Skip to content

Skip to table of contents

ਪ੍ਰਬੰਧਕ ਸਭਾ ਵੱਲੋਂ ਚਿੱਠੀ

ਪ੍ਰਬੰਧਕ ਸਭਾ ਵੱਲੋਂ ਚਿੱਠੀ

ਪਿਆਰੇ ਭੈਣੋ ਤੇ ਭਰਾਵੋ:

ਅਸੀਂ ਸਾਰੇ ਜਣੇ ਯਹੋਵਾਹ ਤੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਹਾਂ। ਇਸ ਲਈ ਅਸੀਂ ਯਿਸੂ ਦਾ ਇਹ ਹੁਕਮ ਮੰਨਦੇ ਹਾਂ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਬਪਤਿਸਮਾ ਦਿਓ।” (ਮੱਤੀ 28:19, 20; ਮਰ. 12:28-31) ਸੱਚੇ ਪਿਆਰ ਵਿਚ ਬਹੁਤ ਤਾਕਤ ਹੁੰਦੀ ਹੈ। ਇਹ ਪਿਆਰ ਉਨ੍ਹਾਂ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦਾ ਹੈ ਜੋ “ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ ਹਨ।”​—ਰਸੂ. 13:48.

ਪਹਿਲਾਂ ਅਸੀਂ ਪੇਸ਼ਕਾਰੀਆਂ ਨੂੰ ਯਾਦ ਕਰਨ ਅਤੇ ਪ੍ਰਕਾਸ਼ਨ ਦੇਣ ʼਤੇ ਜ਼ੋਰ ਦਿੰਦੇ ਸੀ। ਪਰ ਹੁਣ ਸਾਨੂੰ ਆਪਣੇ ਗੱਲਬਾਤ ਦੇ ਹੁਨਰ ਨੂੰ ਨਿਖਾਰਨ ਦੀ ਲੋੜ ਹੈ। ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ, ਇਸ ਲਈ ਸਾਨੂੰ ਉਨ੍ਹਾਂ ਵਿਸ਼ਿਆਂ ʼਤੇ ਗੱਲ ਕਰਨੀ ਚਾਹੀਦੀ ਹੈ ਜਿਨ੍ਹਾਂ ਵਿਚ ਉਨ੍ਹਾਂ ਨੂੰ ਦਿਲਚਸਪੀ ਹੈ। ਸਾਨੂੰ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਕਿਸੇ ਵਿਅਕਤੀ ਦੀਆਂ ਕਿਹੜੀਆਂ ਲੋੜਾਂ ਤੇ ਚਿੰਤਾਵਾਂ ਹਨ ਅਤੇ ਫਿਰ ਉਸ ਮੁਤਾਬਕ ਗੱਲ ਕਰਨੀ ਚਾਹੀਦੀ ਹੈ। ਇਹ ਬਰੋਸ਼ਰ ਇਸ ਤਰ੍ਹਾਂ ਕਰਨ ਵਿਚ ਸਾਡੀ ਕਿਵੇਂ ਮਦਦ ਕਰੇਗਾ?

ਇਸ ਬਰੋਸ਼ਰ ਵਿਚ 12 ਪਾਠ ਹਨ। ਇਨ੍ਹਾਂ ਪਾਠਾਂ ਵਿਚ ਉਨ੍ਹਾਂ ਗੁਣਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੂੰ ਪੈਦਾ ਕਰ ਕੇ ਅਸੀਂ ਲੋਕਾਂ ਲਈ ਪਿਆਰ ਜ਼ਾਹਰ ਕਰ ਸਕਦੇ ਹਾਂ ਤੇ ਚੇਲੇ ਬਣਾ ਸਕਦੇ ਹਾਂ। ਹਰ ਪਾਠ ਬਾਈਬਲ ਦੇ ਇਕ ਬਿਰਤਾਂਤ ʼਤੇ ਆਧਾਰਿਤ ਹੈ ਜਿਸ ਵਿਚ ਦੱਸਿਆ ਹੈ ਕਿ ਯਿਸੂ ਜਾਂ ਪਹਿਲੀ ਸਦੀ ਦੇ ਕਿਸੇ ਹੋਰ ਪ੍ਰਚਾਰਕ ਨੇ ਕੋਈ ਖ਼ਾਸ ਗੁਣ ਕਿਵੇਂ ਜ਼ਾਹਰ ਕੀਤਾ। ਸਾਡਾ ਮਕਸਦ ਪੇਸ਼ਕਾਰੀਆਂ ਨੂੰ ਯਾਦ ਕਰਨਾ ਨਹੀਂ, ਸਗੋਂ ਇਹ ਦੇਖਣਾ ਹੈ ਕਿ ਅਸੀਂ ਲੋਕਾਂ ਲਈ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ। ਵੈਸੇ ਤਾਂ ਹਰ ਗੁਣ ਪ੍ਰਚਾਰ ਦੇ ਸਾਰੇ ਪਹਿਲੂਆਂ ਵਿਚ ਕੰਮ ਆ ਸਕਦਾ ਹੈ, ਪਰ ਅਸੀਂ ਦੇਖਾਂਗੇ ਕਿ ਗੱਲਬਾਤ ਸ਼ੁਰੂ ਕਰਨ, ਦੁਬਾਰਾ ਮੁਲਾਕਾਤ ਕਰਨ ਅਤੇ ਸਟੱਡੀਆਂ ਕਰਾਉਣ ਲਈ ਖ਼ਾਸ ਕਰਕੇ ਕਿਹੜੇ ਗੁਣ ਹੋਣੇ ਜ਼ਰੂਰੀ ਹਨ।

ਹਰ ਪਾਠ ਨੂੰ ਪੜ੍ਹਦਿਆਂ ਧਿਆਨ ਨਾਲ ਸੋਚੋ ਕਿ ਤੁਸੀਂ ਆਪਣੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਇਹ ਗੁਣ ਕਿਵੇਂ ਦਿਖਾਓਗੇ। ਯਹੋਵਾਹ ਅਤੇ ਲੋਕਾਂ ਲਈ ਪਿਆਰ ਗੂੜ੍ਹਾ ਕਰਦੇ ਰਹੋ। ਹੋਰ ਕਿਸੇ ਵੀ ਹੁਨਰ ਨਾਲੋਂ ਜ਼ਿਆਦਾ ਇਹ ਪਿਆਰ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਚੇਲੇ ਬਣਾਉਣ ਦੇ ਆਪਣੇ ਮਕਸਦ ਨੂੰ ਪੂਰਾ ਕਰ ਸਕੋ।

ਸਾਡੇ ਲਈ ਬੜੇ ਸਨਮਾਨ ਦੀ ਗੱਲ ਹੈ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਾਂ। (ਸਫ਼. 3:9) ਸਾਡੀ ਇਹੀ ਦੁਆ ਹੈ ਕਿ ਯਹੋਵਾਹ ਤੁਹਾਡੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇ ਅਤੇ ਤੁਸੀਂ ਲੋਕਾਂ ਲਈ ਪਿਆਰ ਜ਼ਾਹਰ ਕਰਦੇ ਰਹੋ ਤੇ ਚੇਲੇ ਬਣਨ ਵਿਚ ਉਨ੍ਹਾਂ ਦੀ ਮਦਦ ਕਰਦੇ ਰਹੋ!

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ