Skip to content

Skip to table of contents

ਪਾਠ 60

ਯਹੋਵਾਹ ਨਾਲ ਆਪਣੀ ਦੋਸਤੀ ਪੱਕੀ ਕਰਦੇ ਰਹੋ

ਯਹੋਵਾਹ ਨਾਲ ਆਪਣੀ ਦੋਸਤੀ ਪੱਕੀ ਕਰਦੇ ਰਹੋ

ਹੁਣ ਤਕ ਤੁਸੀਂ ਯਹੋਵਾਹ ਬਾਰੇ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਹਨ। ਇਨ੍ਹਾਂ ਗੱਲਾਂ ਕਰਕੇ ਹੌਲੀ-ਹੌਲੀ ਯਹੋਵਾਹ ਲਈ ਤੁਹਾਡਾ ਪਿਆਰ ਵਧਿਆ ਹੈ। ਸ਼ਾਇਦ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ ਹੈ। ਜੇ ਨਹੀਂ, ਤਾਂ ਤੁਸੀਂ ਆਉਣ ਵਾਲੇ ਸਮੇਂ ਵਿਚ ਇੱਦਾਂ ਕਰਨ ਬਾਰੇ ਸੋਚ ਰਹੇ ਹੋਣੇ। ਪਰ ਬਪਤਿਸਮਾ ਇਕ ਸ਼ੁਰੂਆਤ ਹੈ। ਇਸ ਤੋਂ ਬਾਅਦ ਵੀ ਤੁਹਾਨੂੰ ਜ਼ਿੰਦਗੀ ਭਰ ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਦੇ ਰਹਿਣ ਦੀ ਲੋੜ ਹੈ। ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ? ਆਓ ਜਾਣੀਏ।

1. ਤੁਹਾਨੂੰ ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਿਉਂ ਕਰਦੇ ਰਹਿਣਾ ਚਾਹੀਦਾ ਹੈ?

ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਨ ਲਈ ਮਿਹਨਤ ਕਰਦੇ ਰਹੋ। ਕਿਉਂ? ‘ਤਾਂਕਿ ਤੁਸੀਂ ਕਦੀ ਵੀ ਉਸ ਤੋਂ ਦੂਰ ਨਾ ਚਲੇ ਜਾਓ।’ (ਇਬਰਾਨੀਆਂ 2:1) ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿਣ ਲਈ ਤੁਸੀਂ ਕੀ ਕਰ ਸਕਦੇ ਹੋ? ਪ੍ਰਚਾਰ ਦੇ ਕੰਮ ਵਿਚ ਲੱਗੇ ਰਹੋ ਅਤੇ ਸੋਚੋ ਕਿ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਲਈ ਤੁਸੀਂ ਹੋਰ ਕੀ ਕਰ ਸਕਦੇ ਹੋ। (ਫ਼ਿਲਿੱਪੀਆਂ 3:16 ਪੜ੍ਹੋ।) ਯਹੋਵਾਹ ਦੀ ਸੇਵਾ ਕਰਨੀ ਹੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ!—ਜ਼ਬੂਰ 84:10.

2. ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਨ ਲਈ ਤੁਹਾਨੂੰ ਹੋਰ ਕੀ ਕਰਨਾ ਚਾਹੀਦਾ ਹੈ?

ਇਸ ਕਿਤਾਬ ਤੋਂ ਚਰਚਾ ਲਗਭਗ ਖ਼ਤਮ ਹੋ ਚੁੱਕੀ ਹੈ, ਪਰ ਯਹੋਵਾਹ ਨਾਲ ਤੁਹਾਡਾ ਸਫ਼ਰ ਜਾਰੀ ਰਹੇਗਾ। ਬਾਈਬਲ ਕਹਿੰਦੀ ਹੈ ਕਿ “ਨਵੇਂ ਸੁਭਾਅ ਨੂੰ ਪਹਿਨ ਲਓ।” (ਅਫ਼ਸੀਆਂ 4:23, 24) ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਰਹੋ ਅਤੇ ਬਾਕਾਇਦਾ ਸਭਾਵਾਂ ਵਿਚ ਜਾਓ। ਇਸ ਤਰ੍ਹਾਂ ਤੁਸੀਂ ਯਹੋਵਾਹ ਬਾਰੇ ਨਵੀਆਂ-ਨਵੀਆਂ ਗੱਲਾਂ ਸਿੱਖੋਗੇ ਅਤੇ ਉਸ ਦੇ ਗੁਣਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕੋਗੇ। ਨਾਲੇ ਸੋਚੋ ਕਿ ਤੁਸੀਂ ਯਹੋਵਾਹ ਵਰਗੇ ਗੁਣ ਹੋਰ ਚੰਗੀ ਤਰ੍ਹਾਂ ਕਿਵੇਂ ਜ਼ਾਹਰ ਕਰ ਸਕਦੇ ਹੋ। ਯਹੋਵਾਹ ਨੂੰ ਖ਼ੁਸ਼ ਕਰਨ ਲਈ ਜਿਹੜੇ ਵੀ ਫੇਰ-ਬਦਲ ਕਰਨ ਦੀ ਲੋੜ ਹੈ, ਉਹ ਕਰਦੇ ਰਹੋ।

3. ਯਹੋਵਾਹ ਆਪਣੇ ਨਾਲ ਦੋਸਤੀ ਗੂੜ੍ਹੀ ਕਰਨ ਵਿਚ ਤੁਹਾਡੀ ਮਦਦ ਕਿਵੇਂ ਕਰੇਗਾ?

ਬਾਈਬਲ ਕਹਿੰਦੀ ਹੈ: ‘ਪਰਮੇਸ਼ੁਰ ਆਪ ਤੁਹਾਡੀ ਸਿਖਲਾਈ ਪੂਰੀ ਕਰੇਗਾ। ਉਹ ਤੁਹਾਨੂੰ ਮਜ਼ਬੂਤ ਕਰੇਗਾ ਅਤੇ ਤੁਹਾਨੂੰ ਤਕੜਾ ਕਰੇਗਾ ਅਤੇ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।’ (1 ਪਤਰਸ 5:10) ਅਸੀਂ ਸਾਰੇ ਗ਼ਲਤ ਕੰਮ ਕਰਨ ਲਈ ਲੁਭਾਏ ਜਾਂਦੇ ਹਾਂ। ਪਰ ਯਹੋਵਾਹ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਗ਼ਲਤ ਕੰਮ ਨਾ ਕਰਨ ਦਾ ਆਪਣਾ ਇਰਾਦਾ ਪੱਕਾ ਰੱਖੀਏ। (ਜ਼ਬੂਰ 139:23, 24) ਉਹ ਵਾਅਦਾ ਕਰਦਾ ਹੈ ਕਿ ਉਸ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿਣ ਲਈ ਉਹ ਸਾਡੇ ਅੰਦਰ ਇੱਛਾ ਪੈਦਾ ਕਰੇਗਾ ਤੇ ਸਾਨੂੰ ਤਾਕਤ ਵੀ ਦੇਵੇਗਾ।—ਫ਼ਿਲਿੱਪੀਆਂ 2:13 ਪੜ੍ਹੋ।

ਹੋਰ ਸਿੱਖੋ

ਤੁਸੀਂ ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਿਵੇਂ ਕਰਦੇ ਰਹਿ ਸਕਦੇ ਹੋ? ਯਹੋਵਾਹ ਤੁਹਾਨੂੰ ਕਿਹੜੀਆਂ ਬਰਕਤਾਂ ਦੇਵੇਗਾ? ਆਓ ਜਾਣੀਏ।

4. ਆਪਣੇ ਸਭ ਤੋਂ ਚੰਗੇ ਦੋਸਤ ਯਹੋਵਾਹ ਨਾਲ ਗੱਲ ਕਰਦੇ ਰਹੋ ਅਤੇ ਉਸ ਦੀ ਗੱਲ ਸੁਣਦੇ ਰਹੋ

ਪ੍ਰਾਰਥਨਾ ਅਤੇ ਬਾਈਬਲ ਦਾ ਅਧਿਐਨ ਕਰ ਕੇ ਤੁਸੀਂ ਯਹੋਵਾਹ ਦੇ ਦੋਸਤ ਬਣ ਸਕੇ ਹੋ। ਇਹੀ ਗੱਲਾਂ ਉਸ ਦੇ ਹੋਰ ਵੀ ਨੇੜੇ ਜਾਣ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦੀਆਂ ਹਨ?

ਜ਼ਬੂਰ 62:8 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਨ ਲਈ ਤੁਸੀਂ ਹੋਰ ਵਧੀਆ ਤਰੀਕੇ ਨਾਲ ਪ੍ਰਾਰਥਨਾ ਕਿਵੇਂ ਕਰ ਸਕਦੇ ਹੋ?

ਜ਼ਬੂਰ 1:2 ਅਤੇ ਫੁਟਨੋਟ ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਨ ਲਈ ਤੁਸੀਂ ਹੋਰ ਵਧੀਆ ਤਰੀਕੇ ਨਾਲ ਬਾਈਬਲ ਕਿਵੇਂ ਪੜ੍ਹ ਸਕਦੇ ਹੋ?

ਵਧੀਆ ਢੰਗ ਨਾਲ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਇਹ ਜਾਣਨ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਤੁਸੀਂ ਵੀਡੀਓ ਵਿਚ ਦੱਸੇ ਕਿਹੜੇ ਸੁਝਾਵਾਂ ʼਤੇ ਚੱਲਣਾ ਚਾਹੋਗੇ?

  • ਤੁਸੀਂ ਕਿਨ੍ਹਾਂ ਵਿਸ਼ਿਆਂ ਬਾਰੇ ਡੂੰਘਾਈ ਨਾਲ ਅਧਿਐਨ ਕਰਨਾ ਚਾਹੋਗੇ?

5. ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਲਈ ਟੀਚੇ ਰੱਖੋ

ਟੀਚੇ ਰੱਖ ਕੇ ਤੁਸੀਂ ਯਹੋਵਾਹ ਨਾਲ ਆਪਣੀ ਦੋਸਤੀ ਹੋਰ ਵੀ ਗੂੜ੍ਹੀ ਕਰ ਸਕੋਗੇ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਭੈਣ ਕਾਮਰਨ ਨੂੰ ਟੀਚੇ ਰੱਖ ਕੇ ਕੀ ਫ਼ਾਇਦਾ ਹੋਇਆ?

ਹਰ ਕੋਈ ਦੂਜੇ ਦੇਸ਼ ਵਿਚ ਜਾ ਕੇ ਪ੍ਰਚਾਰ ਨਹੀਂ ਕਰ ਸਕਦਾ। ਪਰ ਅਸੀਂ ਸਾਰੇ ਜਣੇ ਉਹ ਟੀਚੇ ਰੱਖ ਸਕਦੇ ਹਾਂ ਜੋ ਅਸੀਂ ਪੂਰੇ ਕਰ ਸਕੀਏ। ਕਹਾਉਤਾਂ 21:5 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਤੁਸੀਂ ਮੰਡਲੀ ਵਿਚ ਸੇਵਾ ਕਰਨ ਲਈ ਕਿਹੜੇ ਟੀਚੇ ਰੱਖ ਸਕਦੇ ਹੋ?

  • ਤੁਸੀਂ ਪ੍ਰਚਾਰ ਨਾਲ ਜੁੜੇ ਕਿਹੜੇ ਟੀਚੇ ਰੱਖ ਸਕਦੇ ਹੋ?

ਇਸ ਆਇਤ ਵਿਚ ਦਿੱਤਾ ਅਸੂਲ ਟੀਚੇ ਪੂਰੇ ਕਰਨ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?

ਕੁਝ ਟੀਚੇ

  • ਹੋਰ ਵੀ ਵਧੀਆ ਤਰੀਕੇ ਨਾਲ ਪ੍ਰਾਰਥਨਾ ਕਰੋ।

  • ਪੂਰੀ ਬਾਈਬਲ ਪੜ੍ਹੋ।

  • ਮੰਡਲੀ ਵਿਚ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣੋ।

  • ਕਿਸੇ ਨੂੰ ਬਾਈਬਲ ਤੋਂ ਸਿਖਾਉਣਾ ਸ਼ੁਰੂ ਕਰੋ।

  • ਔਗਜ਼ੀਲਰੀ ਪਾਇਨੀਅਰਿੰਗ ਜਾਂ ਰੈਗੂਲਰ ਪਾਇਨੀਅਰਿੰਗ ਕਰੋ।

  • ਜੇ ਤੁਸੀਂ ਭਰਾ ਹੋ, ਤਾਂ ਸਹਾਇਕ ਸੇਵਕ ਬਣਨ ਲਈ ਮਿਹਨਤ ਕਰੋ।

6. ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!

ਜ਼ਬੂਰ 22:26 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਹੁਣ ਅਤੇ ਹਮੇਸ਼ਾ ਲਈ ਖ਼ੁਸ਼ੀ-ਖ਼ੁਸ਼ੀ ਜੀ ਸਕੋ?

ਹੁਣ ਤਕ ਅਸੀਂ ਸਿੱਖਿਆ

ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਦੇ ਰਹੋ ਅਤੇ ਉਸ ਦੀ ਹੋਰ ਜ਼ਿਆਦਾ ਸੇਵਾ ਕਰਨ ਲਈ ਟੀਚੇ ਰੱਖੋ। ਫਿਰ ਤੁਸੀਂ ਹਮੇਸ਼ਾ ਲਈ ਖ਼ੁਸ਼ੀ-ਖ਼ੁਸ਼ੀ ਜੀ ਸਕੋਗੇ!

ਤੁਸੀਂ ਕੀ ਕਹੋਗੇ?

  • ਤੁਸੀਂ ਕਿਉਂ ਯਕੀਨ ਕਰ ਸਕਦੇ ਹੋ ਕਿ ਯਹੋਵਾਹ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਿਣ ਵਿਚ ਤੁਹਾਡੀ ਮਦਦ ਕਰੇਗਾ?

  • ਤੁਸੀਂ ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਨ ਲਈ ਕੀ ਕਰ ਸਕਦੇ ਹੋ?

  • ਟੀਚੇ ਰੱਖਣ ਕਰਕੇ ਯਹੋਵਾਹ ਨਾਲ ਤੁਹਾਡੀ ਦੋਸਤੀ ਗੂੜ੍ਹੀ ਕਿਵੇਂ ਹੋ ਸਕਦੀ ਹੈ?

ਟੀਚਾ

ਇਹ ਵੀ ਦੇਖੋ

ਕੀ ਯਹੋਵਾਹ ਲਈ ਇਹ ਜ਼ਿਆਦਾ ਮਾਅਨੇ ਰੱਖਦਾ ਕਿ ਤੁਸੀਂ ਸਿਰਫ਼ ਇਕ ਵਾਰ ਆਪਣੀ ਵਫ਼ਾਦਾਰੀ ਦਾ ਸਬੂਤ ਦਿਓ ਜਾਂ ਜ਼ਿੰਦਗੀ ਭਰ ਉਸ ਦੇ ਵਫ਼ਾਦਾਰ ਰਹੋ?

ਅਬਰਾਹਾਮ ਵਾਂਗ ਵਫ਼ਾਦਾਰ ਰਹੋ  (9:20)

ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀ ਵੀ ਖ਼ੁਸ਼ੀ ਘੱਟ ਸਕਦੀ ਹੈ। ਜਾਣੋ ਕਿ ਉਹ ਯਹੋਵਾਹ ਦੀ ਸੇਵਾ ਵਿਚ ਦੁਬਾਰਾ ਖ਼ੁਸ਼ੀ ਕਿਵੇਂ ਪਾ ਸਕਦੇ ਹਨ।

ਸਟੱਡੀ ਅਤੇ ਸੋਚ-ਵਿਚਾਰ ਕਰ ਕੇ ਦੁਬਾਰਾ ਖ਼ੁਸ਼ੀ ਪਾਓ  (5:25)

ਤੁਸੀਂ ਯਹੋਵਾਹ ਦੀ ਵਧ-ਚੜ੍ਹ ਕੇ ਸੇਵਾ ਕਰਨ ਲਈ ਕਿਹੜੇ ਟੀਚੇ ਰੱਖ ਸਕਦੇ ਹੋ ਅਤੇ ਉਨ੍ਹਾਂ ਨੂੰ ਕਿਵੇਂ ਪੂਰਾ ਕਰ ਸਕਦੇ ਹੋ?

“ਆਪਣੇ ਸਿਰਜਣਹਾਰ ਦੀ ਵਡਿਆਈ ਕਰਨ ਲਈ ਅਧਿਆਤਮਿਕ ਟੀਚੇ ਰੱਖੋ” (ਪਹਿਰਾਬੁਰਜ, 15 ਜੁਲਾਈ 2004)

ਮਸੀਹੀਆਂ ਲਈ ਸਮਝਦਾਰ ਬਣਨਾ ਕਿਉਂ ਜ਼ਰੂਰੀ ਹੈ ਅਤੇ ਤੁਸੀਂ ਸਮਝਦਾਰ ਕਿਵੇਂ ਬਣ ਸਕਦੇ ਹੋ?

“ਸਿਆਣਪੁਣੇ ਵੱਲ ਅੱਗੇ ਵਧਦੇ ਜਾਓ ਕਿਉਂਕਿ ‘ਯਹੋਵਾਹ ਦਾ ਮਹਾਨ ਦਿਨ ਨੇੜੇ ਹੈ’” (ਪਹਿਰਾਬੁਰਜ, 15 ਮਈ 2009)