Skip to content

ਉਸ ਨੂੰ ਜੀਉਣ ਦਾ ਮਕਸਦ ਮਿਲ ਗਿਆ

ਉਸ ਨੂੰ ਜੀਉਣ ਦਾ ਮਕਸਦ ਮਿਲ ਗਿਆ

ਰਾਜ ਘੋਸ਼ਕ ਰਿਪੋਰਟ ਕਰਦੇ ਹਨ

ਉਸ ਨੂੰ ਜੀਉਣ ਦਾ ਮਕਸਦ ਮਿਲ ਗਿਆ

ਯਿਸੂ ਨੇ ਕਿਹਾ ਸੀ ਕਿ ਉਹ ਆਪਣੀਆਂ ਭੇਡਾਂ ਨੂੰ ਜਾਣਦਾ ਹੈ। (ਯੂਹੰਨਾ 10:14) ਜੇ ਇਕ ਵਿਅਕਤੀ ਨੇਕਦਿਲ ਹੈ, ਸ਼ਾਂਤੀ ਚਾਹੁੰਦਾ ਹੈ ਅਤੇ ਉੱਚੇ-ਸੁੱਚੇ ਮਿਆਰਾਂ ਨਾਲ ਪਿਆਰ ਕਰਦਾ ਹੈ, ਤਾਂ ਉਹ ਯਿਸੂ ਦੇ ਚੇਲਿਆਂ ਵੱਲ ਖਿੱਚਿਆ ਜਾਵੇਗਾ। ਅਜਿਹੇ ਵਿਅਕਤੀ ਨੂੰ ਜੀਉਣ ਦਾ ਮਕਸਦ ਮਿਲੇਗਾ ਜਿਵੇਂ ਬੈਲਜੀਅਮ ਵਿਚ ਰਹਿਣ ਵਾਲੀ ਔਰਤ ਨੂੰ ਮਿਲਿਆ। ਆਓ ਉਸ ਔਰਤ ਦੀ ਕਹਾਣੀ ਪੜ੍ਹੀਏ।

“ਜਦੋਂ ਯਹੋਵਾਹ ਦੇ ਗਵਾਹਾਂ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ, ਉਦੋਂ ਮੈਂ ਬਹੁਤ ਜ਼ਿਆਦਾ ਨਿਰਾਸ਼ ਸੀ ਅਤੇ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੀ ਸੀ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਸ ਦੁਨੀਆਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਦੀ ਇਹ ਗੱਲ ਮੈਨੂੰ ਵਧੀਆ ਲੱਗੀ। ਪਰ ਮੈਨੂੰ ਇਹ ਗੱਲ ਵਧੀਆ ਨਹੀਂ ਲੱਗੀ ਕਿ ਮੁਸ਼ਕਲਾਂ ਦਾ ਹੱਲ ਕਰਨ ਲਈ ਸਾਨੂੰ ਰੱਬ ਦੀ ਲੋੜ ਹੈ। ਮੈਂ ਅੱਠ ਸਾਲ ਪਹਿਲਾਂ ਚਰਚ ਜਾਣਾ ਛੱਡ ਦਿੱਤਾ ਸੀ ਕਿਉਂਕਿ ਚਰਚ ਵਿਚ ਹੁੰਦੇ ਪਖੰਡ ਤੋਂ ਮੈਨੂੰ ਨਫ਼ਰਤ ਸੀ। ਪਰ ਗਵਾਹਾਂ ਦੀਆਂ ਗੱਲਾਂ ਤੋਂ ਮੈਨੂੰ ਅਹਿਸਾਸ ਹੋਇਆ ਕਿ ਇਹੀ ਸੱਚਾਈ ਹੈ ਅਤੇ ਪਤਾ ਲੱਗ ਗਿਆ ਕਿ ਰੱਬ ਤੋਂ ਬਿਨਾਂ ਜ਼ਿੰਦਗੀ ਕੁਝ ਵੀ ਨਹੀਂ ਹੈ।

“ਦੁੱਖ ਦੀ ਗੱਲ ਹੈ ਕਿ ਕੁਝ ਮੁਲਾਕਾਤਾਂ ਤੋਂ ਬਾਅਦ ਗਵਾਹਾਂ ਨਾਲ ਮੇਰਾ ਸੰਪਰਕ ਟੁੱਟ ਗਿਆ। ਮੈਂ ਬਹੁਤ ਨਿਰਾਸ਼ ਹੋ ਗਈ। ਇਸ ਕਰਕੇ ਮੈਂ ਇਕ ਦਿਨ ਵਿਚ ਦੋ ਸਿਗਰਟਾਂ ਦੇ ਪੈਕਟ ਪੀਣ ਲੱਗ ਪਈ ਅਤੇ ਇੱਥੋਂ ਤਕ ਕਿ ਨਸ਼ੇ ਵੀ ਕਰਨ ਲੱਗ ਪਈ। ਮੈਂ ਆਪਣੇ ਮਰ ਚੁੱਕੇ ਇਕ ਰਿਸ਼ਤੇਦਾਰ ਨਾਲ ਗੱਲ ਕਰਨੀ ਚਾਹੁੰਦੀ ਸੀ ਜਿਸ ਕਰਕੇ ਮੈਂ ਜਾਦੂਗਰੀ ਵਿਚ ਪੈ ਗਈ। ਉਹ ਸਮਾਂ ਕਿੰਨਾ ਹੀ ਡਰਾਉਣਾ ਸੀ ਜਦੋਂ ਰਾਤ ਨੂੰ ਦੁਸ਼ਟ ਦੂਤ ਮੇਰੇ ’ਤੇ ਹਮਲਾ ਕਰਦੇ ਸਨ! ਇਸ ਤਰ੍ਹਾਂ ਕਈ ਮਹੀਨੇ ਹੁੰਦਾ ਰਿਹਾ। ਰੋਜ਼ ਸ਼ਾਮ ਨੂੰ ਇਕੱਲੀ ਹੋਣ ਕਰਕੇ ਮੈਨੂੰ ਬਹੁਤ ਡਰ ਲੱਗਦਾ ਸੀ।

“ਮੈਂ ਇਕ ਦਿਨ ਸੈਰ ਕਰਨ ਗਈ। ਉਸ ਦਿਨ ਮੈਂ ਹੋਰ ਰਾਹ ਥਾਣੀਂ ਸੈਰ ਕਰਨ ਗਈ। ਰਸਤੇ ਵਿਚ ਇਕ ਬਿਲਡਿੰਗ ਬਣ ਰਹੀ ਸੀ। ਉੱਥੇ ਬਹੁਤ ਸਾਰੇ ਲੋਕਾਂ ਨੂੰ ਕੰਮ ਕਰਦਿਆਂ ਦੇਖ ਕੇ ਮੈਂ ਹੈਰਾਨ ਰਹਿ ਗਈ। ਜਦੋਂ ਮੈਂ ਲਾਗੇ ਗਈ, ਤਾਂ ਮੈਂ ਦੇਖਿਆ ਕਿ ਯਹੋਵਾਹ ਦੇ ਗਵਾਹ ਕਿੰਗਡਮ ਹਾਲ ਬਣਾ ਰਹੇ ਸਨ। ਮੈਨੂੰ ਉਹ ਸਮਾਂ ਯਾਦ ਆਇਆ ਜਦੋਂ ਗਵਾਹ ਮੇਰੇ ਘਰ ਆਉਂਦੇ ਸਨ ਤੇ ਮੈਂ ਸੋਚਿਆ ਕਿ ਕਿੰਨਾ ਵਧੀਆ ਹੋਵੇਗਾ ਜੇ ਸਾਰੀ ਦੁਨੀਆਂ ਦੇ ਲੋਕ ਗਵਾਹਾਂ ਵਾਂਗ ਮਿਲ-ਜੁਲ ਕੇ ਰਹਿਣ।

“ਮੈਂ ਦਿਲੋਂ ਚਾਹੁੰਦੀ ਸੀ ਕਿ ਗਵਾਹ ਮੇਰੇ ਘਰ ਵਾਪਸ ਆਉਣ। ਇਸ ਕਰਕੇ ਮੈਂ ਉੱਥੇ ਕੰਮ ਕਰ ਰਹੇ ਕੁਝ ਜਣਿਆਂ ਨਾਲ ਗੱਲ ਕੀਤੀ। ਮੈਂ ਰੱਬ ਨੂੰ ਪ੍ਰਾਰਥਨਾ ਕੀਤੀ ਅਤੇ ਦਸਾਂ ਦਿਨਾਂ ਬਾਅਦ ਉਹੀ ਗਵਾਹ ਮੇਰੇ ਘਰ ਆਇਆ ਜੋ ਪਹਿਲੀ ਵਾਰ ਮੈਨੂੰ ਮਿਲਿਆ ਸੀ। ਉਸ ਨੇ ਮੈਨੂੰ ਬਾਈਬਲ ਸਟੱਡੀ ਦੁਬਾਰਾ ਸ਼ੁਰੂ ਕਰਨ ਲਈ ਕਿਹਾ ਤੇ ਮੈਂ ਖ਼ੁਸ਼ੀ-ਖ਼ੁਸ਼ੀ ਮੰਨ ਗਈ। ਉਸ ਨੇ ਮੈਨੂੰ ਸਭਾਵਾਂ ਵਿਚ ਆਉਣ ਦਾ ਵੀ ਸੱਦਾ ਦਿੱਤਾ। ਮੈਂ ਕਿੰਗਡਮ ਹਾਲ ਗਈ ਤੇ ਮੈਂ ਇੱਦਾਂ ਦਾ ਮਾਹੌਲ ਹੋਰ ਕਿਤੇ ਨਹੀਂ ਦੇਖਿਆ ਸੀ। ਮੈਂ ਬਹੁਤ ਸਾਲਾਂ ਤੋਂ ਅਜਿਹੇ ਹੀ ਲੋਕਾਂ ਦੀ ਭਾਲ ਕਰ ਰਹੀ ਸੀ ਜੋ ਇਕ-ਦੂਜੇ ਨੂੰ ਪਿਆਰ ਕਰਦੇ ਹੋਣ ਅਤੇ ਆਪਣੀ ਜ਼ਿੰਦਗੀ ਵਿਚ ਖ਼ੁਸ਼ ਹੋਣ। ਹੁਣ ਮੈਨੂੰ ਅਜਿਹੇ ਲੋਕ ਮਿਲ ਹੀ ਗਏ ਸਨ!

“ਇਸ ਤੋਂ ਬਾਅਦ ਮੈਂ ਕੋਈ ਵੀ ਸਭਾ ਨਹੀਂ ਛੱਡੀ। ਲਗਭਗ ਤਿੰਨ ਹਫ਼ਤਿਆਂ ਬਾਅਦ ਮੈਂ ਸਿਗਰਟਾਂ ਪੀਣੀਆਂ ਛੱਡ ਦਿੱਤੀਆਂ। ਮੈਂ ਜਾਦੂਗਰੀ ਨਾਲ ਸੰਬੰਧਿਤ ਕਿਤਾਬਾਂ ਤੇ ਗਾਣੇ ਸੁੱਟ ਦਿੱਤੇ। ਇੱਦਾਂ ਕਰ ਕੇ ਮੈਨੂੰ ਮਹਿਸੂਸ ਹੋਇਆ ਕਿ ਦੁਸ਼ਟ ਦੂਤਾਂ ਦੀ ਪਕੜ ਮੇਰੇ ’ਤੇ ਢਿੱਲੀ ਪੈ ਰਹੀ ਸੀ। ਮੈਂ ਬਾਈਬਲ ਦੇ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ ਸ਼ੁਰੂ ਕਰ ਦਿੱਤੀ ਤੇ ਤਿੰਨ ਮਹੀਨਿਆਂ ਬਾਅਦ ਮੈਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਛੇ ਮਹੀਨਿਆਂ ਬਾਅਦ ਮੈਂ ਬਪਤਿਸਮਾ ਲੈ ਲਿਆ। ਆਪਣੇ ਬਪਤਿਸਮੇ ਤੋਂ ਦੋ ਦਿਨਾਂ ਬਾਅਦ ਮੈਂ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।

“ਮੈਂ ਯਹੋਵਾਹ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਸ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਹੈ। ਅਖ਼ੀਰ ਮੈਨੂੰ ਜੀਉਣ ਦਾ ਮਕਸਦ ਮਿਲ ਗਿਆ। ਇਹ ਬਿਲਕੁਲ ਸਹੀ ਗੱਲ ਹੈ ਕਿ ਯਹੋਵਾਹ ਦਾ ਨਾਂ ਇਕ ਪੱਕਾ ਬੁਰਜ ਹੈ ਜਿਸ ਵਿਚ ਪਨਾਹ ਲੈ ਕੇ ਮੈਂ ਸੁਰੱਖਿਅਤ ਹਾਂ। (ਕਹਾਉਤਾਂ 18:10) ਮੈਂ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੀ ਹਾਂ ਜਿਸ ਨੇ ਜ਼ਬੂਰ 84:10 ਵਿਚ ਲਿਖਿਆ: ‘ਕਿਸੇ ਹੋਰ ਥਾਂ ਹਜ਼ਾਰ ਦਿਨ ਰਹਿਣ ਨਾਲੋਂ ਤੇਰੇ ਘਰ ਦੇ ਵਿਹੜਿਆਂ ਵਿਚ ਇਕ ਦਿਨ ਰਹਿਣਾ ਕਿਤੇ ਚੰਗਾ ਹੈ! ਦੁਸ਼ਟਾਂ ਦੇ ਤੰਬੂਆਂ ਵਿਚ ਰਹਿਣ ਨਾਲੋਂ ਮੈਨੂੰ ਆਪਣੇ ਪਰਮੇਸ਼ੁਰ ਦੇ ਘਰ ਦੇ ਦਰਵਾਜ਼ੇ ਤੇ ਖੜ੍ਹਾ ਹੋਣਾ ਜ਼ਿਆਦਾ ਪਸੰਦ ਹੈ।’ ”

ਇਸ ਨੇਕਦਿਲ ਔਰਤ ਨੂੰ ਜੀਉਣ ਦਾ ਮਕਸਦ ਮਿਲਿਆ। ਇਸ ਲਈ ਜਿਹੜੇ ਵੀ ਨੇਕਦਿਲ ਲੋਕ ਯਹੋਵਾਹ ਦੀ ਭਾਲ ਕਰਦੇ ਹਨ, ਉਨ੍ਹਾਂ ਨੂੰ ਵੀ ਜੀਉਣ ਦਾ ਮਕਸਦ ਮਿਲ ਸਕਦਾ ਹੈ।