Skip to content

Skip to table of contents

ਕੀ ਮੈਂ ਪਵਿੱਤਰ ਸ਼ਕਤੀ ਨੂੰ ਆਪਣਾ ਸਹਾਇਕ ਬਣਾਇਆ ਹੈ?

ਕੀ ਮੈਂ ਪਵਿੱਤਰ ਸ਼ਕਤੀ ਨੂੰ ਆਪਣਾ ਸਹਾਇਕ ਬਣਾਇਆ ਹੈ?

ਕੀ ਮੈਂ ਪਵਿੱਤਰ ਸ਼ਕਤੀ ਨੂੰ ਆਪਣਾ ਸਹਾਇਕ ਬਣਾਇਆ ਹੈ?

ਧਰਮ ਸ਼ਾਸਤਰੀਆਂ ਤੋਂ ਇਲਾਵਾ ਆਮ ਲੋਕ ਵੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਬਾਰੇ ਕਈ ਵੱਖਰੇ-ਵੱਖਰੇ ਵਿਚਾਰ ਰੱਖਦੇ ਹਨ। ਪਰ ਇੰਨੇ ਸਾਰੇ ਵਿਚਾਰਾਂ ਦੀ ਲੋੜ ਨਹੀਂ ਹੈ ਕਿਉਂਕਿ ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਪਵਿੱਤਰ ਆਤਮਾ ਕੀ ਹੈ। ਕਈਆਂ ਦੇ ਦਾਅਵੇ ਤੋਂ ਉਲਟ ਇਹ ਕੋਈ ਵਿਅਕਤੀ ਨਹੀਂ ਹੈ, ਸਗੋਂ ਇਹ ਪਰਮੇਸ਼ੁਰ ਦੀ ਸ਼ਕਤੀ ਹੈ ਜਿਸ ਨੂੰ ਉਹ ਆਪਣੀ ਮਰਜ਼ੀ ਪੂਰੀ ਕਰਨ ਲਈ ਇਸਤੇਮਾਲ ਕਰਦਾ ਹੈ।—ਜ਼ਬੂਰ 104:30; ਰਸੂਲਾਂ ਦੇ ਕਰਤੱਬ 2:33; 4:31; 2 ਪਤਰਸ 1:21.

ਪਵਿੱਤਰ ਸ਼ਕਤੀ ਪਰਮੇਸ਼ੁਰ ਦੇ ਮਕਸਦਾਂ ਦੀ ਪੂਰਤੀ ਨਾਲ ਗੂੜ੍ਹਾ ਸੰਬੰਧ ਰੱਖਦੀ ਹੈ। ਇਸ ਲਈ ਸਾਡੀ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਇਸ ਦੇ ਅਨੁਸਾਰ ਲਿਆਈਏ।

ਪਵਿੱਤਰ ਸ਼ਕਤੀ ਦੀ ਮਦਦ ਕਿਉਂ ਜ਼ਰੂਰੀ ਹੈ?

ਯਿਸੂ ਜਾਣਦਾ ਸੀ ਕਿ ਉਹ ਸਵਰਗ ਨੂੰ ਜਾਣ ਵਾਲਾ ਸੀ, ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਹੌਸਲਾ ਦਿੰਦੇ ਹੋਏ ਕਿਹਾ: “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ।” ਇਸ ਤੋਂ ਬਾਅਦ ਉਸ ਨੇ ਇਹ ਵੀ ਕਿਹਾ: “ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਘੱਲ ਦਿਆਂਗਾ।”—ਯੂਹੰਨਾ 14:16, 17; 16:7.

ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਬਹੁਤ ਹੀ ਜ਼ਰੂਰੀ ਕੰਮ ਦਿੱਤਾ ਜਦੋਂ ਉਸ ਨੇ ਕਿਹਾ ਕਿ “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਇਹ ਕੋਈ ਸੌਖਾ ਕੰਮ ਨਹੀਂ ਸੀ ਕਿਉਂਕਿ ਇਸ ਕਰਕੇ ਚੇਲਿਆਂ ਨੇ ਕਾਫ਼ੀ ਵਿਰੋਧ ਸਹਿਣਾ ਸੀ।—ਮੱਤੀ 10:22, 23.

ਦੁਨੀਆਂ ਦੇ ਵਿਰੋਧ ਦੇ ਨਾਲ-ਨਾਲ ਕਲੀਸਿਯਾ ਵਿਚ ਵੀ ਥੋੜ੍ਹੀਆਂ-ਬਹੁਤੀਆਂ ਮੁਸ਼ਕਲਾਂ ਆਉਣੀਆਂ ਸਨ। ਲਗਭਗ 56 ਸਾ.ਯੁ. ਵਿਚ ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਲਿਖਿਆ: “ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ ਭਈ ਤੁਸੀਂ ਓਹਨਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਜੋ ਤੁਹਾਨੂੰ ਮਿਲੀ ਹੈ ਫੁੱਟ ਪਾਉਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਓਹਨਾਂ ਤੋਂ ਲਾਂਭੇ ਰਹੋ।” (ਰੋਮੀਆਂ 16:17, 18) ਰਸੂਲਾਂ ਦੇ ਮਰਨ ਤੋਂ ਬਾਅਦ ਇਹ ਹਾਲਤ ਹੋਰ ਵੀ ਖ਼ਰਾਬ ਹੋ ਜਾਣੀ ਸੀ। ਇਸ ਲਈ ਪੌਲੁਸ ਨੇ ਚੇਤਾਵਨੀ ਦਿੱਤੀ: “ਮੈਂ ਜਾਣਦਾ ਹਾਂ ਜੋ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ। ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।”—ਰਸੂਲਾਂ ਦੇ ਕਰਤੱਬ 20:29, 30.

ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਪਰਮੇਸ਼ੁਰ ਦੀ ਮਦਦ ਦੀ ਲੋੜ ਸੀ। ਉਸ ਨੇ ਇਹ ਮਦਦ ਯਿਸੂ ਦੇ ਰਾਹੀਂ ਦਿੱਤੀ। ਯਿਸੂ ਦੇ ਜੀ ਉਠਾਏ ਜਾਣ ਤੋਂ ਬਾਅਦ ਪੰਤੇਕੁਸਤ 33 ਸਾ.ਯੁ. ਵਿਚ ਉਸ ਦੇ ਤਕਰੀਬਨ 120 ਚੇਲੇ “ਸੱਭੇ ਪਵਿੱਤ੍ਰ ਆਤਮਾ ਨਾਲ ਭਰ ਗਏ।”—ਰਸੂਲਾਂ ਦੇ ਕਰਤੱਬ 1:15; 2:4.

ਚੇਲਿਆਂ ਨੇ ਪਛਾਣ ਲਿਆ ਸੀ ਕਿ ਇਸ ਮੌਕੇ ਤੇ ਜੋ ਉਨ੍ਹਾਂ ਨੂੰ ਪਵਿੱਤਰ ਆਤਮਾ ਮਿਲੀ ਸੀ ਇਹ ਯਿਸੂ ਦੇ ਵਾਅਦੇ ਮੁਤਾਬਕ ਉਨ੍ਹਾਂ ਦੀ ਸਹਾਇਤਾ ਕਰਨ ਲਈ ਬਖ਼ਸ਼ੀ ਗਈ ਸੀ। ਬਿਨਾਂ ਸ਼ੱਕ ਉਨ੍ਹਾਂ ਨੇ ਉਸ ਸਹਾਇਕ ਬਾਰੇ ਯਿਸੂ ਦੀ ਪਹਿਲੀ ਗੱਲ ਹੁਣ ਠੀਕ ਤਰ੍ਹਾਂ ਸਮਝੀ ਸੀ ਕਿ “ਉਹ ਸਹਾਇਕ ਅਰਥਾਤ ਪਵਿੱਤ੍ਰ ਆਤਮਾ ਜਿਹ ਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ ਸੋ ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ।” (ਟੇਢੇ ਟਾਈਪ ਸਾਡੇ।) (ਯੂਹੰਨਾ 14:26) ਯਿਸੂ ਨੇ ਇਸ ਨੂੰ ‘ਸਹਾਇਕ ਅਰਥਾਤ ਸਚਿਆਈ ਦੀ ਆਤਮਾ’ ਵੀ ਸੱਦਿਆ ਸੀ।—ਯੂਹੰਨਾ 15:26.

ਆਤਮਾ ਸਹਾਇਕ ਕਿਸ ਤਰ੍ਹਾਂ ਹੈ?

ਪਵਿੱਤਰ ਆਤਮਾ ਜਾਂ ਸ਼ਕਤੀ ਨੇ ਕਈ ਤਰੀਕਿਆਂ ਵਿਚ ਸਹਾਇਤਾ ਕਰਨੀ ਸੀ। ਪਹਿਲੀ ਗੱਲ ਹੈ ਕਿ ਯਿਸੂ ਨੇ ਵਾਅਦਾ ਕੀਤਾ ਸੀ ਕਿ ਆਤਮਾ ਉਸ ਦੇ ਚੇਲਿਆਂ ਨੂੰ ਉਸ ਦੀਆਂ ਸਿੱਖਿਆਵਾਂ ਬਾਰੇ ਚੇਤੇ ਕਰਾਵੇਗੀ। ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਸਿਰਫ਼ ਉਸ ਦੇ ਲਫ਼ਜ਼ ਯਾਦ ਕਰਨਗੇ। ਪਵਿੱਤਰ ਸ਼ਕਤੀ ਨੇ ਉਨ੍ਹਾਂ ਦੀ ਮਦਦ ਕਰਨੀ ਸੀ ਕਿ ਉਹ ਯਿਸੂ ਦੀ ਸਿੱਖਿਆ ਦੇ ਡੂੰਘੇ ਅਰਥ ਅਤੇ ਮਹੱਤਤਾ ਨੂੰ ਸਮਝਣ। (ਯੂਹੰਨਾ 16:12-14) ਜੀ ਹਾਂ, ਆਤਮਾ ਨੇ ਉਸ ਦੇ ਚੇਲਿਆਂ ਨੂੰ ਸੱਚਾਈ ਦੀ ਬਿਹਤਰ ਸਮਝ ਦੇਣੀ ਸੀ। ਪੌਲੁਸ ਰਸੂਲ ਨੇ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਬਾਰੇ ਬਾਅਦ ਵਿਚ ਇਹ ਲਿਖਿਆ: “ਓਹਨਾਂ ਨੂੰ ਪਰਮੇਸ਼ੁਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪਰਗਟ ਕੀਤਾ ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦਾ ਹੈ।” (1 ਕੁਰਿੰਥੀਆਂ 2:10) ਜੇਕਰ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਨੇ ਦੂਸਰਿਆਂ ਲੋਕਾਂ ਨੂੰ ਸਹੀ ਗਿਆਨ ਦੇਣਾ ਸੀ ਤਾਂ ਉਨ੍ਹਾਂ ਦੀ ਆਪਣੀ ਸਮਝ ਵਧੀਆ ਹੋਣੀ ਚਾਹੀਦੀ ਸੀ।

ਦੂਜੀ ਗੱਲ ਇਹ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਲਗਾਤਾਰ ਪ੍ਰਾਰਥਨਾ ਕਰਨ ਦੀ ਸਿੱਖਿਆ ਦਿੱਤੀ। ਜੇਕਰ ਕਦੀ-ਕਦੀ ਉਨ੍ਹਾਂ ਨੂੰ ਪਤਾ ਨਾ ਹੁੰਦਾ ਕਿ ਉਨ੍ਹਾਂ ਨੂੰ ਕਿਸ ਚੀਜ਼ ਲਈ ਪ੍ਰਾਰਥਨਾ ਕਰਨੀ ਚਾਹੀਦੀ ਸੀ, ਤਾਂ ਪਵਿੱਤਰ ਆਤਮਾ ਉਨ੍ਹਾਂ ਦੀ ਸਹਾਇਤਾ ਕਰ ਸਕਦੀ ਸੀ। “ਇਸ ਤਰਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ਪਰ ਆਤਮਾ ਆਪ ਅਕੱਥ ਹਾਹੁਕੇ ਭਰ ਕੇ ਸਾਡੇ ਲਈ ਸਫ਼ਾਰਸ਼ ਕਰਦਾ ਹੈ।”—ਰੋਮੀਆਂ 8:26.

ਤੀਜੀ ਗੱਲ ਸੀ ਕਿ ਆਤਮਾ ਨੇ ਯਿਸੂ ਦੇ ਚੇਲਿਆਂ ਦੀ ਸੱਚਾਈ ਦੀ ਖੁੱਲ੍ਹੇ-ਆਮ ਸਫ਼ਾਈ ਪੇਸ਼ ਕਰਨ ਵਿਚ ਮਦਦ ਕਰਨੀ ਸੀ। ਯਿਸੂ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ: “ਓਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ। ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜਰ ਕੀਤੇ ਜਾਓਗੇ ਜੋ ਉਨ੍ਹਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੇ। ਪਰ ਜਦ ਓਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕਿੱਕੁਰ ਯਾ ਕੀ ਬੋਲੀਏ, ਕਿਉਂਕਿ ਜਿਹੜੀ ਗੱਲ ਤੁਸਾਂ ਬੋਲਣੀ ਹੈ ਉਹ ਤੁਹਾਨੂੰ ਉਸੇ ਘੜੀ ਬਖ਼ਸ਼ੀ ਜਾਵੇਗੀ। ਬੋਲਣ ਵਾਲੇ ਤੁਸੀਂ ਤਾਂ ਨਹੀਂ ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ।”—ਮੱਤੀ 10:17-20.

ਪਵਿੱਤਰ ਸ਼ਕਤੀ ਨੇ ਮਸੀਹੀ ਕਲੀਸਿਯਾ ਦੀ ਪਛਾਣ ਕਰਵਾਉਣ, ਅਤੇ ਉਸ ਦੇ ਮੈਂਬਰਾਂ ਨੂੰ ਆਪਣੇ ਨਿੱਜੀ ਕੰਮਾਂ ਵਿਚ ਚੰਗੇ ਫ਼ੈਸਲੇ ਕਰਨ ਵਿਚ ਵੀ ਮਦਦ ਦੇਣੀ ਸੀ। ਚਲੋ ਅਸੀਂ ਇਨ੍ਹਾਂ ਦੋਹਾਂ ਗੱਲਾਂ ਉੱਤੇ ਹੋਰ ਧਿਆਨ ਲਾਈਏ ਅਤੇ ਦੇਖੀਏ ਕਿ ਇਹ ਸਾਡੇ ਲਈ ਕਿੰਨੀਆਂ ਕੁ ਜ਼ਰੂਰੀ ਹਨ।

ਕਲੀਸਿਯਾ ਦੀ ਪਛਾਣ ਕਰਵਾਉਣ ਵਿਚ ਮਦਦ

ਮੂਸਾ ਦੀ ਬਿਵਸਥਾ ਦੇ ਅਧੀਨ ਯਹੂਦੀ ਲੋਕ ਸਦੀਆਂ ਲਈ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਰਹੇ। ਪਰ ਉਨ੍ਹਾਂ ਨੇ ਯਿਸੂ ਨੂੰ ਮਸੀਹਾ ਵਜੋਂ ਰੱਦ ਕੀਤਾ। ਇਸ ਲਈ ਉਸ ਨੇ ਦੱਸਿਆ ਕਿ ਉਹ ਵੀ ਜਲਦੀ ਹੀ ਰੱਦ ਕੀਤੇ ਜਾਣਗੇ: “ਭਲਾ ਤੁਸਾਂ ਲਿਖਤਾਂ ਵਿੱਚ ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੁ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।” (ਮੱਤੀ 21:42, 43) ਪੰਤੇਕੁਸਤ 33 ਸਾ.ਯੁ. ਵਿਚ ਮਸੀਹੀ ਕਲੀਸਿਯਾ ਦੇ ਸਥਾਪਿਤ ਹੋਣ ਤੋਂ ਬਾਅਦ, ਮਸੀਹ ਦੇ ਚੇਲੇ ਉਹ “ਕੌਮ” ਬਣੇ ‘ਜਿਹੜੀ ਫਲ ਦਿੰਦੀ ਹੈ।’ ਉਸ ਸਮੇਂ ਤੋਂ ਲੈ ਕੇ ਪਰਮੇਸ਼ੁਰ ਨੇ ਇਸ ਕਲੀਸਿਯਾ ਦੇ ਜ਼ਰੀਏ ਮਨੁੱਖਜਾਤੀ ਨੂੰ ਆਪਣੀ ਮਰਜ਼ੀ ਦੱਸੀ ਹੈ। ਲੋਕਾਂ ਨੇ ਕਿਸ ਤਰ੍ਹਾਂ ਜਾਣਿਆ ਕਿ ਹੁਣ ਪਰਮੇਸ਼ੁਰ ਦੀ ਕਿਰਪਾ ਯਹੂਦੀਆਂ ਉੱਤੇ ਨਹੀਂ ਪਰ ਇਸ ਮਸੀਹੀ ਕਲੀਸਿਯਾ ਉੱਤੇ ਸੀ? ਉਸ ਨੇ ਇਕ ਸਪੱਸ਼ਟ ਨਿਸ਼ਾਨ ਦਿੱਤਾ।

ਪੰਤੇਕੁਸਤ ਦੇ ਦਿਨ ਤੇ ਚੇਲੇ ਪਵਿੱਤਰ ਆਤਮਾ ਦੇ ਨਾਲ ਅਜਿਹੀਆਂ ਬੋਲੀਆਂ ਬੋਲਣ ਲੱਗ ਪਏ ਜਿਹੜੀਆਂ ਉਨ੍ਹਾਂ ਨੇ ਸਿੱਖੀਆਂ ਵੀ ਨਹੀਂ ਸਨ। ਆਲੇ-ਦੁਆਲੇ ਖੜ੍ਹੇ ਲੋਕ ਹੈਰਾਨ ਹੋ ਕੇ ਪੁੱਛਣ ਲੱਗੇ: “ਕਿੱਕੁਰ ਹਰੇਕ ਸਾਡੇ ਵਿੱਚੋਂ ਆਪੋ ਆਪਣੀ ਜਨਮ ਭੂਮ ਦੀ ਭਾਖਿਆ ਸੁਣਦਾ ਹੈ?” (ਰਸੂਲਾਂ ਦੇ ਕਰਤੱਬ 2:7, 8) ਵੱਖ-ਵੱਖ ਬੋਲੀਆਂ ਬੋਲਣ ਦੀ ਯੋਗਤਾ, ਅਤੇ ‘ਰਸੂਲਾਂ ਦੇ ਰਾਹੀਂ ਪਰਗਟ ਹੋਏ ਬਹੁਤ ਸਾਰੇ ਅਚੰਭਿਆਂ ਤੇ ਨਿਸ਼ਾਨਾਂ’ ਦੇ ਕਾਰਨ, ਲਗਭਗ ਤਿੰਨ ਹਜ਼ਾਰ ਲੋਕਾਂ ਨੇ ਦੇਖ ਲਿਆ ਕਿ ਪਰਮੇਸ਼ੁਰ ਦੀ ਸ਼ਕਤੀ ਸੱਚ-ਮੁੱਚ ਕੰਮ ਕਰ ਰਹੀ ਸੀ।—ਰਸੂਲਾਂ ਦੇ ਕਰਤੱਬ 2:41, 43.

ਮਸੀਹ ਦੇ ਚੇਲੇ ਇਸ ਕਰਕੇ ਵੀ ਪਰਮੇਸ਼ੁਰ ਦੇ ਸੇਵਕਾਂ ਵਜੋਂ ਪਛਾਣੇ ਗਏ ਸਨ ਕਿਉਂਕਿ ਉਹ “ਆਤਮਾ ਦਾ ਫਲ” ਵੀ ਪ੍ਰਗਟ ਕਰਦੇ ਸਨ, ਯਾਨੀ ਕਿ ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਅਤੇ ਸੰਜਮ। (ਗਲਾਤੀਆਂ 5:22, 23) ਇਨ੍ਹਾਂ ਗੁਣਾਂ ਵਿੱਚੋਂ ਪ੍ਰੇਮ ਨੇ ਖ਼ਾਸ ਕਰਕੇ ਮਸੀਹੀ ਕਲੀਸਿਯਾ ਦੀ ਪਛਾਣ ਕਰਵਾਈ। ਹਾਂ, ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:34, 35.

ਪਹਿਲੀ ਸਦੀ ਦੇ ਮਸੀਹੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਅਧੀਨ ਆ ਕੇ ਖ਼ੁਸ਼ ਸਨ ਅਤੇ ਉਨ੍ਹਾਂ ਨੇ ਇਸ ਦੀ ਸਹਾਇਤਾ ਦਾ ਲਾਭ ਉਠਾਇਆ। ਸਾਡੇ ਜ਼ਮਾਨੇ ਦੇ ਮਸੀਹੀ ਜਾਣਦੇ ਹਨ ਕਿ ਪਰਮੇਸ਼ੁਰ ਪਹਿਲੀ ਸਦੀ ਵਾਂਗ ਮਰਿਆਂ ਲੋਕਾਂ ਨੂੰ ਜੀਉਂਦਾ ਨਹੀਂ ਕਰਦਾ ਅਤੇ ਨਾ ਹੀ ਚਮਤਕਾਰ ਕਰਦਾ ਹੈ। ਫਿਰ ਵੀ ਮਸੀਹੀ ਪਰਮੇਸ਼ੁਰ ਦੀ ਆਤਮਾ ਦਾ ਫਲ ਪੈਦਾ ਕਰ ਕੇ ਆਪਣੇ ਆਪ ਨੂੰ ਮਸੀਹ ਦੇ ਸੱਚੇ ਚੇਲੇ ਸਾਬਤ ਕਰਦੇ ਹਨ।—1 ਕੁਰਿੰਥੀਆਂ 13:8.

ਨਿੱਜੀ ਫ਼ੈਸਲੇ ਕਰਨ ਵਿਚ ਸਹਾਇਕ

ਬਾਈਬਲ ਪਵਿੱਤਰ ਆਤਮਾ ਦੇ ਜ਼ਰੀਏ ਰਚੀ ਗਈ ਸੀ। ਇਸ ਲਈ ਜਦੋਂ ਅਸੀਂ ਬਾਈਬਲ ਨੂੰ ਆਪਣੇ ਆਪ ਉੱਤੇ ਅਸਰ ਪਾਉਣ ਦਿੰਦੇ ਹਾਂ, ਤਾਂ ਅਸੀਂ ਕਹਿ ਸਕਦੇ ਹਾਂ ਕਿ ਪਵਿੱਤਰ ਆਤਮਾ ਖ਼ੁਦ ਸਾਨੂੰ ਸਿਖਾ ਰਹੀ ਹੈ। (2 ਤਿਮੋਥਿਉਸ 3:16, 17) ਇਹ ਸਾਨੂੰ ਚੰਗੇ ਫ਼ੈਸਲੇ ਕਰਨ ਵਿਚ ਸਹਾਇਤਾ ਦੇ ਸਕਦੀ ਹੈ। ਪਰ ਕੀ ਅਸੀਂ ਇਸ ਦੀ ਸਹਾਇਤਾ ਦਾ ਲਾਭ ਉਠਾਉਂਦੇ ਹਾਂ?

ਕੰਮ-ਧੰਦੇ ਦੇ ਫ਼ੈਸਲਿਆਂ ਬਾਰੇ ਕੀ? ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਕੋਈ ਨੌਕਰੀ ਚੁਣਨ ਤੋਂ ਪਹਿਲਾਂ ਉਸ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖ ਸਕਾਂਗੇ। ਸਾਡੀ ਨੌਕਰੀ ਨੂੰ ਬਾਈਬਲ ਸਿਧਾਂਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ, ਅਤੇ ਜੇ ਹੋ ਸਕੇ ਇਸ ਤੋਂ ਸਾਨੂੰ ਸੱਚਾਈ ਵਿਚ ਤਰੱਕੀ ਕਰਨ ਦੀ ਮਦਦ ਮਿਲਣੀ ਚਾਹੀਦੀ ਹੈ। ਨੌਕਰੀ ਨਾਲ ਸਾਨੂੰ ਸ਼ਾਇਦ ਬਹੁਤ ਇੱਜ਼ਤ ਅਤੇ ਪੈਸਾ ਮਿਲੇ ਪਰ ਅਸਲ ਵਿਚ ਇਹ ਚੀਜ਼ਾਂ ਇੰਨੀਆਂ ਮਹੱਤਵਪੂਰਣ ਨਹੀਂ ਹਨ। ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਇਸ ਨਾਲ ਸਾਡੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ਅਤੇ ਕਿ ਅਸੀਂ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਵੀ ਨਿਭਾ ਸਕਦੇ ਹਾਂ।

ਅਸੀਂ ਸਾਰੇ ਜਣੇ ਜ਼ਿੰਦਗੀ ਦਾ ਮਜ਼ਾ ਲੈਣਾ ਚਾਹੁੰਦੇ ਹਾਂ ਅਤੇ ਇਸ ਤਰ੍ਹਾਂ ਕਰਨਾ ਗ਼ਲਤ ਨਹੀਂ ਹੈ। (ਉਪਦੇਸ਼ਕ ਦੀ ਪੋਥੀ 2:24; 11:9) ਇਸ ਲਈ ਜਿਹੜਾ ਮਸੀਹੀ ਸੰਤੁਲਨ ਰੱਖਦਾ ਹੈ ਉਹ ਤਾਜ਼ਗੀ ਲਈ ਅਤੇ ਮਜ਼ੇ ਲਈ ਦਿਲਪਰਚਾਵਿਆਂ ਵਿਚ ਹਿੱਸਾ ਲੈ ਸਕਦਾ ਹੈ। ਪਰ ਉਸ ਨੂੰ ਦਿਲ ਬਹਿਲਾਉਣ ਲਈ ਅਜਿਹੇ ਕੋਈ ਕੰਮ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਵਿਚ “ਸਰੀਰ ਦੇ ਕੰਮ” ਸ਼ਾਮਲ ਹੋਣ, ਸਗੋਂ ਅਜਿਹੇ ਜੋ ਆਤਮਾ ਦਾ ਫਲ ਪ੍ਰਗਟ ਕਰਨ। ਪੌਲੁਸ ਨੇ ਸਮਝਾਇਆ: “ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ। ਓਹ ਏਹ ਹਨ—ਹਰਾਮਕਾਰੀ, ਗੰਦ ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜੇਹੇ ਕੰਮ।” ਨਾਲੇ ਸਾਨੂੰ ‘ਫੋਕਾ ਘਮੰਡ ਕਰ ਕੇ ਇਕ ਦੂਏ ਨੂੰ ਖਿਝਾਉਣ ਅਤੇ ਇਕ ਦੂਏ ਨਾਲ ਖਾਰ ਕਰਨ’ ਤੋਂ ਵੀ ਬਚਣਾ ਚਾਹੀਦਾ ਹੈ।—ਗਲਾਤੀਆਂ 5:16-26.

ਦੋਸਤ-ਮਿੱਤਰ ਚੁਣਨ ਦੇ ਸੰਬੰਧ ਵਿਚ ਵੀ ਅਜਿਹੀ ਸਲਾਹ ਲਾਗੂ ਕੀਤੀ ਜਾ ਸਕਦੀ ਹੈ। ਸਾਨੂੰ ਆਪਣੇ ਦੋਸਤ ਸ਼ਕਲ-ਸੂਰਤ ਜਾਂ ਧੰਨ-ਦੌਲਤ ਦੇਖ ਕੇ ਨਹੀਂ ਚੁਣਨੇ ਚਾਹੀਦੇ ਹਨ, ਪਰ ਇਹ ਦੇਖਣਾ ਚਾਹੀਦਾ ਹੈ ਕਿ ਉਹ ਸੱਚਾਈ ਵਿਚ ਕਿੰਨੇ ਮਜ਼ਬੂਤ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦਾਊਦ ਪਰਮੇਸ਼ੁਰ ਦਾ ਮਿੱਤਰ ਸੀ, ਕਿਉਂਕਿ ਪਰਮੇਸ਼ੁਰ ਨੇ ਉਸ ਨੂੰ “ਮਨ ਭਾਉਂਦਾ” ਮਨੁੱਖ ਸੱਦਿਆ ਸੀ। (ਰਸੂਲਾਂ ਦੇ ਕਰਤੱਬ 13:22) ਯਹੋਵਾਹ ਨੇ ਦਾਊਦ ਨੂੰ ਇਸਰਾਏਲ ਦਾ ਰਾਜਾ ਬਣਨ ਲਈ ਉਸ ਦੀ ਸ਼ਕਲ-ਸੂਰਤ ਦੇਖ ਕੇ ਨਹੀਂ ਚੁਣਿਆ ਸੀ। ਬਾਈਬਲ ਕਹਿੰਦੀ ਹੈ ਕਿ “ਯਹੋਵਾਹ . . . ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।”—1 ਸਮੂਏਲ 16:7.

ਕਈਆਂ ਦੋਸਤੀਆਂ ਵਿਚ ਫੁੱਟ ਪੈ ਜਾਂਦੀ ਹੈ ਕਿਉਂਕਿ ਇਹ ਸ਼ਕਲ-ਸੂਰਤ ਜਾਂ ਧੰਨ-ਦੌਲਤ ਤੇ ਆਧਾਰਿਤ ਸਨ। ਧੰਨ-ਦੌਲਤ ਕਰਕੇ ਕੀਤੀਆਂ ਗਈਆਂ ਦੋਸਤੀਆਂ ਇਕਦਮ ਖ਼ਤਮ ਹੋ ਸਕਦੀਆਂ ਹਨ। (ਕਹਾਉਤਾਂ 14:20) ਪਰਮੇਸ਼ੁਰ ਦਾ ਬਚਨ ਜੋ ਉਸ ਦੀ ਆਤਮਾ ਦੁਆਰਾ ਪ੍ਰੇਰਿਤ ਹੈ, ਸਾਨੂੰ ਸਲਾਹ ਦਿੰਦਾ ਹੈ ਕਿ ਸਾਨੂੰ ਅਜਿਹੇ ਦੋਸਤ ਚੁਣਨੇ ਚਾਹੀਦੇ ਹਨ ਜੋ ਯਹੋਵਾਹ ਦੀ ਸੇਵਾ ਕਰਨ ਵਿਚ ਸਾਡੀ ਮਦਦ ਕਰਨ। ਉਸ ਵਿਚ ਇਹ ਵੀ ਲਿਖਿਆ ਹੈ ਕਿ ਲੈਣ ਉੱਤੇ ਨਹੀਂ ਸਗੋਂ ਦੇਣ ਉੱਤੇ ਧਿਆਨ ਲਾਉਣਾ ਚਾਹੀਦਾ ਹੈ ਕਿਉਂਕਿ ਦੇਣ ਨਾਲ ਜ਼ਿਆਦਾ ਖ਼ੁਸ਼ੀ ਮਿਲਦੀ ਹੈ। (ਰਸੂਲਾਂ ਦੇ ਕਰਤੱਬ 20:35) ਅਸੀਂ ਆਪਣੇ ਦੋਸਤ-ਮਿੱਤਰਾਂ ਨੂੰ ਕੀ ਦੇ ਸਕਦੇ ਹਾਂ? ਸਾਡਾ ਸਮਾਂ ਅਤੇ ਪ੍ਰੇਮ ਸਭ ਤੋਂ ਵਧੀਆ ਤੋਹਫ਼ੇ ਹਨ।

ਜੇ ਕੋਈ ਮਸੀਹੀ ਵਿਆਹ ਕਰਨ ਲਈ ਸਾਥੀ ਲੱਭ ਰਿਹਾ ਹੈ ਤਾਂ ਉਸ ਨੂੰ ਬਾਈਬਲ ਵਿੱਚੋਂ ਸਲਾਹ ਮਿਲ ਸਕਦੀ ਹੈ। ਬਾਈਬਲ ਮਾਨੋ ਇਹ ਕਹਿੰਦੀ ਹੈ ਕਿ ‘ਸਿਰਫ਼ ਚਿਹਰਾ ਅਤੇ ਰੂਪ ਨਾ ਦੇਖੋ। ਪੈਰਾਂ ਵੱਲ ਦੇਖੋ।’ ਪੈਰਾਂ ਵੱਲ ਦੇਖ ਕੇ ਕੀ ਪਤਾ ਲੱਗੇਗਾ? ਸਾਨੂੰ ਪੈਰਾਂ ਵੱਲ ਦੇਖ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ: ਕੀ ਉਸ ਦੇ ਪੈਰ ਪ੍ਰਚਾਰ ਦੇ ਕੰਮ ਵਿਚ ਯਹੋਵਾਹ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਉਸ ਨੂੰ ਲੈ ਜਾ ਰਹੇ ਹਨ ਅਤੇ ਇਸ ਤਰ੍ਹਾਂ ਕੀ ਉਹ ਯਹੋਵਾਹ ਦੀ ਨਜ਼ਰ ਵਿਚ ਸੁੰਦਰ ਦਿਖਾਈ ਦਿੰਦੇ ਹਨ? ਕੀ ਉਸ ਨੇ ਆਪਣੇ ਪੈਰੀਂ ਸੱਚਾਈ ਦੇ ਸੰਦੇਸ਼ ਅਤੇ ਮਿਲਾਪ ਦੀ ਖ਼ੁਸ਼ ਖ਼ਬਰੀ ਦੀ ਜੁੱਤੀ ਪਹਿਨੀ ਹੋਈ ਹੈ? ਅਸੀਂ ਬਾਈਬਲ ਵਿਚ ਪੜ੍ਹਦੇ ਹਾਂ: “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ, ਉਹ ਸੀਯੋਨ ਨੂੰ ਆਖਦਾ ਹੈ, ਤੇਰਾ ਪਰਮੇਸ਼ੁਰ ਰਾਜ ਕਰਦਾ ਹੈ।”—ਯਸਾਯਾਹ 52:7; ਅਫ਼ਸੀਆਂ 6:15.

‘ਅੰਤ ਦਿਆਂ ਦਿਨਾਂ ਦੇ ਭੈੜੇ ਸਮਿਆਂ’ ਵਿਚ ਰਹਿਣ ਕਰਕੇ ਸਾਨੂੰ ਪਰਮੇਸ਼ੁਰ ਦੀ ਮਰਜ਼ੀ ਕਰਨ ਵਿਚ ਸਹਾਇਤਾ ਦੀ ਲੋੜ ਹੈ। (2 ਤਿਮੋਥਿਉਸ 3:1) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਪਹਿਲੀ ਸਦੀ ਦੇ ਮਸੀਹੀਆਂ ਦੇ ਕੰਮ ਵਿਚ ਬਹੁਤ ਮਦਦ ਕੀਤੀ, ਅਤੇ ਉਹ ਉਨ੍ਹਾਂ ਦੀ ਨਿੱਜੀ ਤੌਰ ਤੇ ਵੀ ਸਹਾਇਤਾ ਕਰਦੀ ਸੀ। ਪਵਿੱਤਰ ਸ਼ਕਤੀ ਸਾਡੀ ਵੀ ਨਿੱਜੀ ਤੌਰ ਤੇ ਮਦਦ ਕਰ ਸਕਦੀ ਹੈ। ਇਸ ਮਦਦ ਨੂੰ ਹਾਸਲ ਕਰਨ ਦਾ ਮੁੱਖ ਤਰੀਕਾ ਹੈ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਕਿਉਂ ਜੋ ਇਹ ਇਸੇ ਸ਼ਕਤੀ ਦੁਆਰਾ ਪ੍ਰੇਰਿਤ ਹੈ। ਕੀ ਅਸੀਂ ਇਸ ਸਹਾਇਕ ਦਾ ਲਾਭ ਉਠਾ ਰਹੇ ਹਾਂ?

[ਪੂਰੇ ਸਫ਼ੇ 23 ਉੱਤੇ ਤਸਵੀਰ]