Skip to content

Skip to table of contents

ਰਾਜ ਦੀ ਉਮੀਦ ਨਾਲ ਖ਼ੁਸ਼ ਹੋਵੋ!

ਰਾਜ ਦੀ ਉਮੀਦ ਨਾਲ ਖ਼ੁਸ਼ ਹੋਵੋ!

ਰਾਜ ਦੀ ਉਮੀਦ ਨਾਲ ਖ਼ੁਸ਼ ਹੋਵੋ!

ਇਸ ਸਾਲ ਮਾਰਚ 10 ਦਾ ਦਿਨ ਬਹੁਤ ਹੀ ਖ਼ੁਸ਼ੀਆਂ-ਭਰਿਆ ਸੀ। ਉਸ ਦਿਨ ਨਿਊਯਾਰਕ ਦੇ ਵੱਡੇ ਬੈਥਲ ਪਰਿਵਾਰ ਦੁਆਰਾ ਵਰਤੇ ਗਏ ਤਿੰਨਾਂ ਥਾਵਾਂ ਵਿਚ 5,784 ਲੋਕ ਇਕੱਠੇ ਹੋਏ। ਖ਼ੁਸ਼ੀ ਦਾ ਕਾਰਨ ਗਿਲੀਅਡ ਮਿਸ਼ਨਰੀ ਸਕੂਲ ਦੀ 110ਵੀਂ ਕਲਾਸ ਦੀ ਗ੍ਰੈਜੂਏਸ਼ਨ ਸੀ।

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ, ਕੈਰੀ ਬਾਰਬਰ ਨੇ ਸਾਰਿਆਂ ਦਾ ਸੁਆਗਤ ਕਰ ਕੇ ਪ੍ਰੋਗ੍ਰਾਮ ਇਸ ਤਰ੍ਹਾਂ ਸ਼ੁਰੂ ਕੀਤਾ: “ਇਹ ਜਾਣ ਕੇ ਸਾਡਾ ਜੀ ਖ਼ੁਸ਼ ਹੁੰਦਾ ਹੈ ਕਿ ਗਿਲਿਅਡ ਸਕੂਲ ਦੀਆਂ 110 ਕਲਾਸਾਂ ਮਿਸ਼ਨਰੀਆਂ ਵਜੋਂ ਟ੍ਰੇਨ ਹੋ ਕੇ ਦੁਨੀਆਂ ਭਰ ਵਿਚ ਪ੍ਰਚਾਰ ਕਰ ਰਹੀਆਂ ਹਨ।”

ਖ਼ੁਸ਼ੀ ਕਿਸ ਤਰ੍ਹਾਂ ਬਣਾਈ ਰੱਖੀ ਜਾ ਸਕਦੀ ਹੈ

ਭਰਾ ਬਾਰਬਰ ਦੇ ਪ੍ਰੋਗ੍ਰਾਮ ਸ਼ੁਰੂ ਕਰਨ ਤੋਂ ਬਾਅਦ ਭਰਾ ਡੌਨ ਐਡਮਜ਼ ਨੇ ਗ੍ਰੈਜੂਏਟ ਹੋ ਰਹੇ 48 ਵਿਦਿਆਰਥੀਆਂ ਸਮੇਤ ਸਾਰੇ ਹਾਜ਼ਰੀਨ ਨੂੰ “ਯਹੋਵਾਹ ਦੀ ਬਰਕਤ ਸਾਨੂੰ ਧਨੀ ਬਣਾਉਂਦੀ ਹੈ” ਦੇ ਵਿਸ਼ੇ ਉੱਤੇ ਭਾਸ਼ਣ ਦਿੱਤਾ। ਉਨ੍ਹਾਂ ਦਾ ਇਹ ਭਾਸ਼ਣ ਕਹਾਉਤਾਂ 10:22 ਉੱਤੇ ਆਧਾਰਿਤ ਸੀ। ਉਨ੍ਹਾਂ ਨੇ ਹਾਜ਼ਰੀਨ ਨੂੰ ਯਾਦ ਦਿਲਾਇਆ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਬਰਕਤਾਂ ਦਿੰਦਾ ਹੈ ਅਤੇ ਉਨ੍ਹਾਂ ਨੂੰ ਕਾਇਮ ਰੱਖਦਾ ਹੈ ਜਦ ਉਹ ਰਾਜ ਦੇ ਹਿੱਤਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੌਲੁਸ ਵਰਗੀ ਉਸ ਰਜ਼ਾਮੰਦੀ ਨਾਲ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਕਬੂਲ ਕਰਨ ਲਈ ਕਿਹਾ ਜਦ ਪੌਲੁਸ ਨੂੰ ‘ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਹਾਇਤਾ ਕਰਨ’ ਲਈ ਬੁਲਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 16:9) ਭਾਵੇਂ ਪੌਲੁਸ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ, ਪ੍ਰਚਾਰ ਦੇ ਕੰਮ ਵਿਚ ਉਸ ਦੀ ਰਜ਼ਾਮੰਦੀ ਕਰਕੇ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਸਨ।

ਗ੍ਰੈਜੂਏਟ ਹੋ ਰਹੀ ਕਲਾਸ ਦੇ ਵਿਦਿਆਰਥੀ ਮਿਸ਼ਨਰੀ ਕੰਮ ਦੀ ਟ੍ਰੇਨਿੰਗ ਲਈ 5 ਮਹੀਨਿਆਂ ਦੀ ਬਾਈਬਲ ਸਟੱਡੀ ਪੂਰੀ ਕਰ ਚੁੱਕੇ ਸਨ। ਇਸ ਦੇ ਬਾਵਜੂਦ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ, ਭਰਾ ਡੈਨਿਏਲ ਸਿਡਲਿਕ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਲੈਂਦੇ ਰਹਿਣ ਲਈ ਉਤਸ਼ਾਹ ਦਿੱਤਾ। ਭਰਾ ਦੇ ਭਾਸ਼ਣ ਦਾ ਵਿਸ਼ਾ ਸੀ: “ਸੱਚੇ ਸ਼ਾਗਿਰਦ ਬਣੋ।” ਇਸ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ: “ਸ਼ਾਗਿਰਦੀ ਦਾ ਮਤਲਬ ਹੈ ਹਮੇਸ਼ਾ ਯਿਸੂ ਦੀ ਗੱਲ ਮੰਨਣੀ। ਇਸ ਵਿਚ ਯਿਸੂ ਦੇ ਸੰਦੇਸ਼, ਉਸ ਦੇ ਕਹੇ ਅਤੇ ਉਸ ਦੀ ਤਾਲੀਮ ਵੱਲ ਹਮੇਸ਼ਾ ਕੰਨ ਲਾਉਣੇ ਸ਼ਾਮਲ ਹੈ।” ਭਰਾ ਨੇ ਅੱਗੇ ਸਮਝਾਇਆ ਕਿ ਯਿਸੂ ਦੇ ਸ਼ਾਗਿਰਦ ਆਪਣੇ ਮਾਲਕ ਦੀ ਗੱਲ ਸੁਣੇ ਬਗੈਰ ਕੋਈ ਫ਼ੈਸਲਾ ਨਹੀਂ ਕਰਦੇ ਕਿਉਂਕਿ ਪਰਮੇਸ਼ੁਰ ਦੀ ਬੁੱਧ ਯਿਸੂ ਦੀ ਮਿਸਾਲ ਅਤੇ ਜ਼ਿੰਦਗੀ ਵਿਚ ਦੇਖੀ ਜਾਂਦੀ ਹੈ। (ਕੁਲੁੱਸੀਆਂ 2:3) ਸਾਡੇ ਵਿੱਚੋਂ ਕੋਈ ਵੀ ਯਿਸੂ ਦੀ ਗੱਲ ਇਕ ਵਾਰ ਸੁਣ ਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਉਸ ਬਾਰੇ ਸਭ ਕੁਝ ਜਾਣਦਾ ਹਾਂ। ਇਸ ਲਈ ਭਰਾ ਸਿਡਲਿਕ ਨੇ ਗ੍ਰੈਜੂਏਟ ਹੋ ਰਹੇ ਵਿਦਿਆਰ­ਥੀਆਂ ਨੂੰ ਹੌਸਲਾ ਦਿੱਤਾ ਕਿ ਸੱਚਾਈ ਨੂੰ ਸਿੱਖਦੇ ਰਹੋ, ਉਸ ਉੱਤੇ ਅਮਲ ਕਰਦੇ ਰਹੋ ਅਤੇ ਦੂਸਰਿਆਂ ਨੂੰ ਸਿਖਾਉਂਦੇ ਰਹੋ ਕਿਉਂਕਿ ਸੱਚਾਈ ਰਾਹੀਂ ਆਜ਼ਾਦੀ ਮਿਲਦੀ ਹੈ।​—ਯੂਹੰਨਾ 8:31, 32.

ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਲਈ ਸਾਨੂੰ ਤਾੜਨਾ ਕਬੂਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਗਿਲਿਅਡ ਸਕੂਲ ਦੇ ਇੰਸਟ੍ਰਕਟਰ, ਭਰਾ ਲਾਰੈਂਸ ਬੋਵਨ ਨੇ ਪੁੱਛਿਆ: “ਕੀ ਤੁਹਾਡੇ ਗੁਰਦੇ ਤੁਹਾਨੂੰ ਸਿਖਲਾਉਣਗੇ?” ਭਰਾ ਨੇ ਸਮਝਾਇਆ ਕਿ ਬਾਈਬਲ ਵਿਚ ਗੁਰਦਿਆਂ ਦਾ ਸੰਬੰਧ ਕਿਸੇ ਦੇ ਗਹਿਰੇ ਖ਼ਿਆਲਾਂ ਅਤੇ ਜਜ਼ਬਾਤਾਂ ਨਾਲ ਹੁੰਦਾ ਹੈ। ਜੇਕਰ ਬਾਈਬਲ ਦੀ ਸਲਾਹ ਕਿਸੇ ਦੇ ਬਿਲਕੁਲ ਅੰਦਰ ਬੈਠ ਗਈ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਸ ਦੇ ਗੁਰਦੇ ਉਸ ਨੂੰ ਸਿਖਲਾ ਰਹੇ ਹਨ। (ਜ਼ਬੂਰ 16:7; ਯਿਰਮਿਯਾਹ 17:10) ਸਾਡੀ ਵਫ਼ਾਦਾਰੀ ਯਹੋਵਾਹ ਉੱਤੇ ਵੀ ਵੱਡਾ ਪ੍ਰਭਾਵ ਪਾ ਸਕਦੀ ਹੈ। ਕਹਾਉਤਾਂ 23:15, 16 ਪੜ੍ਹਨ ਤੋਂ ਬਾਅਦ ਭਰਾ ਨੇ ਇਹ ਸਵਾਲ ਪੁੱਛਿਆ: “ਕੀ ਤੁਹਾਡੇ ਗੁਰਦੇ ਤੁਹਾਨੂੰ ਸਿਖਲਾਉਣਗੇ?” ਭਰਾ ਨੇ ਅੱਗੇ ਕਿਹਾ: “ਅਸੀਂ ਦੁਆ ਕਰਦੇ ਹਾਂ ਕਿ ਉਹ ਤੁਹਾਨੂੰ ਸਿਖਲਾਉਣਗੇ, ਅਤੇ ਇਸ ਤਰ੍ਹਾਂ ਤੁਸੀਂ ਯਹੋਵਾਹ ਨੂੰ ਬਹੁਤ ਹੀ ਖ਼ੁਸ਼ ਕਰੋਗੇ। ਤੁਸੀਂ ਵਫ਼ਾਦਾਰੀ ਨਾਲ ਆਪਣੇ ਮਿਸ਼ਨਰੀ ਕੰਮ ਵਿਚ ਜੁਟੇ ਰਹਿ ਕੇ ਯਹੋਵਾਹ ਨੂੰ ਉਸ ਦੇ ਗੁਰਦਿਆਂ ਤਕ ਖ਼ੁਸ਼ੀ ਪਹੁੰਚਾਓਗੇ।”

ਪ੍ਰੋਗ੍ਰਾਮ ਦੇ ਇਸ ਹਿੱਸੇ ਦਾ ਆਖ਼ਰੀ ਭਾਸ਼ਣ ਭਰਾ ਮਾਰਕ ਨੂਮੇਰ ਨੇ ਦਿੱਤਾ ਸੀ। ਇਹ ਭਰਾ ਗਿਲਿਅਡ ਸਕੂਲ ਦੇ ਇੰਸਟ੍ਰਕ­ਟਰ ਬਣਨ ਤੋਂ ਪਹਿਲਾਂ ਕੀਨੀਆ ਵਿਚ ਮਿਸ਼ਨਰੀ ਸਨ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ “ਅੱਖੀਂ ਵੇਖ ਲੈਣਾ ਚੰਗਾ ਹੈ,” ਜਿਸ ਵਿਚ ਉਨ੍ਹਾਂ ਨੇ ਸੰਤੁਸ਼ਟ ਹੋਣ ਦੀ ਮਹੱਤਤਾ ਦੀ ਗੱਲ ਕੀਤੀ। ਉਪਦੇਸ਼ਕ ਦੀ ਪੋਥੀ 6:9 ਤੋਂ ਗੱਲ ਕਰਦੇ ਹੋਏ ਭਰਾ ਨੂਮੇਰ ਨੇ ਕਿਹਾ ਕਿ “ਅਸਲੀਅਤ ਕਬੂਲ ਕਰੋ। ਇਹ ਹੈ ‘ਅੱਖੀਂ ਵੇਖ ਲੈਣ’ ਦਾ ਮਤਲਬ। ਉਨ੍ਹਾਂ ਕੰਮਾਂ ਦੇ ਸੁਪਨੇ ਲੈਣ ਦੀ ਬਜਾਇ ਜੋ ਤੁਸੀਂ ਕਰਨੇ ਚਾਹੁੰਦੇ ਹੋ ਪਰ ਕਰ ਨਹੀਂ ਰਹੇ ਹੋ, ਤੁਹਾਨੂੰ ਆਪਣੇ ਮੌਜੂਦਾ ਹਾਲਾਤਾਂ ਉੱਤੇ ਚਿੱਤ ਲਾਉਣਾ ਚਾਹੀਦਾ ਹੈ। ਸੁਪਨਿਆਂ ਦੀ ਦੁਨੀਆਂ ਵਿਚ ਰਹਿ ਕੇ ਅਤੇ ਫੋਕੀਆਂ ਆਸਾਂ ਲਾ ਕੇ, ਜਾਂ ਆਪਣੇ ਮਿਸ਼ਨਰੀ ਇਲਾਕੇ ਦੀਆਂ ਬੁਰੀਆਂ ਗੱਲਾਂ ਉੱਤੇ ਮਨ ਲਾ ਕੇ ਤੁਸੀਂ ਆਪਣੇ ਆਪ ਨੂੰ ਖ਼ੁਸ਼ ਨਹੀਂ ਕਰੋਗੇ ਪਰ ਆਪਣੀ ਸੰਤੁਸ਼ਟੀ ਗੁਆ ਬੈਠੋਗੇ।” ਜੀ ਹਾਂ ਅਸੀਂ ਭਾਵੇਂ ਜਿੱਥੇ ਮਰਜ਼ੀ ਰਹੀਏ ਜਾਂ ਸਾਡੇ ਹਾਲਾਤ ਕਿਸੇ ਤਰ੍ਹਾਂ ਦੇ ਵੀ ਹੋਣ, ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਆਪਣੇ ਹਾਲਾਤਾਂ ਨਾਲ ਖ਼ੁਸ਼ ਹੋ ਸਕਦੇ ਹਾਂ ਅਤੇ ਆਪਣੇ ਕਰਤਾਰ ਦੀ ਸੇਵਾ ਕਰਨ ਵਿਚ ਆਨੰਦ ਮਾਣ ਸਕਦੇ ਹਾਂ।

ਪ੍ਰਚਾਰ ਦੇ ਕੰਮ ਅਤੇ ਗਿਲਿਅਡ ਦੌਰਾਨ ਖ਼ੁਸ਼ੀ-ਭਰੇ ਅਨੁਭਵ

ਇਨ੍ਹਾਂ ਭਾਸ਼ਣਾਂ ਤੋਂ ਚੰਗੀ ਸਲਾਹ ਲੈਣ ਤੋਂ ਬਾਅਦ ਵਿਦਿਆਰ­ਥੀਆਂ ਨੇ ਪੰਜ ਮਹੀਨਿਆਂ ਦੇ ਕੋਰਸ ਅਤੇ ਪ੍ਰਚਾਰ ਦੇ ਕੰਮ ਦੌਰਾਨ ਹਾਸਲ ਕੀਤੇ ਹੋਏ ਤਜਰਬਿਆਂ ਬਾਰੇ ਦੱਸਿਆ। ਗਿਲਿਅਡ ਸਕੂਲ ਦੇ ਰਜਿਸਟਰਾਰ, ਵੌਲੱਸ ਲਿਵਰੈਂਸ ਦੇ ਨਿਰਦੇਸ਼ਨ ਅਧੀਨ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਆਪ ਦਾ ਪਰਮੇਸ਼ੁਰ ਦੇ ਸੇਵਕਾਂ ਵਜੋਂ ਕਿਵੇਂ ਪ੍ਰਮਾਣ ਦਿੱਤਾ ਹੈ। (2 ਕੁਰਿੰਥੀਆਂ 4:2) ਉਹ ਕੁਝ ਲੋਕਾਂ ਦੀਆਂ ਜ਼ਮੀਰਾਂ ਜਗਾ ਸਕੇ ਸਨ। ਘਰ ਤੋਂ ਘਰ, ਸੜਕਾਂ ਅਤੇ ਹੋਰ ਥਾਵਾਂ ਵਿਚ ਪ੍ਰਚਾਰ ਕਰਦੇ ਹੋਏ, ਵਿਦਿਆਰਥੀਆਂ ਨੇ ਕਈਆਂ ਈਮਾਨਦਾਰ ਲੋਕਾਂ ਨਾਲ ਬਾਈ­ਬਲ ਸਟੱਡੀਆਂ ਸ਼ੁਰੂ ਕੀਤੀਆਂ ਸਨ। ਕਈ ਵਾਰ ਲੋਕਾਂ ਨੇ ਕਿਹਾ ਕਿ ਯਹੋਵਾਹ ਦੇ ਸੰਗਠਨ ਦੁਆਰਾ ਛਾਪੇ ਗਏ ਰਸਾਲਿਆਂ ਅਤੇ ਪੁਸਤਕਾਂ ਤੋਂ ਸੱਚਾਈ ਜ਼ਾਹਰ ਹੁੰਦੀ ਸੀ। ਇਕ ਔਰਤ ਨੇ ਬਾਈਬਲ ਵਿੱਚੋਂ ਇਕ ਆਇਤ ਸੁਣ ਕੇ ਹੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਦਾ ਫ਼ੈਸਲਾ ਕਰ ਲਿਆ।

ਅੱਗੇ ਭਰਾ ਜੋਲ ਐਡਮਜ਼ ਨੇ ਗਿਲਿਅਡ ਸਕੂਲ ਦੀਆਂ ਪਹਿਲੀਆਂ ਕਲਾਸਾਂ ਦੇ ਕੁਝ ਗ੍ਰੈਜੂਏਟਾਂ ਦੀ ਇੰਟਰਵਿਊ ਲਈ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ: “ਸਿੱਖਣਾ ਕਦੇ ਨਾ ਛੱਡੋ, ਯਹੋਵਾਹ ਦੀ ਸੇਵਾ ਕਰਨੀ ਕਦੇ ਨਾ ਛੱਡੋ।” ਇੰਟਰਵਿਊ ਕੀਤੇ ਜਾਣ ਵਾਲਿਆਂ ਨੇ ਨਵੇਂ ਮਿਸ਼ਨਰੀਆਂ ਨੂੰ ਉਨ੍ਹਾਂ ਦੇ ਕੰਮ ਆਉਣ ਵਾਲੀ ਚੰਗੀ ਸਲਾਹ ਦਿੱਤੀ। ਗਿਲਿਅਡ ਦੀ 26ਵੀਂ ਕਲਾਸ ਦੇ ਮੈਂਬਰ ਭਰਾ ਹੈਰੀ ਜੌਨਸਨ ਨੇ ਆਪਣੀ ਕਲਾਸ ਦੀ ਗੱਲ ਕਰਦੇ ਹੋਏ ਕਿਹਾ: “ਸਾਨੂੰ ਦੱਸਿਆ ਗਿਆ ਸੀ ਕਿ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਹਮੇਸ਼ਾ ਕਰਦਾ ਆਇਆ ਹੈ ਅਤੇ ਹਮੇਸ਼ਾ ਕਰਦਾ ਰਹੇਗਾ। ਇਨ੍ਹਾਂ ਸਾਰਿਆਂ ਸਾਲਾਂ ਦੌਰਾਨ ਇਸ ਗੱਲ ਨੇ ਮੈਨੂੰ ਬਹੁਤ ਉਤਸ਼ਾਹ ਦਿੱਤਾ ਹੈ।” ਗਿਲਿਅਡ ਦੀ 53ਵੀਂ ਕਲਾਸ ਦੇ ਗ੍ਰੈਜੂਏਟ, ਵਿਲਿਅਮ ਨੌਨਕਸ ਨੇ ਵਿਦਿਆਰਥੀਆਂ ਨੂੰ ਕਿਹਾ: “ਬਾਈ­ਬਲ ਦੇ ਸਿਧਾਂਤਾਂ ਨੂੰ ਮਨ ਵਿਚ ਰੱਖਣਾ ਸਭ ਤੋਂ ਵੱਡੀ ਗੱਲ ਹੈ ਅਤੇ ਉਨ੍ਹਾਂ ਨੂੰ ਹੁਣ ਅਤੇ ਸਦਾ ਲਈ ਆਪਣੀ ਜ਼ਿੰਦਗੀ ਵਿਚ ਫ਼ੈਸਲੇ ਕਰਦੇ ਵਕਤ ਲਾਗੂ ਕਰੋ। ਇਸ ਦੇ ਨਤੀਜੇ ਵਜੋਂ ਤੁਸੀਂ ਆਪਣੇ ਮਿਸ਼ਨਰੀ ਕੰਮ ਵਿਚ ਜੁਟੇ ਰਹਿ ਸਕੋਗੇ ਅਤੇ ਯਹੋਵਾਹ ਦੀਆਂ ਅਸੀਸਾਂ ਤੁਹਾਨੂੰ ਮਿਲਣਗੀਆਂ।”

ਭਰਾ ਰਿਚਰਡ ਰਾਯਨ ਨੇ ਆਪਣਾ ਭਾਸ਼ਣ ਇਸ ਵਿਸ਼ੇ ਤੇ ਤਿਆਰ ਕੀਤਾ ਸੀ: “ਯਹੋਵਾਹ ਦੀ ਮਰਜ਼ੀ ਪੂਰੀ ਕਰਨ ਲਈ ਮਜ਼ਬੂਤ।” ਉਨ੍ਹਾਂ ਨੇ ਭਰਾ ਜੌਨ ਕ੍ਰਟਜ਼ ਦੀ ਇੰਟਰਵਿਊ ਲਈ। ਭਰਾ ਕ੍ਰਟਜ਼ ਗਿਲਿਅਡ ਦੀ 30ਵੀਂ ਕਲਾਸ ਤੋਂ ਗ੍ਰੈਜੂਏਟ ਹੋਏ ਸਨ ਅਤੇ ਉਨ੍ਹਾਂ ਨੇ ਸਪੇਨ ਵਿਚ 41 ਸਾਲ ਮਿਸ਼ਨਰੀ ਵਜੋਂ ਸੇਵਾ ਕੀਤੀ। ਜਦੋਂ ਉਨ੍ਹਾਂ ਨੂੰ ਗਿਲਿਅਡ ਵਿਚ ਕੀਤੀ ਪੜ੍ਹਾਈ ਬਾਰੇ ਪੁੱਛਿਆ ਗਿਆ ਤਾਂ ਭਰਾ ਨੇ ਕਿਹਾ: “ਪੜ੍ਹਾਈ ਦੀ ਅਹਿਮ ਪੁਸਤਕ ਬਾਈ­ਬਲ ਹੈ। ਫਿਰ ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਹੋਰ ਕਿਤਾਬਾਂ ਹਨ। ਇਹ ਸਾਰੀਆਂ ਕਿਤਾਬਾਂ ਸਾਰਿਆਂ ਨੂੰ ਮਿਲ ਸਕਦੀਆਂ ਹਨ। ਗਿਲਿਅਡ ਵਿਚ ਕੋਈ ਗੁਪਤ ਗਿਆਨ ਨਹੀਂ ਮਿਲਦਾ। ਮੈਂ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੰਦਾ ਹਾਂ ਕਿਉਂਕਿ ਜੋ ਕੁਝ ਕੋਈ ਗਿਲਿਅਡ ਵਿਚ ਸਿੱਖਦਾ ਹੈ ਉਹ ਸਾਰਿਆਂ ਨੂੰ ਆਸਾਨੀ ਨਾਲ ਮਿਲ ਸਕਦਾ ਹੈ।”

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ, ਭਰਾ ਗੇਰਟ ਲੋਸ਼ ਨੇ ਪ੍ਰੋਗ੍ਰਾਮ ਦੇ ਅੰਤ ਵਿਚ ਇਹ ਭਾਸ਼ਣ ਦਿੱਤਾ: “ਯਹੋਵਾਹ ਦੇ ਪਰਾਂ ਉੱਤੇ ਅਤੇ ਹੇਠ।” ਉਨ੍ਹਾਂ ਨੇ ਕਿਹਾ ਕਿ ਬਾਈਬਲ ਵਿਚ ਪਰਮੇਸ਼ੁਰ ਦੀ ਆਪਣੇ ਵਫ਼ਾਦਾਰ ਸੇਵਕਾਂ ਦੀ ਦੇਖ-ਭਾਲ ਅਤੇ ਮਦਦ ਉਕਾਬ ਦੇ ਖੰਭਾਂ ਨਾਲ ਦਰਸਾਈ ਗਈ ਹੈ। (ਬਿਵਸਥਾ ਸਾਰ 32:11, 12; ਜ਼ਬੂਰ 91:4) ਉਕਾਬ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਕਈ ਘੰਟੇ ਉਨ੍ਹਾਂ ਉੱਤੇ ਆਪਣੇ ਖੰਭ ਫੈਲਾ ਕੇ ਰੱਖਦਾ ਹੈ। ਕਦੇ-ਕਦੇ ਇਕ ਉਕਾਬ ਮਾਂ ਆਪਣੇ ਬੱਚਿਆਂ ਨੂੰ ਆਪਣੇ ਪਰਾਂ ਵਿਚ ਲਪੇਟ ਵੀ ਲੈਂਦੀ ਹੈ ਤਾਂਕਿ ਉਨ੍ਹਾਂ ਨੂੰ ਠੰਢੀ ਹਵਾ ਨਾ ਲੱਗੇ। ਇਸੇ ਤਰ੍ਹਾਂ ਆਪਣੇ ਮਕਸਦ ਦੇ ਅਨੁਸਾਰ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀ ਮਦਦ ਕਰਦਾ ਹੈ ਖ਼ਾਸ ਕਰਕੇ ਜਦੋਂ ਉਹ ਰੂਹਾਨੀ ਤੌਰ ਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਨ। ਯਹੋਵਾਹ ਆਪਣੇ ਸੇਵਕਾਂ ਉੱਤੇ ਉਨ੍ਹਾਂ ਦੀ ਸ਼ਕਤੀਓਂ ਬਾਹਰ ਕੋਈ ਪਰਤਾਵਾ ਨਹੀਂ ਆਉਣ ਦਿੰਦਾ ਪਰ ਪਰਤਾਵੇ ਦੇ ਨਾਲ ਉਨ੍ਹਾਂ ਦੇ ਬਚ ਜਾਣ ਦਾ ਉਪਾਅ ਵੀ ਕੱਢ ਦਿੰਦਾ ਹੈ ਭਈ ਉਹ ਝੱਲ ਸਕਣ। (1 ਕੁਰਿੰਥੀਆਂ 10:13) ਭਰਾ ਲੋਸ਼ ਨੇ ਅਖ਼ੀਰ ਵਿਚ ਕਿਹਾ ਕਿ “ਰੂਹਾਨੀ ਤੌਰ ਤੇ ਬਚੇ ਰਹਿਣ ਲਈ ਸਾਨੂੰ ਯਹੋਵਾਹ ਦੇ ਪਰਾਂ ਹੇਠ ਰਹਿਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣੀ ਮਰਜ਼ੀ ਨੂੰ ਸਭ ਕੁਝ ਨਹੀਂ ਸਮਝਣਾ ਚਾਹੀਦਾ। ਸਾਨੂੰ ਹਮੇਸ਼ਾ ਯਹੋਵਾਹ ਅਤੇ ਉਸ ਦੀ ਮਾਂ ਵਰਗੀ ਸੰਸਥਾ ਦੇ ਨਜ਼ਦੀਕ ਰਹਿਣਾ ਚਾਹੀਦਾ ਹੈ। ਸਾਨੂੰ ਉਸ ਦੀ ਸੇਧ ਅਤੇ ਅਗਵਾਈ ਤੋਂ ਲਾਂਭੇ ਨਹੀਂ ਹੋਣਾ ਚਾਹੀਦਾ।”

ਫਿਰ ਸਭਾਪਤੀ ਨੇ ਦੁਨੀਆਂ ਦੇ ਚਾਰਾਂ ਕੋਣਿਆਂ ਤੋਂ ਆਈਆਂ ਟੈਲੀਗ੍ਰਾਮਾਂ ਅਤੇ ਚਿੱਠੀਆਂ ਪੜ੍ਹੀਆਂ। ਇਸ ਤੋਂ ਬਾਅਦ ਡਿਪਲੋਮੇ ਦੇਣ ਦਾ ਸਮਾਂ ਆ ਗਿਆ। ਜਦੋਂ ਗਿਲਿਅਡ ਸਕੂਲ ਸ਼ੁਰੂ ਹੋਇਆ ਸੀ ਤਾਂ ਸਮਝਿਆ ਗਿਆ ਸੀ ਕਿ ਪੰਜਾਂ ਸਾਲਾਂ ਵਿਚ ਸਿਰਫ਼ ਥੋੜ੍ਹੀਆਂ ਕੁ ਕਲਾਸਾਂ ਗ੍ਰੈਜੂਏਟ ਹੋਣਗੀਆਂ। ਪਰ ਯਹੋਵਾਹ ਪਰਮੇਸ਼ੁਰ ਨੇ 58 ਸਾਲਾਂ ਲਈ ਸਕੂਲ ਨੂੰ ਜਾਰੀ ਰੱਖਿਆ ਹੈ। ਭਰਾ ­ਬਾਰਬਰ ਨੇ ਪ੍ਰੋਗ੍ਰਾਮ ਦੇ ਸ਼ੁਰੂ ਵਿਚ ਕਿਹਾ ਸੀ ਕਿ “1943 ਤੋਂ ਜਦ ਦਾ ਗਿਲਿਅਡ ਸਕੂਲ ਸ਼ੁਰੂ ਹੋਇਆ ਉਸ ਦੇ ਗ੍ਰੈਜੂਏਟਾਂ ਨੇ ਕਿੰਨਾ ਸ਼ਾਨਦਾਰ ਨਾਂ ਕਮਾਇਆ ਹੈ! ਉਨ੍ਹਾਂ ਦੇ ਤਮਾਮ ਜਤਨਾਂ ਨਾਲ ਧਰਤੀ ਦੇ ਲੱਖਾਂ-ਹਜ਼ਾਰ ਈਮਾਨਦਾਰ ਲੋਕ ਯਹੋਵਾਹ ਦੇ ਸ਼ਾਨਦਾਰ ਸੰਗਠਨ ਵਿਚ ਆ ਗਏ ਹਨ।” ਜੀ ਹਾਂ ਮਿਸ਼ਨਰੀਆਂ ਦੇ ਸਕੂਲ ਕਰਕੇ ਕਈ ਲੱਖ ਲੋਕ ਰਾਜ ਦੀ ਉਮੀਦ ਨਾਲ ਖ਼ੁਸ਼ ਹੋਏ ਹਨ।

[ਸਫ਼ੇ 24 ਉੱਤੇ ਡੱਬੀ]

ਕਲਾਸ ਦੇ ਅੰਕੜੇ

ਜਿੰਨੇ ਦੇਸ਼ਾਂ ਤੋਂ ਆਏ: 8

ਜਿੰਨੇ ਦੇਸ਼ਾਂ ਵਿਚ ਭੇਜੇ ਗਏ: 18

ਵਿਦਿਆਰਥੀਆਂ ਦੀ ਕੁੱਲ ਗਿਣਤੀ: 48

ਔਸਤਨ ਉਮਰ: 34

ਸੱਚਾਈ ਵਿਚ ਔਸਤਨ ਸਾਲ: 18

ਪੂਰਣ-ਕਾਲੀ ਸੇਵਾ ਵਿਚ ਔਸਤ ਸਾਲ: 13

[ਸਫ਼ੇ 25 ਉੱਤੇ ਤਸਵੀਰ]

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋ ਚੁੱਕੀ 110ਵੀਂ ਕਲਾਸ

ਥੱਲੇ ਦਿੱਤੀ ਗਈ ਸੂਚੀ ਵਿਚ ਕਤਾਰਾਂ ਅੱਗੇ ਤੋਂ ਪਿੱਛੇ ਨੂੰ ਦਿੱਤੀਆਂ ਗਈਆਂ ਹਨ ਅਤੇ ਹਰੇਕ ਕਤਾਰ ਵਿਚ ਨਾਂ ਖੱਬੇ ਤੋਂ ਸੱਜੇ ਨੂੰ ਦਿੱਤੇ ਗਏ ਹਨ।

(1) ਵਸੈਕ, ਈ.; ਮਾਡਲਿਨ, ਐੱਲ.; ਐਵਨਜ਼, ਜੀ.; ਵੋਟੋਨੋਬੇ, ਕੇ. (2) ਟ੍ਰਾਫਰਡ, ਪੀ.; ਟਰਫਾ, ਜੇ.; ਵਿਲਸਨ, ਪੀ.; ਵਿਲੀਅਮਜ਼, ਆਰ.; ਵੇਬਰ, ਏ. (3) ਜੌਨਸਨ, ਟੀ.; ਹਾਨੋ, ਕੇ.; ਮੋਰਲੂ, ਐੱਫ.; ਸ਼ਾਰਪਾਂਟੀਅਰ, ਐੱਫ.; ਪੈਕਹਮ, ਆਰ.; ਆਂਡ੍ਰੋਸੋਫ, ਪੀ. (4) ਸੀਗਰਸ, ਟੀ.; ਸੀਗਰਸ, ਡੀ.; ਬੇਲੀ, ਪੀ.; ਬੇਲੀ, ਐੱਮ.; ਮਾਡਲਿਨ, ਕੇ.; ਲਿਪੋਲਡ, ਈ.; ਲਿਪੋਲਡ, ਟੀ. (5) ਐਵਨਜ਼, ਐੱਨ.; ਗੋਲਡ, ਆਰ.; ਬੋਲਮਨ, ਆਈ.; ਵਸੈਕ, ਆਰ.; ਊਨਜੀਅਨ, ਜੇ.; ਵਿਲਸਨ, ਐੱਨ. (6) ਟਰਫਾ, ਜੇ.; ਜ਼ੂਡੀਮਾ, ਐੱਲ.; ਜ਼ੂਡੀਮਾ, ਆਰ.; ਬੇਂਗਟਸਨ, ਸੀ.; ਬੇਂਗਟਸਨ, ਜੇ.; ਗਲਾਨੋ, ਐੱਮ.; ਗਲਾਨੋ, ਐੱਲ. (7) ਪੈਕਹਮ, ਟੀ.; ਮੋਰਲੂ, ਜੇ.; ਸ਼ਾਰਪਾਂਟੀਅਰ, ਸੀ.; ਗੋਲਡ, ਐੱਮ.; ਬੋਲਮਨ, ਆਰ.; ਊਨਜੀਅਨ, ਐੱਫ. (8) ਵੇਬਰ, ਆਰ.; ਜੌਨਸਨ, ਬੀ.; ਹਾਨੋ, ਡੀ.; ਵੋਟੋਨੋਬੇ, ਵਾਈ.; ਵਿਲੀਅਮਜ਼, ਆਰ.; ਟ੍ਰਾਫਰਡ, ਜੀ.; ਆਂਡ੍ਰੋਸੋਫ, ਟੀ.