Skip to content

Skip to table of contents

ਪਾਠ 46

ਸਮਰਪਣ ਕਰਨਾ ਅਤੇ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?

ਸਮਰਪਣ ਕਰਨਾ ਅਤੇ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?

ਸਮਰਪਣ ਕਰਨ ਲਈ ਇਕ ਵਿਅਕਤੀ ਪ੍ਰਾਰਥਨਾ ਵਿਚ ਯਹੋਵਾਹ ਨਾਲ ਵਾਅਦਾ ਕਰਦਾ ਹੈ ਕਿ ਉਹ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰੇਗਾ ਅਤੇ ਉਸ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਵੇਗਾ। (ਜ਼ਬੂਰ 40:8) ਇਸ ਤੋਂ ਬਾਅਦ ਉਹ ਬਪਤਿਸਮਾ ਲੈਂਦਾ ਹੈ। ਉਸ ਦੇ ਬਪਤਿਸਮੇ ਤੋਂ ਦੂਸਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਹੈ। ਇਹ ਸਮਰਪਣ ਉਸ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਫ਼ੈਸਲਾ ਹੈ ਅਤੇ ਇਹ ਉਸ ਦੀ ਜ਼ਿੰਦਗੀ ਬਦਲ ਦੇਵੇਗਾ। ਪਰ ਕਿਹੜੀ ਗੱਲ ਤੁਹਾਨੂੰ ਇਹ ਅਹਿਮ ਫ਼ੈਸਲਾ ਕਰਨ ਲਈ ਪ੍ਰੇਰੇਗੀ? ਆਓ ਜਾਣੀਏ।

1. ਕਿਹੜੀ ਗੱਲ ਇਕ ਵਿਅਕਤੀ ਨੂੰ ਸਮਰਪਣ ਕਰਨ ਲਈ ਪ੍ਰੇਰੇਗੀ?

ਯਹੋਵਾਹ ਲਈ ਪਿਆਰ ਸਾਨੂੰ ਸਮਰਪਣ ਕਰਨ ਲਈ ਪ੍ਰੇਰੇਗਾ। (1 ਯੂਹੰਨਾ 4:10, 19) ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ: “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਤਾਕਤ ਨਾਲ ਪਿਆਰ ਕਰੋ।” (ਮਰਕੁਸ 12:30) ਅਸੀਂ ਸਿਰਫ਼ ਕਹਿੰਦੇ ਹੀ ਨਹੀਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਬਲਕਿ ਆਪਣੇ ਕੰਮਾਂ ਰਾਹੀਂ ਵੀ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। ਮਿਸਾਲ ਲਈ, ਜਦੋਂ ਇਕ ਮੁੰਡਾ-ਕੁੜੀ ਇਕ-ਦੂਜੇ ਨੂੰ ਸੱਚਾ ਪਿਆਰ ਕਰਦੇ ਹਨ, ਤਾਂ ਉਹ ਵਿਆਹ ਕਰਾ ਲੈਂਦੇ ਹਨ। ਉਸੇ ਤਰ੍ਹਾਂ ਯਹੋਵਾਹ ਲਈ ਪਿਆਰ ਹੋਣ ਕਰਕੇ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਾਂਗੇ ਤੇ ਬਪਤਿਸਮਾ ਲਵਾਂਗੇ।

2. ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣਨ ਵਾਲਿਆਂ ਨੂੰ ਉਹ ਕਿਹੜੀਆਂ ਬਰਕਤਾਂ ਦਿੰਦਾ ਹੈ?

ਬਪਤਿਸਮੇ ਤੋਂ ਬਾਅਦ ਯਹੋਵਾਹ ਤੁਹਾਡਾ ਪਿਤਾ ਬਣ ਜਾਵੇਗਾ ਅਤੇ ਤੁਸੀਂ ਉਸ ਦੇ ਖ਼ੁਸ਼ ਪਰਿਵਾਰ ਦਾ ਹਿੱਸਾ ਬਣ ਜਾਓਗੇ। ਤੁਹਾਨੂੰ ਯਹੋਵਾਹ ਦਾ ਪਿਆਰ ਮਿਲੇਗਾ ਅਤੇ ਉਸ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਗੂੜ੍ਹਾ ਹੁੰਦਾ ਜਾਵੇਗਾ। (ਮਲਾਕੀ 3:16-18 ਪੜ੍ਹੋ।) ਇਸ ਤੋਂ ਇਲਾਵਾ, ਦੁਨੀਆਂ ਭਰ ਵਿਚ ਰਹਿੰਦੇ ਯਹੋਵਾਹ ਦੇ ਹੋਰ ਸੇਵਕ ਤੁਹਾਡੇ ਭੈਣ-ਭਰਾ ਬਣਨਗੇ ਜੋ ਯਹੋਵਾਹ ਨੂੰ ਅਤੇ ਤੁਹਾਨੂੰ ਬਹੁਤ ਪਿਆਰ ਕਰਦੇ ਹਨ। (ਮਰਕੁਸ 10:29, 30 ਪੜ੍ਹੋ।) ਪਰ ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਕੁਝ ਕਦਮ ਚੁੱਕਣੇ ਪੈਣਗੇ। ਤੁਹਾਨੂੰ ਯਹੋਵਾਹ ਬਾਰੇ ਸਿੱਖਣ, ਉਸ ਨੂੰ ਪਿਆਰ ਕਰਨ ਅਤੇ ਉਸ ਦੇ ਪੁੱਤਰ ʼਤੇ ਨਿਹਚਾ ਕਰਨ ਦੀ ਲੋੜ ਹੈ। ਫਿਰ ਤੁਹਾਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਪਵੇਗੀ। ਇਹ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਤੁਸੀਂ ਬਪਤਿਸਮਾ ਲਓਗੇ, ਤਾਂ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਸੁਨਹਿਰਾ ਮੌਕਾ ਮਿਲੇਗਾ। ਇਸੇ ਕਰਕੇ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਬਪਤਿਸਮਾ ਹੁਣ . . . ਤੁਹਾਨੂੰ ਵੀ ਬਚਾ ਰਿਹਾ ਹੈ।”1 ਪਤਰਸ 3:21.

ਹੋਰ ਸਿੱਖੋ

ਤੁਹਾਡੇ ਲਈ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਅਤੇ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ? ਆਓ ਜਾਣੀਏ।

3. ਸਾਨੂੰ ਸਾਰਿਆਂ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਅਸੀਂ ਕਿਸ ਦੀ ਸੇਵਾ ਕਰਾਂਗੇ

ਪੁਰਾਣੇ ਸਮੇਂ ਵਿਚ ਇਜ਼ਰਾਈਲ ਦੇ ਕੁਝ ਲੋਕ ਸੋਚਦੇ ਸਨ ਕਿ ਯਹੋਵਾਹ ਦੀ ਭਗਤੀ ਕਰਨ ਦੇ ਨਾਲ-ਨਾਲ ਉਹ ਝੂਠੇ ਦੇਵਤੇ ਬਆਲ ਦੀ ਵੀ ਭਗਤੀ ਕਰ ਸਕਦੇ ਸਨ। ਪਰ ਉਨ੍ਹਾਂ ਦੀ ਇਸ ਗ਼ਲਤ ਸੋਚ ਨੂੰ ਸੁਧਾਰਨ ਲਈ ਯਹੋਵਾਹ ਨੇ ਆਪਣੇ ਨਬੀ ਏਲੀਯਾਹ ਨੂੰ ਉਨ੍ਹਾਂ ਕੋਲ ਭੇਜਿਆ। 1 ਰਾਜਿਆਂ 18:21 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਇਜ਼ਰਾਈਲੀਆਂ ਨੂੰ ਕਿਹੜਾ ਫ਼ੈਸਲਾ ਕਰਨਾ ਪੈਣਾ ਸੀ?

ਇਜ਼ਰਾਈਲੀਆਂ ਵਾਂਗ ਸਾਨੂੰ ਵੀ ਫ਼ੈਸਲਾ ਕਰਨਾ ਪੈਣਾ ਕਿ ਅਸੀਂ ਕਿਸ ਦੀ ਸੇਵਾ ਕਰਾਂਗੇ। ਲੂਕਾ 16:13 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਯਹੋਵਾਹ ਦੀ ਭਗਤੀ ਕਰਨ ਦੇ ਨਾਲ-ਨਾਲ ਅਸੀਂ ਕਿਸੇ ਹੋਰ ਦੀ ਜਾਂ ਕਿਸੇ ਚੀਜ਼ ਦੀ ਭਗਤੀ ਕਿਉਂ ਨਹੀਂ ਕਰ ਸਕਦੇ?

  • ਅਸੀਂ ਯਹੋਵਾਹ ਨੂੰ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਸਿਰਫ਼ ਉਸ ਦੀ ਹੀ ਭਗਤੀ ਕਰਨ ਦਾ ਫ਼ੈਸਲਾ ਕੀਤਾ ਹੈ?

4. ਮਨਨ ਕਰੋ ਕਿ ਯਹੋਵਾਹ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ

ਯਹੋਵਾਹ ਨੇ ਸਾਨੂੰ ਬਹੁਤ ਸਾਰੇ ਅਨਮੋਲ ਤੋਹਫ਼ੇ ਦਿੱਤੇ ਹਨ। ਬਦਲੇ ਵਿਚ ਅਸੀਂ ਉਸ ਨੂੰ ਕੀ ਦੇ ਸਕਦੇ ਹਾਂ? ਵੀਡੀਓ ਦੇਖੋ।

ਆਓ ਕੁਝ ਤਰੀਕਿਆਂ ʼਤੇ ਗੌਰ ਕਰੀਏ ਜਿਨ੍ਹਾਂ ਰਾਹੀਂ ਯਹੋਵਾਹ ਨੇ ਦਿਖਾਇਆ ਕਿ ਉਹ ਸਾਨੂੰ ਪਿਆਰ ਕਰਦਾ ਹੈ। ਜ਼ਬੂਰ 104:14, 15 ਅਤੇ 1 ਯੂਹੰਨਾ 4:9, 10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਤੁਸੀਂ ਖ਼ਾਸ ਤੌਰ ਤੇ ਯਹੋਵਾਹ ਦੇ ਕਿਨ੍ਹਾਂ ਤੋਹਫ਼ਿਆਂ ਲਈ ਉਸ ਦੇ ਅਹਿਸਾਨਮੰਦ ਹੋ?

  • ਇਨ੍ਹਾਂ ਤੋਹਫ਼ਿਆਂ ਕਰਕੇ ਤੁਸੀਂ ਯਹੋਵਾਹ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ?

ਜਦੋਂ ਸਾਨੂੰ ਕੋਈ ਤੋਹਫ਼ਾ ਬਹੁਤ ਪਸੰਦ ਆਉਂਦਾ ਹੈ, ਤਾਂ ਅਸੀਂ ਦੇਣ ਵਾਲੇ ਲਈ ਅਹਿਸਾਨਮੰਦੀ ਦਿਖਾਉਣੀ ਚਾਹੁੰਦੇ ਹਾਂ। ਬਿਵਸਥਾ ਸਾਰ 16:17 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਜਦੋਂ ਤੁਸੀਂ ਸੋਚਦੇ ਹੋ ਕਿ ਯਹੋਵਾਹ ਨੇ ਤੁਹਾਡੇ ਲਈ ਕਿੰਨਾ ਕੁਝ ਕੀਤਾ ਹੈ, ਤਾਂ ਬਦਲੇ ਵਿਚ ਤੁਸੀਂ ਉਸ ਨੂੰ ਕੀ ਦੇਣਾ ਚਾਹੋਗੇ?

5. ਸਮਰਪਣ ਕਰਨ ਨਾਲ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ

ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਵੱਡਾ ਨਾਂ ਅਤੇ ਸ਼ੁਹਰਤ ਕਮਾਉਣ, ਵਧੀਆ ਕੈਰੀਅਰ ਬਣਾਉਣ ਅਤੇ ਪੈਸੇ ਨਾਲ ਹੀ ਖ਼ੁਸ਼ੀ ਮਿਲ ਸਕਦੀ ਹੈ। ਪਰ ਕੀ ਇਹ ਸੱਚ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਵੀਡੀਓ ਵਿਚ ਦਿਖਾਏ ਗਏ ਖਿਡਾਰੀ ਨੂੰ ਫੁਟਬਾਲ ਖੇਡਣਾ ਬਹੁਤ ਪਸੰਦ ਸੀ, ਫਿਰ ਵੀ ਉਸ ਨੇ ਆਪਣਾ ਇਹ ਕੈਰੀਅਰ ਕਿਉਂ ਛੱਡ ਦਿੱਤਾ?

  • ਉਸ ਨੇ ਫ਼ੈਸਲਾ ਕੀਤਾ ਕਿ ਉਹ ਫੁਟਬਾਲ ਖੇਡਣ ਵਿਚ ਨਹੀਂ, ਸਗੋਂ ਯਹੋਵਾਹ ਦੀ ਸੇਵਾ ਵਿਚ ਜ਼ਿੰਦਗੀ ਲਾਵੇਗਾ। ਕੀ ਤੁਹਾਨੂੰ ਲੱਗਦਾ ਹੈ ਕਿ ਉਸ ਨੇ ਸਹੀ ਫ਼ੈਸਲਾ ਕੀਤਾ? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

ਮਸੀਹੀ ਬਣਨ ਤੋਂ ਪਹਿਲਾਂ ਪੌਲੁਸ ਰਸੂਲ ਨੇ ਵਧੀਆ ਕੈਰੀਅਰ ਬਣਾਉਣ ਲਈ ਉੱਚ-ਸਿੱਖਿਆ ਲਈ ਸੀ। ਉਸ ਨੇ ਮਸ਼ਹੂਰ ਸਿੱਖਿਅਕ ਤੋਂ ਯਹੂਦੀ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਪਰ ਮਸੀਹੀ ਬਣਨ ਲਈ ਉਸ ਨੇ ਆਪਣਾ ਕੈਰੀਅਰ ਛੱਡ ਦਿੱਤਾ। ਕੀ ਪੌਲੁਸ ਨੂੰ ਇਸ ਦਾ ਕੋਈ ਅਫ਼ਸੋਸ ਸੀ? ਫ਼ਿਲਿੱਪੀਆਂ 3:8 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਮਸੀਹੀ ਬਣਨ ਤੋਂ ਪਹਿਲਾਂ ਪੌਲੁਸ ਨੇ ਜੋ ਵੀ ਚੀਜ਼ਾਂ ਹਾਸਲ ਕੀਤੀਆਂ ਸਨ, ਉਨ੍ਹਾਂ ਨੂੰ ਉਸ ਨੇ “ਕੂੜੇ ਦਾ ਢੇਰ” ਕਿਉਂ ਕਿਹਾ?

  • ਪੌਲੁਸ ਨੇ ਜੋ ਕੁਝ ਛੱਡਿਆ, ਉਸ ਦੇ ਬਦਲੇ ਉਸ ਨੂੰ ਕੀ ਮਿਲਿਆ?

  • ਤੁਹਾਨੂੰ ਕਿਸ ਗੱਲ ਤੋਂ ਜ਼ਿਆਦਾ ਖ਼ੁਸ਼ੀ ਮਿਲ ਸਕਦੀ ਹੈ—ਯਹੋਵਾਹ ਦੀ ਸੇਵਾ ਕਰ ਕੇ ਜਾਂ ਜ਼ਿੰਦਗੀ ਵਿਚ ਕੁਝ ਹੋਰ ਹਾਸਲ ਕਰ ਕੇ? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

ਮਸੀਹੀ ਬਣਨ ਲਈ ਪੌਲੁਸ ਨੇ ਜੋ ਕੁਰਬਾਨੀਆਂ ਕੀਤੀਆਂ, ਉਸ ਨੂੰ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਬਰਕਤਾਂ ਮਿਲੀਆਂ

ਕੁਝ ਲੋਕਾਂ ਦਾ ਕਹਿਣਾ ਹੈ: “ਮੈਨੂੰ ਪਤਾ ਸੱਚਾਈ ਇਹੀ ਹੈ, ਪਰ ਮੇਰੇ ਤੋਂ ਇਸ ʼਤੇ ਚੱਲ ਨਹੀਂ ਹੋਣਾ।”

  • ਤੁਹਾਡੇ ਖ਼ਿਆਲ ਵਿਚ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾਉਣੀ ਸਮਝਦਾਰੀ ਦੀ ਗੱਲ ਕਿਉਂ ਹੈ?

ਹੁਣ ਤਕ ਅਸੀਂ ਸਿੱਖਿਆ

ਯਹੋਵਾਹ ਲਈ ਪਿਆਰ ਸਾਨੂੰ ਪ੍ਰੇਰੇਗਾ ਕਿ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੀਏ ਅਤੇ ਬਪਤਿਸਮਾ ਲਈਏ।

ਤੁਸੀਂ ਕੀ ਕਹੋਗੇ?

  • ਯਹੋਵਾਹ ਸਾਡੀ ਭਗਤੀ ਅਤੇ ਪਿਆਰ ਦਾ ਹੱਕਦਾਰ ਕਿਉਂ ਹੈ?

  • ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣਨ ਵਾਲਿਆਂ ਨੂੰ ਉਹ ਕਿਹੜੀਆਂ ਬਰਕਤਾਂ ਦਿੰਦਾ ਹੈ?

  • ਕੀ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੋਗੇ?

ਟੀਚਾ

ਇਹ ਵੀ ਦੇਖੋ

ਦੋ ਨੌਜਵਾਨਾਂ ਨੇ ਸੰਗੀਤ ਅਤੇ ਖੇਡਾਂ ਵਿਚ ਕੈਰੀਅਰ ਬਣਾਉਣ ਦੀ ਬਜਾਇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਿਉਂ ਕੀਤੀ? ਆਓ ਦੇਖੀਏ।

ਨੌਜਵਾਨ ਪੁੱਛਦੇ ਹਨ—ਮੈਂ ਜ਼ਿੰਦਗੀ ਵਿਚ ਕੀ ਬਣਾਂ?—ਬੀਤੇ ਕੱਲ੍ਹ  ʼਤੇ ਨਜ਼ਰ  (6:54)

ਸੰਗੀਤ ਵੀਡੀਓ ਵਿਚ ਦੇਖੋ ਕਿ ਜਿਹੜੇ ਲੋਕ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਰਹੇ ਹਨ, ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਮਿਲ ਰਹੀ ਹੈ।

ਮੇਰੀ ਜਾਨ ਰੱਬ ਦੇ ਨਾਂ  (4:30)

ਇਕ ਔਰਤ ਦੱਸਦੀ ਹੈ: “ਸਾਲਾਂ ਤਕ ਮੈਂ ਸੋਚਦੀ ਰਹੀ ‘ਸਾਨੂੰ ਕਿਉਂ ਬਣਾਇਆ ਗਿਆ ਹੈ?’” ਉਸ ਨੂੰ ਕਿਵੇਂ ਪਤਾ ਲੱਗਾ ਕਿ ਉਸ ਦੀ ਜ਼ਿੰਦਗੀ ਵਿਚ ਕਿਹੜੀ ਗੱਲ ਜ਼ਿਆਦਾ ਅਹਿਮੀਅਤ ਰੱਖਦੀ ਹੈ? ਇਹ ਜਾਣਨ ਲਈ ਉਸ ਦੀ ਕਹਾਣੀ ਪੜ੍ਹੋ।

“ਬਾਈਬਲ ਬਦਲਦੀ ਹੈ ਜ਼ਿੰਦਗੀਆਂ” (ਪਹਿਰਾਬੁਰਜ  ਲੇਖ)