Skip to content

Skip to table of contents

ਵਾਢੀ ਤੋਂ ਪਹਿਲਾਂ “ਖੇਤ” ਵਿਚ ਕੰਮ ਕਰਨਾ

ਵਾਢੀ ਤੋਂ ਪਹਿਲਾਂ “ਖੇਤ” ਵਿਚ ਕੰਮ ਕਰਨਾ

ਵਾਢੀ ਤੋਂ ਪਹਿਲਾਂ “ਖੇਤ” ਵਿਚ ਕੰਮ ਕਰਨਾ

ਜਦੋਂ ਮਹਾਂ ਗੁਰੂ ਯਿਸੂ ਨੇ ਆਪਣੇ ਚੇਲਿਆਂ ਨੂੰ ਜੰਗਲੀ ਬੂਟੀ ਅਤੇ ਕਣਕ ਬਾਰੇ ਇਕ ਛੋਟੀ ਜਿਹੀ ਕਹਾਣੀ ਸੁਣਾਈ ਸੀ ਤਾਂ ਉਨ੍ਹਾਂ ਨੂੰ ਇਸ ਦੀ ਸਮਝ ਨਹੀਂ ਲੱਗੀ। ਉਸ ਦਿਨ ਯਿਸੂ ਨੇ ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਸੁਣਾਈਆਂ ਸਨ। ਜਦ ਉਸ ਨੇ ਆਪਣੀ ਗੱਲ ਨਿਬੇੜੀ ਤਾਂ ਉਸ ਦੇ ਸੁਣਨ ਵਾਲਿਆਂ ਵਿੱਚੋਂ ਲਗਭਗ ਸਾਰੇ ਉੱਠ ਕੇ ਚਲੇ ਗਏ। ਪਰ ਯਿਸੂ ਦੇ ਚੇਲੇ ਜਾਣਦੇ ਸਨ ਕਿ ਉਸ ਦੀਆਂ ਕਹਾਣੀਆਂ ਪਿੱਛੇ ਜ਼ਰੂਰ ਕੋਈ ਗਹਿਰਾ ਮਤਲਬ ਸੀ, ਖ਼ਾਸ ਕਰਕੇ ਜੰਗਲੀ ਬੂਟੀ ਅਤੇ ਕਣਕ ਦੀ ਕਹਾਣੀ ਪਿੱਛੇ। ਉਨ੍ਹਾਂ ਨੂੰ ਪਤਾ ਸੀ ਕਿ ਯਿਸੂ ਸਿਰਫ਼ ਕਹਾਣੀਆਂ ਸੁਣਾਉਣ ਵਾਲਾ ਹੀ ਨਹੀਂ ਸੀ।

ਉਸ ਦਾ ਚੇਲਾ ਮੱਤੀ ਰਿਪੋਰਟ ਕਰਦਾ ਹੈ ਕਿ ਉਨ੍ਹਾਂ ਨੇ ਉਸ ਨੂੰ ਕਿਹਾ: “ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਖੋਲ੍ਹ ਕੇ ਸਾਨੂੰ ਦੱਸ।” ਜਵਾਬ ਵਿਚ ਯਿਸੂ ਨੇ ਦ੍ਰਿਸ਼ਟਾਂਤ ਦਾ ਮਤਲਬ ਸਮਝਾਇਆ ਅਤੇ ਦੱਸਿਆ ਕਿ ਉਸ ਦੇ ਚੇਲਿਆਂ ਵਿੱਚੋਂ ਵੀ ਬਹੁਤ ਸਾਰੇ ਸੱਚੇ ਧਰਮ ਨੂੰ ਤਿਆਗ ਦੇਣਗੇ। (ਮੱਤੀ 13:24-30, 36-38, 43) ਉਸ ਦੀ ਗੱਲ ਪੂਰੀ ਹੋਈ ਅਤੇ ਯੂਹੰਨਾ, ਯਾਨੀ ਅਖ਼ੀਰਲੇ ਰਸੂਲ ਦੀ ਮੌਤ ਤੋਂ ਬਾਅਦ ਧਰਮ-ਤਿਆਗ ਬਹੁਤ ਜਲਦੀ ਫੈਲ ਗਿਆ। (ਰਸੂਲਾਂ ਦੇ ਕਰਤੱਬ 20:29, 30; 2 ਥੱਸਲੁਨੀਕੀਆਂ 2:6-12) ਉਸ ਦਾ ਅਸਰ ਇੰਨੀ ਦੂਰ ਤਕ ਫੈਲਿਆ ਕਿ ਯਿਸੂ ਦਾ ਸਵਾਲ ਬਿਲਕੁਲ ਉਚਿਤ ਸੀ ਕਿ “ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?”—ਲੂਕਾ 18:8.

ਯਿਸੂ ਦੀ ਮੌਜੂਦਗੀ ਸ਼ੁਰੂ ਹੋਣ ਦੇ ਵੇਲੇ ਕਣਕ ਵਰਗੇ ਮਸੀਹੀਆਂ ਦੀ “ਵਾਢੀ” ਸ਼ੁਰੂ ਹੋਈ। ਇਹ ‘ਜੁਗ ਦੇ ਅੰਤ’ ਦਾ ਨਿਸ਼ਾਨ ਸੀ, ਜੋ ਕਿ 1914 ਵਿਚ ਸ਼ੁਰੂ ਹੋਇਆ। ਇਸ ਕਰਕੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਕਈ ਲੋਕ ਬਾਈਬਲ ਦੀਆਂ ਸੱਚਾਈਆਂ ਵਿਚ ਦਿਲਚਸਪੀ ਲੈ ਰਹੇ ਸਨ।—ਮੱਤੀ 13:39.

ਜੇਕਰ ਅਸੀਂ ਇਤਿਹਾਸ ਦੀ ਜਾਂਚ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਖ਼ਾਸ ਕਰਕੇ 15ਵੀਂ ਸਦੀ ਤੋਂ ਲੈ ਕੇ ਲੋਕ ਬਾਈਬਲ ਦੀ ਖੋਜ ਕਰਨ ਲੱਗ ਪਏ ਸਨ। ਈਸਾਈ-ਜਗਤ ਦੇ “ਜੰਗਲੀ ਬੂਟੀ” ਵਰਗੇ ਨਕਲੀ ਮਸੀਹੀ ਵੀ ਆਪਣੇ ਮਨ ਖਪਾ ਰਹੇ ਸਨ। ਜਿਉਂ-ਜਿਉਂ ਸਾਰਿਆਂ ਦੇ ਹੱਥਾਂ ਵਿਚ ਬਾਈਬਲ ਅਤੇ ਬਾਈਬਲੀ ਕੋਸ਼ ਆਉਣ ਲੱਗ ਪਏ, ਨੇਕਦਿਲ ਲੋਕ ਬਾਈਬਲ ਦੀ ਜਾਂਚ-ਪੜਤਾਲ ਚੰਗੀ ਤਰ੍ਹਾਂ ਕਰਨ ਲੱਗ ਪਏ।

ਵਧਦਾ ਚਾਨਣ

ਉੱਨੀਵੀਂ ਸਦੀ ਦੇ ਸ਼ੁਰੂ ਵਿਚ ਬਰਮਿੰਘਮ, ਇੰਗਲੈਂਡ ਤੋਂ ਬਾਈਬਲ ਦੀ ਜਾਂਚ-ਪੜਤਾਲ ਕਰਨ ਵਾਲਾ ਇਕ ਬੰਦਾ ਹੈਨਰੀ ਗਰੂ (1781-1862) ਸੀ। ਉਹ, 13 ਸਾਲ ਦੀ ਉਮਰ ਤੇ, ਆਪਣੇ ਪਰਿਵਾਰ ਨਾਲ ਜਹਾਜ਼ ਵਿਚ ਬੈਠ ਕੇ ਅਮਰੀਕਾ ਚੱਲ ਪਿਆ ਅਤੇ ਉਹ 8 ਜੁਲਾਈ 1795 ਦੇ ਦਿਨ ਉੱਥੇ ਪਹੁੰਚੇ। ਉਹ ਪਰਾਵੀਡੈਂਸ, ਰ੍ਹੋਡ ਟਾਪੂ ਵਿਚ ਰਹਿਣ ਲੱਗ ਪਏ। ਉਸ ਦੇ ਮਾਂ-ਬਾਪ ਨੇ ਉਸ ਦੇ ਦਿਲ ਵਿਚ ਬਾਈਬਲ ਲਈ ਗਹਿਰਾ ਪਿਆਰ ਬਿਠਾਇਆ। ਸੰਨ 1807 ਵਿਚ, ਜਦ ਹੈਨਰੀ 25 ਸਾਲਾਂ ਦਾ ਸੀ, ਉਸ ਨੂੰ ਹਾਰਟਫਰਟ, ਕੋਨੈਟਿਕਟ ਦੇ ਬੈਪਟਿਸਟ ਚਰਚ ਵਿਚ ਪਾਦਰੀ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ।

ਉਸ ਨੇ ਸਿੱਖਿਆ ਦੇਣ ਦੀ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ ਅਤੇ ਬਾਈਬਲ ਦੀ ਮੱਤ ਉੱਤੇ ਚੱਲਣ ਵਿਚ ਆਪਣੀ ਕਲੀਸਿਯਾ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਲੀਸਿਯਾ ਨੂੰ ਪਾਪ ਕਰਨ ਵਾਲਿਆਂ ਤੋਂ ਸਾਫ਼ ਰੱਖਣਾ ਚਾਹੁੰਦਾ ਸੀ। ਕਦੀ-ਕਦੀ ਉਸ ਨੂੰ ਚਰਚ ਦੇ ਦੂਸਰੇ ਜ਼ਿੰਮੇਵਾਰ ਆਦਮੀਆਂ ਨੂੰ ਨਾਲ ਲੈ ਕੇ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣਾ (ਛੇਕਣਾ) ਪੈਂਦਾ ਸੀ ਜੋ ਵਿਭਚਾਰ ਜਾਂ ਹੋਰ ਗੰਦੇ ਕੰਮ ਕਰਦੇ ਸਨ।

ਚਰਚ ਵਿਚ ਹੋਰ ਵੀ ਕਈ ਮਸਲੇ ਸਨ ਜਿਨ੍ਹਾਂ ਤੋਂ ਉਹ ਪਰੇਸ਼ਾਨ ਹੋਇਆ ਸੀ। ਉਸ ਦੇ ਚਰਚ ਵਿਚ ਅਜਿਹੇ ਆਦਮੀ ਸਨ ਜੋ ਮੈਂਬਰ ਨਾ ਹੋਣ ਦੇ ਬਾਵਜੂਦ ਚਰਚ ਦੇ ਪੈਸੇ-ਧੰਦੇ ਦੀ ਦੇਖ-ਭਾਲ ਕਰਦੇ ਸਨ ਅਤੇ ਭਜਨ ਗਾਉਣ ਵਿਚ ਮੋਹਰੇ ਹੁੰਦੇ ਸਨ। ਇਹ ਬੰਦੇ ਚਰਚ ਦਿਆਂ ਮਾਮਲਿਆਂ ਬਾਰੇ ਵੋਟ ਵੀ ਪਾ ਸਕਦੇ ਸਨ ਅਤੇ ਇਸ ਤਰ੍ਹਾਂ ਉਹ ਕੁਝ ਹੱਦ ਤਕ ਚਰਚ ਦੇ ਫ਼ੈਸਲੇ ਆਪਣੇ ਹੱਥ ਲੈਂਦੇ ਸਨ। ਗਰੂ ਬਾਈਬਲ ਦਾ ਸਿਧਾਂਤ ਜਾਣਦਾ ਸੀ ਕਿ ਮਸੀਹੀਆਂ ਨੂੰ ਸੰਸਾਰ ਤੋਂ ਅਲੱਗ ਰਹਿਣਾ ਚਾਹੀਦਾ ਹੈ। (2 ਕੁਰਿੰਥੀਆਂ 6:14-18; ਯਾਕੂਬ 1:27) ਇਸ ਲਈ ਉਹ ਮੰਨਦਾ ਸੀ ਕਿ ਸਿਰਫ਼ ਵਫ਼ਾਦਾਰ ਆਦਮੀਆਂ ਨੂੰ ਹੀ ਚਰਚ ਵਿਚ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ। ਉਸ ਦੇ ਅਨੁਸਾਰ ਅਜਿਹੇ ਆਦਮੀਆਂ ਦਾ ਭਜਨ ਗਾਉਣਾ ਕੁਫ਼ਰ ਬਕਣ ਦੇ ਬਰਾਬਰ ਸੀ। ਉਸ ਦੇ ਵਿਚਾਰਾਂ ਕਰਕੇ ਹੈਨਰੀ ਗਰੂ ਦੇ ਚਰਚ ਨੇ ਉਸ ਨੂੰ ਸੰਨ 1811 ਵਿਚ ਚਰਚ ਤੋਂ ਬਾਹਰ ਕੱਢ ਦਿੱਤਾ। ਇਸੇ ਸਮੇਂ ਚਰਚ ਦੇ ਹੋਰ ਮੈਂਬਰ ਵੀ ਅਲੱਗ ਹੋ ਗਏ ਕਿਉਂਕਿ ਉਹ ਵੀ ਇਸ ਤਰ੍ਹਾਂ ਮੰਨਦੇ ਸਨ।

ਈਸਾਈ-ਜਗਤ ਤੋਂ ਬਾਹਰ ਨਿਕਲਣਾ

ਹੈਨਰੀ ਗਰੂ ਅਤੇ ਦੂਸਰੇ ਮੈਂਬਰਾਂ ਦੇ ਇਸ ਸਮੂਹ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਤਾਂਕਿ ਉਹ ਆਪਣੀਆਂ ਜ਼ਿੰਦਗੀਆਂ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਲਿਆ ਸਕਣ। ਬਾਈਬਲ ਦੀ ਖੋਜ ਕਰ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਸਮਝ ਮਿਲੀ ਜਿਸ ਕਰਕੇ ਉਨ੍ਹਾਂ ਨੇ ਈਸਾਈ-ਜਗਤ ਦੀਆਂ ਗ਼ਲਤੀਆਂ ਦਾ ਭੇਤ ਖੋਲ੍ਹਿਆ। ਮਿਸਾਲ ਲਈ, 1824 ਵਿਚ ਗਰੂ ਨੇ ਤ੍ਰਿਏਕ ਦੇ ਸਿਧਾਂਤ ਨੂੰ ਝੂਠਾ ਸਾਬਤ ਕਰਨ ਲਈ ਇਕ ਪਰਚਾ ਲਿਖਿਆ। ਗੌਰ ਕਰੋ ਕਿ ਉਸ ਨੇ ਉਸ ਪਰਚੇ ਦੇ ਇਕ ਹਿੱਸੇ ਵਿਚ ਕਿੰਨੇ ਚੰਗੇ ਤਰੀਕੇ ਵਿਚ ਤਰਕ ਕੀਤਾ: “‘ਉਸ ਦਿਨ ਯਾ ਉਸ ਘੜੀ ਦੇ ਵਿਖੇ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ, ਨਾ ਪੁੱਤ੍ਰ, ਪਰ ਕੇਵਲ ਪਿਤਾ।’ [ਮਰਕੁਸ 13:32] ਹਰੇਕ ਦੇ ਦਰਜੇ ਉੱਤੇ ਗੌਰ ਕਰੋ। ਆਦਮੀ, ਦੂਤ, ਪੁੱਤ੍ਰ, ਪਿਤਾ। . . . ਸਾਡਾ ਪ੍ਰਭੂ ਸਾਨੂੰ ਸਿਖਾਉਂਦਾ ਹੈ ਕਿ ਸਿਰਫ਼ ਪਿਤਾ ਹੀ ਉਸ ਦਿਨ ਬਾਰੇ ਜਾਣਦਾ ਸੀ। ਪਰ ਕਈ ਮੰਨਦੇ ਹਨ ਕਿ ਪਿਤਾ, ਯਿਸੂ, ਅਤੇ ਪਵਿੱਤਰ ਆਤਮਾ ਤਿੰਨੋਂ ਇਕ ਹਨ। ਜੇ ਇਹ ਗੱਲ ਸੱਚ ਹੁੰਦੀ ਤਾਂ ਉੱਪਰ ਲਿਖੀ ਆਇਤ ਗ਼ਲਤ ਹੈ ਕਿਉਂਕਿ ਤ੍ਰਿਏਕ ਦਾ ਸਿਧਾਂਤ ਸਿਖਾਉਂਦਾ ਹੈ ਕਿ ਪੁੱਤ੍ਰ ਪਿਤਾ ਵਾਂਗ ਸਭ ਕੁਝ ਜਾਣਦਾ ਹੈ।”

ਗਰੂ ਨੇ ਚਰਚ ਦੇ ਉਨ੍ਹਾਂ ਪਾਦਰੀਆਂ ਅਤੇ ਮਿਲਟਰੀ ਦੇ ਕਮਾਂਡਰਾਂ ਦਾ ਭੇਤ ਖੋਲ੍ਹਿਆ ਜੋ ਮਸੀਹ ਦੀ ਸੇਵਾ ਕਰਨ ਦਾ ਪਖੰਡ ਕਰਦੇ ਸਨ। ਉਸ ਨੇ 1828 ਵਿਚ ਇਕ ਭਾਸ਼ਣ ਵਿਚ ਕਿਹਾ: “ਕੀ ਅਸੀਂ ਇਸ ਤੋਂ ਕੋਈ ਵੱਡੀ ਅਸੰਗਤੀ ਦੇਖ ਸਕਦੇ ਹਾਂ ਕਿ ਇਕ ਮਸੀਹੀ ਆਪਣੀ ਕੋਠੜੀ ਵਿੱਚੋਂ ਨਿਕਲ ਕੇ, ਜਿੱਥੇ ਉਹ ਆਪਣੇ ਵੈਰੀਆਂ ਲਈ ਪ੍ਰਾਰਥਨਾ ਕਰ ਰਿਹਾ ਸੀ, ਆਪਣੀ ਸੈਨਾ ਨੂੰ ਹੁਕਮ ਦੇਵੇ ਕਿ ਉਹ ਵਹਿਸ਼ਤ ਨਾਲ ਉਨ੍ਹਾਂ ਹੀ ਵੈਰੀਆਂ ਦੇ ਸੀਨਿਆਂ ਵਿਚ ਮੌਤ ਦੇ ਬਰਛੇ ਗੱਡੇ? ਇਕ ਪਾਸੇ ਤਾਂ ਉਹ ਆਪਣੇ ਮਾਲਕ ਯਿਸੂ ਵਰਗਾ ਬਣਦਾ ਹੈ, ਪਰ ਦੂਜੇ ਪਾਸੇ ਉਹ ਕਿਸ ਦੀ ਨਕਲ ਕਰ ਰਿਹਾ ਹੈ? ਯਿਸੂ ਨੇ ਆਪਣੇ ਖ਼ੂਨੀਆਂ ਲਈ ਦੁਆ ਕੀਤੀ ਸੀ। ਇਹ ਮਸੀਹੀ ਉਨ੍ਹਾਂ ਦਾ ਖ਼ੂਨ ਕਰਦੇ ਹਨ ਜਿਨ੍ਹਾਂ ਲਈ ਉਹ ਦੁਆ ਕਰਦੇ ਹਨ।”

ਇਸ ਤੋਂ ਵੀ ਜ਼ਬਰਦਸਤ ਤਰੀਕੇ ਵਿਚ ਗਰੂ ਨੇ ਲਿਖਿਆ: “ਸਾਨੂੰ ਸਰਬਸ਼ਕਤੀਮਾਨ ਦੀ ਗੱਲ ਕਦੋਂ ਸਮਝ ਆਵੇਗੀ ਕਿ ‘ਉਸ ਦਾ ਮਖੌਲ ਨਹੀਂ ਉਡਾਇਆ ਜਾ ਸਕਦਾ?’ ਅਸੀਂ ਉਸ ਧਰਮ ਦੀ ਅਸਲੀਅਤ ਨੂੰ ਕਦੋਂ ਪਛਾਣਾਂਗੇ ਜੋ ਦੱਸਦਾ ਹੈ ਕਿ ਸਾਡੇ ਵਿਚ ‘ਦੁਸ਼ਟਤਾ ਦਾ ਧੱਬਾ’ ਵੀ ਨਜ਼ਰ ਨਹੀਂ ਆਉਣਾ ਚਾਹੀਦਾ? . . . ਕੀ ਇਸ ਨਾਲ ਪਰਮਾਤਮਾ ਦੇ ਪੁੱਤ੍ਰ ਤੇ ਤੁਹਮਤ ਨਹੀਂ ਲਾਈ ਜਾਂਦੀ ਕਿ ਉਸ ਦਾ ਧਰਮ ਆਦਮੀ ਨੂੰ ਕਦੀ ਫ਼ਰਿਸ਼ਤੇ ਵਰਗਾ ਬਣਾਉਂਦਾ ਤਾਂ ਕਦੀ ਦੈਂਤ ਵਰਗੇ ਕੰਮ ਕਰ ਲੈਣ ਦਿੰਦਾ ਹੈ?”

ਹਮੇਸ਼ਾ ਦੀ ਜ਼ਿੰਦਗੀ ਸਾਰਿਆਂ ਲਈ ਨਹੀਂ

ਉਨ੍ਹੀਂ ਦਿਨੀਂ ਰੇਡੀਓ ਅਤੇ ਟੈਲੀਵਿਯਨ ਨਹੀਂ ਸਨ, ਇਸ ਲਈ ਬ੍ਰੋਸ਼ਰ ਛਾਪ ਕੇ ਸਾਰਿਆਂ ਨੂੰ ਵੰਡਣੇ ਲੋਕਾਂ ਨੂੰ ਆਪਣਿਆਂ ਖ਼ਿਆਲਾਂ ਬਾਰੇ ਦੱਸਣ ਦਾ ਇਕ ਆਮ ਤਰੀਕਾ ਸੀ। ਲਗਭਗ 1835 ਵਿਚ ਗਰੂ ਨੇ ਇਕ ਮਹੱਤਵਪੂਰਣ ਬ੍ਰੋਸ਼ਰ ਲਿਖਿਆ ਜਿਸ ਵਿਚ ਉਸ ਨੇ ਨਰਕ ਦੀ ਅੱਗ ਅਤੇ ਅਮਰ ਆਤਮਾ ਦੇ ਸਿਧਾਂਤਾਂ ਦਾ ਖੰਡਨ ਕੀਤਾ। ਉਸ ਦੇ ਭਾਣੇ ਇਹ ਸਿਧਾਂਤ ਬਾਈਬਲ ਦੇ ਉਲਟ ਸਨ ਅਤੇ ਪਰਮੇਸ਼ੁਰ ਦਾ ਨਿਰਾਦਰ ਕਰਦੇ ਸਨ।

ਇਸ ਬ੍ਰੋਸ਼ਰ ਦਾ ਅਸਰ ਦੂਰ-ਦੂਰ ਫੈਲਿਆ। ਚਾਲ਼ੀਆਂ ਸਾਲਾਂ ਦੇ ਜੋਰਜ ਸਟੋਰਜ਼ ਨੂੰ ਇਸ ਬ੍ਰੋਸ਼ਰ ਦੀ ਕਾਪੀ ਇਕ ਟ੍ਰੇਨ ਵਿਚ ਲੱਭੀ। ਇਸ ਸਮੇਂ ਜੋਰਜ ਸਟੋਰਜ਼ ਲੇਬਨਾਨ, ਨਿਊ ਹੈਮਪਸ਼ਰ ਤੋਂ ਆ ਕੇ ਯੁਟੀਕਾ, ਨਿਊ ਯਾਰਕ ਵਿਚ ਰਹਿ ਰਿਹਾ ਸੀ।

ਉਹ ਮੈਥੋਡਿਸਟ ਚਰਚ ਦਾ ਜਾਣਿਆ-ਪਛਾਣਿਆ ਪਾਦਰੀ ਸੀ। ਬ੍ਰੋਸ਼ਰ ਪੜ੍ਹ ਕੇ ਉਹ ਬੜਾ ਹੈਰਾਨ ਹੋਇਆ ਕਿ ਈਸਾਈ-ਜਗਤ ਦਿਆਂ ਬੁਨਿਆਦੀ ਸਿਧਾਂਤਾਂ ਖ਼ਿਲਾਫ਼ ਇੰਨਾ ਕੁਝ ਕਿਹਾ ਜਾ ਸਕਦਾ ਸੀ। ਉਸ ਨੇ ਪਹਿਲਾਂ ਕਦੇ ਵੀ ਇਨ੍ਹਾਂ ਗੱਲਾਂ ਉੱਤੇ ਸ਼ੱਕ ਨਹੀਂ ਕੀਤਾ ਸੀ। ਉਹ ਬ੍ਰੋਸ਼ਰ ਦੇ ਲੇਖਕ ਦਾ ਨਾਂ ਨਹੀਂ ਜਾਣਦਾ ਸੀ ਅਤੇ ਕਈ ਸਾਲ ਬਾਅਦ ਹੀ ਇਹ ਇਕ ਦੂਸਰੇ ਨੂੰ ਮਿਲ ਪਾਏ। ਸ਼ਾਇਦ ਉਹ ਪਹਿਲੀ ਵਾਰ 1844 ਵਿਚ ਮਿਲੇ ਜਦੋਂ ਉਹ ਦੋਵੇਂ ਫ਼ਿਲਾਡੈਲਫ਼ੀਆ, ਪੈਨਸਿਲਵੇਨੀਆ ਵਿਚ ਰਹਿ ਰਹੇ ਸਨ। ਪਰ ਤਿੰਨਾਂ ਸਾਲਾਂ ਲਈ ਜੋਰਜ ਸਟੋਰਜ਼ ਨੇ ਇਸ ਵਿਸ਼ੇ ਦਾ ਖ਼ੁਦ ਅਧਿਐਨ ਕੀਤਾ ਅਤੇ ਸਿਰਫ਼ ਦੂਸਰੇ ਪਾਦਰੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ।

ਅਖ਼ੀਰ ਵਿਚ ਜਦ ਜੋਰਜ ਸਟੋਰਜ਼ ਨੇ ਦੇਖਿਆ ਕਿ ਕੋਈ ਵੀ ਇਨ੍ਹਾਂ ਨਵੀਆਂ ਸਿੱਖੀਆਂ ਗੱਲਾਂ ਨੂੰ ਗ਼ਲਤ ਨਹੀਂ ਸਾਬਤ ਕਰ ਸਕਿਆ ਤਾਂ ਉਸ ਨੇ ਆਪਣਾ ਮਨ ਬਣਾਇਆ ਕਿ ਉਹ ਮੈਥੋਡਿਸਟ ਚਰਚ ਵਿਚ ਰਹਿ ਕੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਹੋਵੇਗਾ। ਉਸ ਨੇ 1840 ਵਿਚ ਅਸਤੀਫ਼ਾ ਦੇ ਦਿੱਤਾ ਅਤੇ ਐਲਬਨੀ, ਨਿਊ ਯਾਰਕ ਵਿਚ ਆ ਵਸਿਆ।

ਸੰਨ 1842 ਦੀ ਬਸੰਤ ਵਿਚ ਜੋਰਜ ਸਟੋਰਜ਼ ਨੇ ਛੇ ਹਫ਼ਤਿਆਂ ਦੇ ਅੰਦਰ ਛੇ ਭਾਸ਼ਣ-ਲੜੀਆਂ ਦਿੱਤੀਆਂ। ਉਨ੍ਹਾਂ ਦਾ ਵਿਸ਼ਾ ਸੀ: “ਇਕ ਜਾਂਚ-ਪੜਤਾਲ—ਕੀ ਦੁਸ਼ਟ ਲੋਕ ਅਮਰ ਹਨ?” ਸੁਣਨ ਲਈ ਇੰਨੇ ਲੋਕ ਆਏ ਕਿ ਉਸ ਨੇ ਇਨ੍ਹਾਂ ਭਾਸ਼ਣਾਂ ਨੂੰ ਛਪਵਾਇਆ ਅਤੇ ਅਗਲਿਆਂ 40 ਸਾਲਾਂ ਦੌਰਾਨ ਅਮਰੀਕਾ ਅਤੇ ਬਰਤਾਨੀਆ ਵਿਚ ਇਨ੍ਹਾਂ ਦੀਆਂ 2 ਲੱਖ ਕਾਪੀਆਂ ਵੰਡੀਆਂ ਗਈਆਂ। ਹੈਨਰੀ ਗਰੂ ਅਤੇ ਜੋਰਜ ਸਟੋਰਜ਼ ਨੇ ਇਕੱਠੇ ਮਿਲ ਕੇ ਅਮਰ ਆਤਮਾ ਦੀ ਗ਼ਲਤ ਸਿੱਖਿਆ ਦੇ ਖ਼ਿਲਾਫ਼ ਬਹਿਸ ਕੀਤੀ। ਫ਼ਿਲਾਡੈਲਫ਼ੀਆ ਵਿਚ, 8 ਅਗਸਤ, 1862 ਨੂੰ ਹੈਨਰੀ ਗਰੂ ਦੀ ਮੌਤ ਹੋ ਗਈ। ਉਹ ਮਰਦੇ ਦਮ ਤਕ ਜੋਸ਼ ਨਾਲ ਪ੍ਰਚਾਰ ਕਰਦਾ ਰਿਹਾ।

ਪਹਿਲਾ ਜ਼ਿਕਰ ਕੀਤੇ ਗਏ ਛੇ ਭਾਸ਼ਣ ਦੇਣ ਤੋਂ ਥੋੜ੍ਹੀ ਦੇਰ ਬਾਅਦ ਜੋਰਜ ਸਟੋਰਜ਼ ਵਿਲਿਅਮ ਮਿਲਰ ਨਾਂ ਦੇ ਬੰਦੇ ਦੇ ਪ੍ਰਚਾਰ ਵਿਚ ਦਿਲਚਸਪੀ ਲੈਣ ਲੱਗ ਪਿਆ। ਵਿਲਿਅਮ ਮਿਲਰ 1843 ਵਿਚ ਮਸੀਹ ਦੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਸੀ। ਦੋ ਸਾਲਾਂ ਲਈ ਜੋਰਜ ਸਟੋਰਜ਼ ਨੇ ਉੱਤਰ-ਪੂਰਬੀ ਅਮਰੀਕਾ ਵਿਚ ਬੜੇ ਜੋਸ਼ ਨਾਲ ਇਸ ਗੱਲ ਦਾ ਪ੍ਰਚਾਰ ਕੀਤਾ। ਸੰਨ 1844 ਤੋਂ ਬਾਅਦ ਉਸ ਨੇ ਮਸੀਹ ਦੀ ਵਾਪਸੀ ਦੀ ਤਾਰੀਖ਼ ਰੱਖਣੀ ਛੱਡ ਦਿੱਤੀ ਪਰ ਜੇ ਦੂਸਰੇ ਲੋਕ ਤਾਰੀਖ਼ਾਂ ਦੀ ਜਾਂਚ-ਪੜਤਾਲ ਕਰਨਾ ਚਾਹੁੰਦੇ ਸਨ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਸੀ। ਸਟੋਰਜ਼ ਮੰਨਦਾ ਸੀ ਕਿ ਮਸੀਹ ਦੀ ਵਾਪਸੀ ਜਲਦੀ ਹੋਣ ਵਾਲੀ ਸੀ ਅਤੇ ਕਿ ਮਸੀਹੀਆਂ ਲਈ ਰੂਹਾਨੀ ਤੌਰ ਤੇ ਜਾਗਦੇ ਅਤੇ ਸਚੇਤ ਰਹਿਣਾ ਬਹੁਤ ਜ਼ਰੂਰੀ ਸੀ ਤਾਂਕਿ ਉਸ ਦੇ ਆਉਣ ਤੇ ਉਹ ਤਿਆਰ ਹੋਣ। ਪਰ ਉਹ ਵਿਲਿਅਮ ਮਿਲਰ ਦੇ ਸਮੂਹ ਤੋਂ ਜੁਦਾ ਹੋ ਗਿਆ ਕਿਉਂਕਿ ਉਨ੍ਹਾਂ ਦੇ ਕਈ ਸਿਧਾਂਤ ਬਾਈਬਲ ਦੇ ਖ਼ਿਲਾਫ਼ ਸਨ, ਜਿਵੇਂ ਕਿ ਅਮਰ ਆਤਮਾ, ਸੰਸਾਰ ਅੱਗ ਨਾਲ ਜਲ਼ੇਗਾ, ਅਤੇ ਕਿ ਜੋ ਬਾਈਬਲ ਦਾ ਗਿਆਨ ਲੈਣ ਤੋਂ ਬਿਨਾਂ ਮਰ ਜਾਂਦੇ ਹਨ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਬਖ਼ਸ਼ੀ ਜਾਵੇਗੀ।

ਪਰਮੇਸ਼ੁਰ ਲਈ ਪਿਆਰ ਕੀ ਕਰਾਵੇਗਾ?

ਸਟੋਰਜ਼ ਨੂੰ ਉਨ੍ਹਾਂ ਲੋਕਾਂ ਦੀ ਸਿੱਖਿਆ ਭੈੜੀ ਲੱਗਦੀ ਸੀ ਜੋ ਮੰਨਦੇ ਸਨ ਕਿ ਪਰਮੇਸ਼ੁਰ ਦੁਸ਼ਟ ਲੋਕਾਂ ਨੂੰ ਜੀ ਉਠਾਉਣ ਤੋਂ ਬਾਅਦ ਫਿਰ ਮਾਰ ਦੇਵੇਗਾ। ਉਸ ਨੂੰ ਬਾਈਬਲ ਵਿਚ ਇਸ ਬਦਲੇਖ਼ੋਰ ਅਤੇ ਬੇਅਰਥ ਸਿਧਾਂਤ ਲਈ ਕੋਈ ਸਬੂਤ ਨਹੀਂ ਮਿਲਿਆ। ਸਟੋਰਜ਼ ਅਤੇ ਉਸ ਦੇ ਸਾਥੀ ਇਹ ਮੰਨਣ ਲੱਗੇ ਕਿ ਪਰਮੇਸ਼ੁਰ ਦੁਸ਼ਟ ਲੋਕਾਂ ਨੂੰ ਜੀਉਂਦਾ ਹੀ ਨਹੀਂ ਕਰੇਗਾ। ਭਾਵੇਂ ਉਹ ਬਾਈਬਲ ਦੀਆਂ ਕੁਝ ਆਇਤਾਂ ਨਹੀਂ ਸਮਝਾ ਸਕਦੇ ਸਨ, ਜਿੱਥੇ ਅਧਰਮੀ ਲੋਕਾਂ ਦੇ ਜੀ ਉੱਠਣ ਬਾਰੇ ਲਿਖਿਆ ਸੀ, ਫਿਰ ਵੀ ਉਹ ਮੰਨਦੇ ਸਨ ਕਿ ਪਰਮੇਸ਼ੁਰ ਦੇ ਪਿਆਰ ਕਰਕੇ ਉਹ ਲੋਕਾਂ ਨੂੰ ਦੁਬਾਰਾ ਮਾਰਨ ਲਈ ਹੀ ਨਹੀਂ ਜੀ ਉਠਾਏਗਾ। ਇਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਪਰਮੇਸ਼ੁਰ ਦੇ ਮਕਸਦ ਬਾਰੇ ਹੋਰ ਵੀ ਸਿੱਖਣਾ ਸੀ।

ਸੰਨ 1870 ਵਿਚ ਸਟੋਰਜ਼ ਇੰਨਾ ਬੀਮਾਰ ਹੋ ਗਿਆ ਕਿ ਉਹ ਕਈਆਂ ਮਹੀਨਿਆਂ ਲਈ ਕੰਮ ਨਹੀਂ ਕਰ ਸਕਿਆ। ਇਸ ਸਮੇਂ ਦੌਰਾਨ ਉਸ ਨੂੰ ਆਪਣੀ ਜ਼ਿੰਦਗੀ ਦੇ 74 ਸਾਲਾਂ ਵਿਚ ਸਿੱਖੀਆਂ ਗਈਆਂ ਸਾਰੀਆਂ ਗੱਲਾਂ ਉੱਤੇ ਖੂਬ ਵਿਚਾਰ ਕਰਨ ਦਾ ਮੌਕਾ ਮਿਲਿਆ। ਉਸ ਨੇ ਦੇਖਿਆ ਕਿ ਅਬਰਾਹਾਮ ਨਾਲ ਬੰਨ੍ਹੇ ਗਏ ਪਰਮੇਸ਼ੁਰ ਦੇ ਨੇਮ ਵਿੱਚੋਂ ਉਸ ਨੇ ਪਰਮੇਸ਼ੁਰ ਦੇ ਮਕਸਦ ਦੀ ਇਕ ਜ਼ਰੂਰੀ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਸੀ, ਯਾਨੀ ਕਿ ‘ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ ਕਿਉਂਜੋ ਅਬਰਾਹਾਮ ਨੇ ਪਰਮੇਸ਼ੁਰ ਦੇ ਬੋਲ ਨੂੰ ਸੁਣਿਆ ਸੀ।’—ਉਤਪਤ 22:18; ਰਸੂਲਾਂ ਦੇ ਕਰਤੱਬ 3:25.

ਇਸ ਗੱਲ ਨੇ ਉਸ ਦੇ ਮਨ ਵਿਚ ਨਵੇਂ ਖ਼ਿਆਲ ਪੈਦਾ ਕੀਤੇ। ਜੇਕਰ ‘ਧਰਤੀ ਦੇ ਸਾਰਿਆਂ ਘਰਾਣਿਆਂ’ ਨੇ ਬਰਕਤ ਪਾਉਣੀ ਹੈ, ਤਾਂ ਕੀ ਸਾਰਿਆਂ ਨੂੰ ਖ਼ੁਸ਼ ਖ਼ਬਰੀ ਸੁਣਨੀ ਨਹੀਂ ਪਵੇਗੀ? ਉਹ ਕਿਸ ਤਰ੍ਹਾਂ ਸੁਣਨਗੇ? ਕੀ ਲੱਖਾਂ ਕਰੋੜਾਂ ਲੋਕ ਪਹਿਲਾਂ ਹੀ ਮਰ ਨਹੀਂ ਗਏ ਸਨ? ਬਾਈਬਲ ਦੀ ਚੰਗੀ ਤਰ੍ਹਾਂ ਹੋਰ ਜਾਂਚ-ਪੜਤਾਲ ਕਰ ਕੇ ਉਹ ਇਸ ਸਿੱਟੇ ਤੇ ਪਹੁੰਚਿਆ ਕਿ ਦੋ ਕਿਸਮ ਦੇ “ਕੁਧਰਮੀ” ਲੋਕ ਹਨ: ਜਿਹੜੇ ਜਾਣ-ਬੁੱਝ ਕੇ ਪਰਮੇਸ਼ੁਰ ਦੇ ਪਿਆਰ ਨੂੰ ਠੁਕਰਾਉਂਦੇ ਹਨ ਅਤੇ ਜਿਹੜੇ ਅਣਜਾਣਪੁਣੇ ਵਿਚ ਮਰ ਜਾਂਦੇ ਹਨ।

ਸਟੋਰਜ਼ ਨੇ ਸਿੱਟਾ ਕੱਢਿਆ ਕਿ ਅਣਜਾਣਪੁਣੇ ਵਿਚ ਮਰੇ ਲੋਕਾਂ ਨੂੰ ਮੌਕਾ ਦਿੱਤਾ ਜਾਵੇਗਾ ਤਾਂਕਿ ਉਨ੍ਹਾਂ ਦੇ ਜੀ ਉੱਠਣ ਤੋਂ ਬਾਅਦ ਉਹ ਮਸੀਹ ਯਿਸੂ ਦੇ ਬਲੀਦਾਨ ਦਾ ਫ਼ਾਇਦਾ ਉਠਾ ਸਕਣ। ਜਿਹੜੇ ਇਸ ਨੂੰ ਕਬੂਲ ਕਰਨਗੇ ਉਹ ਧਰਤੀ ਉੱਤੇ ਸਦਾ ਜ਼ਿੰਦਾ ਰਹਿਣਗੇ। ਜਿਹੜੇ ਇਸ ਬਲੀਦਾਨ ਨੂੰ ਠੁਕਰਾਉਣਗੇ ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ। ਜੀ ਹਾਂ, ਸਟੋਰਜ਼ ਮੰਨਦਾ ਸੀ ਕਿ ਉਮੀਦ ਤੋਂ ਬਿਨਾਂ ਕੋਈ ਵੀ ਜ਼ਿੰਦਾ ਨਹੀਂ ਕੀਤਾ ਜਾਵੇਗਾ। ਅਖ਼ੀਰ ਵਿਚ ਆਦਮ ਤੋਂ ਸਿਵਾਇ ਕੋਈ ਵੀ ਉਸ ਦੇ ਪਾਪ ਕਰਕੇ ਮਰਿਆ ਨਹੀਂ ਰਹੇਗਾ! ਪਰ ਉਨ੍ਹਾਂ ਬਾਰੇ ਕੀ ਜੋ ਯਿਸੂ ਦੀ ਵਾਪਸੀ ਦੇ ਸਮੇਂ ਜੀਉਂਦੇ ਹੋਣਗੇ? ਸਟੋਰਜ਼ ਅਖ਼ੀਰ ਵਿਚ ਸਮਝ ਗਿਆ ਕਿ ਸੰਸਾਰ ਭਰ ਵਿਚ ਪ੍ਰਚਾਰ ਕਰਨ ਦੀ ਲੋੜ ਸੀ ਤਾਂਕਿ ਸਾਰੇ ਸੱਚਾਈ ਜਾਣ ਸਕਣ। ਉਸ ਨੂੰ ਪਤਾ ਨਹੀਂ ਸੀ ਕਿ ਇਹ ਕੰਮ ਕਿਸ ਤਰ੍ਹਾਂ ਹੋਵੇਗਾ, ਪਰ ਉਸ ਨੇ ਨਿਹਚਾ ਦਿਖਾ ਕੇ ਲਿਖਿਆ: “ਬਹੁਤ ਸਾਰੇ ਲੋਕ ਕੋਈ ਕੰਮ ਕਰਦੇ-ਕਰਦੇ ਅੱਧ ਵਿਚ ਛੱਡ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਇਸ ਨੂੰ ਕਿੱਦਾਂ ਪੂਰਾ ਕਰਨਗੇ। ਪਰ ਜੋ ਉਨ੍ਹਾਂ ਦੇ ਭਾਣੇ ਹੋਈ ਨਹੀਂ ਸਕਦਾ ਉਹ ਪਰਮੇਸ਼ੁਰ ਲਈ ਮੁਮਕਿਨ ਹੈ।”

ਦਸੰਬਰ 1879, ਬਰੁਕਲਿਨ, ਨਿਊ ਯਾਰਕ ਵਿਚ ਜੋਰਜ ਸਟੋਰਜ਼ ਦਮ ਤੋੜ ਗਿਆ। ਉਸ ਨੂੰ ਕੀ ਪਤਾ ਸੀ ਕਿ ਉਸ ਦੇ ਘਰ ਤੋਂ ਕੁਝ ਹੀ ਦੂਰੀ ਤੇ ਸੰਸਾਰ ਭਰ ਵਿਚ ਪ੍ਰਚਾਰ ਕੀਤੇ ਜਾਣ ਦਾ ਕੇਂਦਰ ਹੋਵੇਗਾ, ਜਿਸ ਪ੍ਰਚਾਰ ਦੀ ਉਸ ਨੂੰ ਇੰਨੀ ਉਮੀਦ ਸੀ।

ਹੋਰ ਚਾਨਣ ਦੀ ਲੋੜ

ਕੀ ਹੈਨਰੀ ਗਰੂ ਅਤੇ ਜੋਰਜ ਸਟੋਰਜ਼ ਵਰਗੇ ਆਦਮੀ ਸਾਡੇ ਵਾਂਗ ਸੱਚਾਈ ਨੂੰ ਚੰਗੀ ਤਰ੍ਹਾਂ ਜਾਣਦੇ ਸਨ? ਨਹੀਂ। ਉਹ ਵੀ ਇਹ ਗੱਲ ਪਛਾਣਦੇ ਸਨ, ਜਿਵੇਂ ਸਟੋਰਜ਼ ਨੇ 1847 ਵਿਚ ਲਿਖਿਆ ਸੀ: “ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਹੁਣੇ-ਹੁਣੇ ਚਰਚ ਦੇ ਹਨੇਰੇ ਵਿੱਚੋਂ ਨਿਕਲ ਕੇ ਆਏ ਹਾਂ, ਅਤੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਜੇਕਰ ਅਸੀਂ ਅਜੇ ਵੀ ‘ਬਾਬਲੀ ਬਸਤਰ’ ਸੱਚਾਈ ਵਜੋਂ ਪਹਿਨੇ ਹੋਣ।” ਮਿਸਾਲ ਲਈ, ਗਰੂ ਯਿਸੂ ਦੇ ਰਿਹਾਈ ਦੇ ਬਲੀਦਾਨ ਨੂੰ ਕਬੂਲ ਕਰਦਾ ਸੀ ਪਰ ਉਹ ਇਹ ਗੱਲ ਨਹੀਂ ਸਮਝਦਾ ਸੀ ਕਿ ਇਹ ਬਰਾਬਰ ਦਾ ਬਲੀਦਾਨ ਸੀ, ਯਾਨੀ ਆਦਮ ਦੀ ਮੁਕੰਮਲ ਜਾਨ ਦੇ ਬਦਲੇ ਯਿਸੂ ਦੀ ਮੁਕੰਮਲ ਮਨੁੱਖੀ ਜਾਨ ਦਿੱਤੀ ਗਈ ਸੀ। (1 ਤਿਮੋਥਿਉਸ 2:6) ਹੈਨਰੀ ਗਰੂ ਨੂੰ ਇਹ ਵੀ ਗ਼ਲਤਫ਼ਹਿਮੀ ਸੀ ਕਿ ਯਿਸੂ ਧਰਤੀ ਤੇ ਵਾਪਸ ਆ ਕੇ ਰਾਜ ਕਰੇਗਾ। ਪਰ ਗਰੂ ਨੂੰ ਯਹੋਵਾਹ ਦੇ ਨਾਂ ਤੋਂ ਹਰ ਕਲੰਕ ਮਿਟਾਏ ਜਾਣ ਬਾਰੇ ਬਹੁਤ ਚਿੰਤਾ ਸੀ, ਜਿਸ ਬਾਰੇ ਕਿਸੇ ਨੇ ਦੂਜੀ ਸਦੀ ਤੋਂ ਬਹੁਤਾ ਖ਼ਿਆਲ ਨਹੀਂ ਕੀਤਾ ਸੀ।

ਜੋਰਜ ਸਟੋਰਜ਼ ਨੂੰ ਵੀ ਕੁਝ ਜ਼ਰੂਰੀ ਗੱਲਾਂ ਚੰਗੀ ਤਰ੍ਹਾਂ ਸਮਝ ਨਹੀਂ ਆਈਆਂ ਸਨ। ਉਹ ਪਾਦਰੀਆਂ ਦੀਆਂ ਗ਼ਲਤੀਆਂ ਪਛਾਣ ਸਕਦਾ ਸੀ ਪਰ ਕਈ ਵਾਰ ਉਹ ਉਨ੍ਹਾਂ ਤੋਂ ਬਹੁਤ ਉਲਟ ਚਲਾ ਜਾਂਦਾ ਸੀ। ਉਦਾਹਰਣ ਲਈ, ਉਸ ਨੂੰ ਸ਼ਤਾਨ ਬਾਰੇ ਪਾਦਰੀਆਂ ਦੇ ਖ਼ਿਆਲ ਕਰਕੇ ਇੰਨਾ ਗੁੱਸਾ ਆਇਆ ਕਿ ਉਸ ਨੇ ਬਿਲਕੁਲ ਇਨਕਾਰ ਕਰ ਦਿੱਤਾ ਕਿ ਸ਼ਤਾਨ ਜਿਹੀ ਕੋਈ ਚੀਜ਼ ਵੀ ਹੈ। ਉਸ ਨੇ ਤ੍ਰਿਏਕ ਦੇ ਸਿਧਾਂਤ ਨੂੰ ਨਹੀਂ ਮੰਨਿਆ ਪਰ ਉਹ ਮਰਨ ਤੋਂ ਥੋੜ੍ਹੇ ਸਮੇਂ ਪਹਿਲਾਂ ਤਕ ਇਹ ਨਹੀਂ ਕਬੂਲ ਕਰ ਸਕਿਆ ਕਿ ਪਵਿੱਤਰ ਆਤਮਾ ਸਿਰਫ਼ ਇਕ ਸ਼ਕਤੀ ਹੈ। ਪਹਿਲਾਂ-ਪਹਿਲ ਜੋਰਜ ਸਟੋਰਜ਼ ਮੰਨਦਾ ਤਾਂ ਸੀ ਕਿ ਯਿਸੂ ਦੀ ਵਾਪਸੀ ਦੇਖੀ ਨਹੀਂ ਜਾਵੇਗੀ ਪਰ ਬਾਅਦ ਵਿਚ ਉਹ ਮੰਨਣ ਲੱਗ ਪਿਆ ਕਿ ਕੁਝ ਤਾਂ ਜ਼ਰੂਰ ਨਜ਼ਰ ਆਵੇਗਾ। ਫਿਰ ਵੀ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦੋਵੇਂ ਆਦਮੀ ਨੇਕਦਿਲ ਅਤੇ ਈਮਾਨਦਾਰ ਸਨ ਅਤੇ ਦੂਸਰਿਆਂ ਆਦਮੀਆਂ ਨਾਲੋਂ ਕਾਫ਼ੀ ਸੱਚਾਈ ਜਾਣ ਗਏ ਸਨ।

ਯਿਸੂ ਦੇ ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦਾ “ਖੇਤ” ਅਜੇ ਵਾਢੀ ਲਈ ਤਿਆਰ ਨਹੀਂ ਸੀ। (ਮੱਤੀ 13:38) ਗਰੂ, ਸਟੋਰਜ਼, ਅਤੇ ਹੋਰ ਬੰਦੇ ਵਾਢੀ ਦੀ ਤਿਆਰੀ ਵਿਚ ਖੇਤੀ ਕਰ ਰਹੇ ਸਨ।

ਚਾਰਲਸ ਟੇਜ਼ ਰਸਲ, ਜਿਸ ਨੇ 1879 ਵਿਚ ਇਹ ਰਸਾਲਾ ਛਾਪਣਾ ਸ਼ੁਰੂ ਕੀਤਾ ਸੀ, ਨੇ ਆਪਣੇ ਪਹਿਲੇ ਸਾਲਾਂ ਬਾਰੇ ਇਸ ਤਰ੍ਹਾਂ ਲਿਖਿਆ: “ਪ੍ਰਭੂ ਨੇ ਸਾਨੂੰ ਆਪਣਾ ਬਚਨ ਸਮਝਣ ਲਈ ਕਈ ਚੀਜ਼ਾਂ ਦਿੱਤੀਆਂ। ਉਨ੍ਹਾਂ ਵਿਚ ਸਾਡਾ ਪਿਆਰਾ ਅਤੇ ਬਜ਼ੁਰਗ ਭਰਾ ਜੋਰਜ ਸਟੋਰਜ਼ ਵੀ ਹੈ। ਉਸ ਨੇ ਆਪਣੇ ਭਾਸ਼ਣਾਂ ਅਤੇ ਆਪਣੀਆਂ ਲਿਖਤਾਂ ਰਾਹੀਂ ਸਾਡੀ ਮਦਦ ਕੀਤੀ। ਪਰ ਅਸੀਂ ਹਮੇਸ਼ਾ ਇਨਸਾਨਾਂ ਦਾ ਪਿੱਛਾ ਨਹੀਂ ਕਰਨਾ ਚਾਹੁੰਦੇ ਸਨ ਭਾਵੇਂ ਉਹ ਜਿੰਨੇ ਮਰਜ਼ੀ ਚੰਗੇ ਅਤੇ ਹੁਸ਼ਿਆਰ ਕਿਉਂ ਨਾ ਹੋਣ, ਪਰ ਅਸੀਂ ‘ਪਿਆਰਿਆਂ ਬੱਚਿਆਂ ਵਾਂਗ ਪਰਮੇਸ਼ੁਰ ਦੇ ਪਿੱਛੇ ਜਾਣਾ’ ਠੀਕ ਸਮਝਿਆ।” ਜੀ ਹਾਂ, ਜੋ ਲੋਕ ਬਾਈਬਲ ਦੀ ਜਾਂਚ-ਪੜਤਾਲ ਕਰਨੀ ਚਾਹੁੰਦੇ ਸਨ ਉਹ ਗਰੂ ਅਤੇ ਸਟੋਰਜ਼ ਵਰਗੇ ਆਦਮੀਆਂ ਦੇ ਜਤਨਾਂ ਤੋਂ ਲਾਭ ਹਾਸਲ ਕਰ ਸਕਦੇ ਸਨ, ਪਰ ਸੱਚਾਈ ਪਾਉਣ ਲਈ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਜਾਂਚ ਕਰਨੀ ਜ਼ਿਆਦਾ ਜ਼ਰੂਰੀ ਸੀ।—ਯੂਹੰਨਾ 17:17.

[ਸਫ਼ੇ 26 ਉੱਤੇ ਡੱਬੀ/​ਤਸਵੀਰ]

ਹੈਨਰੀ ਗਰੂ ਦੇ ਵਿਸ਼ਵਾਸ

ਯਹੋਵਾਹ ਬਦਨਾਮ ਕੀਤਾ ਗਿਆ ਹੈ ਅਤੇ ਉਸ ਦੇ ਨਾਂ ਤੋਂ ਕਲੰਕ ਮਿਟਾਉਣ ਦੀ ਲੋੜ ਸੀ।

ਤ੍ਰਿਏਕ ਦੇ ਸਿਧਾਂਤ, ਨਰਕ ਦੀ ਅੱਗ, ਅਤੇ ਅਮਰ ਆਤਮਾ ਨੂੰ ਮੰਨਣਾ ਗ਼ਲਤ ਹੈ।

ਮਸੀਹੀ ਕਲੀਸਿਯਾ ਨੂੰ ਸੰਸਾਰ ਤੋਂ ਅਲੱਗ ਰਹਿਣਾ ਚਾਹੀਦਾ ਹੈ।

ਮਸੀਹੀਆਂ ਨੂੰ ਕੌਮਾਂ ਦੀਆਂ ਲੜਾਈਆਂ ਵਿਚ ਕੋਈ ਹਿੱਸਾ ਨਹੀਂ ਲੈਣਾ ਚਾਹੀਦਾ।

ਮਸੀਹੀਆਂ ਨੂੰ ਸਿਨੱਚਰਵਾਰ ਜਾਂ ਐਤਵਾਰ ਨੂੰ ਸਬਤ ਵਜੋਂ ਮਨਾਉਣ ਦਾ ਹੁਕਮ ਨਹੀਂ ਦਿੱਤਾ ਗਿਆ।

ਮਸੀਹੀਆਂ ਨੂੰ ਫਰੀਮੇਸੰਜ਼ ਵਰਗੇ ਗੁਪਤ ਫਿਰਕਿਆਂ ਵਿਚ ਸ਼ਰੀਕ ਨਹੀਂ ਹੋਣਾ ਚਾਹੀਦਾ।

ਮਸੀਹੀ ਪਾਦਰੀ ਵਰਗ ਅਤੇ ਆਮ ਜਨਤਾ ਵਿਚ ਨਹੀਂ ਵੰਡੇ ਹੋਏ।

ਮਜ਼ਹਬੀ ਪਦਵੀਆਂ ਮਸੀਹ ਦੇ ਵਿਰੁੱਧ ਹਨ।

ਸਾਰੀਆਂ ਕਲੀਸਿਯਾਵਾਂ ਉੱਤੇ ਬਜ਼ੁਰਗਾਂ ਦਾ ਸਮੂਹ ਹੋਣਾ ਚਾਹੀਦਾ ਹੈ।

ਕਲੀਸਿਯਾ ਦੇ ਬਜ਼ੁਰਗਾਂ ਨੂੰ ਨੇਕ ਅਤੇ ਨਿਹਕਲੰਕ ਹੋਣਾ ਚਾਹੀਦਾ ਹੈ।

ਸਾਰੇ ਮਸੀਹੀਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ।

ਫਿਰਦੌਸ ਵਰਗੀ ਧਰਤੀ ਉੱਤੇ ਲੋਕ ਸਦਾ ਲਈ ਜੀਉਣਗੇ।

ਮਸੀਹੀ ਭਜਨਾਂ ਨੂੰ ਯਹੋਵਾਹ ਅਤੇ ਮਸੀਹ ਦੀ ਵਡਿਆਈ ਕਰਨੀ ਚਾਹੀਦੀ ਹੈ।

[ਕ੍ਰੈਡਿਟ ਲਾਈਨ]

Photo: Collection of The New-York Historical Society/69288

[ਸਫ਼ੇ 28 ਉੱਤੇ ਡੱਬੀ/​ਤਸਵੀਰ]

ਜੋਰਜ ਸਟੋਰਜ਼ ਦੇ ਵਿਸ਼ਵਾਸ

ਯਿਸੂ ਨੇ ਮਨੁੱਖਜਾਤ ਨੂੰ ਰਿਹਾ ਕਰਨ ਲਈ ਆਪਣੀ ਜਾਨ ਦਿੱਤੀ।

ਖ਼ੁਸ਼ ਖ਼ਬਰੀ ਦਾ ਪ੍ਰਚਾਰ ਅਜੇ ਨਹੀਂ ਕੀਤਾ ਗਿਆ ਸੀ (1871)।

ਇਸ ਕਰਕੇ ਇਸ ਸਮੇਂ (1871) ਵਿਚ ਅੰਤ ਨਹੀਂ ਆ ਸਕਦਾ। ਭਵਿੱਖ ਵਿਚ ਅਜਿਹਾ ਸਮਾਂ ਆਵੇਗਾ ਜਦੋਂ ਪ੍ਰਚਾਰ ਕੀਤਾ ਜਾਵੇਗਾ।

ਅਜਿਹੇ ਲੋਕ ਹੋਣਗੇ ਜੋ ਧਰਤੀ ਉੱਤੇ ਸਦਾ ਲਈ ਜੀਉਣਗੇ।

ਸਾਰੇ ਜੋ ਅਣਜਾਣਪੁਣੇ ਵਿਚ ਮਰ ਗਏ ਹਨ, ਜੀ ਉਠਾਏ ਜਾਣਗੇ। ਜਿਹੜੇ ਯਿਸੂ ਦਾ ਬਲੀਦਾਨ ਕਬੂਲ ਕਰਨਗੇ ਉਹ ਧਰਤੀ ਤੇ ਸਦਾ ਲਈ ਜ਼ਿੰਦਾ ਰਹਿਣਗੇ। ਜਿਹੜੇ ਕਬੂਲ ਨਹੀਂ ਕਰਨਗੇ ਉਹ ਨਾਸ਼ ਕੀਤੇ ਜਾਣਗੇ।

ਅਮਰ ਆਤਮਾ ਅਤੇ ਨਰਕ ਦੀ ਅੱਗ ਦੇ ਸਿਧਾਂਤ ਮੰਨਣੇ ਸਿਰਫ਼ ਗ਼ਲਤ ਹੀ ਨਹੀਂ, ਪਰ ਇਹ ਸਿਧਾਂਤ ਪਰਮੇਸ਼ੁਰ ਨੂੰ ਬਦਨਾਮ ਕਰਦੇ ਹਨ।

ਪ੍ਰਭੂ ਦਾ ਸੰਧਿਆ ਭੋਜਨ ਇਕ ਸਾਲਾਨਾ ਸਮਾਰੋਹ ਹੈ ਜੋ 14 ਨੀਸਾਨ ਨੂੰ ਮਨਾਇਆ ਜਾਂਦਾ ਹੈ।

[ਕ੍ਰੈਡਿਟ ਲਾਈਨ]

Photo: SIX SERMONS, by George Storrs (1855)

[ਸਫ਼ੇ 29 ਉੱਤੇ ਤਸਵੀਰਾਂ]

ਸੰਨ 1909 ਵਿਚ “ਜ਼ਾਇਨਜ਼ ਵਾਚ ਟਾਵਰ” ਦਾ ਸੰਪਾਦਕ, ਸੀ. ਟੀ. ਰਸਲ, ਬਰੁਕਲਿਨ, ਨਿਊ ਯਾਰਕ ਰਹਿਣ ਲੱਗ ਪਿਆ ਸੀ