Skip to content

Skip to table of contents

ਪਾਠ 50

ਮਾਪੇ ਅਤੇ ਬੱਚੇ ਕਿਵੇਂ ਖ਼ੁਸ਼ ਰਹਿ ਸਕਦੇ ਹਨ?

ਮਾਪੇ ਅਤੇ ਬੱਚੇ ਕਿਵੇਂ ਖ਼ੁਸ਼ ਰਹਿ ਸਕਦੇ ਹਨ?

ਬੱਚੇ ਯਹੋਵਾਹ ਤੋਂ ਅਨਮੋਲ ਤੋਹਫ਼ਾ ਹਨ। ਉਹ ਚਾਹੁੰਦਾ ਹੈ ਕਿ ਮਾਤਾ-ਪਿਤਾ ਉਨ੍ਹਾਂ ਦੀ ਚੰਗੀ ਦੇਖ-ਭਾਲ ਕਰਨ। ਇਸ ਦੇ ਲਈ ਯਹੋਵਾਹ ਨੇ ਮਾਪਿਆਂ ਨੂੰ ਵਧੀਆ ਸਲਾਹ ਦਿੱਤੀ ਹੈ ਤਾਂਕਿ ਉਹ ਕਾਮਯਾਬ ਹੋ ਸਕਣ। ਯਹੋਵਾਹ ਨੇ ਬੱਚਿਆਂ ਨੂੰ ਵੀ ਕੁਝ ਸਲਾਹਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਮੰਨ ਕੇ ਉਹ ਵੀ ਪਰਿਵਾਰ ਦੇ ਮਾਹੌਲ ਨੂੰ ਖ਼ੁਸ਼ੀਆਂ ਭਰਿਆ ਬਣਾ ਸਕਦੇ ਹਨ।

1. ਯਹੋਵਾਹ ਨੇ ਮਾਪਿਆਂ ਨੂੰ ਕਿਹੜੀ ਸਲਾਹ ਦਿੱਤੀ ਹੈ?

ਯਹੋਵਾਹ ਮਾਪਿਆਂ ਤੋਂ ਉਮੀਦ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣ। ਉਹ ਇਹ ਵੀ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਖ਼ਤਰਿਆਂ ਤੋਂ ਬਚਾਉਣ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਉਨ੍ਹਾਂ ਨੂੰ ਸਿੱਖਿਆ ਦੇਣ। (ਕਹਾਉਤਾਂ 1:8) ਬਾਈਬਲ ਵਿਚ ਪਿਤਾ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ‘ਆਪਣੇ ਬੱਚਿਆਂ ਨੂੰ ਯਹੋਵਾਹ ਦੀ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੇ।’ (ਅਫ਼ਸੀਆਂ 6:4 ਪੜ੍ਹੋ।) ਜਦੋਂ ਮਾਤਾ-ਪਿਤਾ ਯਹੋਵਾਹ ਦੀ ਸੇਧ ਮੁਤਾਬਕ ਬੱਚਿਆਂ ਦੀ ਪਰਵਰਿਸ਼ ਕਰਦੇ ਹਨ ਅਤੇ ਇਹ ਜ਼ਿੰਮੇਵਾਰੀ ਦੂਜਿਆਂ ʼਤੇ ਨਹੀਂ ਛੱਡਦੇ, ਤਾਂ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ।

2. ਯਹੋਵਾਹ ਨੇ ਬੱਚਿਆਂ ਨੂੰ ਕਿਹੜੀ ਸਲਾਹ ਦਿੱਤੀ ਹੈ?

ਯਹੋਵਾਹ ਬੱਚਿਆਂ ਨੂੰ ਕਹਿੰਦਾ ਹੈ: “ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ।” (ਕੁਲੁੱਸੀਆਂ 3:20 ਪੜ੍ਹੋ।) ਜਦੋਂ ਬੱਚੇ ਮੰਮੀ-ਡੈਡੀ ਦਾ ਕਹਿਣਾ ਮੰਨਦੇ ਹਨ ਅਤੇ ਉਨ੍ਹਾਂ ਦਾ ਆਦਰ ਕਰਦੇ ਹਨ, ਤਾਂ ਉਹ ਨਾ ਸਿਰਫ਼ ਉਨ੍ਹਾਂ ਦਾ ਦਿਲ ਖ਼ੁਸ਼ ਕਰਦੇ ਹਨ, ਸਗੋਂ ਯਹੋਵਾਹ ਦਾ ਦਿਲ ਵੀ ਖ਼ੁਸ਼ ਕਰਦੇ ਹਨ। (ਕਹਾਉਤਾਂ 23:22-25) ਯਿਸੂ ਜਦੋਂ ਛੋਟਾ ਹੁੰਦਾ ਸੀ, ਤਾਂ ਉਸ ਨੇ ਇਸ ਮਾਮਲੇ ਵਿਚ ਵਧੀਆ ਮਿਸਾਲ ਰੱਖੀ। ਭਾਵੇਂ ਉਹ ਮੁਕੰਮਲ ਸੀ, ਫਿਰ ਵੀ ਉਸ ਨੇ ਆਪਣੇ ਮਾਪਿਆਂ ਦਾ ਕਹਿਣਾ ਮੰਨਿਆ ਅਤੇ ਉਨ੍ਹਾਂ ਦਾ ਆਦਰ ਕੀਤਾ।—ਲੂਕਾ 2:51, 52.

3. ਪੂਰਾ ਪਰਿਵਾਰ ਯਹੋਵਾਹ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦਾ ਹੈ?

ਜੇ ਤੁਹਾਡੇ ਬੱਚੇ ਹਨ, ਤਾਂ ਤੁਸੀਂ ਇਹੀ ਚਾਹੁੰਦੇ ਹੋਣੇ ਕਿ ਉਹ ਵੀ ਤੁਹਾਡੇ ਵਾਂਗ ਯਹੋਵਾਹ ਨੂੰ ਦਿਲੋਂ ਪਿਆਰ ਕਰਨ। ਤੁਸੀਂ ਉਨ੍ਹਾਂ ਦੇ ਦਿਲ ਵਿਚ ਇਹ ਪਿਆਰ ਕਿਵੇਂ ਪੈਦਾ ਕਰ ਸਕਦੇ ਹੋ? ਬਾਈਬਲ ਦੀ ਇਹ ਸਲਾਹ ਮੰਨੋ: “ਤੁਸੀਂ ਇਨ੍ਹਾਂ [ਯਾਨੀ ਯਹੋਵਾਹ ਦੀਆਂ ਗੱਲਾਂ] ਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਿਠਾਓ ਅਤੇ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਨ੍ਹਾਂ ਬਾਰੇ ਚਰਚਾ ਕਰੋ।” (ਬਿਵਸਥਾ ਸਾਰ 6:7) ਇੱਥੇ ‘ਦਿਲ ਵਿਚ ਬਿਠਾਉਣ’ ਦਾ ਮਤਲਬ ਹੈ ਕਿਸੇ ਗੱਲ ਨੂੰ ਸਿਖਾਉਣ ਲਈ ਉਸ ਨੂੰ ਵਾਰ-ਵਾਰ ਕਹਿਣਾ। ਇਹ ਗੱਲ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਬੱਚੇ ਸਿਰਫ਼ ਇਕ ਵਾਰ ਸੁਣ ਕੇ ਕੋਈ ਗੱਲ ਯਾਦ ਨਹੀਂ ਰੱਖ ਪਾਉਂਦੇ। ਉਨ੍ਹਾਂ ਨੂੰ ਵਾਰ-ਵਾਰ ਦੱਸਣਾ ਪੈਂਦਾ ਹੈ। ਇਸ ਆਇਤ ਵਿਚ ਇਹੀ ਦੱਸਿਆ ਗਿਆ ਹੈ ਕਿ ਤੁਹਾਨੂੰ ਜਦੋਂ ਵੀ ਮੌਕਾ ਮਿਲਦਾ ਹੈ, ਤੁਸੀਂ ਆਪਣੇ ਬੱਚਿਆਂ ਨਾਲ ਯਹੋਵਾਹ ਬਾਰੇ ਗੱਲ ਕਰੋ। ਇਸ ਲਈ ਵਧੀਆ ਹੋਵੇਗਾ ਕਿ ਤੁਸੀਂ ਹਰ ਹਫ਼ਤੇ ਸਮਾਂ ਤੈਅ ਕਰੋ ਤਾਂਕਿ ਪੂਰਾ ਪਰਿਵਾਰ ਮਿਲ ਕੇ ਯਹੋਵਾਹ ਬਾਰੇ ਸਿੱਖੇ। ਜੇ ਤੁਹਾਡੇ ਬੱਚੇ ਨਹੀਂ ਹਨ, ਤਾਂ ਵੀ ਹਰ ਹਫ਼ਤੇ ਇਕੱਠਿਆਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਤੁਹਾਨੂੰ ਫ਼ਾਇਦਾ ਹੋਵੇਗਾ।

ਹੋਰ ਸਿੱਖੋ

ਆਓ ਕੁਝ ਸੁਝਾਵਾਂ ʼਤੇ ਗੌਰ ਕਰੀਏ ਜਿਨ੍ਹਾਂ ਨੂੰ ਮੰਨ ਕੇ ਪਰਿਵਾਰ ਵਿਚ ਸਾਰੇ ਖ਼ੁਸ਼ ਰਹਿਣਗੇ ਅਤੇ ਸੁਰੱਖਿਅਤ ਮਹਿਸੂਸ ਕਰਨਗੇ।

4. ਪਿਆਰ ਨਾਲ ਆਪਣੇ ਬੱਚਿਆਂ ਨੂੰ ਸਿਖਾਓ

ਬੱਚਿਆਂ ਨੂੰ ਸਿਖਾਉਣਾ ਸੌਖਾ ਨਹੀਂ ਹੁੰਦਾ। ਇਸ ਮਾਮਲੇ ਵਿਚ ਬਾਈਬਲ ਮਾਪਿਆਂ ਦੀ ਕਿਵੇਂ ਮਦਦ ਕਰ ਸਕਦੀ ਹੈ? ਯਾਕੂਬ 1:19, 20 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਬੱਚਿਆਂ ਨਾਲ ਗੱਲ ਕਰਦੇ ਸਮੇਂ ਮਾਪੇ ਉਨ੍ਹਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਿਵੇਂ ਕਰਾ ਸਕਦੇ ਹਨ?

  • ਜਦੋਂ ਬੱਚੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਮਾਪਿਆਂ ਨੂੰ ਗੁੱਸੇ ਵਿਚ ਆ ਕੇ ਅਨੁਸ਼ਾਸਨ ਕਿਉਂ ਨਹੀਂ ਦੇਣਾ ਚਾਹੀਦਾ? a

5. ਆਪਣੇ ਬੱਚਿਆਂ ਦੀ ਹਿਫਾਜ਼ਤ ਕਰੋ

ਬੱਚਿਆਂ ਦੀ ਹਿਫਾਜ਼ਤ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਹਰ ਬੱਚੇ ਨੂੰ ਸੈਕਸ ਯਾਨੀ ਸਰੀਰਕ ਸੰਬੰਧਾਂ ਬਾਰੇ ਸਮਝਾਓ। ਸ਼ਾਇਦ ਤੁਹਾਨੂੰ ਇਸ ਵਿਸ਼ੇ ਬਾਰੇ ਗੱਲ ਕਰਨੀ ਔਖੀ ਲੱਗੇ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਕੁਝ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰਨੀ ਔਖੀ ਕਿਉਂ ਲੱਗਦੀ ਹੈ?

  • ਇਸ ਵਿਸ਼ੇ ਬਾਰੇ ਕੁਝ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਮਝਾਇਆ ਹੈ?

ਜਿਵੇਂ ਬਾਈਬਲ ਵਿਚ ਦੱਸਿਆ ਗਿਆ ਸੀ, ਅੱਜ ਸ਼ੈਤਾਨ ਦੀ ਦੁਨੀਆਂ ਬੁਰੀ ਤੋਂ ਬੁਰੀ ਹੁੰਦੀ ਜਾ ਰਹੀ ਹੈ। 2 ਤਿਮੋਥਿਉਸ 3:1, 13 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਆਇਤ 13 ਵਿਚ ਦੁਸ਼ਟ ਲੋਕਾਂ ਦੀ ਗੱਲ ਕੀਤੀ ਗਈ ਹੈ। ਕੁਝ ਦੁਸ਼ਟ ਲੋਕ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ। ਇਸ ਆਇਤ ਨੂੰ ਧਿਆਨ ਵਿਚ ਰੱਖਦਿਆਂ ਇਹ ਕਿਉਂ ਜ਼ਰੂਰੀ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਮਝਾਉਣ ਅਤੇ ਉਨ੍ਹਾਂ ਨੂੰ ਦੁਸ਼ਟ ਲੋਕਾਂ ਤੋਂ ਆਪਣੀ ਹਿਫਾਜ਼ਤ ਕਰਨੀ ਸਿਖਾਉਣ?

ਕੀ ਤੁਹਾਨੂੰ ਪਤਾ?

ਯਹੋਵਾਹ ਦੇ ਗਵਾਹਾਂ ਨੇ ਕਈ ਪ੍ਰਕਾਸ਼ਨ ਤਿਆਰ ਕੀਤੇ ਹਨ ਜਿਨ੍ਹਾਂ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਮਝਾ ਸਕਦੇ ਹਨ ਅਤੇ ਬੁਰੇ ਲੋਕਾਂ ਤੋਂ ਉਨ੍ਹਾਂ ਨੂੰ ਬਚਾ ਸਕਦੇ ਹਨ। ਉਨ੍ਹਾਂ ਵਿੱਚੋਂ ਕੁਝ ਹਨ:

6. ਆਪਣੇ ਮਾਪਿਆਂ ਦਾ ਆਦਰ ਕਰੋ

ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਮਾਤਾ-ਪਿਤਾ ਨਾਲ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਨੌਜਵਾਨਾਂ ਲਈ ਆਪਣੇ ਮੰਮੀ-ਡੈਡੀ ਨਾਲ ਆਦਰ ਨਾਲ ਗੱਲ ਕਰਨੀ ਕਿਉਂ ਸਮਝਦਾਰੀ ਹੋਵੇਗੀ?

  • ਨੌਜਵਾਨ ਆਪਣੇ ਮੰਮੀ-ਡੈਡੀ ਨਾਲ ਗੱਲ ਕਰਦੇ ਸਮੇਂ ਆਦਰ ਕਿਵੇਂ ਦਿਖਾ ਸਕਦੇ ਹਨ?

ਕਹਾਉਤਾਂ 1:8 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਜਦੋਂ ਇਕ ਨੌਜਵਾਨ ਨੂੰ ਆਪਣੇ ਮਾਪਿਆਂ ਤੋਂ ਕੋਈ ਸਲਾਹ ਮਿਲਦੀ ਹੈ, ਤਾਂ ਉਸ ਦਾ ਕੀ ਰਵੱਈਆ ਹੋਣਾ ਚਾਹੀਦਾ ਹੈ?

7. ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰੋ

ਯਹੋਵਾਹ ਦੇ ਗਵਾਹ ਹਰ ਹਫ਼ਤੇ ਸਮਾਂ ਤੈਅ ਕਰਦੇ ਹਨ ਤਾਂਕਿ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਯਹੋਵਾਹ ਬਾਰੇ ਸਿੱਖ ਸਕਣ। ਕੀ ਤੁਸੀਂ ਦੇਖਣਾ ਚਾਹੋਗੇ ਕਿ ਕੁਝ ਪਰਿਵਾਰ ਕਿਵੇਂ ਸਟੱਡੀ ਕਰਦੇ ਹਨ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਪਰਿਵਾਰ ਹਰ ਹਫ਼ਤੇ ਸਟੱਡੀ ਕਰਨ ਲਈ ਕੀ ਕਰ ਸਕਦਾ ਹੈ?

  • ਪਰਿਵਾਰਕ ਸਟੱਡੀ ਨੂੰ ਮਜ਼ੇਦਾਰ ਅਤੇ ਫ਼ਾਇਦੇਮੰਦ ਬਣਾਉਣ ਲਈ ਮਾਤਾ-ਪਿਤਾ ਕੀ ਕਰ ਸਕਦੇ ਹਨ?—ਪਾਠ ਦੇ ਸ਼ੁਰੂ ਵਿਚ ਦਿੱਤੀ ਤਸਵੀਰ ਦੇਖੋ।

  • ਪਰਿਵਾਰ ਲਈ ਮਿਲ ਕੇ ਸਟੱਡੀ ਕਰਨ ਵਿਚ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ?

ਪੁਰਾਣੇ ਸਮੇਂ ਦੇ ਇਜ਼ਰਾਈਲ ਵਿਚ ਯਹੋਵਾਹ ਪਰਿਵਾਰਾਂ ਤੋਂ ਚਾਹੁੰਦਾ ਸੀ ਕਿ ਉਹ ਪਵਿੱਤਰ ਲਿਖਤਾਂ ਬਾਰੇ ਬਾਕਾਇਦਾ ਆਪਸ ਵਿਚ ਗੱਲਬਾਤ ਕਰਨ। ਬਿਵਸਥਾ ਸਾਰ 6:6, 7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਤੁਸੀਂ ਇਸ ਅਸੂਲ ʼਤੇ ਕਿਵੇਂ ਚੱਲ ਸਕਦੇ ਹੋ?

ਪਰਿਵਾਰਕ ਸਟੱਡੀ ਲਈ ਕੁਝ ਸੁਝਾਅ:

ਕੁਝ ਲੋਕਾਂ ਦਾ ਕਹਿਣਾ ਹੈ: “ਬਾਈਬਲ ਦੀਆਂ ਗੱਲਾਂ ਬੱਚਿਆਂ ਨੂੰ ਕਿੱਥੇ ਸਮਝ ਆਉਣੀਆਂ।”

  • ਤੁਸੀਂ ਕੀ ਕਹੋਗੇ?

ਹੁਣ ਤਕ ਅਸੀਂ ਸਿੱਖਿਆ

ਯਹੋਵਾਹ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਕਰਨ, ਸਿਖਾਉਣ ਤੇ ਉਨ੍ਹਾਂ ਦੀ ਹਿਫਾਜ਼ਤ ਕਰਨ। ਉਹ ਬੱਚਿਆਂ ਤੋਂ ਚਾਹੁੰਦਾ ਹੈ ਕਿ ਉਹ ਆਪਣੇ ਮੰਮੀ-ਡੈਡੀ ਦਾ ਆਦਰ ਕਰਨ ਅਤੇ ਉਨ੍ਹਾਂ ਦਾ ਕਹਿਣਾ ਮੰਨਣ। ਉਹ ਚਾਹੁੰਦਾ ਹੈ ਕਿ ਪਰਿਵਾਰ ਮਿਲ ਕੇ ਉਸ ਦੀ ਭਗਤੀ ਕਰਨ।

ਤੁਸੀਂ ਕੀ ਕਹੋਗੇ?

  • ਮਾਪੇ ਆਪਣੇ ਬੱਚਿਆਂ ਨੂੰ ਸਿਖਾਉਣ ਤੇ ਉਨ੍ਹਾਂ ਦੀ ਹਿਫਾਜ਼ਤ ਕਰਨ ਲਈ ਕੀ ਕਰ ਸਕਦੇ ਹਨ?

  • ਬੱਚੇ ਆਪਣੇ ਮਾਪਿਆਂ ਦਾ ਆਦਰ ਕਿਵੇਂ ਕਰ ਸਕਦੇ ਹਨ?

  • ਹਰ ਹਫ਼ਤੇ ਪਰਿਵਾਰਕ ਸਟੱਡੀ ਲਈ ਸਮਾਂ ਤੈਅ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ?

ਟੀਚਾ

ਇਹ ਵੀ ਦੇਖੋ

ਤੁਸੀਂ ਬੱਚਿਆਂ ਨੂੰ ਕਿਹੜੀਆਂ ਗੱਲਾਂ ਸਿਖਾ ਸਕਦੇ ਹੋ ਜੋ ਵੱਡੇ ਹੋਣ ਤੇ ਵੀ ਉਨ੍ਹਾਂ ਦੇ ਕੰਮ ਆਉਣਗੀਆਂ?

“ਬੱਚਿਆਂ ਦੇ ਸਿੱਖਣ ਲਈ ਛੇ ਸਬਕ” (ਜਾਗਰੂਕ ਬਣੋ!  ਨੰ. 2 2019)

ਜਾਣੋ ਕਿ ਬਾਈਬਲ ਵਿਚ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਕਰਨ ਬਾਰੇ ਕੀ ਸਲਾਹ ਦਿੱਤੀ ਗਈ ਹੈ।

“ਬਾਈਬਲ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਬਾਰੇ ਕੀ ਸਲਾਹ ਦਿੰਦੀ ਹੈ?” (jw.org ʼਤੇ ਲੇਖ)

ਇਕ ਆਦਮੀ ਨਹੀਂ ਜਾਣਦਾ ਸੀ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰੇ। ਦੇਖੋ ਕਿ ਉਹ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਿਵੇਂ ਕਰ ਸਕਿਆ।

ਆਪਣੇ ਪਰਿਵਾਰ ਦੀ ਪਰਵਰਿਸ਼ ਕਰਨ ਲਈ ਯਹੋਵਾਹ ਦੁਆਰਾ ਸਿਖਾਏ ਗਏ  (5:58)

ਜਾਣੋ ਕਿ ਪਿਤਾ ਆਪਣੇ ਮੁੰਡਿਆਂ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹਨ।

“ਪਿਤਾ ਪੁੱਤਰ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦਾ ਹੈ?” (ਪਹਿਰਾਬੁਰਜ, ਅਪ੍ਰੈਲ-ਜੂਨ 2012)

a ਜਦੋਂ ਬਾਈਬਲ ਵਿਚ ਸ਼ਬਦ “ਅਨੁਸ਼ਾਸਨ” ਆਉਂਦਾ ਹੈ, ਤਾਂ ਇਸ ਵਿਚ ਸਿਖਾਉਣਾ, ਸਮਝਾਉਣਾ, ਸਹੀ ਰਾਹ ਦਿਖਾਉਣਾ ਤੇ ਸੁਧਾਰਨਾ ਵੀ ਸ਼ਾਮਲ ਹੈ। ਅਨੁਸ਼ਾਸਨ ਦੇਣ ਦਾ ਮਤਲਬ ਬੇਰਹਿਮੀ ਨਾਲ ਪੇਸ਼ ਆਉਣਾ ਨਹੀਂ ਹੈ।—ਕਹਾਉਤਾਂ 19:18.