Skip to content

Skip to table of contents

ਹਾਸਮੋਨੀ ਅਤੇ ਉਨ੍ਹਾਂ ਦੀ ਵਸੀਅਤ

ਹਾਸਮੋਨੀ ਅਤੇ ਉਨ੍ਹਾਂ ਦੀ ਵਸੀਅਤ

ਹਾਸਮੋਨੀ ਅਤੇ ਉਨ੍ਹਾਂ ਦੀ ਵਸੀਅਤ

ਪਹਿਲੀ ਸਦੀ ਦੇ ਯਹੂਦੀ ਇਤਿਹਾਸਕਾਰ ਜੋਸੀਫ਼ਸ ਦੀਆਂ ਲਿਖਤਾਂ ਵਿਚ ਅਤੇ ਬਾਈਬਲ ਵਿਚ ਵੀ ਉਸ ਸਮੇਂ ਬਾਰੇ ਦੱਸਿਆ ਗਿਆ ਹੈ ਜਦੋਂ ਯਿਸੂ ਧਰਤੀ ਤੇ ਸੀ। ਯਹੂਦੀ ਧਰਮ ਵਿੱਚੋਂ ਕਈ ਵੱਖਰੇ-ਵੱਖਰੇ ਸਮੂਹ ਪੈਦਾ ਹੋਏ ਸਨ ਜੋ ਕਿ ਆਮ ਜਨਤਾ ਉੱਤੇ ਪ੍ਰਭਾਵ ਪਾਉਣ ਵਾਸਤੇ ਆਪਸ ਵਿਚ ਮੁਕਾਬਲਾ ਕਰਦੇ ਸਨ।

ਫ਼ਰੀਸੀਆਂ ਅਤੇ ਸਦੂਕੀਆਂ ਦਾ ਕਾਫ਼ੀ ਪ੍ਰਭਾਵ ਸੀ ਅਤੇ ਉਹ ਲੋਕਾਂ ਦੇ ਮਨਾਂ ਨੂੰ ਏਧਰ-ਓਧਰ ਖਿੱਚ ਸਕਦੇ ਸਨ, ਇੱਥੋਂ ਤਕ ਕਿ ਉਨ੍ਹਾਂ ਦੇ ਪ੍ਰਭਾਵ ਕਰਕੇ ਲੋਕਾਂ ਨੇ ਯਿਸੂ ਨੂੰ ਮਸੀਹਾ ਵਜੋਂ ਰੱਦ ਕਰ ਦਿੱਤਾ ਸੀ। (ਮੱਤੀ 15:1, 2; 16:1; ਯੂਹੰਨਾ 11:47, 48; 12:42, 43) ਪਰ ਇਨ੍ਹਾਂ ਦੋਹਾਂ ਪ੍ਰਭਾਵਸ਼ਾਲੀ ਧੜਿਆਂ ਦਾ ਇਬਰਾਨੀ ਸ਼ਾਸਤਰ ਵਿਚ ਕੋਈ ਜ਼ਿਕਰ ਨਹੀਂ ਹੈ।

ਯਿਸੂ ਦੇ ਆਉਣ ਤੋਂ ਦੋ ਕੁ ਸੌ ਸਾਲ ਪਹਿਲਾਂ ਦੀ ਗੱਲ ਕਰਦੇ ਹੋਏ ਜੋਸੀਫ਼ਸ ਨੇ ਸਦੂਕੀਆਂ ਅਤੇ ਫ਼ਰੀਸੀਆਂ ਦਾ ਪਹਿਲੀ ਵਾਰ ਜ਼ਿਕਰ ਕੀਤਾ ਸੀ। ਉਸ ਜ਼ਮਾਨੇ ਵਿਚ ਬਹੁਤ ਸਾਰੇ ਯਹੂਦੀ ਲੋਕ ਯੂਨਾਨੀ ਸਭਿਆਚਾਰ ਅਤੇ ਫ਼ਿਲਾਸਫ਼ੀ ਦੇ ਮਗਰ ਲੱਗੇ ਹੋਏ ਸਨ। ਯੂਨਾਨਵਾਦ ਅਤੇ ਯਹੂਦੀਵਾਦ ਦਰਮਿਆਨ ਤਣਾਅ ਆਪਣੇ ਸਿਖਰ ਤੇ ਉਦੋਂ ਪਹੁੰਚਿਆ ਜਦੋਂ ਸਿਲੂਕਸੀ ਹਾਕਮਾਂ ਨੇ ਯਰੂਸ਼ਲਮ ਦੀ ਹੈਕਲ ਨੂੰ ਆਪਣੇ ਜ਼ਿਊਸ ਦੇਵਤੇ ਨੂੰ ਅਰਪਣ ਕੀਤਾ। ਮਸ਼ਹੂਰ ਹਾਸਮੋਨੀਅਨ ਘਰਾਣੇ ਦੇ ਜੂਡਸ ਮੈਕਾਬੀ ਨੇ ਹੈਕਲ ਨੂੰ ਯੂਨਾਨੀਆਂ ਦੇ ਹੱਥੋਂ ਆਜ਼ਾਦ ਕਰਨ ਵਾਸਤੇ ਆਪਣੀ ਸੈਨਾ ਨਾਲ ਚੜ੍ਹਾਈ ਕੀਤੀ। *

ਮੈਕਾਬੀਆਂ ਦੀ ਬਗਾਵਤ ਅਤੇ ਜਿੱਤ ਤੋਂ ਅਗਲੇ ਕੁਝ ਸਾਲਾਂ ਵਿਚ ਬਹੁਤ ਸਾਰੇ ਨਵੇਂ ਪੰਥ ਸ਼ੁਰੂ ਹੋਏ। ਉਨ੍ਹਾਂ ਸਾਰਿਆਂ ਦੇ ਵੱਖਰੇ-ਵੱਖਰੇ ਵਿਚਾਰ ਸਨ ਅਤੇ ਉਹ ਇਕ ਦੂਸਰੇ ਨਾਲ ਮੁਕਾਬਲਾ ਕਰਦੇ ਸਨ ਤਾਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਯਹੂਦੀਆਂ ਨੂੰ ਆਪਣੀ ਵੱਲ ਖਿੱਚ ਸਕਣ। ਪਰ ਇਸ ਤਰ੍ਹਾਂ ਹੋਣਾ ਕਿਉਂ ਸ਼ੁਰੂ ਹੋਇਆ ਸੀ? ਯਹੂਦੀ ਧਰਮ ਇਸ ਤਰ੍ਹਾਂ ਕਿਉਂ ਵੰਡਿਆ ਗਿਆ ਸੀ? ਜਵਾਬ ਲੱਭਣ ਲਈ ਚਲੋ ਆਪਾਂ ਹਾਸਮੋਨੀਅਨ ਘਰਾਣੇ ਦੇ ਇਤਿਹਾਸ ਦੀ ਜਾਂਚ ਕਰੀਏ।

ਆਜ਼ਾਦੀ ਅਤੇ ਵਧਦੀਆਂ ਫੁੱਟਾਂ

ਜੂਡਸ ਮੈਕਾਬੀ ਨੇ ਯਹੋਵਾਹ ਦੀ ਹੈਕਲ ਵਿਚ ਭਗਤੀ ਦੁਬਾਰਾ ਸਥਾਪਿਤ ਕਰਨ ਦਾ ਆਪਣਾ ਧਾਰਮਿਕ ਟੀਚਾ ਹਾਸਲ ਕਰਨ ਤੋਂ ਬਾਅਦ ਆਪਣਾ ਧਿਆਨ ਰਾਜਨੀਤੀ ਉੱਤੇ ਲਗਾਇਆ। ਇਸ ਕਰਕੇ ਕਈਆਂ ਯਹੂਦੀਆਂ ਨੇ ਉਸ ਦਾ ਸਾਥ ਛੱਡ ਦਿੱਤਾ। ਫਿਰ ਵੀ ਉਸ ਨੇ ਸਿਲੂਕਸੀ ਹਾਕਮਾਂ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖੀ। ਉਸ ਨੇ ਰੋਮ ਨਾਲ ਸੰਧੀ ਕੀਤੀ ਅਤੇ ਉਹ ਯਹੂਦੀ ਦੇਸ਼ ਨੂੰ ਆਜ਼ਾਦ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਰਿਹਾ। ਜੰਗ ਵਿਚ ਜੂਡਸ ਦੀ ਮੌਤ ਤੋਂ ਬਾਅਦ ਉਸ ਦੇ ਦੋਹਾਂ ਭਰਾਵਾਂ ਨੇ ਲੜਾਈ ਜਾਰੀ ਰੱਖੀ। ਉਨ੍ਹਾਂ ਦੇ ਨਾਂ ਜੌਨਾਥਨ ਅਤੇ ਸਾਈਮਨ ਸਨ। ਪਹਿਲਾਂ-ਪਹਿਲਾਂ ਸਿਲੂਕਸੀ ਹਾਕਮਾਂ ਨੇ ਮੈਕਾਬੀਆਂ ਦਾ ਜ਼ਬਰਦਸਤ ਵਿਰੋਧ ਕੀਤਾ। ਪਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਸਮਝੌਤਾ ਕਰ ਲਿਆ ਅਤੇ ਉਨ੍ਹਾਂ ਨੇ ਹਾਸਮੋਨੀ ਭਰਾਵਾਂ ਨੂੰ ਰਾਜ ਕਰਨ ਦੀ ਥੋੜ੍ਹੀ-ਬਹੁਤੀ ਆਜ਼ਾਦੀ ਦੇ ਦਿੱਤੀ।

ਹਾਸਮੋਨੀ ਲੋਕ ਜਾਜਕੀ ਗੋਤ ਦੇ ਸਨ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਕਦੇ ਵੀ ਪ੍ਰਧਾਨ ਜਾਜਕ ਦੀ ਪਦਵੀ ਨਹੀਂ ਸੰਭਾਲੀ ਸੀ। ਬਹੁਤ ਸਾਰੇ ਯਹੂਦੀ ਲੋਕਾਂ ਦੇ ਅਨੁਸਾਰ ਸਿਰਫ਼ ਸਾਦੋਕ ਦੀ ਵੰਸ਼ ਦੇ ਬੰਦੇ ਹੀ ਇਸ ਅਹੁਦੇ ਵਿਚ ਸੇਵਾ ਕਰ ਸਕਦੇ ਸਨ ਕਿਉਂਕਿ ਸੁਲੇਮਾਨ ਰਾਜੇ ਨੇ ਸਾਦੋਕ ਨੂੰ ਪ੍ਰਧਾਨ ਜਾਜਕ ਬਣਾਇਆ ਸੀ। (1 ਰਾਜਿਆਂ 2:35; ਹਿਜ਼ਕੀਏਲ 43:19) ਜੌਨਾਥਨ ਨੇ ਜੰਗ ਰਾਹੀਂ ਅਤੇ ਚਤੁਰਾਈ ਨਾਲ ਸਿਲੂਕਸੀ ਹਾਕਮਾਂ ਨੂੰ ਉਸ ਨੂੰ ਪ੍ਰਧਾਨ ਜਾਜਕ ਬਣਾਉਣ ਲਈ ਮਨਾ ਲਿਆ। ਪਰ ਜੌਨਾਥਨ ਦੀ ਮੌਤ ਤੋਂ ਬਾਅਦ ਉਸ ਦੇ ਭਰਾ ਸਾਈਮਨ ਨੇ ਇਸ ਤੋਂ ਵੱਧ ਹਾਸਲ ਕੀਤਾ। ਸੰਨ 140 ਸਾ.ਯੁ.ਪੂ. ਦੇ ਸਤੰਬਰ ਮਹੀਨੇ ਵਿਚ ਕਾਂਸੀ ਦੀਆਂ ਫੱਟੀਆਂ ਉੱਤੇ ਯੂਨਾਨੀ ਸ਼ੈਲੀ ਵਿਚ ਇਕ ਮਹੱਤਵਪੂਰਣ ਫ਼ਰਮਾਨ ਜਾਰੀ ਕੀਤਾ ਗਿਆ: “ਬਾਦਸ਼ਾਹ ਦੇਮੇਤ੍ਰਿਯੁਸ [ਯੂਨਾਨੀ ਸਿਲੂਕਸੀ ਹਾਕਮ] ਨੇ [ਸਾਈਮਨ] ਨੂੰ ਜਾਜਕਾਈ ਵਿਚ ਸਥਾਪਿਤ ਕੀਤਾ ਹੈ, ਉਸ ਨੂੰ ਆਪਣਾ ਇਕ ਦੋਸਤ ਬਣਾਇਆ ਹੈ, ਅਤੇ ਉਸ ਦਾ ਸਤਿਕਾਰ ਕੀਤਾ ਹੈ। . . . ਯਹੂਦੀ ਲੋਕਾਂ ਅਤੇ ਉਨ੍ਹਾਂ ਦੇ ਜਾਜਕਾਂ ਨੇ ਨਿਸ਼ਚਿਤ ਕੀਤਾ ਹੈ ਕਿ ਇਕ ਭਰੋਸੇਯੋਗ ਨਬੀ ਦੇ ਉੱਠਣ ਤਕ ਸਾਈਮਨ ਹਮੇਸ਼ਾ ਲਈ ਉਨ੍ਹਾਂ ਦਾ ਨੇਤਾ ਅਤੇ ਪ੍ਰਧਾਨ ਜਾਜਕ ਰਹੇਗਾ।”—1 ਮੈਕਾਬੀਆਂ 14:38-41, (ਅਪੌਕ੍ਰਿਫ਼ਾ ਵਿੱਚੋਂ ਇਕ ਇਤਿਹਾਸਕ ਪੋਥੀ)।

ਸਾਈਮਨ ਅਤੇ ਉਸ ਦੀ ਔਲਾਦ ਨੂੰ ਹਾਕਮ ਅਤੇ ਪ੍ਰਧਾਨ ਜਾਜਕ ਦਾ ਅਹੁਦਾ ਸਿਰਫ਼ ਇਕ ਸਿਲੂਕਸੀ ਬਾਦਸ਼ਾਹ ਦੀ ਮਨਜ਼ੂਰੀ ਨਾਲ ਹੀ ਨਹੀਂ ਪਰ ਯਹੂਦੀ ਲੋਕਾਂ ਦੀ “ਵੱਡੀ ਕਮੇਟੀ” ਦੀ ਮਨਜ਼ੂਰੀ ਨਾਲ ਮਿਲਿਆ ਸੀ। ਇਸ ਘਟਨਾ ਨੇ ਵੱਡਾ ਮੋੜ ਲਿਆਂਦਾ। ਇਤਿਹਾਸਕਾਰ ਐਮਿਲ ਸ਼ੂਰਰ ਨੇ ਕਿਹਾ ਕਿ ਜਦੋਂ ਹਾਸਮੋਨੀਅਨਾਂ ਦਾ ਰਾਜਨੀਤਿਕ ਖ਼ਾਨਦਾਨ ਸਥਾਪਿਤ ਹੋ ਗਿਆ ਤਾਂ “ਉਹ ਤੌਰਾਤ [ਯਹੂਦੀ ਕਾਨੂੰਨ] ਦੀ ਪੂਰਤੀ ਅਨੁਸਾਰ ਚੱਲਣਾ ਭੁੱਲ ਗਏ ਪਰ ਆਪਣੀ ਰਾਜਨੀਤਿਕ ਸ਼ਕਤੀ ਬਚਾ ਕੇ ਰੱਖਣ ਅਤੇ ਉਸ ਨੂੰ ਵਧਾਉਣ ਮਗਰ ਲੱਗ ਪਏ।” ਸਾਈਮਨ ਯਹੂਦੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਆਪਣੇ ਆਪ ਨੂੰ “ਬਾਦਸ਼ਾਹ” ਦੀ ਥਾਂ “ਲੋਕਾਂ ਦਾ ਆਗੂ” ਸੱਦਿਆ।

ਕਈ ਲੋਕ ਹਾਸਮੋਨੀਅਨਾਂ ਤੋਂ ਨਾਰਾਜ਼ ਸਨ ਕਿਉਂਕਿ ਉਨ੍ਹਾਂ ਨੇ ਧਾਰਮਿਕ ਅਤੇ ਰਾਜਨੀਤਿਕ ਅਧਿਕਾਰ ਹੜੱਪਿਆ ਸੀ। ਕਈਆਂ ਇਤਿਹਾਸਕਾਰਾਂ ਦੇ ਮੁਤਾਬਕ ਇਸ ਸਮੇਂ ਦੌਰਾਨ ਕੂਮਰਾਨ ਦਾ ਸਮੂਹ ਇਕੱਠਾ ਹੋਣਾ ਸ਼ੁਰੂ ਹੋਇਆ ਸੀ। ਸਾਦੋਕ ਦੀ ਵੰਸ਼ ਤੋਂ ਇਕ ਜਾਜਕ, ਸ਼ਾਇਦ ਜਿਸ ਨੂੰ ਕੂਮਰਾਨ ਦੀਆਂ ਲਿਖਤਾਂ ਵਿਚ “ਧਾਰਮਿਕਤਾ ਸਿਖਾਉਣ ਵਾਲਾ” ਸੱਦਿਆ ਗਿਆ ਹੈ, ਨੇ ਯਰੂਸ਼ਲਮ ਛੱਡਿਆ ਅਤੇ ਇਕ ਵਿਰੋਧੀ ਸਮੂਹ ਨੂੰ ਇਕੱਠਾ ਕਰ ਕੇ ਮ੍ਰਿਤ ਸਾਗਰ ਦੇ ਲਾਗੇ ਯਹੂਦਿਯਾ ਦੇ ਰੇਗਿਸਤਾਨ ਵਿਚ ਉਸ ਨੂੰ ਲੈ ਗਿਆ। ਮ੍ਰਿਤ ਸਾਗਰ ਲਾਗਿਓਂ ਲੱਭੀਆਂ ਪੋਥੀਆਂ ਵਿੱਚੋਂ ਇਕ ਪੋਥੀ ਹਬੱਕੂਕ ਦੀ ਪੋਥੀ ਦਾ ਟੀਕਾ ਹੈ, ਜਿਸ ਵਿਚ ਇਕ ਬੰਦੇ ਉੱਤੇ ਇਹ ਦੋਸ਼ ਲਾਇਆ ਜਾਂਦਾ ਹੈ: “ਉਹ ਦੁਸ਼ਟ ਜਾਜਕ ਜੋ ਸ਼ੁਰੂ ਵਿਚ ਸੱਚਾਈ ਦੇ ਨਾਂ ਵਿਚ ਸੱਦਿਆ ਗਿਆ ਸੀ, ਪਰ ਜਦ ਉਹ ਇਸਰਾਈਲ ਉੱਤੇ ਰਾਜ ਕਰਨ ਲੱਗਾ ਤਾਂ ਘਮੰਡੀ ਬਣ ਗਿਆ।” ਕਈ ਇਤਿਹਾਸਕਾਰ ਮੰਨਦੇ ਹਨ ਕਿ ਉਸ ਫ਼ਿਰਕੇ ਦੇ ਖ਼ਿਆਲਾਂ ਅਨੁਸਾਰ ਇਹ “ਦੁਸ਼ਟ ਜਾਜਕ” ਜੌਨਾਥਨ ਜਾਂ ਸਾਈਮਨ, ਦੋਹਾਂ ਵਿੱਚੋਂ ਕੋਈ ਵੀ ਹੋ ਸਕਦਾ ਹੈ।

ਸਾਈਮਨ ਨੇ ਆਪਣੇ ਕਬਜ਼ੇ ਹੇਠ ਇਲਾਕੇ ਨੂੰ ਵਧਾਉਣ ਲਈ ਸੈਨਿਕ ਕਾਰਵਾਈਆਂ ਜਾਰੀ ਰੱਖੀਆਂ। ਪਰ ਉਸ ਦਾ ਰਾਜ ਅਚਾਨਕ ਖ਼ਤਮ ਹੋ ਗਿਆ। ਜਦ ਉਹ ਜੈਰਿਕੋ ਸ਼ਹਿਰ ਦੇ ਨੇੜੇ ਦਾਅਵਤ ਛੱਕ ਰਿਹਾ ਸੀ ਤਾਂ ਉਸ ਦੇ ਜੁਆਈ, ਟਾਲਮੀ ਨੇ ਉਸ ਦੇ ਦੋ ਪੁੱਤਰਾਂ ਦਾ ਅਤੇ ਉਸ ਦਾ ਕਤਲ ਕਰ ਦਿੱਤਾ। ਪਰ ਟਾਲਮੀ ਦਾ ਇਹ ਹਮਲਾ ਸਫ਼ਲ ਨਹੀਂ ਹੋਇਆ। ਸਾਈਮਨ ਦਾ ਇਕ ਪੁੱਤਰ ਜੌਨ ਹਿਰਕਨਸ ਬਚ ਗਿਆ ਕਿਉਂਕਿ ਉਸ ਨੂੰ ਆਪਣੀ ਜਾਨ ਬਚਾਉਣ ਲਈ ਖ਼ਬਰਦਾਰ ਕੀਤਾ ਗਿਆ ਸੀ। ਉਸ ਨੇ ਉਨ੍ਹਾਂ ਆਦਮੀਆਂ ਨੂੰ ਪਕੜ ਲਿਆ ਜੋ ਉਸ ਦਾ ਕਤਲ ਕਰਨਾ ਚਾਹੁੰਦੇ ਸਨ ਅਤੇ ਉਹ ਆਪਣੇ ਪਿਤਾ ਦੀ ਥਾਂ ਨੇਤਾ ਅਤੇ ਜਾਜਕ ਬਣ ਗਿਆ।

ਹੋਰ ਵਾਧਾ ਅਤੇ ਅਤਿਆਚਾਰ

ਪਹਿਲਾਂ-ਪਹਿਲਾਂ ਜੌਨ ਹਿਰਕਨਸ ਨੂੰ ਸੀਰੀਆਈ ਫ਼ੌਜਾਂ ਤੋਂ ਕਾਫ਼ੀ ਖ਼ਤਰਾ ਸੀ, ਪਰ 129 ਸਾ.ਯੁ.ਪੂ. ਵਿਚ ਪਾਰਥੀਆਂ ਨੇ ਸਿਲੂਕਸੀ ਖ਼ਾਨਦਾਨ ਨੂੰ ਇਕ ਵੱਡੇ ਜੰਗ ਵਿਚ ਹਰਾ ਦਿੱਤਾ। ਸਿਲੂਕਸੀਆਂ ਉੱਤੇ ਇਸ ਜੰਗ ਦੇ ਅਸਰ ਬਾਰੇ ਯਹੂਦੀ ਇਤਿਹਾਸਕਾਰ ਮੈਨਅਖ਼ੈਮ ਸਟ੍ਰਨ ਨੇ ਲਿਖਿਆ: “ਰਾਜ ਦਾ ਪੂਰਾ ਬੰਦੋਬਸਤ ਮਾਨੋ ਖ਼ਤਮ ਕੀਤਾ ਗਿਆ ਸੀ।” ਇਸ ਤਰ੍ਹਾਂ ਹਿਰਕਨਸ “ਯਹੂਦਿਯਾ ਲਈ ਪੂਰੀ ਰਾਜਨੀਤਿਕ ਆਜ਼ਾਦੀ ਹਾਸਲ ਕਰ ਸਕਿਆ ਅਤੇ ਉਹ ਆਪਣੇ ਦੇਸ਼ ਦੀਆਂ ਸੀਮਾਵਾਂ ਹੋਰ ਵਧਾਉਣ ਲੱਗਾ।” ਯਕੀਨਨ, ਉਸ ਨੇ ਬਹੁਤਾ ਵਾਧਾ ਕੀਤਾ।

ਸੀਰੀਆ ਦੇ ਖ਼ਤਰੇ ਤੋਂ ਮੁਕਤ ਹੋ ਕੇ ਹਿਰਕਨਸ ਨੇ ਯਹੂਦੀਆ ਦੇ ਲਾਗਲਿਆਂ ਇਲਾਕਿਆਂ ਉੱਤੇ ਹਮਲਾ ਕਰਨਾ ਸ਼ੁਰੂ ਕੀਤਾ। ਇਨ੍ਹਾਂ ਦੇਸ਼ਾਂ ਦੇ ਵਾਸੀਆਂ ਨੂੰ ਯਹੂਦੀ ਧਰਮ ਅਪਣਾਉਣ ਲਈ ਮਜਬੂਰ ਕੀਤਾ ਗਿਆ ਨਹੀਂ ਤਾਂ ਉਨ੍ਹਾਂ ਦੇ ਨਗਰਾਂ ਦਾ ਸੱਤਿਆਨਾਸ ਕੀਤਾ ਜਾਣਾ ਸੀ। ਇਕ ਅਜਿਹੀ ਲੜਾਈ ਅਦੋਮੀਆਂ ਦੇ ਖ਼ਿਲਾਫ਼ ਵੀ ਲੜੀ ਗਈ ਸੀ। ਇਸ ਬਾਰੇ ਸਟ੍ਰਨ ਨੇ ਕਿਹਾ: “ਅਦੋਮੀਆਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਧਰਮ ਪਰਿਵਰਤਨ ਕਦੇ ਨਹੀਂ ਹੋਇਆ ਸੀ ਕਿਉਂਕਿ ਇਹ ਪਹਿਲੀ ਵਾਰ ਸੀ ਕਿ ਇਕ-ਦੋ ਬੰਦਿਆਂ ਦੀ ਬਜਾਇ ਸਾਰੀ ਜਾਤ ਨੇ ਹੀ ਧਰਮ ਬਦਲਿਆ।” ਸਾਮਰਿਯਾ ਦੇ ਦੇਸ਼ ਉੱਤੇ ਵੀ ਕਬਜ਼ਾ ਕੀਤਾ ਗਿਆ ਸੀ, ਉੱਥੇ ਹਿਰਕਨਸ ਨੇ ਗਰਿੱਜ਼ੀਮ ਪਹਾੜ ਉੱਤੇ ਸਾਮਰੀਆਂ ਦਾ ਮੰਦਰ ਢਾਹ ਦਿੱਤਾ। ਹਾਸਮੋਨੀ ਖ਼ਾਨਦਾਨ ਦੁਆਰਾ ਮਜਬੂਰਨ ਧਰਮ ਬਦਲਾਉਣ ਦੀ ਪਾਲਸੀ ਬਾਰੇ ਗੱਲ ਕਰਦੇ ਹੋਏ ਇਤਿਹਾਸਕਾਰ ਸੋਲਮਨ ਗਰੇਜ਼ਲ ਨੇ ਲਿਖਿਆ: ‘ਮੈਟਾਥਾਇਅਸ ਦੇ ਪੁੱਤਰ ਜੂਡਸ ਮੈਕਾਬੀ ਦਾ ਪੁੱਤਰ ਧਰਮ ਦੀ ਆਜ਼ਾਦੀ ਦਾ ਉਹ ਸਿਧਾਂਤ ਤੋੜ ਰਿਹਾ ਸੀ ਜਿਸ ਤੇ ਪਿੱਛਲੀਆਂ ਪੀੜ੍ਹੀਆਂ ਇੰਨੀ ਦੇਰ ਤੋਂ ਚੱਲਦੀਆਂ ਆਈਆਂ ਸਨ।’

ਫ਼ਰੀਸੀ ਅਤੇ ਸਦੂਕੀ ਉੱਠ ਖੜ੍ਹਦੇ ਹਨ

ਹਿਰਕਨਸ ਦੇ ਰਾਜ ਬਾਰੇ ਗੱਲ ਕਰਦੇ ਹੋਏ ਜੋਸੀਫ਼ਸ ਨੇ ਪਹਿਲੀ ਵਾਰ ਫ਼ਰੀਸੀਆਂ ਅਤੇ ਸਦੂਕੀਆਂ ਦੇ ਵੱਧਦੇ ਪ੍ਰਭਾਵ ਬਾਰੇ ਲਿਖਿਆ ਸੀ। (ਜੋਸੀਫ਼ਸ ਨੇ ਜੌਨਥਨ ਦੇ ਰਾਜ ਦੌਰਾਨ ਰਹਿ ਰਹੇ ਫ਼ਰੀਸੀਆਂ ਬਾਰੇ ਜ਼ਿਕਰ ਕੀਤਾ ਸੀ।) ਉਹ ਇਹ ਨਹੀਂ ਦੱਸਦਾ ਕਿ ਉਹ ਕਿੱਥੋਂ ਸ਼ੁਰੂ ਹੋਏ ਸਨ। ਕੁਝ ਇਤਿਹਾਸਕਾਰਾਂ ਦੇ ਅਨੁਸਾਰ ਉਹ ਹਸਿਦਿਮ ਨਾਂ ਦੇ ਫ਼ਿਰਕੇ ਵਿੱਚੋਂ ਆਏ ਸਨ। ਇਹ ਜੋਸ਼ੀਲਾ ਫ਼ਿਰਕਾ ਜੂਡਸ ਮੈਕਾਬੀ ਦੀ ਉਸ ਸਮੇਂ ਤਕ ਪੁਸ਼ਟੀ ਕਰਦਾ ਰਿਹਾ ਜਦ ਤਕ ਉਹ ਆਪਣੇ ਧਾਰਮਿਕ ਟੀਚੇ ਹਾਸਲ ਕਰ ਰਿਹਾ ਸੀ ਪਰ ਜਦ ਉਹ ਰਾਜਨੀਤੀ ਪਿੱਛੇ ਲੱਗ ਪਿਆ ਤਾਂ ਉਨ੍ਹਾਂ ਨੇ ਉਸ ਦਾ ਸਾਥ ਦੇਣਾ ਛੱਡ ਦਿੱਤਾ।

ਆਮ ਤੌਰ ਤੇ ਫ਼ਰੀਸੀਆਂ ਦਾ ਨਾਂ ਉਸ ਇਬਰਾਨੀ ਸ਼ਬਦ ਨਾਲ ਸੰਬੰਧ ਰੱਖਦਾ ਹੈ ਜਿਸ ਦਾ ਮਤਲਬ “ਵੱਖਰੇ ਹੋਣ ਵਾਲੇ” ਹੈ, ਪਰ ਕਈਆਂ ਦੇ ਅਨੁਸਾਰ ਇਸ ਦਾ ਮਤਲਬ “ਅਰਥ ਸਮਝਾਉਣ ਵਾਲੇ” ਹੈ। ਫ਼ਰੀਸੀ ਆਮ ਜਨਤਾ ਵਿੱਚੋਂ ਗਿਆਨੀ ਲੋਕ ਸਨ, ਪਰ ਉਨ੍ਹਾਂ ਦੀ ਕੋਈ ਖ਼ਾਸ ਨਸਲ ਨਹੀਂ ਸੀ। ਉਹ ਵਿਸ਼ੇਸ਼ ਭਗਤੀ ਦੀ ਫ਼ਿਲਾਸਫ਼ੀ ਰਾਹੀਂ ਆਪਣੇ ਆਪ ਨੂੰ ਰਸਮੀ ਗੰਦਗੀ ਤੋਂ ਵੱਖਰੇ ਰੱਖਦੇ ਸਨ। ਇਸ ਫ਼ਿਲਾਸਫ਼ੀ ਵਿਚ ਉਹ ਹੈਕਲ ਲਈ ਜਾਜਕਾਈ ਦੀ ਪਵਿੱਤਰਤਾ ਦੇ ਕਾਨੂੰਨ ਰੋਜ਼ਾਨਾ ਜ਼ਿੰਦਗੀ ਦੀਆਂ ਸਾਧਾਰਣ ਘਟਨਾਵਾਂ ਉੱਤੇ ਲਾਗੂ ਕਰਦੇ ਸਨ। ਫ਼ਰੀਸੀਆਂ ਨੇ ਬਾਈਬਲ ਨੂੰ ਨਵੇਂ ਤਰੀਕੇ ਨਾਲ ਸਮਝਾਉਣਾ ਸ਼ੁਰੂ ਕੀਤਾ ਜਿਸ ਨੂੰ ਬਾਅਦ ਵਿਚ ਜ਼ਬਾਨੀ ਕਾਨੂੰਨ ਸੱਦਿਆ ਗਿਆ ਸੀ। ਸਾਈਮਨ ਦੇ ਰਾਜ ਵਿਚ ਇਨ੍ਹਾਂ ਨੂੰ ਆਪਣਾ ਪ੍ਰਭਾਵ ਅੱਗੇ ਵਧਾਉਣ ਦਾ ਵੱਡਾ ਮੌਕਾ ਮਿਲਿਆ ਕਿਉਂਕਿ ਉਸ ਨੇ ਇਨ੍ਹਾਂ ਵਿੱਚੋਂ ਕੁਝ ਨੂੰ ਯਰੋਸੀਆ (ਬਜ਼ੁਰਗਾਂ ਦੀ ਕੌਂਸਲ) ਵਿਚ ਥਾਪ ਦਿੱਤਾ, ਜੋ ਬਾਅਦ ਵਿਚ ਮਹਾਸਭਾ ਵਜੋਂ ਜਾਣੀ ਗਈ।

ਜੋਸੀਫ਼ਸ ਦੱਸਦਾ ਹੈ ਕਿ ਪਹਿਲਾਂ ਜੌਨ ਹਿਰਕਨਸ ਫ਼ਰੀਸੀਆਂ ਦੀ ਪੁਸ਼ਟੀ ਕਰਦਾ ਸੀ ਅਤੇ ਉਨ੍ਹਾਂ ਦਾ ਚੇਲਾ ਵੀ ਸੀ। ਪਰ ਜਦ ਫ਼ਰੀਸੀਆਂ ਨੇ ਉਸ ਨੂੰ ਪ੍ਰਧਾਨ ਜਾਜਕਾਈ ਫੜੀ ਰੱਖਣ ਲਈ ਤਾੜਿਆ ਤਾਂ ਉਨ੍ਹਾਂ ਵਿਚ ਫੁੱਟ ਪੈ ਗਈ। ਹਿਰਕਨਸ ਨੇ ਫ਼ਰੀਸੀਆਂ ਦੇ ਧਾਰਮਿਕ ਵਰਗ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ। ਇਸ ਤੋਂ ਇਲਾਵਾ, ਇਕ ਹੋਰ ਸਜ਼ਾ ਵਜੋਂ ਉਹ ਫ਼ਰੀਸੀਆਂ ਦੇ ਵਿਰੋਧੀ, ਸਦੂਕੀਆਂ ਦੀ ਪੁਸ਼ਟੀ ਕਰਨ ਲੱਗ ਪਿਆ।

ਸਦੂਕੀਆਂ ਦੇ ਨਾਂ ਦਾ ਸੰਬੰਧ ਸ਼ਾਇਦ ਪ੍ਰਧਾਨ ਜਾਜਕ ਸਾਦੋਕ ਨਾਲ ਹੈ ਜਿਸ ਦਾ ਘਰਾਣਾ ਸੁਲੇਮਾਨ ਦੇ ਜ਼ਮਾਨੇ ਤੋਂ ਜਾਜਕਾਂ ਦੀ ਪਦਵੀ ਸੰਭਾਲਦਾ ਆਇਆ ਸੀ। ਪਰ ਸਾਰੇ ਸਦੂਕੀ ਇਸ ਵੰਸ਼ ਦੇ ਨਹੀਂ ਸਨ। ਜੋਸੀਫ਼ਸ ਦੇ ਮੁਤਾਬਕ, ਸਦੂਕੀ ਦੇਸ਼ ਦੇ ਦੌਲਤਮੰਦ ਅਤੇ ਉੱਚੀ ਪਦਵੀ ਦੇ ਲੋਕ ਸਨ, ਅਤੇ ਆਮ ਜਨਤਾ ਉਨ੍ਹਾਂ ਦੀ ਪੁਸ਼ਟੀ ਨਹੀਂ ਕਰਦੀ ਸੀ। ਇਸ ਬਾਰੇ ਪ੍ਰੋਫ਼ੈਸਰ ਸ਼ਿਫਮਨ ਟਿੱਪਣੀ ਕਰਦਾ ਹੈ: “ਇਨ੍ਹਾਂ ਦਾ ਵੱਡਾ ਹਿੱਸਾ . . . ਜਾਂ ਤਾਂ ਜਾਜਕ ਸਨ ਜਾਂ ਉਹ ਸਨ ਜਿਨ੍ਹਾਂ ਨੇ ਜਾਜਕਾਂ ਦੇ ਉੱਚੇ ਖ਼ਾਨਦਾਨਾਂ ਵਿਚ ਵਿਆਹ-ਸ਼ਾਦੀਆਂ ਕਰਾਈਆਂ ਸਨ।” ਇਸ ਤਰ੍ਹਾਂ ਉਹ ਬਹੁਤ ਦੇਰ ਤੋਂ ਅਧਿਕਾਰ ਰੱਖਣ ਵਾਲਿਆਂ ਨਾਲ ਸੰਬੰਧਿਤ ਸਨ। ਇਸ ਕਰਕੇ ਫ਼ਰੀਸੀਆਂ ਦੇ ਵੱਧਦੇ ਪ੍ਰਭਾਵ ਅਤੇ ਉਨ੍ਹਾਂ ਦੀ ਇਸ ਫ਼ਿਲਾਸਫ਼ੀ ਨੇ ਕਿ ਜਾਜਕਾਂ ਵਰਗੀ ਪਵਿੱਤਰਤਾ ਸਾਰਿਆਂ ਲੋਕਾਂ ਲਈ ਹੈ, ਸਦੂਕੀਆਂ ਵਾਸਤੇ ਅਜਿਹਾ ਖ਼ਤਰਾ ਪੇਸ਼ ਕੀਤਾ ਜੋ ਉਨ੍ਹਾਂ ਦੇ ਇਖ਼ਤਿਆਰ ਨੂੰ ਨੁਕਸਾਨ ਪਹੁੰਚਾ ਸਕਦਾ ਸੀ। ਪਰ ਹਿਰਕਨਸ ਦੇ ਆਖ਼ਰੀ ਸਾਲਾਂ ਵਿਚ ਸਦੂਕੀ ਫਿਰ ਤੋਂ ਇਖ਼ਤਿਆਰ ਵਿਚ ਆਉਣ ਲੱਗੇ।

ਰਾਜਨੀਤੀ ਜ਼ਿਆਦਾ ਤੇ ਭਗਤੀ ਘੱਟ

ਹਿਰਕਨਸ ਦੇ ਵੱਡੇ ਮੁੰਡੇ ਅਰੀਸਟਬਿਓਲਸ ਨੇ ਆਪਣੀ ਮੌਤ ਤੋਂ ਪਹਿਲਾਂ ਸਿਰਫ਼ ਇਕ ਸਾਲ ਹੀ ਰਾਜ ਕੀਤਾ। ਉਸ ਨੇ ਇਤੂਰਿਯਾ ਦੇ ਵਾਸੀਆਂ ਨਾਲ ਮਜਬੂਰੀ ਹੇਠ ਧਰਮ ਬਦਲਣ ਦੀ ਪਾਲਸੀ ਜਾਰੀ ਰੱਖੀ ਅਤੇ ਗਲੀਲ ਦੇ ਉਪਰਲੇ ਇਲਾਕੇ ਨੂੰ ਹਾਸਮੋਨੀਅਨਾਂ ਦੇ ਕਬਜ਼ੇ ਵਿਚ ਕੀਤਾ। ਉਸ ਦੇ ਭਰਾ ਐਲੇਗਜ਼ੈਂਡਰ ਜਨੇਅਸ ਨੇ 103 ਤੋਂ 76 ਸਾ.ਯੁ.ਪੂ. ਤਕ ਰਾਜ ਕੀਤਾ। ਉਸ ਦੇ ਰਾਜ ਅਧੀਨ ਹਾਸਮੋਨੀ ਖ਼ਾਨਦਾਨ ਆਪਣੀ ਤਾਕਤ ਦੇ ਸਿਖਰ ਤੇ ਪਹੁੰਚਿਆ।

ਐਲੇਗਜ਼ੈਂਡਰ ਜਨੇਅਸ ਨੇ ਪੁਰਾਣਾ ਰਿਵਾਜ ਛੱਡ ਕੇ ਆਪਣੇ ਆਪ ਨੂੰ ਖੁੱਲ੍ਹ ਨਾਲ ਬਾਦਸ਼ਾਹ ਅਤੇ ਪ੍ਰਧਾਨ ਜਾਜਕ ਸੱਦਿਆ। ਹਾਸਮੋਨੀਅਨਾਂ ਅਤੇ ਫ਼ਰੀਸੀਆਂ ਦਰਮਿਆਨ ਲੜਾਈ-ਝਗੜੇ ਵੱਧਦੇ ਗਏ, ਇਕ ਵਾਰ ਘਰੇਲੂ ਯੁੱਧ ਵੀ ਹੋ ਗਿਆ ਜਿਸ ਵਿਚ 50 ਹਜ਼ਾਰ ਯਹੂਦੀ ਮਾਰੇ ਗਏ। ਬਗਾਵਤ ਕੁਚਲਣ ਤੋਂ ਬਾਅਦ ਜਨੇਅਸ ਨੇ ਗ਼ੈਰ-ਯਹੂਦੀ ਰਾਜਿਆਂ ਵਾਂਗ 800 ਵਿਦਰੋਹੀਆਂ ਨੂੰ ਸੂਲੀ ਤੇ ਟੰਗਵਾ ਦਿੱਤਾ। ਉਨ੍ਹਾਂ ਦੀ ਮੌਤ ਦੇ ਆਖ਼ਰੀ ਪਲਾਂ ਵਿਚ, ਉਨ੍ਹਾਂ ਦੇ ਬੀਵੀ-ਬੱਚਿਆਂ ਨੂੰ ਉਨ੍ਹਾਂ ਦੀਆਂ ਅੱਖਾਂ ਸਾਮ੍ਹਣੇ ਮਾਰ ਦਿੱਤਾ ਗਿਆ। ਜਨੇਅਸ ਆਪਣੀਆਂ ਰਖੇਲਾਂ ਨਾਲ ਦਾਅਵਤ ਛੱਕਦਾ ਹੋਇਆ ਇਹ ਸਭ ਕੁਝ ਦੇਖਦਾ ਰਿਹਾ। *

ਫ਼ਰੀਸੀਆਂ ਨਾਲ ਵੈਰ ਕਰਨ ਦੇ ਬਾਵਜੂਦ ਜਨੇਅਸ ਬੜਾ ਪ੍ਰੈਕਟੀਕਲ ਸਿਆਸਤਦਾਨ ਸੀ। ਉਸ ਨੇ ਦੇਖਿਆ ਕਿ ਲੋਕ ਫ਼ਰੀਸੀਆਂ ਨੂੰ ਬਹੁਤ ਪਸੰਦ ਕਰਦੇ ਸਨ। ਆਪਣੀ ਮੌਤ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ, ਸਲੋਮੀ ਐਲੇਗਜ਼ੈਂਡਰਾ ਨੂੰ ਕਿਹਾ ਕਿ ਉਹ ਫ਼ਰੀਸੀਆਂ ਨਾਲ ਸਮਝੌਤਾ ਕਰ ਲਵੇ। ਜਨੇਅਸ ਨੇ ਆਪਣੇ ਪੁੱਤਰਾਂ ਦੀ ਬਜਾਇ ਆਪਣੀ ਪਤਨੀ ਨੂੰ ਆਪਣੀ ਥਾਂ ਲੈਣ ਲਈ ਚੁਣਿਆ ਸੀ। ਉਹ ਬੜੀ ਸਮਝਦਾਰ ਹਾਕਮ ਨਿਕਲੀ (76-67 ਸਾ.ਯੁ.ਪੂ.), ਜਿਸ ਕਰਕੇ ਹਾਸਮੋਨੀ ਰਾਜ ਅਧੀਨ ਕੌਮ ਨੇ ਸ਼ਾਂਤੀ ਦੇਖੀ। ਫ਼ਰੀਸੀਆਂ ਨੂੰ ਫਿਰ ਤੋਂ ਇਖ਼ਤਿਆਰ ਦੀਆਂ ਪਦਵੀਆਂ ਦਿੱਤੀਆਂ ਗਈਆਂ, ਅਤੇ ਉਨ੍ਹਾਂ ਦੇ ਧਾਰਮਿਕ ਵਰਗ ਦੇ ਖ਼ਿਲਾਫ਼ ਜੋ ਕਾਨੂੰਨ ਸਨ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ।

ਸਲੋਮੀ ਦਾ ਪੁੱਤਰ ਹਿਰਕਨਸ ਦੂਜਾ ਪ੍ਰਧਾਨ ਜਾਜਕ ਵਜੋਂ ਕੰਮ ਕਰ ਰਿਹਾ ਸੀ। ਸਲੋਮੀ ਦੀ ਮੌਤ ਤੋਂ ਬਾਅਦ ਉਹ ਆਪਣੇ ਭਰਾ ਅਰੀਸਟਬਿਓਲਸ ਦੂਜੇ ਨਾਲ ਤਾਕਤ ਲਈ ਮੁਕਾਬਲਾ ਕਰਨ ਲੱਗ ਪਿਆ। ਦੋਹਾਂ ਵਿੱਚੋਂ ਕਿਸੇ ਕੋਲ ਵੀ ਆਪਣੇ ਪੂਰਵਜਾਂ ਵਰਗੀ ਰਾਜਨੀਤਿਕ ਅਤੇ ਸੈਨਿਕ ਚਤਰਾਈ ਨਹੀਂ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਸਿਲੂਕਸੀ ਹਕੂਮਤ ਦੇ ਪਤਨ ਤੋਂ ਬਾਅਦ ਉਸ ਇਲਾਕੇ ਵਿਚ ਰੋਮੀ ਫ਼ੌਜਾਂ ਦੇ ਵਾਧੇ ਦਾ ਮਤਲਬ ਚੰਗੀ ਤਰ੍ਹਾਂ ਨਹੀਂ ਸਮਝਦੇ ਸਨ। ਦੋਹਾਂ ਭਰਾਵਾਂ ਨੇ ਰੋਮੀ ਰਾਜੇ ਪੌਂਪੀ ਕੋਲੋਂ ਸੁਲ੍ਹਾ ਕਰਾਉਣ ਵਾਸਤੇ ਮਦਦ ਮੰਗੀ ਜਦ ਉਹ 63 ਸਾ.ਯੁ.ਪੂ. ਵਿਚ ਦੰਮਿਸਕ ਵਿਚ ਸੀ। ਉਸੇ ਸਾਲ ਪੌਂਪੀ ਆਪਣੀਆਂ ਫ਼ੌਜਾਂ ਲੈ ਕੇ ਯਰੂਸ਼ਲਮ ਵਿਚ ਦਾਖ਼ਲ ਹੋਇਆ ਅਤੇ ਉਸ ਨੇ ਉਸ ਉੱਤੇ ਕਬਜ਼ਾ ਕਰ ਲਿਆ। ਇਹ ਸੀ ਹਾਸਮੋਨੀ ਰਾਜ ਦੇ ਅੰਤ ਦੀ ਸ਼ੁਰੂਆਤ। ਸੰਨ 37 ਸਾ.ਯੁ.ਪੂ. ਵਿਚ ਯਰੂਸ਼ਲਮ ਅਦੋਮੀ ਰਾਜਾ ਹੇਰੋਦੇਸ ਦੇ ਵਸ ਵਿਚ ਸੀ, ਜਿਸ ਨੂੰ ਰੋਮੀ ਸੈਨੇਟ ਨੇ “ਯਹੂਦੀਆਂ ਦੇ ਰਾਜੇ” ਅਤੇ “ਰੋਮ ਦੇ ਲੋਕਾਂ ਦੇ ਦੋਸਤ-ਮਿੱਤਰ” ਵਜੋਂ ਸਵੀਕਾਰ ਕੀਤਾ ਸੀ। ਹੁਣ ਹਾਸਮੋਨੀ ਰਾਜ ਖ਼ਤਮ ਹੋ ਚੁੱਕਾ ਸੀ।

ਹਾਸਮੋਨੀਅਨਾਂ ਦੀ ਵਸੀਅਤ

ਜੂਡਸ ਮੈਕਾਬੀ ਤੋਂ ਲੈ ਕੇ ਅਰੀਸਟਬਿਓਲਸ ਦੂਜੇ ਦੇ ਹਾਸਮੋਨੀ ਜ਼ਮਾਨੇ ਨੇ ਉਹ ਫੁੱਟਾਂ-ਭਰਿਆ ਮਾਹੌਲ ਤਿਆਰ ਕੀਤਾ ਜੋ ਯਿਸੂ ਦੇ ਸਮੇਂ ਵਿਚ ਮੌਜੂਦ ਸੀ। ਹਾਸਮੋਨੀ ਪਰਮੇਸ਼ੁਰ ਦੀ ਜੋਸ਼ੀਲੀ ਭਗਤੀ ਨਾਲ ਸ਼ੁਰੂ ਹੋਏ ਸਨ, ਪਰ ਉਹ ਆਪਣੇ ਆਪ ਬਾਰੇ ਜ਼ਿਆਦਾ ਸੋਚਣ ਲੱਗ ਪਏ। ਉਨ੍ਹਾਂ ਦੇ ਜਾਜਕਾਂ ਕੋਲ ਲੋਕਾਂ ਨੂੰ ਪਰਮੇਸ਼ੁਰ ਦੇ ਕਾਨੂੰਨ ਸਿਖਾਉਣ ਦੁਆਰਾ ਇਕਮੁੱਠ ਕਰਨ ਦਾ ਮੌਕਾ ਸੀ, ਪਰ ਉਨ੍ਹਾਂ ਨੇ ਲੋਕਾਂ ਨੂੰ ਰਾਜਨੀਤਿਕ ਫ਼ਸਾਦਾਂ ਵਿਚ ਡਬੋ ਦਿੱਤਾ। ਇਸ ਤਰ੍ਹਾਂ ਦੇ ਮਾਹੌਲ ਵਿਚ ਤਰ੍ਹਾਂ-ਤਰ੍ਹਾਂ ਦੇ ਧਾਰਮਿਕ ਮਤਭੇਦ ਵੱਧਦੇ ਗਏ। ਹਾਸਮੋਨੀ ਤਾਂ ਰਹੇ ਨਹੀਂ, ਪਰ ਸਦੂਕੀਆਂ, ਫ਼ਰੀਸੀਆਂ, ਅਤੇ ਹੋਰ ਸਮੂਹਾਂ ਦਰਮਿਆਨ ਲੜਾਈ-ਝਗੜੇ ਚੱਲਦੇ ਰਹੇ। ਇਨ੍ਹਾਂ ਸਮੂਹਾਂ ਨੇ ਇਸਰਾਏਲ ਦੀ ਕੌਮ ਉੱਤੇ ਪ੍ਰਭਾਵ ਪਾਇਆ ਸੀ ਜੋ ਕਿ ਰੋਮ ਅਤੇ ਹੇਰੋਦੇਸ ਦੇ ਅਧੀਨ ਸੀ।

[ਫੁਟਨੋਟ]

^ ਪੈਰਾ 4 15 ਨਵੰਬਰ 1998 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਸਫ਼ੇ 21-4 ਉੱਤੇ “ਮੈਕਾਬੀ ਕੌਣ ਸਨ?” ਨਾਮਕ ਲੇਖ ਦੇਖੋ।

^ ਪੈਰਾ 22 ਮ੍ਰਿਤ ਸਾਗਰ ਲਾਗਿਓਂ ਲੱਭੀਆਂ ਗਈਆਂ ਪੋਥੀਆਂ ਵਿਚ “ਨਹੂਮ ਉੱਤੇ ਟੀਕਾ” ਨਾਂ ਦੀ ਪੋਥੀ ਹੈ ਜਿਸ ਵਿਚ “ਕ੍ਰੋਧ ਦੇ ਸ਼ੇਰ” ਦੀ ਗੱਲ ਕੀਤੀ ਗਈ ਹੈ ਜੋ “ਜੀਉਂਦੇ ਮਰਦਾਂ ਨੂੰ ਟੰਗਦਾ” ਹੈ। ਇਹ ਸ਼ਾਇਦ ਉੱਪਰ ਦੱਸੀ ਗਈ ਘਟਨਾ ਦਾ ਜ਼ਿਕਰ ਹੋਵੇ।

[ਸਫ਼ੇ 30 ਉੱਤੇ ਚਾਰਟ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਹਾਸਮੋਨੀ ਖ਼ਾਨਦਾਨ

ਜੂਡਸ ਮੈਕਾਬੀ ਜੌਨਥਨ ਮੈਕਾਬੀ ਸਾਈਮਨ ਮੈਕਾਬੀ

ਜੌਨ ਹਿਰਕਨਸ

↓ ↓

ਸਲੋਮੀ ਐਲੇਗਜ਼ੈਂਡਰਾ (ਪਤਨੀ) — ਐਲੇਗਜ਼ੈਂਡਰ ਜਨੇਅਸ (ਪਤੀ) ਅਰੀਸਟਬਿਓਲਸ

↓ ↓

ਹਿਰਕਨਸ ਦੂਜਾ ਅਰੀਸਟਬਿਓਲਸ ਦੂਜਾ

[ਸਫ਼ੇ 27 ਉੱਤੇ ਤਸਵੀਰ]

ਜੂਡਸ ਮੈਕਾਬੀ ਨੇ ਯਹੂਦੀਆਂ ਲਈ ਆਜ਼ਾਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ

[ਕ੍ਰੈਡਿਟ ਲਾਈਨ]

The Doré Bible Illustrations/Dover Publications, Inc.

[ਸਫ਼ੇ 29 ਉੱਤੇ ਤਸਵੀਰ]

ਹਾਸਮੋਨੀਅਨਾਂ ਨੇ ਗ਼ੈਰ-ਯਹੂਦੀ ਸ਼ਹਿਰਾਂ ਉ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ

[ਕ੍ਰੈਡਿਟ ਲਾਈਨ]

The Doré Bible Illustrations/​Dover Publications, Inc.