Skip to content

Skip to table of contents

ਪਾਠ 51

ਆਪਣੀਆਂ ਗੱਲਾਂ ਨਾਲ ਯਹੋਵਾਹ ਨੂੰ ਖ਼ੁਸ਼ ਕਰੋ

ਆਪਣੀਆਂ ਗੱਲਾਂ ਨਾਲ ਯਹੋਵਾਹ ਨੂੰ ਖ਼ੁਸ਼ ਕਰੋ

ਜਦੋਂ ਯਹੋਵਾਹ ਨੇ ਸਾਨੂੰ ਬਣਾਇਆ, ਤਾਂ ਉਸ ਨੇ ਸਾਨੂੰ ਇਕ ਖ਼ਾਸ ਤੋਹਫ਼ਾ ਦਿੱਤਾ। ਉਹ ਹੈ ਬੋਲਣ ਦੀ ਕਾਬਲੀਅਤ। ਕੀ ਯਹੋਵਾਹ ਨੂੰ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਆਪਣੀ ਇਹ ਕਾਬਲੀਅਤ ਕਿੱਦਾਂ ਵਰਤਦੇ ਹਾਂ? ਬਿਲਕੁਲ ਪੈਂਦਾ ਹੈ! (ਯਾਕੂਬ 1:26 ਪੜ੍ਹੋ।) ਤਾਂ ਫਿਰ ਯਹੋਵਾਹ ਨੂੰ ਖ਼ੁਸ਼ ਕਰਨ ਲਈ ਅਸੀਂ ਇਸ ਤੋਹਫ਼ੇ ਦਾ ਵਧੀਆ ਇਸਤੇਮਾਲ ਕਿਵੇਂ ਕਰ ਸਕਦੇ ਹਾਂ?

1. ਸਾਨੂੰ ਆਪਣੀ ਜ਼ਬਾਨ ਕਿਵੇਂ ਵਰਤਣੀ ਚਾਹੀਦੀ ਹੈ?

ਬਾਈਬਲ ਕਹਿੰਦੀ ਹੈ ਕਿ ਅਸੀਂ ‘ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੀਏ।’ (1 ਥੱਸਲੁਨੀਕੀਆਂ 5:11) ਸੋਚੋ ਕਿ ਤੁਸੀਂ ਕਿਸ ਨੂੰ ਹੌਸਲਾ ਦੇ ਸਕਦੇ ਹੋ। ਤੁਸੀਂ ਉਸ ਨੂੰ ਕਿੱਦਾਂ ਹੌਸਲਾ ਦੇ ਸਕਦੇ ਹੋ? ਉਸ ਨੂੰ ਯਕੀਨ ਦਿਵਾਓ ਕਿ ਤੁਹਾਨੂੰ ਉਸ ਦੀ ਪਰਵਾਹ ਹੈ। ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਉਸ ਬਾਰੇ ਕਿਹੜੀ ਗੱਲ ਚੰਗੀ ਲੱਗਦੀ ਹੈ। ਇਸ ਤੋਂ ਇਲਾਵਾ, ਬਾਈਬਲ ਵਿਚ ਹੌਸਲਾ ਵਧਾਉਣ ਵਾਲੀਆਂ ਬਹੁਤ ਸਾਰੀਆਂ ਆਇਤਾਂ ਹਨ। ਕਿਉਂ ਨਾ ਉਸ ਨੂੰ ਬਾਈਬਲ ਵਿੱਚੋਂ ਕੋਈ ਆਇਤ ਦਿਖਾਓ? ਇਹ ਵੀ ਯਾਦ ਰੱਖੋ ਕਿ ਤੁਹਾਡੀਆਂ ਗੱਲਾਂ ਦੇ ਨਾਲ-ਨਾਲ ਤੁਹਾਡੇ ਗੱਲ ਕਰਨ ਦੇ ਤਰੀਕੇ ਦਾ ਵੀ ਦੂਜਿਆਂ ʼਤੇ ਗਹਿਰਾ ਅਸਰ ਪੈਂਦਾ ਹੈ। ਇਸ ਲਈ ਹਮੇਸ਼ਾ ਦੂਸਰਿਆਂ ਨਾਲ ਪਿਆਰ ਤੇ ਨਰਮਾਈ ਨਾਲ ਗੱਲ ਕਰੋ।—ਕਹਾਉਤਾਂ 15:1.

2. ਸਾਨੂੰ ਕਿੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ?

ਬਾਈਬਲ ਕਹਿੰਦੀ ਹੈ: “ਤੁਹਾਡੇ ਮੂੰਹੋਂ ਇਕ ਵੀ ਬੁਰੀ [“ਗਲ਼ੀ-ਸੜੀ,” ਫੁਟਨੋਟ] ਗੱਲ ਨਾ ਨਿਕਲੇ।” (ਅਫ਼ਸੀਆਂ 4:29 ਪੜ੍ਹੋ।) ਇਸ ਦਾ ਮਤਲਬ ਹੈ ਕਿ ਅਸੀਂ ਗਾਲ਼ਾਂ ਨਹੀਂ ਕੱਢਾਂਗੇ, ਕਿਸੇ ਦੀ ਨਿੰਦਿਆ ਨਹੀਂ ਕਰਾਂਗੇ ਅਤੇ ਚੁੱਭਵੀਆਂ ਗੱਲਾਂ ਨਹੀਂ ਕਹਾਂਗੇ। ਇਸ ਤੋਂ ਇਲਾਵਾ, ਅਸੀਂ ਨਾ ਤਾਂ ਕਿਸੇ ਦੀਆਂ ਚੁਗ਼ਲੀਆਂ ਕਰਾਂਗੇ ਤੇ ਨਾ ਹੀ ਕਿਸੇ ਨੂੰ ਬਦਨਾਮ ਕਰਾਂਗੇ।—ਕਹਾਉਤਾਂ 16:28 ਪੜ੍ਹੋ।

3. ਅਸੀਂ ਆਪਣੀਆਂ ਗੱਲਾਂ ਨਾਲ ਦੂਸਰਿਆਂ ਦਾ ਹੌਸਲਾ ਕਿੱਦਾਂ ਵਧਾ ਸਕਦੇ ਹਾਂ?

ਅਕਸਰ ਸਾਡੀ ਜ਼ਬਾਨ ʼਤੇ ਉਹੀ ਗੱਲਾਂ ਆਉਂਦੀਆਂ ਹਨ ਜੋ ਸਾਡੇ ਮਨ ਵਿਚ ਹੁੰਦੀਆਂ ਹਨ। (ਲੂਕਾ 6:45) ਇਸ ਲਈ ਸਾਨੂੰ ਆਪਣੇ ਮਨ ਵਿਚ ਉਹ ਗੱਲਾਂ ਭਰਨੀਆਂ ਚਾਹੀਦੀਆਂ ਹਨ ਜੋ ਸੱਚੀਆਂ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ ਅਤੇ ਸ਼ੋਭਾ ਦੇ ਲਾਇਕ ਹਨ। (ਫ਼ਿਲਿੱਪੀਆਂ 4:8) ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸੋਚ-ਸਮਝ ਕੇ ਮਨੋਰੰਜਨ ਕਰੀਏ ਤੇ ਦੋਸਤ ਬਣਾਈਏ। (ਕਹਾਉਤਾਂ 13:20) ਇਸ ਤੋਂ ਇਲਾਵਾ, ਸਾਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ: “ਬਿਨਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਦੀਆਂ ਹਨ, ਪਰ ਬੁੱਧੀਮਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।”ਕਹਾਉਤਾਂ 12:18.

ਹੋਰ ਸਿੱਖੋ

ਆਓ ਜਾਣੀਏ ਕਿ ਅਸੀਂ ਆਪਣੀਆਂ ਗੱਲਾਂ ਨਾਲ ਕਿਵੇਂ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਾਂ ਅਤੇ ਦੂਸਰਿਆਂ ਨੂੰ ਹੌਸਲਾ ਦੇ ਸਕਦੇ ਹਾਂ।

4. ਆਪਣੀ ਜ਼ਬਾਨ ʼਤੇ ਕਾਬੂ ਰੱਖੋ

ਕਦੇ-ਕਦੇ ਸਾਡੇ ਮੂੰਹੋਂ ਇੱਦਾਂ ਦੀ ਗੱਲ ਨਿਕਲ ਜਾਂਦੀ ਹੈ ਜਿਸ ਦਾ ਬਾਅਦ ਵਿਚ ਸਾਨੂੰ ਅਫ਼ਸੋਸ ਹੁੰਦਾ ਹੈ। (ਯਾਕੂਬ 3:2) ਗਲਾਤੀਆਂ 5:22, 23 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਤੁਸੀਂ ਕਿਨ੍ਹਾਂ ਗੁਣਾਂ ਲਈ ਪ੍ਰਾਰਥਨਾ ਕਰ ਸਕਦੇ ਹੋ ਤਾਂਕਿ ਤੁਸੀਂ ਆਪਣੀ ਜ਼ਬਾਨ ʼਤੇ ਕਾਬੂ ਰੱਖ ਸਕੋ? ਇਹ ਗੁਣ ਤੁਹਾਡੀ ਕਿੱਦਾਂ ਮਦਦ ਕਰ ਸਕਦੇ ਹਨ?

1 ਕੁਰਿੰਥੀਆਂ 15:33 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਤੁਹਾਡੇ ਦੋਸਤਾਂ ਅਤੇ ਮਨੋਰੰਜਨ ਦਾ ਤੁਹਾਡੀ ਬੋਲੀ ʼਤੇ ਕੀ ਅਸਰ ਪੈ ਸਕਦਾ ਹੈ?

ਉਪਦੇਸ਼ਕ ਦੀ ਕਿਤਾਬ 3:1, 7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਤੁਹਾਡੇ ਲਈ ਕਦੋਂ ਚੁੱਪ ਰਹਿਣਾ ਜਾਂ ਬੋਲਣ ਲਈ ਸਹੀ ਸਮੇਂ ਦੀ ਉਡੀਕ ਕਰਨੀ ਅਕਲਮੰਦੀ ਹੋਵੇਗੀ?

5. ਦੂਸਰਿਆਂ ਬਾਰੇ ਚੰਗੀਆਂ ਗੱਲਾਂ ਕਰੋ

ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਨਾ ਤਾਂ ਕਿਸੇ ਦੀ ਬੇਇੱਜ਼ਤੀ ਕਰੀਏ ਤੇ ਨਾ ਹੀ ਦਿਲ ਦੁਖਾਉਣ ਵਾਲੀਆਂ ਗੱਲਾਂ ਕਹੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਵੀਡੀਓ ਵਿਚ ਭਰਾ ਨੂੰ ਕਿਹੜੀ ਬੁਰੀ ਆਦਤ ਸੀ ਅਤੇ ਉਹ ਕਿਉਂ ਬਦਲਣਾ ਚਾਹੁੰਦਾ ਸੀ?

  • ਆਪਣੇ ਆਪ ਨੂੰ ਬਦਲਣ ਲਈ ਉਸ ਨੇ ਕੀ ਕੀਤਾ?

ਉਪਦੇਸ਼ਕ ਦੀ ਕਿਤਾਬ 7:16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਜਦੋਂ ਤੁਹਾਡਾ ਮਨ ਕਿਸੇ ਦੀ ਬੁਰਾਈ ਕਰਨ ਨੂੰ ਕਰੇ, ਤਾਂ ਤੁਹਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

ਉਪਦੇਸ਼ਕ ਦੀ ਕਿਤਾਬ 7:21, 22 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਮੰਨ ਲਓ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਤੁਹਾਡੇ ਬਾਰੇ ਬੁਰਾ-ਭਲਾ ਕਿਹਾ ਹੈ। ਉਸ ਸਮੇਂ ਇਹ ਆਇਤਾਂ ਕਿੱਦਾਂ ਤੁਹਾਡੀ ਮਦਦ ਕਰ ਸਕਦੀਆਂ ਹਨ ਤਾਂਕਿ ਤੁਸੀਂ ਗੁੱਸਾ ਨਾ ਕਰੋ?

6. ਆਪਣੇ ਪਰਿਵਾਰ ਨਾਲ ਪਿਆਰ ਨਾਲ ਗੱਲ ਕਰੋ

ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਪਿਆਰ ਤੇ ਨਰਮਾਈ ਨਾਲ ਗੱਲ ਕਰੋ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਆਪਣੇ ਪਰਿਵਾਰ ਨਾਲ ਪਿਆਰ ਨਾਲ ਗੱਲ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

ਅਫ਼ਸੀਆਂ 4:31, 32 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਕਿਸ ਤਰ੍ਹਾਂ ਦੀਆਂ ਗੱਲਾਂ ਨਾਲ ਪਰਿਵਾਰ ਵਿਚ ਪਿਆਰ ਬਣਿਆ ਰਹਿ ਸਕਦਾ ਹੈ?

ਯਹੋਵਾਹ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਯਿਸੂ ਬਾਰੇ ਕਿਵੇਂ ਮਹਿਸੂਸ ਕਰਦਾ ਸੀ। ਮੱਤੀ 17:5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਪਰਿਵਾਰ ਨਾਲ ਗੱਲ ਕਰਨ ਦੇ ਮਾਮਲੇ ਵਿਚ ਤੁਸੀਂ ਯਹੋਵਾਹ ਤੋਂ ਕੀ ਸਿੱਖਿਆ?

ਦੂਸਰਿਆਂ ਦੀ ਤਾਰੀਫ਼ ਕਰਨ ਦੇ ਮੌਕੇ ਲੱਭੋ

ਕੁਝ ਲੋਕਾਂ ਦਾ ਕਹਿਣਾ ਹੈ: “ਆਪਾਂ ਤਾਂ ਮੂੰਹ ʼਤੇ ਗੱਲ ਕਹਿ ਦਿੰਦੇ ਆਂ, ਦੂਜਿਆਂ ਨੂੰ ਚਾਹੇ ਚੰਗੀ ਲੱਗੇ ਜਾਂ ਮਾੜੀ।”

  • ਕੀ ਤੁਹਾਨੂੰ ਲੱਗਦਾ ਕਿ ਇੱਦਾਂ ਕਰਨਾ ਸਹੀ ਹੈ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

ਹੁਣ ਤਕ ਅਸੀਂ ਸਿੱਖਿਆ

ਸਾਡੀਆਂ ਗੱਲਾਂ ਜਾਂ ਤਾਂ ਕਿਸੇ ਨੂੰ ਠੇਸ ਪਹੁੰਚਾ ਸਕਦੀਆਂ ਜਾਂ ਮਲ੍ਹਮ ਦਾ ਕੰਮ ਕਰ ਸਕਦੀਆਂ ਹਨ। ਇਸ ਲਈ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕੀ ਬੋਲਦੇ ਹਾਂ, ਕਦੋਂ ਬੋਲਦੇ ਹਾਂ ਅਤੇ ਕਿੱਦਾਂ ਬੋਲਦੇ ਹਾਂ।

ਤੁਸੀਂ ਕੀ ਕਹੋਗੇ?

  • ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੀ ਜ਼ਬਾਨ ਦੀ ਸਹੀ ਵਰਤੋਂ ਕਰ ਸਕਦੇ ਹੋ?

  • ਤੁਹਾਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ?

  • ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੀਆਂ ਗੱਲਾਂ ਤੋਂ ਦੂਸਰਿਆਂ ਨੂੰ ਹਮੇਸ਼ਾ ਹੌਸਲਾ ਮਿਲੇ?

ਟੀਚਾ

ਇਹ ਵੀ ਦੇਖੋ

ਦੇਖੋ ਕਿ ਅਸੀਂ ਆਪਣੀਆਂ ਗੱਲਾਂ ਨਾਲ ਦੂਸਰਿਆਂ ਦਾ ਹੌਸਲਾ ਕਿੱਦਾਂ ਵਧਾ ਸਕਦੇ ਹਾਂ।

ਬੁੱਧੀਮਾਨ ਦੀ ਜ਼ਬਾਨ ਚੰਗਾ ਕਰਦੀ ਹੈ  (8:04)

ਜਾਣੋ ਕਿ ਤੁਸੀਂ ਗਾਲ਼ਾਂ ਕੱਢਣ ਤੋਂ ਕਿਵੇਂ ਬਚ ਸਕਦੇ ਹੋ।

“ਕੀ ਗਾਲ਼ਾਂ ਕੱਢਣੀਆਂ ਵਾਕਈ  ਬੁਰੀ ਗੱਲ ਹੈ?” (jw.org ʼਤੇ ਲੇਖ)

ਦੂਸਰਿਆਂ ਬਾਰੇ ਗੱਲ ਕਰਦੇ-ਕਰਦੇ ਸ਼ਾਇਦ ਅਸੀਂ ਉਨ੍ਹਾਂ ਦੀ ਬੁਰਾਈ ਕਰਨ ਲੱਗ ਜਾਈਏ। ਆਓ ਦੇਖੀਏ ਕਿ ਅਸੀਂ ਇਹ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹਾਂ।

ਚੁਗ਼ਲੀਆਂ ਕਰਨ ਤੋਂ ਕਿਵੇਂ ਬਚੀਏ?  (2:36)

ਇਕ ਆਦਮੀ ਬਹੁਤ ਗਾਲ਼ਾਂ ਕੱਢਦਾ ਸੀ। ਜਾਣੋ ਕਿ ਯਹੋਵਾਹ ਨੇ ਇਹ ਆਦਤ ਛੱਡਣ ਵਿਚ ਉਸ ਦੀ ਕਿਵੇਂ ਮਦਦ ਕੀਤੀ।

“ਮੈਂ ਗੰਭੀਰਤਾ ਨਾਲ ਸੋਚਣ ਲੱਗਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ” (ਪਹਿਰਾਬੁਰਜ  ਲੇਖ)