ਼

 5. ਜਦੋਂ ਖ਼ੂਨ ਦੇ ਅੰਸ਼ ਲੈਣ ਦੀ ਗੱਲ ਆਉਂਦੀ ਹੈ

ਖ਼ੂਨ ਚਾਰ ਮੁੱਖ ਤੱਤਾਂ ਤੋਂ ਬਣਿਆ ਹੁੰਦਾ ਹੈ: ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ ਅਤੇ ਪਲਾਜ਼ਮਾ। ਇਨ੍ਹਾਂ ਤੱਤਾਂ ਵਿੱਚੋਂ ਅੰਸ਼ ਕੱਢੇ ਜਾਂਦੇ ਹਨ। c ਇਹ ਅੰਸ਼ ਕੁਝ ਦਵਾਈਆਂ ਵਿਚ ਵਰਤੇ ਜਾਂਦੇ ਹਨ ਜੋ ਬੀਮਾਰੀਆਂ ਨਾਲ ਲੜਨ ਜਾਂ ਖ਼ੂਨ ਦੇ ਵਹਾਅ ਨੂੰ ਰੋਕਣ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ।

ਜਦੋਂ ਖ਼ੂਨ ਦੇ ਅੰਸ਼ ਲੈਣ ਦੀ ਗੱਲ ਆਉਂਦੀ ਹੈ, ਤਾਂ ਹਰ ਮਸੀਹੀ ਨੂੰ ਬਾਈਬਲ ਦੇ ਅਸੂਲਾਂ ਨੂੰ ਧਿਆਨ ਵਿਚ ਰੱਖ ਕੇ ਆਪਣੀ ਜ਼ਮੀਰ ਮੁਤਾਬਕ ਫ਼ੈਸਲਾ ਕਰਨਾ ਪਵੇਗਾ। ਕੁਝ ਮਸੀਹੀ ਸ਼ਾਇਦ ਇਹ ਫ਼ੈਸਲਾ ਕਰਨ ਕਿ ਉਹ ਅਜਿਹੇ ਇਲਾਜ ਨਹੀਂ ਕਰਾਉਣਗੇ ਜਿਨ੍ਹਾਂ ਵਿਚ ਖ਼ੂਨ ਦੇ ਅੰਸ਼ ਵਰਤੇ ਜਾਂਦੇ ਹਨ। ਦੂਜੇ ਪਾਸੇ, ਕੁਝ ਮਸੀਹੀਆਂ ਦੀ ਜ਼ਮੀਰ ਸ਼ਾਇਦ ਉਨ੍ਹਾਂ ਨੂੰ ਇਹ ਇਲਾਜ ਕਰਾਉਣ ਦੀ ਇਜਾਜ਼ਤ ਦੇਵੇ।

ਇਸ ਬਾਰੇ ਫ਼ੈਸਲਾ ਕਰਦੇ ਸਮੇਂ ਅੱਗੇ ਦਿੱਤੇ ਸਵਾਲ ʼਤੇ ਸੋਚ-ਵਿਚਾਰ ਕਰੋ:

  • ਮੈਂ ਡਾਕਟਰ ਨੂੰ ਕਿਵੇਂ ਸਮਝਾਵਾਂਗਾ ਕਿ ਮੈਂ ਖ਼ੂਨ ਦੇ ਕੁਝ ਅੰਸ਼ ਕਿਉਂ ਲਵਾਂਗਾ ਜਾਂ ਕਿਉਂ ਨਹੀਂ?

ਸ਼ਾਇਦ ਕੋਈ ਪੁੱਛੇ: “ਖ਼ੂਨ ਲੈਣ ਜਾਂ ਦਾਨ ਕਰਨ ਵਿਚ ਕੀ ਬੁਰਾਈ ਹੈ?”

  • ਇਸ ਬਾਰੇ ਤੁਸੀਂ ਕੀ ਸੋਚਦੇ ਹੋ?

ਹੁਣ ਤਕ ਅਸੀਂ ਸਿੱਖਿਆ

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖ਼ੂਨ ਦਾ ਗ਼ਲਤ ਇਸਤੇਮਾਲ ਨਾ ਕਰੀਏ।

ਤੁਸੀਂ ਕੀ ਕਹੋਗੇ?

  • ਯਹੋਵਾਹ ਖ਼ੂਨ ਨੂੰ ਪਵਿੱਤਰ ਕਿਉਂ ਸਮਝਦਾ ਹੈ?

  • ਅਸੀਂ ਕਿਉਂ ਕਹਿ ਸਕਦੇ ਹਾਂ ਕਿ ਖ਼ੂਨ ਤੋਂ ਦੂਰ ਰਹਿਣ ਬਾਰੇ ਪਰਮੇਸ਼ੁਰ ਨੇ ਜੋ ਹੁਕਮ ਦਿੱਤਾ ਹੈ, ਉਹ ਖ਼ੂਨ ਲੈਣ ʼਤੇ ਵੀ ਲਾਗੂ ਹੁੰਦਾ ਹੈ?

  • ਇਲਾਜ ਵਿਚ ਖ਼ੂਨ ਦੀ ਵਰਤੋਂ ਕਰਨ ਬਾਰੇ ਅਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ?

ਟੀਚਾ

ਇਹ ਵੀ ਦੇਖੋ

ਕੀ ਤੁਸੀਂ ਉਨ੍ਹਾਂ ਤਰੀਕਿਆਂ ਨਾਲ ਆਪਣਾ ਇਲਾਜ ਕਰਾਓਗੇ ਜਿਨ੍ਹਾਂ ਵਿਚ ਤੁਹਾਡਾ ਆਪਣਾ ਹੀ ਖ਼ੂਨ ਵਰਤਿਆ ਜਾਵੇਗਾ? ਇਹ ਫ਼ੈਸਲਾ ਕਰਨ ਤੋਂ ਪਹਿਲਾਂ ਤੁਹਾਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਆਓ ਜਾਣੀਏ।

“ਪਾਠਕਾਂ ਵੱਲੋਂ ਸਵਾਲ” (ਪਹਿਰਾਬੁਰਜ, 15 ਅਕਤੂਬਰ 2000)

ਕੀ ਤੁਸੀਂ ਅਜਿਹੇ ਇਲਾਜ ਕਰਾਓਗੇ ਜਿਨ੍ਹਾਂ ਵਿਚ ਖ਼ੂਨ ਦੇ ਅੰਸ਼ ਵਰਤੇ ਜਾਂਦੇ ਹਨ? ਆਓ ਜਾਣੀਏ ਕਿ ਇਹ ਫ਼ੈਸਲਾ ਕਰਦੇ ਸਮੇਂ ਤੁਹਾਨੂੰ ਕਿਨ੍ਹਾਂ ਗੱਲਾਂ ਬਾਰੇ ਸੋਚ-ਵਿਚਾਰ ਕਰਨਾ ਚਾਹੀਦਾ ਹੈ।

“ਪਾਠਕਾਂ ਵੱਲੋਂ ਸਵਾਲ” (ਪਹਿਰਾਬੁਰਜ, 15 ਜੂਨ 2004)

ਆਓ ਜਾਣੀਏ ਕਿ ਇਕ ਡਾਕਟਰ ਨੂੰ ਕਿਵੇਂ ਯਕੀਨ ਹੋਇਆ ਕਿ ਖ਼ੂਨ ਬਾਰੇ ਯਹੋਵਾਹ ਦਾ ਨਜ਼ਰੀਆ ਸਹੀ ਹੈ।

“ਮੈਂ ਖ਼ੂਨ ਬਾਰੇ ਪਰਮੇਸ਼ੁਰ ਦੀ ਸੋਚ ਅਪਣਾਈ” (ਜਾਗਰੂਕ ਬਣੋ!  ਲੇਖ)

ਜਾਣੋ ਕਿ ਹਸਪਤਾਲ ਸੰਪਰਕ ਕਮੇਟੀਆਂ ਵਿਚ ਸੇਵਾ ਕਰਨ ਵਾਲੇ ਭਰਾ ਕਿਸ ਤਰ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ।

ਯਹੋਵਾਹ ਬੀਮਾਰਾਂ ਨੂੰ ਸੰਭਾਲਦਾ ਹੈ  (10:23)

a ਪਾਠ 35 ਦੇਖੋ ਜਿਸ ਦਾ ਵਿਸ਼ਾ ਹੈ “ਸਹੀ ਫ਼ੈਸਲੇ ਕਿਵੇਂ ਕਰੀਏ?”

b  ਨੁਕਤਾ 5 “ਜਦੋਂ ਖ਼ੂਨ ਦੇ ਅੰਸ਼ ਲੈਣ ਦੀ ਗੱਲ ਆਉਂਦੀ ਹੈ” ਅਤੇ ਹੋਰ ਜਾਣਕਾਰੀ 3 “ਇਲਾਜ ਵਿਚ ਆਪਣੇ ਖ਼ੂਨ ਦੀ ਵਰਤੋਂ” ਦੇਖੋ।

c ਧਿਆਨ ਦਿਓ ਕਿ ਕੁਝ ਡਾਕਟਰ ਖ਼ੂਨ ਦੇ ਚਾਰ ਤੱਤਾਂ ਨੂੰ ਵੀ ਖ਼ੂਨ ਦੇ ਅੰਸ਼ ਮੰਨਦੇ ਹਨ। ਇਸ ਲਈ ਜਦੋਂ ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰਦੇ ਹੋ, ਤਾਂ ਸ਼ਾਇਦ ਤੁਹਾਨੂੰ ਸਾਫ਼-ਸਾਫ਼ ਦੱਸਣਾ ਪਵੇ ਕਿ ਤੁਸੀਂ ਨਾ ਤਾਂ ਸੁਧਾ ਖ਼ੂਨ ਲਓਗੇ ਤੇ ਨਾ ਹੀ ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ ਅਤੇ ਪਲਾਜ਼ਮਾ।