Skip to content

Skip to table of contents

ਤੁਹਾਨੂੰ ਮਨ ਦੀ ਸ਼ਾਂਤੀ ਕਿੱਥੋਂ ਮਿਲ ਸਕਦੀ ਹੈ?

ਤੁਹਾਨੂੰ ਮਨ ਦੀ ਸ਼ਾਂਤੀ ਕਿੱਥੋਂ ਮਿਲ ਸਕਦੀ ਹੈ?

ਤੁਹਾਨੂੰ ਮਨ ਦੀ ਸ਼ਾਂਤੀ ਕਿੱਥੋਂ ਮਿਲ ਸਕਦੀ ਹੈ?

ਪਹਿਲੇ ਲੇਖ ਵਿਚ ਜ਼ਿਕਰ ਕੀਤੇ ਗਏ ਲੇਖਕ ਥਰੋ ਦੇ ਜ਼ਮਾਨੇ ਅਤੇ ਅੱਜ ਸਾਡੇ ਜ਼ਮਾਨੇ ਦੇ ਹਾਲਾਤਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਇਕ ਵੱਡਾ ਫ਼ਰਕ ਇਹ ਹੈ ਕਿ ਮਨ ਦੀ ਸ਼ਾਂਤੀ ਪਾਉਣ ਲਈ ਅੱਜ ਦਿੱਤੀਆਂ ਜਾਂਦੀਆਂ ਸਲਾਹਾਂ ਦੀ ਕੋਈ ਕਮੀ ਨਹੀਂ ਹੈ। ਮਨੋਵਿਗਿਆਨੀ, ਮਦਦ ਦੇਣ ਵਾਲੀਆਂ ਕਿਤਾਬਾਂ ਦੇ ਲੇਖਕ, ਇੱਥੋਂ ਤਕ ਕਿ ਅਖ਼ਬਾਰਾਂ ਦੇ ਕਾਲਮਨਵੀਸ ਆਪੋ-ਆਪਣੀਆਂ ਸਲਾਹਾਂ ਦਿੰਦੇ ਹਨ। ਪਰ ਉਨ੍ਹਾਂ ਦੀਆਂ ਇਹ ਸਲਾਹਾਂ ਸਿਰਫ਼ ਥੋੜ੍ਹੇ ਸਮੇਂ ਲਈ ਮਦਦਗਾਰ ਹੋ ਸਕਦੀਆਂ ਹਨ, ਕਿਉਂਕਿ ਹਮੇਸ਼ਾ ਦੇ ਹੱਲ ਲਈ ਇਸ ਨਾਲੋਂ ਕੁਝ ਜ਼ਿਆਦਾ ਕਰਨ ਦੀ ਲੋੜ ਹੈ। ਪਹਿਲੇ ਲੇਖ ਵਿਚ ਜ਼ਿਕਰ ਕੀਤੇ ਗਏ ਵਿਅਕਤੀਆਂ ਨੇ ਇਸ ਗੱਲ ਦਾ ਅਹਿਸਾਸ ਕੀਤਾ।

ਔਨਟੋਨਿਓ, ਮਾਰਕੋਸ, ਗਰਜ਼ੋਨ, ਵੋਨੀ ਤੇ ਮੋਰਸਲੂ ਸਾਰੇ ਹੀ ਵੱਖੋ-ਵੱਖਰੇ ਪਿਛੋਕੜਾਂ ਤੋਂ ਆਏ ਹਨ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਵੱਖੋ-ਵੱਖਰੀਆਂ ਸਨ। ਪਰ ਉਨ੍ਹਾਂ ਵਿਚ ਘੱਟੋ-ਘੱਟ ਤਿੰਨ ਗੱਲਾਂ ਇੱਕੋ ਜਿਹੀਆਂ ਸਨ। ਪਹਿਲੀ, ਇਕ ਸਮੇਂ ਤੇ “ਉਹ ਆਸਾ ਹੀਣ ਅਤੇ ਜਗਤ ਵਿੱਚ ਪਰਮੇਸ਼ੁਰ ਤੋਂ ਰਹਿਤ” ਸਨ। (ਅਫ਼ਸੀਆਂ 2:12) ਦੂਸਰੀ, ਉਹ ਮਨ ਦੀ ਸ਼ਾਂਤੀ ਪਾਉਣ ਲਈ ਤਰਸਦੇ ਸਨ। ਤੀਸਰੀ, ਉਨ੍ਹਾਂ ਸਾਰਿਆਂ ਨੇ ਹੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਕੇ ਮਨ ਦੀ ਸ਼ਾਂਤੀ ਪਾਈ ਹੈ। ਜਿਉਂ-ਜਿਉਂ ਉਹ ਬਾਈਬਲ ਵਿੱਚੋਂ ਸਿੱਖਦੇ ਗਏ, ਉਨ੍ਹਾਂ ਨੂੰ ਪਤਾ ਲੱਗਦਾ ਗਿਆ ਕਿ ਪਰਮੇਸ਼ੁਰ ਉਨ੍ਹਾਂ ਵਿਚ ਦਿਲਚਸਪੀ ਰੱਖਦਾ ਹੈ। ਸੱਚ-ਮੁੱਚ, ਜਿਵੇਂ ਪੌਲੁਸ ਨੇ ਆਪਣੇ ਜ਼ਮਾਨੇ ਦੇ ਅਥੈਨੇ ਦੇ ਲੋਕਾਂ ਨੂੰ ਕਿਹਾ ਸੀ, ਪਰਮੇਸ਼ੁਰ “ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ” ਹੈ। (ਰਸੂਲਾਂ ਦੇ ਕਰਤੱਬ 17:27) ਇਸ ਗੱਲ ਤੇ ਦਿਲੋਂ ਯਕੀਨ ਕਰਨਾ ਹੀ ਮਨ ਦੀ ਸ਼ਾਂਤੀ ਪਾਉਣ ਦਾ ਇਕ ਵੱਡਾ ਕਾਰਨ ਹੈ।

ਇੰਨੀ ਘੱਟ ਸ਼ਾਂਤੀ ਕਿਉਂ ਹੈ?

ਬਾਈਬਲ ਇਸ ਦੇ ਦੋ ਮੁੱਖ ਕਾਰਨ ਦੱਸਦੀ ਹੈ ਕਿ ਦੁਨੀਆਂ ਵਿਚ ਕਿਉਂ ਇੰਨੀ ਘੱਟ ਸ਼ਾਂਤੀ ਹੈ, ਚਾਹੇ ਇਹ ਮਨ ਦੀ ਸ਼ਾਂਤੀ ਹੋਵੇ ਜਾਂ ਲੋਕਾਂ ਵਿਚ ਸ਼ਾਂਤੀ। ਪਹਿਲਾ ਕਾਰਨ ਯਿਰਮਿਯਾਹ 10:23 ਵਿਚ ਦਿੱਤਾ ਗਿਆ ਹੈ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” ਇਨਸਾਨ ਕੋਲ ਨਾ ਤਾਂ ਬੁੱਧ ਹੈ ਤੇ ਨਾ ਹੀ ਕਿਸੇ ਦੀ ਮਦਦ ਤੋਂ ਬਿਨਾਂ ਆਪਣੇ ਉੱਤੇ ਹਕੂਮਤ ਕਰਨ ਦੀ ਸਮਝ। ਸਿਰਫ਼ ਪਰਮੇਸ਼ੁਰ ਦੀ ਮਦਦ ਨਾਲ ਹੀ ਉਹ ਕਾਮਯਾਬ ਹੋ ਸਕਦਾ ਹੈ। ਜਿਹੜੇ ਇਨਸਾਨ ਪਰਮੇਸ਼ੁਰ ਦੀ ਅਗਵਾਈ ਵਿਚ ਨਹੀਂ ਚੱਲਦੇ, ਉਹ ਕਦੇ ਵੀ ਹਮੇਸ਼ਾ ਦੀ ਸ਼ਾਂਤੀ ਨਹੀਂ ਪਾ ਸਕਦੇ। ਸ਼ਾਂਤੀ ਦੀ ਘਾਟ ਦਾ ਦੂਸਰਾ ਕਾਰਨ ਯੂਹੰਨਾ ਰਸੂਲ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਬਹੁਤ ਸਾਰੇ ਇਨਸਾਨ ਪਰਮੇਸ਼ੁਰੀ ਅਗਵਾਈ ਤੋਂ ਬਿਨਾਂ ਸ਼ਾਂਤੀ ਪਾਉਣ ਦੇ ਅਨੇਕ ਜਤਨ ਕਰਦੇ ਹਨ। ਪਰ ਉਨ੍ਹਾਂ ਦੇ ਇਹ ਜਤਨ “ਦੁਸ਼ਟ” ਸ਼ਤਾਨ ਦੀਆਂ ਚਾਲਾਂ ਕਾਰਨ ਪੂਰੇ ਨਹੀਂ ਹੁੰਦੇ। ਭਾਵੇਂ ਇਹ ਸ਼ਤਾਨ ਸਾਨੂੰ ਨਜ਼ਰ ਤਾਂ ਨਹੀਂ ਆਉਂਦਾ, ਪਰ ਉਹ ਅਸਲ ਵਿਚ ਹੈ ਤੇ ਬਹੁਤ ਤਾਕਤਵਰ ਹੈ।

ਇਨ੍ਹਾਂ ਦੋਹਾਂ ਕਾਰਨਾਂ ਕਰਕੇ ਯਾਨੀ ਲੋਕਾਂ ਦੁਆਰਾ ਪਰਮੇਸ਼ੁਰ ਦੀ ਅਗਵਾਈ ਵਿਚ ਨਾ ਚੱਲਣ ਕਰਕੇ ਅਤੇ ਸ਼ਤਾਨ ਦੇ ਦੁਸ਼ਟ ਕੰਮਾਂ ਕਰਕੇ ਅੱਜ ਸਾਰੇ ਇਨਸਾਨ ਬਹੁਤ ਹੀ ਦੁਖੀ ਹਨ। ਇਸ ਬਾਰੇ ਪੌਲੁਸ ਰਸੂਲ ਨੇ ਬੜੀ ਚੰਗੀ ਤਰ੍ਹਾਂ ਦੱਸਿਆ: “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀਆਂ 8:22) ਕੀ ਕੋਈ ਕਹਿ ਸਕਦਾ ਹੈ ਕਿ ਪੌਲੁਸ ਦੀ ਇਹ ਗੱਲ ਗ਼ਲਤ ਹੈ? ਅਮੀਰ ਤੇ ਗ਼ਰੀਬ ਦੇਸ਼ਾਂ ਵਿਚ ਪਰਿਵਾਰਕ ਮੁਸ਼ਕਲਾਂ, ਜੁਰਮ, ਪੱਖਪਾਤ, ਆਪਸੀ ਮਤਭੇਦ, ਆਰਥਿਕ ਸੰਕਟ, ਕਬਾਇਲੀ ਅਤੇ ਨਸਲੀ ਦੁਸ਼ਮਣੀਆਂ, ਅਤਿਆਚਾਰ, ਬੀਮਾਰੀਆਂ ਅਤੇ ਹੋਰ ਇਹੋ ਜਿਹੀਆਂ ਗੱਲਾਂ ਲੋਕਾਂ ਦੇ ਮਨ ਦੀ ਸ਼ਾਂਤੀ ਖੋਹ ਲੈਂਦੀਆਂ ਹਨ।

ਮਨ ਦੀ ਸ਼ਾਂਤੀ ਕਿੱਥੋਂ ਮਿਲੇਗੀ

ਜਦੋਂ ਔਨਟੋਨਿਓ, ਮਾਰਕੋਸ, ਗਰਜ਼ੋਨ, ਵੋਨੀ ਅਤੇ ਮੋਰਸਲੂ ਨੇ ਪਰਮੇਸ਼ੁਰ ਦੇ ਬਚਨ, ਬਾਈਬਲ ਦੀ ਸਟੱਡੀ ਕੀਤੀ, ਤਾਂ ਸਿੱਖੀਆਂ ਹੋਈਆਂ ਗੱਲਾਂ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ। ਉਨ੍ਹਾਂ ਨੇ ਇਕ ਗੱਲ ਜੋ ਸਿੱਖੀ ਉਹ ਇਹ ਹੈ ਕਿ ਇਕ ਦਿਨ ਇਸ ਦੁਨੀਆਂ ਦੇ ਹਾਲਾਤ ਜ਼ਰੂਰ ਬਦਲਣਗੇ। ਦੁਨਿਆਵੀ ਲੋਕਾਂ ਵਾਂਗ ਇਹ ਕੋਈ ਝੂਠੀ ਉਮੀਦ ਨਹੀਂ ਹੈ ਜੋ ਇਹ ਕਹਿੰਦੇ ਹਨ ਕਿ ਅੰਤ ਵਿਚ ਸਭ ਕੁਝ ਠੀਕ ਹੋ ਜਾਵੇਗਾ। ਇਹ ਇਕ ਹਕੀਕਤ ਹੈ। ਸਾਨੂੰ ਪੱਕਾ ਭਰੋਸਾ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਲਈ ਇਕ ਮਕਸਦ ਰੱਖਿਆ ਹੈ। ਜੇ ਅਸੀਂ ਉਸ ਦੀ ਇੱਛਾ ਪੂਰੀ ਕਰਦੇ ਹਾਂ, ਤਾਂ ਅਸੀਂ ਹੁਣ ਵੀ ਉਸ ਮਕਸਦ ਤੋਂ ਫ਼ਾਇਦਾ ਉਠਾ ਸਕਦੇ ਹਾਂ। ਉੱਪਰ ਦੱਸੇ ਵਿਅਕਤੀਆਂ ਨੇ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕੀਤਾ ਜਿਸ ਕਰਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਸੁਧਰ ਗਈਆਂ। ਹੁਣ ਉਹ ਪਹਿਲਾਂ ਨਾਲੋਂ ਬਹੁਤ ਖ਼ੁਸ਼ ਹਨ ਤੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਮਿਲੀ ਹੈ।

ਔਨਟੋਨਿਓ ਨੇ ਹੁਣ ਰੈਲੀਆਂ ਅਤੇ ਮਜ਼ਦੂਰਾਂ ਦੇ ਲੜਾਈ-ਝਗੜਿਆਂ ਵਿਚ ਹਿੱਸਾ ਲੈਣਾ ਛੱਡ ਦਿੱਤਾ ਹੈ। ਉਹ ਜਾਣਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਆਪਣੇ ਹਾਲਾਤਾਂ ਨੂੰ ਕੁਝ ਹੱਦ ਤਕ ਜਾਂ ਸਿਰਫ਼ ਥੋੜ੍ਹੇ ਸਮੇਂ ਲਈ ਹੀ ਸੁਧਾਰਿਆ ਜਾ ਸਕਦਾ ਹੈ। ਮਜ਼ਦੂਰਾਂ ਦੇ ਇਸ ਸਾਬਕਾ ਲੀਡਰ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਹੈ। ਇਹ ਉਹੀ ਰਾਜ ਹੈ ਜਿਸ ਬਾਰੇ ਲੱਖਾਂ ਲੋਕ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਨ: “ਤੇਰਾ ਰਾਜ ਆਵੇ।” (ਮੱਤੀ 6:10ੳ) ਇਸ ਪ੍ਰਾਰਥਨਾ ਨੂੰ ਪ੍ਰਭੂ ਦੀ ਪ੍ਰਾਰਥਨਾ (ਜਾਂ ਸਾਡੇ ਪਿਤਾ ਦੀ ਪ੍ਰਾਰਥਨਾ) ਵੀ ਕਿਹਾ ਜਾਂਦਾ ਹੈ। ਔਨਟੋਨਿਓ ਨੇ ਸਿੱਖਿਆ ਕਿ ਪਰਮੇਸ਼ੁਰ ਦਾ ਰਾਜ ਇਕ ਅਸਲੀ ਸਵਰਗੀ ਸਰਕਾਰ ਹੈ ਜੋ ਸਾਰੇ ਇਨਸਾਨਾਂ ਲਈ ਸੱਚੀ ਸ਼ਾਂਤੀ ਲਿਆਵੇਗੀ।

ਮਾਰਕੋਸ ਨੇ ਵਿਆਹ ਦੇ ਮਾਮਲੇ ਵਿਚ ਬਾਈਬਲ ਦੀ ਵਧੀਆ ਸਲਾਹ ਉੱਤੇ ਅਮਲ ਕਰਨਾ ਸਿੱਖਿਆ। ਨਤੀਜੇ ਵਜੋਂ, ਇਹ ਸਾਬਕਾ ਨੇਤਾ ਹੁਣ ਖ਼ੁਸ਼ੀ-ਖ਼ੁਸ਼ੀ ਆਪਣੀ ਪਤਨੀ ਨਾਲ ਰਹਿੰਦਾ ਹੈ। ਮਾਰਕੋਸ ਜਲਦੀ ਆਉਣ ਵਾਲੇ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਪਰਮੇਸ਼ੁਰ ਦਾ ਰਾਜ ਇਸ ਲਾਲਚੀ ਤੇ ਮਤਲਬੀ ਦੁਨੀਆਂ ਨੂੰ ਖ਼ਤਮ ਕਰ ਕੇ ਇਕ ਵਧੀਆ ਦੁਨੀਆਂ ਲਿਆਵੇਗਾ। ਉਹ ਪ੍ਰਭੂ ਦੀ ਪ੍ਰਾਰਥਨਾ ਵਿਚਲੇ ਇਸ ਵਾਕ ਨੂੰ ਹੁਣ ਚੰਗੀ ਤਰ੍ਹਾਂ ਸਮਝਦਾ ਹੈ ਜੋ ਇਹ ਕਹਿੰਦਾ ਹੈ: “ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10ਅ) ਜਦੋਂ ਜ਼ਮੀਨ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇਗੀ, ਤਾਂ ਸਾਰੇ ਇਨਸਾਨ ਵਧੀਆ ਜ਼ਿੰਦਗੀ ਦਾ ਆਨੰਦ ਮਾਣਨਗੇ ਜਿਸ ਦਾ ਉਨ੍ਹਾਂ ਨੇ ਪਹਿਲਾਂ ਕਦੇ ਆਨੰਦ ਨਹੀਂ ਮਾਣਿਆ।

ਗਰਜ਼ੋਨ ਦੇ ਬਾਰੇ ਕੀ? ਉਹ ਹੁਣ ਬੇਮਤਲਬ ਇੱਧਰ-ਉੱਧਰ ਨਹੀਂ ਘੁੰਮਦਾ ਤੇ ਨਾ ਹੀ ਚੋਰੀ ਕਰਦਾ ਹੈ। ਹੁਣ ਇਹ ਨੌਜਵਾਨ ਇਕ ਮਕਸਦ ਭਰੀ ਜ਼ਿੰਦਗੀ ਜੀਉਂਦਾ ਹੈ ਅਤੇ ਦੂਜਿਆਂ ਦੀ ਮਦਦ ਕਰਦਾ ਹੈ ਕਿ ਉਹ ਵੀ ਮਨ ਦੀ ਸ਼ਾਂਤੀ ਪਾ ਸਕਣ। ਇਹ ਤਜਰਬੇ ਦਿਖਾਉਂਦੇ ਹਨ ਕਿ ਬਾਈਬਲ ਨੂੰ ਪੜ੍ਹਨ ਅਤੇ ਉਸ ਵਿਚ ਲਿਖੀਆਂ ਗੱਲਾਂ ਨੂੰ ਅਮਲ ਵਿਚ ਲਿਆਉਣ ਨਾਲ ਇਕ ਇਨਸਾਨ ਦੀ ਜ਼ਿੰਦਗੀ ਸੁਧਰ ਸਕਦੀ ਹੈ।

ਅਸ਼ਾਂਤ ਦੁਨੀਆਂ ਵਿਚ ਮਨ ਦੀ ਸ਼ਾਂਤੀ

ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਲੀ ਸਭ ਤੋਂ ਮਹਾਨ ਇਤਿਹਾਸਕ ਹਸਤੀ ਹੈ ਯਿਸੂ ਮਸੀਹ। ਜਦੋਂ ਲੋਕ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦੇ ਹਨ, ਤਾਂ ਉਹ ਯਿਸੂ ਬਾਰੇ ਬਹੁਤ ਕੁਝ ਸਿੱਖਦੇ ਹਨ। ਜਿਸ ਰਾਤ ਯਿਸੂ ਪੈਦਾ ਹੋਇਆ, ਉਸ ਰਾਤ ਦੂਤਾਂ ਨੇ ਪਰਮੇਸ਼ੁਰ ਦੀ ਮਹਿਮਾ ਵਿਚ ਗੀਤ ਗਾਏ: “ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।” (ਲੂਕਾ 2:14) ਜਦੋਂ ਯਿਸੂ ਵੱਡਾ ਹੋਇਆ, ਤਾਂ ਉਹ ਲੋਕਾਂ ਦੀਆਂ ਜ਼ਿੰਦਗੀਆਂ ਸੁਧਾਰਨ ਬਾਰੇ ਫ਼ਿਕਰਮੰਦ ਰਹਿੰਦਾ ਸੀ। ਉਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ ਅਤੇ ਉਸ ਨੇ ਦੁਖੀ ਤੇ ਬੀਮਾਰ ਲੋਕਾਂ ਲਈ ਹੱਦੋਂ ਵੱਧ ਦਇਆ ਦਿਖਾਈ। ਦੂਤਾਂ ਦੇ ਸ਼ਬਦਾਂ ਦੇ ਮੁਤਾਬਕ ਉਸ ਨੇ ਨਿਮਰ ਲੋਕਾਂ ਨੂੰ ਕਾਫ਼ੀ ਹੱਦ ਤਕ ਮਨ ਦੀ ਸ਼ਾਂਤੀ ਦਿੱਤੀ। ਆਪਣੀ ਸੇਵਕਾਈ ਦੇ ਅਖ਼ੀਰ ਵਿਚ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਜਿਸ ਤਰਾਂ ਸੰਸਾਰ ਦਿੰਦਾ ਹੈ ਮੈਂ ਉਸ ਤਰਾਂ ਨਹੀਂ ਦਿੰਦਾ ਹਾਂ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ।”—ਯੂਹੰਨਾ 14:27.

ਲੋਕਾਂ ਦਾ ਭਲਾ ਕਰਨ ਦੇ ਨਾਲ-ਨਾਲ ਯਿਸੂ ਨੇ ਹੋਰ ਵੀ ਬਹੁਤ ਕੁਝ ਕੀਤਾ ਸੀ। ਉਸ ਨੇ ਆਪਣੀ ਤੁਲਨਾ ਇਕ ਚਰਵਾਹੇ ਨਾਲ ਅਤੇ ਨਿਮਰ ਚੇਲਿਆਂ ਦੀ ਤੁਲਨਾ ਭੇਡਾਂ ਨਾਲ ਕੀਤੀ। ਉਸ ਨੇ ਕਿਹਾ: “ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ। ਅੱਛਾ ਅਯਾਲੀ ਮੈਂ ਹਾਂ। ਅੱਛਾ ਅਯਾਲੀ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ।” (ਯੂਹੰਨਾ 10:10, 11) ਜੀ ਹਾਂ, ਅੱਜ ਦੇ ਆਗੂਆਂ ਤੋਂ ਬਿਲਕੁਲ ਉਲਟ, ਜੋ ਸਭ ਤੋਂ ਪਹਿਲਾਂ ਆਪਣਾ ਉੱਲੂ ਸਿੱਧਾ ਕਰਦੇ ਹਨ, ਯਿਸੂ ਨੇ ਆਪਣੀਆਂ ਭੇਡਾਂ ਲਈ ਆਪਣੀ ਜਾਨ ਦੇ ਦਿੱਤੀ।

ਯਿਸੂ ਨੇ ਜੋ ਕੁਝ ਕੀਤਾ, ਅਸੀਂ ਉਸ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਾਂ? ਬਹੁਤ ਸਾਰੇ ਲੋਕ ਇਨ੍ਹਾਂ ਸ਼ਬਦਾਂ ਨੂੰ ਜਾਣਦੇ ਹਨ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਯਿਸੂ ਵਿਚ ਵਿਸ਼ਵਾਸ ਕਰਨ ਲਈ ਸਭ ਤੋਂ ਪਹਿਲਾਂ ਉਸ ਬਾਰੇ ਅਤੇ ਉਸ ਦੇ ਪਿਤਾ, ਯਹੋਵਾਹ ਬਾਰੇ ਗਿਆਨ ਲੈਣਾ ਲਾਜ਼ਮੀ ਹੈ। ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਗਿਆਨ ਲੈਣ ਨਾਲ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਹੋਰ ਗੂੜ੍ਹਾ ਹੋ ਸਕਦਾ ਹੈ ਜੋ ਮਨ ਦੀ ਸ਼ਾਂਤੀ ਪਾਉਣ ਵਿਚ ਸਾਡੀ ਮਦਦ ਕਰੇਗਾ।

ਯਿਸੂ ਨੇ ਕਿਹਾ: “ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ ਅਰ ਉਨ੍ਹਾਂ ਦਾ ਸਦੀਪਕਾਲ ਤੀਕੁ ਕਦੇ ਨਾਸ ਨਾ ਹੋਵੇਗਾ, ਨਾ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ।” (ਯੂਹੰਨਾ 10:27, 28) ਕਿੰਨੇ ਸਨੇਹੀ ਅਤੇ ਦਿਲ ਨੂੰ ਤਸੱਲੀ ਦੇਣ ਵਾਲੇ ਸ਼ਬਦ! ਇਹ ਸੱਚ ਹੈ ਕਿ ਯਿਸੂ ਨੇ ਇਹ ਸ਼ਬਦ ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਕਹੇ ਸਨ, ਪਰ ਇਨ੍ਹਾਂ ਸ਼ਬਦਾਂ ਵਿਚ ਅਜੇ ਵੀ ਉੱਨੀ ਹੀ ਤਾਕਤ ਹੈ ਜਿੰਨੀ ਕਿ ਉਸ ਦੇ ਕਹਿਣ ਵੇਲੇ ਸੀ। ਇਹ ਕਦੇ ਨਾ ਭੁੱਲੋ ਕਿ ਯਿਸੂ ਮਸੀਹ ਹਾਲੇ ਵੀ ਜੀਉਂਦਾ ਹੈ ਤੇ ਕੰਮ ਕਰ ਰਿਹਾ ਹੈ। ਉਹ ਹੁਣ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਰਾਜੇ ਵਜੋਂ ਰਾਜ ਕਰ ਰਿਹਾ ਹੈ। ਜਿੱਦਾਂ ਉਹ ਪਹਿਲਾਂ ਧਰਤੀ ਤੇ ਰਹਿੰਦੇ ਸਮੇਂ ਉਨ੍ਹਾਂ ਨਿਮਰ ਲੋਕਾਂ ਦੀ ਚਿੰਤਾ ਕਰਦਾ ਸੀ ਜਿਹੜੇ ਮਨ ਦੀ ਸ਼ਾਂਤੀ ਲਈ ਤਰਸਦੇ ਸਨ, ਉਸੇ ਤਰ੍ਹਾਂ ਅੱਜ ਵੀ ਉਹ ਮਨ ਦੀ ਸ਼ਾਂਤੀ ਲਈ ਤਰਸਣ ਵਾਲੇ ਲੋਕਾਂ ਦੀ ਚਿੰਤਾ ਕਰਦਾ ਹੈ। ਇਸ ਤੋਂ ਇਲਾਵਾ, ਉਹ ਹਾਲੇ ਵੀ ਆਪਣੀਆਂ ਭੇਡਾਂ ਦਾ ਚਰਵਾਹਾ ਹੈ। ਜੇ ਅਸੀਂ ਉਸ ਦੀ ਨਕਲ ਕਰਦੇ ਹਾਂ, ਤਾਂ ਮਨ ਦੀ ਸ਼ਾਂਤੀ ਪਾਉਣ ਵਿਚ ਉਹ ਸਾਡੀ ਮਦਦ ਕਰੇਗਾ ਤੇ ਆਉਣ ਵਾਲੇ ਸਮੇਂ ਵਿਚ ਹਿੰਸਾ, ਲੜਾਈ ਅਤੇ ਜੁਰਮ ਨੂੰ ਖ਼ਤਮ ਕਰ ਕੇ ਸਾਨੂੰ ਮੁਕੰਮਲ ਸ਼ਾਂਤੀ ਦੇਵੇਗਾ।

ਮਨ ਦੀ ਸ਼ਾਂਤੀ ਯਹੋਵਾਹ ਨੂੰ ਜਾਣ ਕੇ ਅਤੇ ਇਹ ਵਿਸ਼ਵਾਸ ਕਰ ਕੇ ਮਿਲਦੀ ਹੈ ਕਿ ਉਹ ਯਿਸੂ ਰਾਹੀਂ ਸਾਡੀ ਮਦਦ ਕਰੇਗਾ। ਤੁਹਾਨੂੰ ਉਸ ਛੋਟੀ ਕੁੜੀ ਵੋਨੀ ਬਾਰੇ ਯਾਦ ਹੋਵੇਗਾ ਜਿਸ ਉੱਤੇ ਘਰ ਦੀ ਸਾਰੀ ਜ਼ਿੰਮੇਵਾਰੀ ਆ ਪਈ ਸੀ ਤੇ ਸੋਚਦੀ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਛੱਡ ਦਿੱਤਾ ਹੈ? ਪਰ ਹੁਣ ਉਹ ਜਾਣਦੀ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਛੱਡਿਆ ਨਹੀਂ ਹੈ। ਉਹ ਕਹਿੰਦੀ ਹੈ: “ਮੈਂ ਸਿੱਖਿਆ ਹੈ ਕਿ ਪਰਮੇਸ਼ੁਰ ਪ੍ਰੇਮਮਈ ਗੁਣਾਂ ਵਾਲਾ ਇਕ ਅਸਲੀ ਵਿਅਕਤੀ ਹੈ। ਉਹ ਸਾਨੂੰ ਪਿਆਰ ਕਰਦਾ ਹੈ। ਇਸੇ ਪਿਆਰ ਕਰਕੇ ਉਸ ਨੇ ਸਾਨੂੰ ਜ਼ਿੰਦਗੀ ਦੇਣ ਵਾਸਤੇ ਆਪਣੇ ਪੁੱਤਰ ਨੂੰ ਇਸ ਧਰਤੀ ਉੱਤੇ ਭੇਜਿਆ। ਇਨ੍ਹਾਂ ਗੱਲਾਂ ਨੂੰ ਜਾਣਨਾ ਸਾਡੇ ਲਈ ਬਹੁਤ ਹੀ ਲਾਜ਼ਮੀ ਹੈ।”

ਮੋਰਸਲੂ ਦੱਸਦਾ ਹੈ ਕਿ ਉਸ ਨੇ ਪਰਮੇਸ਼ੁਰ ਨਾਲ ਸੱਚਾ ਰਿਸ਼ਤਾ ਕਾਇਮ ਕੀਤਾ ਹੈ। ਇਹ ਨੌਜਵਾਨ ਜੋ ਪਹਿਲਾਂ ਪਾਰਟੀਆਂ ਵਿਚ ਜਾਂਦਾ ਹੁੰਦਾ ਸੀ, ਕਹਿੰਦਾ ਹੈ: “ਨੌਜਵਾਨ ਅਕਸਰ ਇਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਇਸ ਕਰਕੇ ਉਹ ਆਪਣਾ ਨੁਕਸਾਨ ਕਰ ਬੈਠਦੇ ਹਨ। ਕਈ ਨੌਜਵਾਨ ਮੇਰੇ ਵਾਂਗ ਨਸ਼ੇ ਕਰਨ ਲੱਗ ਪੈਂਦੇ ਹਨ। ਪਰ ਮੈਨੂੰ ਪੂਰੀ-ਪੂਰੀ ਉਮੀਦ ਹੈ ਕਿ ਬਹੁਤ ਸਾਰੇ ਨੌਜਵਾਨ ਮੇਰੇ ਵਾਂਗ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਬਾਰੇ ਸਿੱਖ ਕੇ ਬਰਕਤਾਂ ਪਾਉਣਗੇ।”

ਵੋਨੀ ਤੇ ਮੋਰਸਲੂ ਨੇ ਧਿਆਨ ਨਾਲ ਬਾਈਬਲ ਸਟੱਡੀ ਕਰ ਕੇ ਪਰਮੇਸ਼ੁਰ ਵਿਚ ਦ੍ਰਿੜ੍ਹ ਨਿਹਚਾ ਪੈਦਾ ਕੀਤੀ ਹੈ। ਉਨ੍ਹਾਂ ਨੂੰ ਇਹ ਵੀ ਵਿਸ਼ਵਾਸ ਹੈ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਵਿਚ ਮਦਦ ਦੇਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਜੇ ਅਸੀਂ ਉਨ੍ਹਾਂ ਵਾਂਗ ਬਾਈਬਲ ਸਟੱਡੀ ਕਰਦੇ ਹਾਂ ਤੇ ਸਿੱਖੀਆਂ ਗੱਲਾਂ ਨੂੰ ਅਮਲ ਵਿਚ ਲਿਆਉਂਦੇ ਹਾਂ, ਤਾਂ ਅਸੀਂ ਵੀ ਉਨ੍ਹਾਂ ਵਾਂਗ ਕਾਫ਼ੀ ਹੱਦ ਤਕ ਮਨ ਦੀ ਸ਼ਾਂਤੀ ਪਾ ਸਕਦੇ ਹਾਂ। ਏਦਾਂ ਕਰਨ ਤੇ ਸਾਨੂੰ ਵੀ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਹੌਸਲਾ-ਅਫ਼ਜ਼ਾਈ ਮਿਲੇਗੀ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:6, 7.

ਅੱਜ ਸੱਚੀ ਸ਼ਾਂਤੀ ਪਾਉਣੀ

ਯਿਸੂ ਮਸੀਹ ਸੱਚਾਈ ਦੇ ਭੁੱਖੇ ਲੋਕਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਵੱਲ ਲੈ ਜਾਣ ਵਾਲਾ ਰਾਹ ਦਿਖਾਉਂਦਾ ਹੈ। ਜਦੋਂ ਉਹ ਲੋਕਾਂ ਨੂੰ ਪਰਮੇਸ਼ੁਰ ਦੀ ਸੱਚੀ ਭਗਤੀ ਕਰਨ ਦਾ ਰਾਹ ਦਿਖਾਉਂਦਾ ਹੈ, ਤਾਂ ਲੋਕ ਬਾਈਬਲ ਵਿਚ ਦੱਸੀ ਇਹ ਸ਼ਾਂਤੀ ਮਹਿਸੂਸ ਕਰਦੇ ਹਨ: “ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਤੇ ਚੈਨ ਦੇ ਅਸਥਾਨਾਂ ਵਿੱਚ ਵੱਸੇਗੀ।” (ਯਸਾਯਾਹ 32:18) ਇਹ ਭਵਿੱਖ ਵਿਚ ਮਿਲਣ ਵਾਲੀ ਸ਼ਾਂਤੀ ਦਾ ਸਿਰਫ਼ ਇਕ ਨਮੂਨਾ ਹੈ। ਅਸੀਂ ਪੜ੍ਹਦੇ ਹਾਂ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰ 37:11, 29.

ਤਾਂ ਫਿਰ, ਕੀ ਸਾਨੂੰ ਅੱਜ ਮਨ ਦੀ ਸ਼ਾਂਤੀ ਮਿਲ ਸਕਦੀ ਹੈ? ਜੀ ਹਾਂ। ਇਸ ਤੋਂ ਇਲਾਵਾ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਬਹੁਤ ਜਲਦੀ ਆਉਣ ਵਾਲੇ ਸਮੇਂ ਵਿਚ ਆਗਿਆਕਾਰੀ ਇਨਸਾਨਾਂ ਨੂੰ ਉਸ ਸ਼ਾਂਤੀ ਦੀ ਬਰਕਤ ਦੇਵੇਗਾ ਜਿਸ ਦਾ ਉਨ੍ਹਾਂ ਨੇ ਪਹਿਲਾਂ ਕਦੀ ਆਨੰਦ ਨਹੀਂ ਮਾਣਿਆ। ਫਿਰ ਕਿਉਂ ਨਾ ਤੁਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਆਪਣੀ ਸ਼ਾਂਤੀ ਦੇਵੇ? ਜੇ ਤੁਹਾਨੂੰ ਵੀ ਅਜਿਹੀਆਂ ਮੁਸ਼ਕਲਾਂ ਹਨ ਜੋ ਤੁਹਾਨੂੰ ਸ਼ਾਂਤੀ ਤੋਂ ਵਾਂਝਿਆਂ ਕਰਦੀਆਂ ਹਨ, ਤਾਂ ਰਾਜਾ ਦਾਊਦ ਦੀ ਤਰ੍ਹਾਂ ਪ੍ਰਾਰਥਨਾ ਕਰੋ: “ਮੇਰੇ ਮਨ ਦੇ ਸੰਕਟ ਵਧ ਗਏ ਹਨ, ਮੇਰਿਆਂ ਭੈਜਲਾਂ ਤੋਂ ਮੈਨੂੰ ਬਾਹਰ ਕੱਢ। ਮੇਰੇ ਦੁਖ ਅਰ ਮੇਰੇ ਕਸ਼ਟ ਨੂੰ ਵੇਖ, ਅਤੇ ਮੇਰੇ ਸਾਰੇ ਪਾਪਾਂ ਨੂੰ ਚੁੱਕ ਲੈ।” (ਜ਼ਬੂਰ 25:17, 18) ਪੱਕਾ ਯਕੀਨ ਰੱਖੋ ਪਰਮੇਸ਼ੁਰ ਅਜਿਹੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਉਹ ਆਪਣਾ ਹੱਥ ਫੈਲਾ ਕੇ ਦਿਲੋਂ ਸ਼ਾਂਤੀ ਭਾਲਣ ਵਾਲਿਆਂ ਨੂੰ ਸ਼ਾਂਤੀ ਦਿੰਦਾ ਹੈ। ਸਾਨੂੰ ਸਾਰਿਆਂ ਨੂੰ ਇਹ ਪ੍ਰੇਮਮਈ ਭਰੋਸਾ ਦਿੱਤਾ ਗਿਆ ਹੈ: “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ। ਉਹ ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।”—ਜ਼ਬੂਰ 145:18, 19.

[ਸਫ਼ੇ 5 ਉੱਤੇ ਸੁਰਖੀ]

ਇਨਸਾਨ ਕੋਲ ਨਾ ਤਾਂ ਬੁੱਧ ਹੈ ਤੇ ਨਾ ਹੀ ਕਿਸੇ ਦੀ ਮਦਦ ਤੋਂ ਬਿਨਾਂ ਆਪਣੇ ਉੱਤੇ ਹਕੂਮਤ ਕਰਨ ਦੀ ਸਮਝ ਹੈ। ਸਿਰਫ਼ ਪਰਮੇਸ਼ੁਰ ਦੀ ਮਦਦ ਨਾਲ ਹੀ ਉਹ ਕਾਮਯਾਬ ਹੋ ਸਕਦਾ ਹੈ

[ਸਫ਼ੇ 6 ਉੱਤੇ ਸੁਰਖੀ]

ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਗਿਆਨ ਲੈਣ ਨਾਲ ਸਾਡਾ ਰਿਸ਼ਤਾ ਯਹੋਵਾਹ ਪਰਮੇਸ਼ੁਰ ਨਾਲ ਹੋਰ ਗੂੜ੍ਹਾ ਹੋ ਸਕਦਾ ਹੈ ਜੋ ਮਨ ਦੀ ਸ਼ਾਂਤੀ ਪਾਉਣ ਵਿਚ ਸਾਡੀ ਮਦਦ ਕਰੇਗਾ

[ਸਫ਼ੇ 7 ਉੱਤੇ ਤਸਵੀਰ]

ਬਾਈਬਲ ਦੀ ਸਲਾਹ ਪਰਿਵਾਰਕ ਸ਼ਾਂਤੀ ਵਧਾਉਂਦੀ ਹੈ