Skip to content

Skip to table of contents

ਆਪਣਾ ਪੈਸਾ ਜਾਂ ਆਪਣੀ ਜਾਨ?

ਆਪਣਾ ਪੈਸਾ ਜਾਂ ਆਪਣੀ ਜਾਨ?

ਆਪਣਾ ਪੈਸਾ ਜਾਂ ਆਪਣੀ ਜਾਨ?

ਤੁਸੀਂ ਸ਼ਾਇਦ ਉਨ੍ਹਾਂ ਡਾਕੂਆਂ ਬਾਰੇ ਸੁਣਿਆ ਹੋਵੇ ਜੋ ਲੋਕਾਂ ਨੂੰ ਬੰਦੂਕ ਦਿਖਾ ਕੇ ਧਮਕੀ ਦਿੰਦੇ ਹਨ: “ਆਪਣਾ ਪੈਸਾ ਜਾਂ ਆਪਣੀ ਜਾਨ!” ਇਕ ਅਨੋਖੇ ਤਰੀਕੇ ਵਿਚ ਅੱਜ ਇਹ ਧਮਕੀ ਸਾਰਿਆਂ ਨੂੰ ਅਤੇ ਖ਼ਾਸ ਕਰਕੇ ਅਮੀਰ ਦੇਸ਼ਾਂ ਵਿਚ ਰਹਿਣ ਵਾਲਿਆਂ ਨੂੰ ਦਿੱਤੀ ਜਾ ਰਹੀ ਹੈ। ਪਰ ਇਹ ਧਮਕੀ ਡਾਕੂ ਦੀ ਬਜਾਇ ਸਮਾਜ ਦੇ ਰਿਹਾ ਹੈ, ਜੋ ਕਿ ਪੈਸਾ ਅਤੇ ਨਵੀਆਂ-ਨਵੀਆਂ ਚੀਜ਼ਾਂ ਹਾਸਲ ਕਰਨ ਉੱਤੇ ਬਹੁਤ ਜ਼ੋਰ ਪਾਉਂਦਾ ਹੈ।

ਇਸ ਜ਼ੋਰ ਕਰਕੇ ਕਈ ਨਵੇਂ ਸਵਾਲ ਉੱਠ ਖੜ੍ਹੇ ਹਨ ਜਿਵੇਂ ਕਿ ਕੀ ਸਾਨੂੰ ਹਰ ਕੀਮਤ ਤੇ ਪੈਸਿਆਂ ਅਤੇ ਚੀਜ਼ਾਂ ਮਗਰ ਲੱਗਣਾ ਚਾਹੀਦਾ ਹੈ? ਕੀ ਅਸੀਂ ਥੋੜ੍ਹੀਆਂ ਚੀਜ਼ਾਂ ਨਾਲ ਖ਼ੁਸ਼ ਹੋ ਸਕਦੇ ਹਾਂ? ਕੀ ਲੋਕ ਚੀਜ਼ਾਂ ਹਾਸਲ ਕਰਨ ਵਾਸਤੇ ਸੱਚ-ਮੁੱਚ “ਅਸਲ ਜੀਵਨ” ਨੂੰ ਕੁਰਬਾਨ ਕਰ ਰਹੇ ਹਨ? ਕੀ ਪੈਸੇ ਨਾਲ ਸੱਚੀ ਖ਼ੁਸ਼ੀ ਖ਼ਰੀਦੀ ਜਾ ਸਕਦੀ ਹੈ?

ਪੈਸਿਆਂ ਲਈ ਪਾਗਲ

ਇਨਸਾਨਾਂ ਦੀਆਂ ਬਹੁਤ ਸਾਰੀਆਂ ਚਾਹਾਂ ਅਤੇ ਇੱਛਾਵਾਂ ਹਨ, ਕਈ ਜਾਇਜ਼ ਅਤੇ ਕਈ ਨਾਜਾਇਜ਼। ਪਰ ਇਨ੍ਹਾਂ ਚਾਹਾਂ ਵਿਚ ਸਭ ਤੋਂ ਮੁੱਖ ਪੈਸੇ ਨਾਲ ਪ੍ਰੇਮ ਹੈ। ਪੈਸੇ ਦੀ ਚਾਹਤ ਕਦੇ ਪੂਰੀ ਨਹੀਂ ਹੁੰਦੀ, ਇਸ ਲਈ ਇਹ ਸੈਕਸ ਅਤੇ ਖਾਣ ਦੀਆਂ ਇੱਛਾਵਾਂ ਤੋਂ ਵੱਖਰੀ ਹੈ। ਬੁੱਢੇ ਹੋ ਕੇ ਵੀ ਇਨਸਾਨ ਪੈਸਾ ਲੋਚਦੇ ਰਹਿੰਦੇ ਹਨ। ਕਈ ਵਾਰ ਲੋਕ ਬੁਢੇਪੇ ਵਿਚ ਪੈਸਿਆਂ ਬਾਰੇ ਜ਼ਿਆਦਾ ਸੋਚਣ ਲੱਗ ਪੈਂਦੇ ਹਨ।

ਪੈਸਿਆਂ ਦਾ ਲਾਲਚ ਵਧਦਾ ਜਾ ਰਿਹਾ ਹੈ। ਇਕ ਫਿਲਮ ਦੇ ਹੀਰੋ ਨੇ ਕਿਹਾ: ‘ਪੈਸਿਆਂ ਦਾ ਲਾਲਚ ਚੰਗਾ ਹੈ, ਇਸੇ ਨਾਲ ਕੰਮ ਚੱਲਦਾ ਹੈ।’ ਭਾਵੇਂ ਕਿ ਕਈ ਲੋਕ 1980 ਦੇ ਦਹਾਕੇ ਨੂੰ ਲਾਲਚ ਦਾ ਸਮਾਂ ਸੱਦਦੇ ਹਨ, ਪਰ ਇਸ ਸਮੇਂ ਤੋਂ ਪਹਿਲਾਂ ਅਤੇ ਬਾਅਦ ਵੀ ਇਨਸਾਨਾਂ ਵਿਚ ਪੈਸਿਆਂ ਦਾ ਲਾਲਚ ਰਿਹਾ ਹੈ।

ਅੱਗੇ ਨਾਲੋਂ ਅੱਜ-ਕੱਲ੍ਹ ਬਹੁਤ ਸਾਰੇ ਲੋਕ ਇਸ ਇੱਛਾ ਨੂੰ ਝਟਪਟ ਪੂਰਾ ਕਰਨ ਦੇ ਮੌਕੇ ਭਾਲਦੇ ਰਹਿੰਦੇ ਹਨ। ਤਮਾਮ ਦੁਨੀਆਂ ਵਿਚ ਬਹੁਤ ਜ਼ਿਆਦਾ ਸਮਾਂ ਅਤੇ ਬਲ ਚੀਜ਼ਾਂ ਬਣਾਉਣ ਅਤੇ ਖ਼ਰੀਦਣ ਵਿਚ ਲਗਾਇਆ ਜਾਂਦਾ ਹੈ। ਤੁਸੀਂ ਵੀ ਸ਼ਾਇਦ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਚੀਜ਼ਾਂ ਹਾਸਲ ਕਰਨ ਵਿਚ ਅਤੇ ਪੈਸਾ ਖ਼ਰਚਣ ਵਿਚ ਲੋਕਾਂ ਨੂੰ ਅੱਜ-ਕੱਲ੍ਹ ਬਹੁਤ ਮਜ਼ਾ ਆਉਂਦਾ ਹੈ।

ਪਰ ਕੀ ਇਸ ਕਾਰਨ ਲੋਕ ਸੱਚ-ਮੁੱਚ ਖ਼ੁਸ਼ ਹਨ? ਇਸ ਸਵਾਲ ਦਾ ਜਵਾਬ 3,000 ਸਾਲ ਪਹਿਲਾਂ ਬੁੱਧੀਮਾਨ ਅਤੇ ਅਮੀਰ ਰਾਜਾ ਸੁਲੇਮਾਨ ਨੇ ਦਿੱਤਾ ਸੀ ਜਦ ਉਸ ਨੇ ਲਿਖਿਆ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ, ਇਹ ਵੀ ਵਿਅਰਥ ਹੈ।” (ਉਪਦੇਸ਼ਕ ਦੀ ਪੋਥੀ 5:10) ਅੱਜ-ਕੱਲ੍ਹ ਬਹੁਤ ਸਾਰੀਆਂ ਰਿਪੋਰਟਾਂ ਅਤੇ ਬਹੁਤ ਸਾਰੇ ਸਰਵੇਖਣ ਇਸ ਗੱਲ ਨਾਲ ਸਹਿਮਤ ਹੁੰਦੇ ਹਨ।

ਪੈਸਾ ਅਤੇ ਖ਼ੁਸ਼ੀ

ਇਨ੍ਹਾਂ ਸਰਵੇਖਣਾਂ ਨੇ ਇਕ ਹੈਰਾਨੀ ਦੀ ਗੱਲ ਜ਼ਾਹਰ ਕੀਤੀ ਹੈ ਕਿ ਜ਼ਿਆਦਾ ਪੈਸਾ ਅਤੇ ਚੀਜ਼ਾਂ ਇਕੱਠੀਆਂ ਕਰਨ ਨਾਲ ਜ਼ਿਆਦਾ ਖ਼ੁਸ਼ੀ ਅਤੇ ਸੰਤੁਸ਼ਟੀ ਨਹੀਂ ਮਿਲਦੀ। ਰਿਸਰਚ ਕਰਨ ਵਾਲਿਆਂ ਨੂੰ ਪਤਾ ਲੱਗਾ ਹੈ ਕਿ ਅਮੀਰ ਬਣਨ ਤੋਂ ਬਾਅਦ ਬੰਦੇ ਨੂੰ ਇਸ ਗੱਲ ਤੋਂ ਸੰਤੁਸ਼ਟੀ ਅਤੇ ਖ਼ੁਸ਼ੀ ਨਹੀਂ ਮਿਲਦੀ ਕਿ ਉਸ ਕੋਲ ਕਿੰਨੀਆਂ ਚੀਜ਼ਾਂ ਹਨ।

ਇਸ ਲਈ ਜਦ ਲੋਕ ਪੈਸਿਆਂ ਅਤੇ ਚੀਜ਼ਾਂ ਮਗਰ ਲੱਗਦੇ ਹਨ ਤਾਂ ਉਹ ਫਿਰ ਵੀ ਪੁੱਛਦੇ ਰਹਿੰਦੇ ਹਨ ਕਿ ‘ਅਸੀਂ ਨਵੀਆਂ ਚੀਜ਼ਾਂ ਦਾ ਆਨੰਦ ਮਾਣਨ ਦੇ ਬਾਵਜੂਦ ਸੰਤੁਸ਼ਟੀ ਕਿਉਂ ਨਹੀਂ ਪਾ ਰਹੇ?’

ਖ਼ੁਸ਼ ਲੋਕ ਨਾਮਕ ਅੰਗ੍ਰੇਜ਼ੀ ਪੁਸਤਕ ਦੇ ਲੇਖਕ ਨੇ ਕਿਹਾ: ‘ਜਦ ਤੁਸੀਂ ਥੋੜ੍ਹਾ-ਬਹੁਤਾ ਪੈਸਾ ਕਮਾ ਲੈਂਦੇ ਹੋ, ਇਹ ਤੁਹਾਡੀ ਖ਼ੁਸ਼ੀ ਨਹੀਂ ਵਧਾਉਂਦਾ। ਇਹ ਸੱਚ ਹੈ ਕਿ ਤੁਹਾਡੀ ਗ਼ਰੀਬੀ ਮਿੱਟ ਜਾਂਦੀ ਹੈ ਪਰ ਅਸਲ ਵਿਚ ਪੈਸੇ ਦਾ ਖ਼ੁਸ਼ੀ ਨਾਲ ਬਹੁਤ ਹੀ ਘੱਟ ਤਅੱਲਕ ਹੈ।’ ਇਸ ਲਈ ਬਹੁਤ ਸਾਰੇ ਲੋਕ ਹੁਣ ਜਾਣ ਗਏ ਹਨ ਕਿ ਖ਼ੁਸ਼ੀ ਹਾਸਲ ਕਰਨ ਲਈ ਉਨ੍ਹਾਂ ਕੋਲ ਰੂਹਾਨੀ ਗੁਣ, ਜ਼ਿੰਦਗੀ ਵਿਚ ਮਕਸਦ ਭਰੇ ਟੀਚੇ, ਅਤੇ ਨੈਤਿਕ ਅਸੂਲ ਹੋਣੇ ਚਾਹੀਦੇ ਹਨ। ਇਸ ਦੇ ਨਾਲ-ਨਾਲ ਲੜਾਈ-ਝਗੜੇ ਕਰਨ ਦੀ ਬਜਾਇ ਹੋਰਨਾਂ ਨਾਲ ਚੰਗੇ ਰਿਸ਼ਤੇ ਵੀ ਕਾਇਮ ਕਰਨੇ ਜ਼ਰੂਰੀ ਹਨ, ਨਹੀਂ ਤਾਂ ਅਸੀਂ ਆਪਣੀਆਂ ਚੀਜ਼ਾਂ ਦਾ ਆਨੰਦ ਨਹੀਂ ਮਾਣ ਸਕਾਂਗੇ।

ਕੁਝ ਲੋਕਾਂ ਦੇ ਅਨੁਸਾਰ ਅੱਜ-ਕੱਲ੍ਹ ਸਮਾਜ ਵਿਚ ਮੁਸ਼ਕਲਾਂ ਇਸ ਲਈ ਹਨ ਕਿਉਂਕਿ ਲੋਕ ਆਪਣੀਆਂ ਜਜ਼ਬਾਤੀ ਪਰੇਸ਼ਾਨੀਆਂ ਦਾ ਹੱਲ ਨਵੀਆਂ ਚੀਜ਼ਾਂ ਖ਼ਰੀਦਣ ਵਿਚ ਭਾਲਦੇ ਹਨ। ਸਮਾਜ ਬਾਰੇ ਗੱਲ-ਬਾਤ ਕਰਦੇ ਹੋਏ ਕਈ ਟੀਕਾਕਾਰ ਕਹਿੰਦੇ ਹਨ ਕਿ ਕਈਆਂ ਲੋਕਾਂ ਵਿਚ ਆਮ ਕਰਕੇ ਨਿਰਾਸ਼ਾ ਅਤੇ ਅਸੰਤੁਸ਼ਟੀ ਪਾਈ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਦੇਖਿਆ ਹੈ ਕਿ ਅਮੀਰ ਦੇਸ਼ਾਂ ਵਿਚ ਬਹੁਤ ਸਾਰੇ ਲੋਕ ਹੁਣ ਮਨੋਵਿਗਿਆਨੀਆਂ ਕੋਲ ਜਾਂਦੇ ਹਨ। ਅਤੇ ਜੀਵਨ ਦਾ ਮਕਸਦ ਜਾਂ ਮਨ ਦੀ ਸ਼ਾਂਤੀ ਭਾਲਣ ਲਈ ਕਈ ਲੋਕ ਗੁਰੂਆਂ ਜਾਂ ਮਾਨਸਿਕ ਇਲਾਜ ਕਰਨ ਵਾਲੇ ਗਰੂਪਾਂ ਕੋਲ ਜਾਂਦੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਚੀਜ਼ਾਂ ਤੋਂ ਸੰਤੁਸ਼ਟੀ ਜਾਂ ਖ਼ੁਸ਼ੀ ਨਹੀਂ ਮਿਲਦੀ।

ਪੈਸੇ ਦੀ ਤਾਕਤ ਅਤੇ ਕਮਜ਼ੋਰੀ

ਇਸ ਦਾ ਇਹ ਮਤਲਬ ਨਹੀਂ ਕਿ ਪੈਸੇ ਦਾ ਕੋਈ ਮੁੱਲ ਨਹੀਂ ਹੈ। ਪੈਸਿਆਂ ਨਾਲ ਅਸੀਂ ਚੰਗੇ-ਚੰਗੇ ਮਕਾਨ, ਕੱਪੜੇ, ਅਤੇ ਸੁੰਦਰ ਚੀਜ਼ਾਂ ਖ਼ਰੀਦ ਸਕਦੇ ਹਾਂ। ਪੈਸਾ ਸਿਫ਼ਤਾਂ, ਚਾਪਲੂਸੀ, ਅਤੇ ਸ਼ਾਇਦ ਦੋਸਤ ਵੀ ਖ਼ਰੀਦ ਸਕਦਾ ਹੈ, ਪਰ ਇਸ ਤੋਂ ਵੱਧ ਹੋਰ ਕੁਝ ਨਹੀਂ। ਪੈਸਾ ਸਭ ਤੋਂ ਜ਼ਰੂਰੀ ਚੀਜ਼ਾਂ ਨਹੀਂ ਖ਼ਰੀਦ ਸਕਦਾ, ਯਾਨੀ ਸੱਚੇ ਮਿੱਤਰ ਦਾ ਪ੍ਰੇਮ, ਮਨ ਦੀ ਸ਼ਾਂਤੀ, ਅਤੇ ਮੌਤ ਦੇ ਵੇਲੇ ਦਿਲਾਸਾ। ਜੋ ਲੋਕ ਪਰਮੇਸ਼ੁਰ ਨਾਲ ਦੋਸਤੀ ਕਰਨੀ ਚਾਹੁੰਦੇ ਹਨ, ਉਹ ਜਾਣਦੇ ਹਨ ਕਿ ਪੈਸਾ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਖ਼ਰੀਦ ਸਕਦਾ।

ਆਪਣੇ ਦਿਨੀਂ ਰਾਜਾ ਸੁਲੇਮਾਨ ਕੋਲ ਪੈਸੇ ਨਾਲ ਖ਼ਰੀਦੀ ਜਾਣ ਵਾਲੀ ਹਰੇਕ ਚੀਜ਼ ਸੀ, ਪਰ ਉਸ ਨੇ ਜਾਣਿਆ ਕਿ ਇਹ ਚੀਜ਼ਾਂ ਸਦਾ ਲਈ ਖ਼ੁਸ਼ੀ ਨਹੀਂ ਲਿਆ ਸਕਦੀਆਂ ਸਨ। (ਉਪਦੇਸ਼ਕ ਦੀ ਪੋਥੀ 5:12-15) ਬੈਂਕ ਬਰਬਾਦ ਹੋਣ ਕਰਕੇ ਜਾਂ ਮਹਿੰਗਾਈ ਕਰਕੇ ਪੈਸੇ ਦੀ ਕੋਈ ਕੀਮਤ ਨਹੀਂ ਰਹਿੰਦੀ। ਹਨੇਰੀ ਵਗਣ ਕਰਕੇ ਮਕਾਨ ਤਬਾਹ ਹੋ ਸਕਦੇ ਹਨ। ਭਾਵੇਂ ਨੁਕਸਾਨ ਲਈ ਇੰਸ਼ੂਰੰਸ ਕੰਪਨੀਆਂ ਤੁਹਾਨੂੰ ਕੁਝ ਪੈਸਾ ਦੇ ਸਕਣ ਪਰ ਉਹ ਤੁਹਾਡੇ ਜਜ਼ਬਾਤਾਂ ਨੂੰ ਲੱਗੀ ਠੇਸ ਲਈ ਕੁਝ ਵੀ ਨਹੀਂ ਕਰ ਸਕਦੀਆਂ। ਇੱਕੋ ਦਿਨ ਵਿਚ ਸਟਾਕ ਮਾਰਕਿਟ ਮੰਦੀ ਪੈ ਸਕਦੀ ਹੈ। ਇਕ ਚੰਗੀ ਨੌਕਰੀ ਤੋਂ ਵੀ ਇਕਦਮ ਛੁੱਟੀ ਹੋ ਸਕਦੀ ਹੈ।

ਫਿਰ ਅਸੀਂ ਪੈਸਿਆਂ ਬਾਰੇ ਸਹੀ ਵਿਚਾਰ ਕਿਸ ਤਰ੍ਹਾਂ ਰੱਖ ਸਕਦੇ ਹਾਂ? ਪੈਸੇ ਜਾਂ ਚੀਜ਼ਾਂ ਸਾਡੇ ਜੀਵਨ ਵਿਚ ਕਿੰਨੀਆਂ ਕੁ ਜ਼ਰੂਰੀ ਹੋਣੀਆਂ ਚਾਹੀਦੀਆਂ ਹਨ? ਕਿਉਂ ਨਾ ਅੱਗੇ ਪੜ੍ਹ ਕੇ ਦੇਖੋ ਅਤੇ ਇਹ ਵੀ ਸਿੱਖੋ ਕਿ ਤੁਸੀਂ ਇਕ ਹੋਰ ਕੀਮਤੀ ਚੀਜ਼ ਕਿਸ ਤਰ੍ਹਾਂ ਹਾਸਲ ਕਰ ਸਕਦੇ ਹੋ, ਯਾਨੀ “ਅਸਲ ਜੀਵਨ।”

[ਸਫ਼ੇ 4 ਉੱਤੇ ਤਸਵੀਰ]

ਚੀਜ਼ਾਂ ਸਦਾ ਲਈ ਖ਼ੁਸ਼ੀ ਨਹੀਂ ਲਿਆ ਸਕਦੀਆਂ