Skip to content

Skip to table of contents

ਪਾਠ 41

ਸਰੀਰਕ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

ਸਰੀਰਕ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

ਜਦੋਂ ਸਰੀਰਕ ਸੰਬੰਧਾਂ ਜਾਂ ਸੈਕਸ ਦੀ ਗੱਲ ਆਉਂਦੀ ਹੈ, ਤਾਂ ਕਈ ਲੋਕ ਇਸ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ। ਪਰ ਬਾਈਬਲ ਵਿਚ ਇਸ ਬਾਰੇ ਸਾਫ਼-ਸਾਫ਼ ਤੇ ਆਦਰਯੋਗ ਤਰੀਕੇ ਨਾਲ ਦੱਸਿਆ ਗਿਆ ਹੈ। ਇਸ ਵਿਚ ਦਿੱਤੀ ਸਲਾਹ ਨੂੰ ਮੰਨ ਕੇ ਸਾਡਾ ਹੀ ਫ਼ਾਇਦਾ ਹੁੰਦਾ ਹੈ ਕਿਉਂਕਿ ਇਹ ਸਲਾਹ ਸਾਡੇ ਸਿਰਜਣਹਾਰ ਯਹੋਵਾਹ ਵੱਲੋਂ ਹੈ। ਉਸ ਤੋਂ ਚੰਗੀ ਸਲਾਹ ਭਲਾ ਹੋਰ ਕੌਣ ਦੇ ਸਕਦਾ ਹੈ? ਇਸ ʼਤੇ ਚੱਲ ਕੇ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰ ਸਕਾਂਗੇ ਅਤੇ ਸਾਨੂੰ ਹਮੇਸ਼ਾ ਦੀ ਖ਼ੁਸ਼ੀ ਮਿਲੇਗੀ।

1. ਸਰੀਰਕ ਸੰਬੰਧਾਂ ਬਾਰੇ ਯਹੋਵਾਹ ਕੀ ਕਹਿੰਦਾ ਹੈ?

ਸਰੀਰਕ ਸੰਬੰਧ ਯਹੋਵਾਹ ਦੀ ਦਾਤ ਹੈ। ਉਹ ਚਾਹੁੰਦਾ ਹੈ ਕਿ ਇਕ ਆਦਮੀ ਤੇ ਔਰਤ ਵਿਆਹ ਦੇ ਬੰਧਨ ਵਿਚ ਬੱਝ ਕੇ ਹੀ ਇਸ ਦਾਤ ਦਾ ਆਨੰਦ ਮਾਣਨ। ਇਸ ਦਾਤ ਦੇ ਜ਼ਰੀਏ ਪਤੀ-ਪਤਨੀ ਨਾ ਸਿਰਫ਼ ਬੱਚੇ ਪੈਦਾ ਕਰ ਸਕਦੇ ਹਨ, ਸਗੋਂ ਇਕ-ਦੂਜੇ ਲਈ ਆਪਣਾ ਪਿਆਰ ਜਤਾਉਂਦੇ ਹਨ। ਇਸੇ ਲਈ ਬਾਈਬਲ ਵਿਚ ਲਿਖਿਆ ਹੈ: “ਤੂੰ ਆਪਣੀ ਜਵਾਨੀ ਦੀ ਪਤਨੀ ਨਾਲ ਆਨੰਦ ਮਾਣ।” (ਕਹਾਉਤਾਂ 5:18, 19) ਯਹੋਵਾਹ ਮਸੀਹੀ ਪਤੀ-ਪਤਨੀਆਂ ਤੋਂ ਉਮੀਦ ਕਰਦਾ ਹੈ ਕਿ ਉਹ ਆਪਣੇ ਜੀਵਨ ਸਾਥੀ ਦੇ ਵਫ਼ਾਦਾਰ ਰਹਿਣ ਅਤੇ ਕਿਸੇ ਗ਼ੈਰ ਆਦਮੀ-ਔਰਤ ਨਾਲ ਸਰੀਰਕ ਸੰਬੰਧ ਨਾ ਰੱਖਣ।—ਇਬਰਾਨੀਆਂ 13:4 ਪੜ੍ਹੋ।

2. ਬਾਈਬਲ ਮੁਤਾਬਕ ਹਰਾਮਕਾਰੀ ਦਾ ਕੀ ਮਤਲਬ ਹੈ?

ਬਾਈਬਲ ਵਿਚ ਲਿਖਿਆ ਹੈ: “ਹਰਾਮਕਾਰ . . . ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।” (1 ਕੁਰਿੰਥੀਆਂ 6:9, 10) ਬਾਈਬਲ ਦੇ ਲਿਖਾਰੀਆਂ ਨੇ ਹਰਾਮਕਾਰੀ ਲਈ ਯੂਨਾਨੀ ਭਾਸ਼ਾ ਵਿਚ ਸ਼ਬਦ “ਪੋਰਨੀਆ” ਵਰਤਿਆ। ਇਸ ਸ਼ਬਦ ਵਿਚ ਇਹ ਗੱਲਾਂ ਸ਼ਾਮਲ ਹਨ: (1) ਦੋ ਜਣਿਆਂ ਵਿਚ ਸਰੀਰਕ ਸੰਬੰਧ a ਜੋ ਆਪਸ ਵਿਚ ਵਿਆਹੇ ਹੋਏ ਨਹੀਂ ਹਨ, (2) ਸਮਲਿੰਗੀ ਸੰਬੰਧ ਅਤੇ (3) ਜਾਨਵਰਾਂ ਨਾਲ ਸੰਬੰਧ। ਜਦੋਂ ਅਸੀਂ ‘ਹਰਾਮਕਾਰੀ ਤੋਂ ਦੂਰ ਰਹਿੰਦੇ ਹਾਂ,’ ਤਾਂ ਅਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਾਂ ਅਤੇ ਸਾਨੂੰ ਫ਼ਾਇਦਾ ਹੁੰਦਾ ਹੈ।—1 ਥੱਸਲੁਨੀਕੀਆਂ 4:3.

ਹੋਰ ਸਿੱਖੋ

ਤੁਸੀਂ ਨਾਜਾਇਜ਼ ਸਰੀਰਕ ਸੰਬੰਧਾਂ ਤੋਂ ਕਿਵੇਂ ਦੂਰ ਰਹਿ ਸਕਦੇ ਹੋ? ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖਣ ਦੇ ਤੁਹਾਨੂੰ ਕਿਹੜੇ ਫ਼ਾਇਦੇ ਹੋਣਗੇ? ਆਓ ਜਾਣੀਏ।

3. ਹਰਾਮਕਾਰੀ ਤੋਂ ਦੂਰ ਭੱਜੋ

ਯੂਸੁਫ਼ ਯਹੋਵਾਹ ਦਾ ਵਫ਼ਾਦਾਰ ਸੇਵਕ ਸੀ ਤੇ ਉਸ ਨੇ ਆਪਣਾ ਚਾਲ-ਚਲਣ ਸ਼ੁੱਧ ਰੱਖਣ ਲਈ ਬਹੁਤ ਜੱਦੋ-ਜਹਿਦ ਕੀਤੀ। ਉਤਪਤ 39:1-12 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਯੂਸੁਫ਼ ਨੇ ਤੁਰੰਤ ਭੱਜਣ ਦਾ ਫ਼ੈਸਲਾ ਕਿਉਂ ਕੀਤਾ?—ਆਇਤ 9 ਦੇਖੋ।

  • ਕੀ ਤੁਹਾਨੂੰ ਲੱਗਦਾ ਕਿ ਯੂਸੁਫ਼ ਨੇ ਸਹੀ ਫ਼ੈਸਲਾ ਕੀਤਾ? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

ਅੱਜ ਨੌਜਵਾਨ ਯੂਸੁਫ਼ ਵਾਂਗ ਹਰਾਮਕਾਰੀ ਤੋਂ ਕਿੱਦਾਂ ਭੱਜ ਸਕਦੇ ਹਨ? ਵੀਡੀਓ ਦੇਖੋ।

ਯਹੋਵਾਹ ਸਾਡੇ ਸਾਰਿਆਂ ਤੋਂ ਚਾਹੁੰਦਾ ਹੈ ਕਿ ਅਸੀਂ ਹਰਾਮਕਾਰੀ ਤੋਂ ਦੂਰ ਰਹੀਏ। 1 ਕੁਰਿੰਥੀਆਂ 6:18 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਕਿਨ੍ਹਾਂ ਹਾਲਾਤਾਂ ਵਿਚ ਇਕ ਵਿਅਕਤੀ ਹਰਾਮਕਾਰੀ ਦੇ ਫੰਦੇ ਵਿਚ ਫਸ ਸਕਦਾ ਹੈ?

  • ਅਸੀਂ ਹਰਾਮਕਾਰੀ ਤੋਂ ਦੂਰ ਕਿੱਦਾਂ ਭੱਜ ਸਕਦੇ ਹਾਂ?

4. ਤੁਸੀਂ ਹਰਾਮਕਾਰੀ ਕਰਨ ਦੇ ਫੰਦੇ ਤੋਂ ਬਚ ਸਕਦੇ ਹੋ

ਕਿਨ੍ਹਾਂ ਕਾਰਨਾਂ ਕਰਕੇ ਹਰਾਮਕਾਰੀ ਦੇ ਫੰਦੇ ਤੋਂ ਬਚਣਾ ਔਖਾ ਹੋ ਸਕਦਾ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਜਦੋਂ ਭਰਾ ਨੂੰ ਅਹਿਸਾਸ ਹੋਇਆ ਕਿ ਆਪਣੀ ਸੋਚ ਅਤੇ ਤੌਰ-ਤਰੀਕਿਆਂ ਕਰਕੇ ਸ਼ਾਇਦ ਉਸ ਤੋਂ ਆਪਣੀ ਪਤਨੀ ਨਾਲ ਬੇਵਫ਼ਾਈ ਹੋ ਸਕਦੀ ਸੀ, ਤਾਂ ਉਸ ਨੇ ਕਿਹੜੇ ਕਦਮ ਚੁੱਕੇ?

ਵਫ਼ਾਦਾਰ ਮਸੀਹੀਆਂ ਲਈ ਵੀ ਕਦੇ-ਕਦੇ ਆਪਣੀ ਸੋਚ ਨੂੰ ਸ਼ੁੱਧ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਗ਼ਲਤ ਗੱਲਾਂ ਬਾਰੇ ਸੋਚਦੇ ਨਾ ਰਹੀਏ? ਫ਼ਿਲਿੱਪੀਆਂ 4:8 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਸਾਨੂੰ ਕਿਹੜੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ?

  • ਪਾਪ ਕਰਨ ਤੋਂ ਬਚਣ ਲਈ ਸਾਡੇ ਵਾਸਤੇ ਬਾਈਬਲ ਪੜ੍ਹਨੀ ਅਤੇ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣਾ ਕਿਉਂ ਜ਼ਰੂਰੀ ਹੈ?

5. ਯਹੋਵਾਹ ਦੇ ਮਿਆਰਾਂ ʼਤੇ ਚੱਲ ਕੇ ਫ਼ਾਇਦਾ ਹੁੰਦਾ ਹੈ

ਯਹੋਵਾਹ ਜਾਣਦਾ ਹੈ ਕਿ ਕਿਹੜੀ ਗੱਲ ਵਿਚ ਸਾਡੀ ਭਲਾਈ ਹੈ। ਉਸ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਆਪਣਾ ਚਾਲ-ਚਲਣ ਕਿੱਦਾਂ ਸ਼ੁੱਧ ਰੱਖ ਸਕਦੇ ਹਾਂ ਅਤੇ ਇਸ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ। ਕਹਾਉਤਾਂ 7:7-27 ਪੜ੍ਹੋ ਜਾਂ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਇਕ ਨੌਜਵਾਨ ਗ਼ਲਤ ਕੰਮ ਕਰਨ ਦੇ ਫੰਦੇ ਵਿਚ ਕਿਵੇਂ ਫਸ ਗਿਆ?—ਕਹਾਉਤਾਂ 7:8, 9 ਦੇਖੋ।

  • ਕਹਾਉਤਾਂ 7:23, 26 ਵਿਚ ਦੱਸਿਆ ਗਿਆ ਹੈ ਕਿ ਹਰਾਮਕਾਰੀ ਕਰਨ ਦੇ ਭੈੜੇ ਅੰਜਾਮ ਨਿਕਲ ਸਕਦੇ ਹਨ। ਜੇ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖਾਂਗੇ, ਤਾਂ ਅਸੀਂ ਕਿਹੜੀਆਂ ਮੁਸ਼ਕਲਾਂ ਤੋਂ ਬਚ ਸਕਾਂਗੇ?

  • ਜੇ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖਾਂਗੇ, ਤਾਂ ਸਾਨੂੰ ਭਵਿੱਖ ਵਿਚ ਕਿਹੜੀਆਂ ਸ਼ਾਨਦਾਰ ਬਰਕਤਾਂ ਮਿਲਣਗੀਆਂ?

ਕੁਝ ਲੋਕ ਸੋਚਦੇ ਹਨ ਕਿ ਬਾਈਬਲ ਸਮਲਿੰਗੀ ਸੰਬੰਧਾਂ ਬਾਰੇ ਜੋ ਕਹਿੰਦੀ ਹੈ, ਉਹ ਸਮਲਿੰਗੀ ਲੋਕਾਂ ਨਾਲ ਬੇਇਨਸਾਫ਼ੀ ਹੈ। ਪਰ ਇੱਦਾਂ ਨਹੀਂ ਹੈ। ਯਹੋਵਾਹ ਸਾਰਿਆਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣੀ ਚਾਹੁੰਦਾ ਹੈ। ਪਰ ਇਹ ਜ਼ਿੰਦਗੀ ਪਾਉਣ ਲਈ ਸਾਨੂੰ ਉਸ ਦੇ ਮਿਆਰਾਂ ʼਤੇ ਚੱਲਣਾ ਪਵੇਗਾ। 1 ਕੁਰਿੰਥੀਆਂ 6:9-11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਇਨ੍ਹਾਂ ਆਇਤਾਂ ਮੁਤਾਬਕ ਕੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਿਰਫ਼ ਸਮਲਿੰਗੀ ਇੱਛਾਵਾਂ ਹੀ ਗ਼ਲਤ ਹਨ?

ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਹਰੇਕ ਨੂੰ ਆਪਣੇ ਅੰਦਰ ਕੋਈ-ਨਾ-ਕੋਈ ਬਦਲਾਅ ਕਰਨਾ ਪੈਂਦਾ ਹੈ। ਪਰ ਕੀ ਇੱਦਾਂ ਕਰਨ ਦਾ ਕੋਈ ਫ਼ਾਇਦਾ ਹੁੰਦਾ ਹੈ? ਜ਼ਬੂਰ 19:8, 11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਕੀ ਤੁਹਾਨੂੰ ਲੱਗਦਾ ਹੈ ਕਿ ਯਹੋਵਾਹ ਦੇ ਨੈਤਿਕ ਮਿਆਰ ਸਾਡੇ ਲਈ ਬੋਝ ਹਨ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

ਯਹੋਵਾਹ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨੈਤਿਕ ਮਿਆਰਾਂ ʼਤੇ ਚੱਲਣਾ ਸਿਖਾਇਆ ਹੈ। ਉਹ ਇਹ ਗੱਲਾਂ ਸਿੱਖਣ ਵਿਚ ਤੁਹਾਡੀ ਵੀ ਮਦਦ ਕਰੇਗਾ

ਕੁਝ ਲੋਕਾਂ ਦਾ ਕਹਿਣਾ ਹੈ: “ਜੇ ਕੋਈ ਕਿਸੇ ਨਾਲ ਪਿਆਰ ਕਰਦਾ ਹੈ, ਤਾਂ ਉਸ ਨਾਲ ਸੰਬੰਧ ਬਣਾਉਣੇ ਗ਼ਲਤ ਨਹੀਂ।”

  • ਤੁਸੀਂ ਕੀ ਜਵਾਬ ਦਿਓਗੇ?

ਹੁਣ ਤਕ ਅਸੀਂ ਸਿੱਖਿਆ

ਸਰੀਰਕ ਸੰਬੰਧ ਯਹੋਵਾਹ ਦੀ ਦਾਤ ਹੈ ਤੇ ਉਹ ਚਾਹੁੰਦਾ ਹੈ ਕਿ ਸਿਰਫ਼ ਪਤੀ-ਪਤਨੀ ਹੀ ਇਸ ਦਾ ਆਨੰਦ ਮਾਣਨ।

ਤੁਸੀਂ ਕੀ ਕਹੋਗੇ?

  • ਹਰਾਮਕਾਰੀ ਵਿਚ ਕੀ ਕੁਝ ਸ਼ਾਮਲ ਹੈ?

  • ਅਸੀਂ ਹਰਾਮਕਾਰੀ ਤੋਂ ਕਿੱਦਾਂ ਦੂਰ ਰਹਿ ਸਕਦੇ ਹਾਂ?

  • ਯਹੋਵਾਹ ਦੇ ਨੈਤਿਕ ਮਿਆਰਾਂ ʼਤੇ ਚੱਲਣ ਦਾ ਕੀ ਫ਼ਾਇਦਾ ਹੁੰਦਾ ਹੈ?

ਟੀਚਾ

ਇਹ ਵੀ ਦੇਖੋ

ਰੱਬ ਕਿਉਂ ਕਹਿੰਦਾ ਹੈ ਕਿ ਜੇ ਆਦਮੀ-ਔਰਤ ਇਕੱਠੇ ਰਹਿਣਾ ਚਾਹੁੰਦੇ ਹਨ, ਤਾਂ ਉਹ ਵਿਆਹ ਕਰਾਉਣ? ਆਓ ਜਾਣੀਏ।

“ਵਿਆਹ ਤੋਂ ਬਗੈਰ ਇਕੱਠੇ ਰਹਿਣ ਬਾਰੇ ਬਾਈਬਲ ਕੀ ਕਹਿੰਦੀ ਹੈ?” (jw.org ʼਤੇ ਲੇਖ)

ਬਾਈਬਲ ਵਿਚ ਸਮਲਿੰਗੀ ਸੰਬੰਧਾਂ ਨੂੰ ਗ਼ਲਤ ਦੱਸਿਆ ਗਿਆ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਵਿਚ ਸਮਲਿੰਗੀ ਲੋਕਾਂ ਨਾਲ ਨਫ਼ਰਤ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ। ਆਓ ਜਾਣੀਏ।

“ਕੀ ਸਮਲਿੰਗੀ ਸੰਬੰਧ ਰੱਖਣੇ ਗ਼ਲਤ ਹਨ?” (jw.org ʼਤੇ ਲੇਖ)

ਜਾਣੋ ਕਿ ਸੈਕਸ ਬਾਰੇ ਪਰਮੇਸ਼ੁਰ ਦੇ ਨਿਯਮਾਂ ਕਰਕੇ ਸਾਡੀ ਕਿਵੇਂ ਰਾਖੀ ਹੁੰਦੀ ਹੈ।

“ਕੀ ਮੌਖਿਕ ਸੰਭੋਗ ਅਸਲ ਵਿਚ ਸੈਕਸ ਹੈ?” (jw.org ʼਤੇ ਲੇਖ)

“ਉਹ ਮੇਰੇ ਨਾਲ ਆਦਰ ਨਾਲ ਪੇਸ਼ ਆਏ।” ਇਸ ਕਹਾਣੀ ਨੂੰ ਪੜ੍ਹੋ ਅਤੇ ਜਾਣੋ ਕਿ ਇਕ ਸਮਲਿੰਗੀ ਆਦਮੀ ਨੂੰ ਆਪਣੀ ਜ਼ਿੰਦਗੀ ਬਦਲਣ ਲਈ ਕਿਸ ਗੱਲ ਨੇ ਪ੍ਰੇਰਿਆ ਤਾਂਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕੇ।

“ਬਾਈਬਲ ਬਦਲਦੀ ਹੈ ਜ਼ਿੰਦਗੀਆਂ” (ਪਹਿਰਾਬੁਰਜ  ਲੇਖ)

a ਇਸ ਵਿਚ ਕਈ ਤਰ੍ਹਾਂ ਦੇ ਨਾਜਾਇਜ਼ ਕੰਮ ਸ਼ਾਮਲ ਹਨ, ਜਿਵੇਂ ਕਿ ਮੌਖਿਕ ਸੰਭੋਗ, ਗੁੱਦਾ ਸੰਭੋਗ (oral sex and anal sex) ਅਤੇ ਕਾਮੁਕ-ਇੱਛਾਵਾਂ ਭੜਕਾਉਣ ਲਈ ਕਿਸੇ ਦੇ ਗੁਪਤ ਅੰਗਾਂ ਨੂੰ ਪਲੋਸਣਾ।